Share on Facebook

Main News Page

‘ਅੱਛੇ ਦਿਨ’ ਹੁਣ ਦੂਰ ਦੀ ਗੱਲ ਹਨ ਸ਼੍ਰੋਮਣੀ ਅਕਾਲੀ ਦਲ ਲਈ

ਚੰਡੀਗੜ੍ਹ, 12 ਜੂਨ - ਕੇਂਦਰ ਵਿੱਚ ਮੋਦੀ ਸਰਕਾਰ ਬਣਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਕੌਮੀ ਅਤੇ ਰਾਜ ਪੱਧਰ ਦੇ ਕਈ ਮੁੱਦਿਆਂ ‘ਤੇ ਟਕਰਾਅ ਵੱਧਦਾ ਜਾ ਰਿਹਾ ਹੈ। ਇਸ ਕਾਰਨ ਪੰਜਾਬ ਦੇ ਸਿਆਸੀ ਸਮੀਕਰਨ ਅਗਲੇ ਦਿਨੀਂ ਨਵਾਂ ਰੂਪ ਅਖ਼ਤਿਆਰ ਕਰ ਸਕਦੇ ਹਨ।

ਪੰਜਾਬ ਭਾਜਪਾ ਦੇ ਆਗੂ ਲੋਕ ਸਭਾ ਚੋਣਾਂ ਦੌਰਾਨ ਡਰੱਗ, ਪ੍ਰਾਪਰਟੀ ਟੈਕਸ ਅਤੇ ਰੇਤ-ਬਜਰੀ ਦੇ ਮੁੱਦਿਆਂ ਕਾਰਨ ਹੋਈ ਅਕਾਲੀ-ਭਾਜਪਾ ਗਠਜੋੜ ਦੀ ਹਾਰ ਦਾ ਠੀਕਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਿਰ ਭੰਨ ਰਹੇ ਹਨ। ਉਪਰੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵੱਲੋਂ ਦੇਸ਼ ਦੀਆਂ ਨਦੀਆਂ ਨੂੰ ਆਪਸ ਵਿੱਚ ਜੋੜਨ ਦੇ ਮੁੱਦੇ ਨੂੰ ਪਿਛਲੇ ਦਿਨੀਂ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਉਭਾਰਨ ਕਾਰਨ ਅਕਾਲੀ ਦਲ ਕਸੂਤਾ ਫਸ ਗਿਆ ਹੈ। ਅਕਾਲੀ ਦਲ ਅਕਸਰ ਜਿਥੇ ਪਾਣੀ ਦੇ ਮੁੱਦਿਆਂ ‘ਤੇ ਮੋਰਚੇ ਲਾਉਂਦਾ ਰਿਹਾ ਹੈ ਉਥੇ ਇਸ ਮੁੱਦੇ ਉਪਰ ਦਹਾਕਿਆਂ ਤੋਂ ਕਾਂਗਰਸ ‘ਤੇ ਵੀ ਸਿਆਸੀ ਹਮਲੇ ਕਰਦਾ ਆ ਰਿਹਾ ਹੈ।

ਇਸ ਕਾਰਨ ਇਸ ਗੱਠਜੋੜ ਵਿਚਾਲੇ ਕੌਮੀ ਅਤੇ ਰਾਜ ਪੱਧਰ ‘ਤੇ ਕੁੜੱਤਣ ਦਾ ਮਾਹੌਲ ਬਣਨ ਦੇ ਆਸਾਰ ਹਨ। ਦਰਿਆਵਾਂ ਨੂੰ ਜੋੜਨ ਦੇ ਮੁੱਦੇ ‘ਤੇ ਭਾਵੇਂ ਸ੍ਰੀ ਬਾਦਲ ਨੇ ਭਾਜਪਾ ਉਪਰ ਕੋਈ ਸਿਆਸੀ ਹਮਲਾ ਕਰਨ ਤੋਂ ਬਚਦਿਆਂ ਸਪੱਸ਼ਟ ਕੀਤਾ ਹੈ ਕਿ ਅਕਾਲੀ ਦਲ ਪਾਣੀ ਦੀ ਵੰਡ ਦੇ ਮਾਮਲੇ ਕੌਮੀ ਪੱਧਰ ‘ਤੇ ਪ੍ਰਵਾਨਿਤ ਰਿਪੇਰੀਅਨ ਸਿਧਾਂਤਾਂ ਅਨੁਸਾਰ ਹੀ ਨਿਪਟਾਉਣ ਦੇ ਹੱਕ ਵਿੱਚ ਹੈ ਪਰ ਇਸ ਮੁੱਦੇ ‘ਤੇ ਉਹ ਆਪਣੇ-ਆਪ ਨੂੰ ਫਸੇ ਮਹਿਸੂਸ ਕਰ ਰਹੇ ਹਨ। ਰਿਪੇਰੀਅਨ ਕਾਨੂੰਨ ਮੁਤਾਬਕ ਦਰਿਆਵਾਂ ਦੇ ਪਾਣੀਆਂ ‘ਤੇ ਉਸੇ ਰਾਜ ਦਾ ਹੱਕ ਮੰਨਿਆ ਜਾਂਦਾ ਹੈ ਜਿਸ ਰਾਜ ਵਿੱਚ ਸਬੰਧਤ ਦਰਿਆ ਵਗਦਾ ਹੈ। ਕੇਂਦਰ ਵਿੱਚ ਹੁਣ ਭਾਈਵਾਲਾਂ ਦੀ ਸਰਕਾਰ ਹੋਣ ਕਾਰਨ ਸ੍ਰੀ ਬਾਦਲ ਵੱਲੋਂ ਇਸ ਮੁੱਦੇ ਉਪਰ ਕੋਈ ਸਿੱਧਾ ਸਿਆਸੀ ਹਮਲਾ ਕਰਨ ਦੀ ਥਾਂ ਤਕਨੀਕੀ ਤੱਥਾਂ ਨੂੰ ਆਧਾਰ ਬਣਾਇਆ ਜਾ ਰਿਹਾ ਹੈ। ਸ੍ਰੀ ਬਾਦਲ ਤਰਕ ਦੇ ਰਹੇ ਹਨ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਮੁੱਦਾ ਹੋਰ ਰਾਜਾਂ ਤੋਂ ਵੱਖਰਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਦਰਿਆਵਾਂ ‘ਤੇ ਡੈਮ ਬਣੇ ਹੋਏ ਹਨ ਅਤੇ ਇਨ੍ਹਾਂ ਦੇ ਪਾਣੀ ਦੀ ਵੰਡ ਕੇਵਲ ਰਿਪੇਰੀਅਨ ਕਾਨੂੰਨ ਮੁਤਾਬਕ ਹੀ ਸੰਭਵ ਹੈ।

ਇਸ ਕੌਮੀ ਮੁੱਦੇ ਤੋਂ ਇਲਾਵਾ ਭਾਜਪਾ ਦੇ ਪ੍ਰਮੁੱਖ ਆਗੂਆਂ ਵੱਲੋਂ ਕੌਮੀ ਆਗੂ ਅਰੁਣ ਜੇਤਲੀ ਦੀ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚੋਂ ਹੋਈ ਨਮੋਸ਼ੀ ਭਰੀ ਹਾਰ ਦਾ ਜ਼ਿੰਮੇਵਾਰ ਅਕਾਲੀ ਦਲ ਨੂੰ ਠਹਿਰਾਇਆ ਜਾ ਰਿਹਾ ਹੈ। ਭਾਜਪਾ ਆਗੂ ਜਿਥੇ ਪ੍ਰਾਪਰਟੀ ਟੈਕਸ ਦੇ ਫੈਸਲੇ ਨਾਲੋਂ ਆਪਣੇ-ਆਪ ਨੂੰ ਅਲੱਗ ਕਰ ਰਹੇ ਹਨ ਉਥੇ ਡਰੱਗ ਅਤੇ ਰੇਤ-ਬਜਰੀ ਦਾ ਮੁੱਦਾ ਅਕਾਲੀਆਂ ‘ਤੇ ਸੁੱਟ ਕੇ ਹਾਰ ਤੋਂ ਪੱਲਾ ਝਾੜ ਰਹੇ ਹਨ। ਇਸ ਮੁੱਦੇ ‘ਤੇ ਵੀ ਮਜਬੂਰ ਜਾਪ ਰਹੇ ਮੁੱਖ ਮੰਤਰੀ ਸ੍ਰੀ ਬਾਦਲ ਨੂੰ ਇਹ ਕਹਿਣਾ ਪਿਆ ਹੈ ਕਿ ਰੇਤ-ਬਜਰੀ ਸਮੇਤ ਪ੍ਰਾਪਰਟੀ ਟੈਕਸ ਆਦਿ ਦੇ ਮੁੱਦਿਆਂ ਲਈ ਪੂਰਾ ਮੰਤਰੀ ਮੰਡਲ ਜ਼ਿੰਮੇਵਾਰ ਹੈ। ਦੱਸਣਯੋਗ ਹੈ ਕਿ ਭਾਜਪਾ ਦੇ ਮੰਤਰੀ ਅਨਿਲ ਜੋਸ਼ੀ ਨੇ ਦੋਸ਼ ਲਾਇਆ ਸੀ ਕਿ ਰੇਤ-ਬਜਰੀ ਦੀ ਨਾਜਾਇਜ਼ ਖੁਦਾਈ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਧੀਨ ਆਉਂਦਾ ਗ੍ਰਹਿ ਵਿਭਾਗ ਜ਼ਿੰਮੇਵਾਰ ਹੈ। ਜਾਣਕਾਰੀ ਅਨੁਸਾਰ ਭਾਜਪਾ ਦਾ ਜਿਹੜਾ ਧੜਾ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਦਾ ਬਿਸਤਰਾ ਗੋਲ ਕਰਵਾਉਣ ਲਈ ਅਰੁਣ ਜੇਤਲੀ ਨੂੰ ਇੱਥੇ ਚੋਣ ਲੜਾਉਣ ਲਿਆਇਆ ਸੀ, ਹੁਣ ਉਹ ਇਸ ਹਾਰ ਤੋਂ ਆਪਣੇ ਆਪ ਨੂੰ ਬਚਾਉਣ ਲਈ ਅਕਾਲੀਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾ ਰਿਹਾ ਹੈ। ਸੂਤਰਾਂ ਅਨੁਸਾਰ ਅਰੁਣ ਜੇਤਲੀ ਦੀ ਹਾਰ ਕਾਰਨ ਪੰਜਾਬ ਭਾਜਪਾ ਵਿੱਚ ਵੀ ਅਗਲੇ ਦਿਨੀਂ ਨਵੇਂ ਸਮੀਕਰਨ ਬਣ ਸਕਦੇ ਹਨ।

ਸੂਤਰਾਂ ਅਨੁਸਾਰ ਲੁਧਿਆਣਾ ਦੇ ਦੋ ਬੈਂਸ ਭਰਾਵਾਂ ਆਤਮਨਗਰ ਤੋਂ ਸਿਮਰਜੀਤ ਸਿੰਘ ਬੈਂਸ ਅਤੇ ਲੁਧਿਆਣਾ ਦੱਖਣੀ ਤੋਂ ਬਲਵਿੰਦਰ ਸਿੰਘ ਬੈਂਸ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਤੋਂ ਦੂਰੀਆਂ ਬਣਾਉਣ ਕਾਰਨ ਅਕਾਲੀ ਦਲ ਦੇ ਵਿਧਾਇਕਾਂ ਦੇ ਅੰਕੜੇ ਨੂੰ ਖੋਰਾ ਲੱਗਣ ਕਰਕੇ ਵੀ ਭਾਜਪਾ ਆਗੂ ਅਕਾਲੀਆਂ ‘ਤੇ ਸਿਆਸੀ ਹਮਲੇ ਕਰ ਰਹੇ ਹਨ।

ਅਕਾਲੀ ਦਲ ਦੇ ਵਿਧਾਇਕ ਹਰੀ ਸਿੰਘ ਜ਼ੀਰਾ ਵੱਲੋਂ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਾ ਕਰਨ ਕਾਰਨ ਬਗਾਵਤ ਦੇ ਰਾਹ ਪੈਣ ਕਰਕੇ ਅਕਾਲੀ ਦਲ ਨਵੀਂ ਸਮੱਸਿਆ ਵਿੱਚ ਫਸਦਾ ਜਾ ਰਿਹਾ ਹੈ। ਸ੍ਰੀ ਜ਼ੀਰਾ ਵੱਲੋਂ ਸ੍ਰੀ ਬਾਦਲ ਨੂੰ ਮਿਲਣ ਦੇ ਬਾਵਜੂਦ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਪਹਿਲਾਂ ਸੀਨੀਅਰ ਅਕਾਲੀ ਆਗੂਆਂ ਨੂੰ ਅੱਖੋਂ-ਪਰੋਖੇ ਕਰਕੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਵਾਉਣ ਕਾਰਨ ਵੀ ਕਈ ਸੀਨੀਅਰ ਅਕਾਲੀ ਆਗੂਆਂ ਨੇ ਸ੍ਰੀ ਬਾਦਲ ਕੋਲ ਰੋਸ ਪ੍ਰਗਟ ਕੀਤਾ ਸੀ। ਇਸ ਤੋਂ ਸੰਕੇਤ ਮਿਲੇ ਹਨ ਕਿ ਅਕਾਲੀ ਦਲ ਵਿੱਚ ਵੀ ਹੁਣ ਸਭ ਅੱਛਾ ਨਹੀਂ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top