* ਗੁਰਬਚਨ ਸਿੰਘ ਨੇ ਵੀ ਆਪਣਾ ਅਮਰੀਕਾ ਦੌਰਾ ਕੀਤਾ ਰੱਦ
* 15 ਜੂਨ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵੀ ਘਟਨਾ ਦਾ ਮੁੱਦਾ ਛਾਇਆ ਰਹੇਗਾ
ਅੰਮ੍ਰਿਤਸਰ
14 ਜੂਨ (ਜਸਬੀਰ ਸਿੰਘ): ਛੇ ਜੂਨ ਨੂੰ ਘੱਲੂਘਾਰੇ ਦਿਵਸ 'ਤੇ ਵਾਪਰੇ ਇੱਕ ਹੋਰ ਘੱਲੂਘਾਰੇ,
ਜਿਸ ਵਿੱਚ ਕਈ ਸ਼ਰਧਾਲੂ ਜਖਮੀ ਗਏ ਸਨ ਦੀ ਪੜਤਾਲ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ
‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਇੱਕ ਪੰਜ ਮੈਂਬਰੀ ਕਮੇਟੀ ਦਾ
ਗਠਨ ਕੀਤਾ ਹੈ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ
ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ
ਨੇ ਇਸ ਘਟਨਾ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈਕੋਰਟ ਦੇ ਕਿਸੇ ਸਾਬਕਾ ਸਿੱਖ ਜੱਜ ਕੋਲੋ
ਕਰਾਉਣ ਦੀ ਮੰਗ ਕੀਤੀ ਹੈ ਅਤੇ ਯੂਨਾਈਟਿਡ ਸਿੱਖ ਮੂਵਮੈਂਟ ਦੇ ਕਨਵੀਨਰ ਭਾਈ ਮੋਹਕਮ ਸਿੰਘ
ਇਸ ਕਮੇਟੀ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਕਮੇਟੀ ਪੂਰੀ ਤਰ੍ਹਾਂ ਬਾਦਲਾ ਮਾਰਕਾ
ਵਿਅਕਤੀਆਂ ਦੀ ਹੈ, ਜਿਸ ਕੋਲੋਂ ਪਾਰਦਰਸ਼ੀ ਢੰਗ ਨਾਲ ਰੀਪੋਰਟ ਕੀਤੇ ਜਾਣ ਦੀ ਕੋਈ ਸੰਭਾਵਨਾ
ਨਹੀਂ ਹੈ।
ਸ਼੍ਰੋਮਣੀ ਕਮੇਟੀ ਵੱਲੋ ਜਾਰੀ ਕੀਤੇ ਗਏ ਇੱਕ ਪ੍ਰੈਸ ਨੋਟ ਰਾਹੀ ਮਿਲੀ
ਜਾਣਕਾਰੀ ਅਨੁਸਾਰ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ 6 ਜੂਨ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ
ਫੋਰਸ ਬਨਾਮ ਮੱਕੜ ਸੈਨਾ ਅਤੇ ਕੁਝ ਪੰਥਕ ਸੋਚ ਰੱਖਣ ਵਾਲੇ ਸਿੱਖ ਨੌਜਵਾਨਾਂ ਵਿਚਕਾਰ ਹੋਈ
ਖੂਨੀ ਝੜਪ ਦੀ ਜਾਂਚ ਕਰਨ ਲਈ ਇੱਕ ਪੜਤਾਲੀਆ ਸਬ ਕਮੇਟੀ ਬਣਾਈ ਹੈ, ਜਿਸ ਵਿੱਚ ਸ਼੍ਰੋਮਣੀ
ਕਮੇਟੀ ਦੇ ਜਨਰਲ ਸਕੱਤਰ ਸ੍ਰ ਸੁਖਦੇਵ ਸਿੰਘ ਭੌਰ, ਅੰਤਰਿੰਗ ਕਮੇਟੀ ਮੈਂਬਰ ਕਰਨੈਲ ਸਿੰਘ
ਪੰਜੋਲੀ, ਨਿਹੰਗ ਮੁੱਖੀ ਬਾਬਾ ਨਿਹਾਲ ਸਿੰਘ ਹਰੀਆ ਵੇਲਾਂ ਵਾਲਾ, ਬਾਬਾ ਬਿਧੀ ਚੰਦ ਸੰਪਰਦਾ
ਦੇ ਮੁੱਖੀ ਬਾਬਾ ਅਵਤਾਰ ਸਿੰਘ ਅਤੇ ਕਮੇਟੀ ਨੂੰ ਕੋਆਰਡੀਨੇਟਰ ਕਰਨ ਲਈ ਸ਼੍ਰੋਮਣੀ ਕਮੇਟੀ
ਦੇ ਵਧੀਕ ਸਕੱਤਰ ਸ੍ਰ ਬਲਵਿੰਦਰ ਸਿੰਘ ਜੌੜਸਿੰਘਾ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਾਂਵੇ ਜਲਦੀ ਰੀਪੋਰਟ ਮੰਗੀ
ਹੈ ਪਰ ਮੱਕੜ ਨੇ ਕਮੇਟੀ ਨੂੰ ਸਮਾਂਬੱਧ ਨਹੀਂ ਕੀਤਾ ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ‘‘ਮੱਕੜ
ਮਾਰਕਾ’’ ਇਹ ਪੜਤਾਲੀਆ ਕਮੇਟੀ ਵੀ ਖਾਨਾਪੂਰਤੀ ਤੱਕ ਹੀ ਸੀਮਤ ਰਹੇਗੀ।
ਵਰਨਣਯੋਗ
ਹੈ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਿੱਖ ਨੌਜਵਾਨਾਂ ਵਿੱਚ ਮਾਈਕ ਨੂੰ ਲੈ ਕੇ
ਝਗੜਾ ਹੋਇਆ ਸੀ ਜੋ ਬਾਅਦ ਵਿੱਚ ਖੂਨੀ ਰੂਪ ਧਾਰਨ ਕਰ ਗਿਆ। ਸ੍ਰੀ ਦਰਬਾਰ ਸਾਹਿਬ ਦੇ
ਮੈਨੇਜਰ ਪਰਤਾਪ ਸਿੰਘ ਦੀ ਸ਼ਕਾਇਤ ਤੇ ਪੁਲੀਸ ਨੇ 28 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ
ਕੀਤਾ ਸੀ ਜਿਹਨਾਂ ਵਿੱਚੋ 22 ਨੂੰ ਹੁਣ ਤੱਕ ਗਿਰਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ
ਗਿਆ ਹੈ ਜਦ ਕਿ ਝਗੜਾ ਕਰਨ ਵਾਲਿਆ ਵਿੱਚ ਟਾਸਕ ਫੋਰਸ ਦੇ ਮੈਂਬਰ ਵੀ ਵੱਡੀ ਪੱਧਰ ‘ਤੇ
ਸ਼ਾਮਲ ਸਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਭਾਂਵੇ ਇਸ ਘਟਨਾ ਲਈ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਤੇ ਦਮਦਮੀ
ਟਕਸਾਲ ਅਜਨਾਲਾ ਦੇ ਮੁੱਖੀ ਅਮਰੀਕ ਸਿੰਘ ਨੂੰ ਦੋਸ਼ੀ ਠਹਿਰਾ ਰਹੇ ਹਨ ਪਰ ਸ੍ਰੀ ਅਕਾਲ ਤਖਤ
ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਸ੍ਰ ਮਾਨ ਨੂੰ ਕਲੀਨ ਚਿੱਟ ਦੇ ਚੁੱਕੇ ਹਨ ਜਦ ਕਿ
ਕਮਿਸ਼ਨਰ ਪੁਲੀਸ ਸ੍ਰ ਜਤਿੰਦਰ ਸਿੰਘ ਨੇ ਦੋਹਾਂ ਨੂੰ ਹੀ ਨਿਰਦੋਸ਼ ਸਾਬਤ ਕਰਦਿਆਂ ਕਿਹਾ ਕਿ
ਝੜਪ ਵਿੱਚ ਸ਼ਾਮਲ ਨੌਜਵਾਨਾਂ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।
ਇਸ ਮਾਮਲੇ ਵਿੱਚ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਰਾਸ ਪਰਚਾ ਦਰਜ
ਕਰਨ ਦੀ ਮੰਗ ਕੀਤੀ ਹੈ ਅਤੇ ਕਮਿਸ਼ਨਰ ਪੁਲੀਸ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਉਹ
ਤੁਰੰਤ ਕਾਰਵਾਈ ਕਰਨ। ਮਾਨ ਨੇ ਚਿਤਵਾਨੀ ਵੀ ਦਿੱਤੀ ਹੈ ਕਿ ਜੇਕਰ ਪੁਲੀਸ ਨੇ ਕਾਰਵਾਈ ਨਾ
ਕੀਤੀ ਤਾਂ ਉਹ ਹਾਈਕੋਰਟ ਵਿੱਚ ਪਟੀਸ਼ਨ ਪਾ ਕੇ ਪਰਚਾ ਦਰਜ ਕਰਵਾਉਣਗੇ ਤੇ ਗ੍ਰਿਫਤਾਰ ਕੀਤੇ
ਗਏ ਨੌਜਵਾਨਾਂ ਦੀਆ ਜ਼ਮਾਨਤਾਂ ਕਰਾਉਣ ਦੇ ਨਾਲ ਨਾਲ ਉਹਨਾਂ ਦਾ ਕੇਸ ਵੀ ਲੜਨਗੇ।
ਇਸ ਘਟਨਾ ਦੇ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ
ਗੁਰਬਚਨ ਸਿੰਘ ਨੇ ਆਪਣਾ ਅਮਰੀਕਾ ਦਾ ਦੌਰਾ ਰੱਦ ਕਰ ਦਿੱਤਾ ਹੈ ਅਤੇ ਘਟਨਾ ਵਾਪਰਨ ਦੇ
ਕਾਰਨਾਂ ਤੇ ਵਿਚਾਰ ਕਰਨ ਲਈ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ 15
ਜੂਨ ਨੂੰ ਇੱਕ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵੀ ਬੁਲਾ ਲਈ ਹੈ ਜਦ ਕਿ ਉਹਨਾਂ ਦੇ
ਵਿਦੇਸ਼ (ਅਮਰੀਕਾ) ਦੌਰਾ 13 ਜੂਨ ਤੋਂ 17 ਤੱਕ ਦਾ ਸੀ। ਅਕਾਲ ਤਖਤ ਤੇ ਸਕੱਤਰੇਤ ਵੱਲੋਂ
ਇਸ ਘਟਨਾ ਸਬੰਧੀ ਵਿਚਾਰ ਕਰਨ ਤੋਂ ਮੀਟਿੰਗ ਵਿੱਚ ਇਹ ਕਹਿ ਇਨਕਾਰ ਕੀਤਾ ਜਾ ਰਿਹਾ ਹੈ ਕਿ
ਸ਼੍ਰੋਮਣੀ ਕਮੇਟੀ ਵੱਲੋ ਰੀਪੋਰਟ ਆਉਣ ਉਪਰੰਤ ਹੀ ਉਹ ਅਗਲੇਰੀ ਕਾਰਵਾਈ ਕਰਨਗੇ, ਪਰ ਫਿਰ ਵੀ
ਉਮੀਦ ਹੈ ਕਿ ਇਸ ਘਟਨਾ ਬਾਰੇ ਵਿਚਾਰ ਚਰਚਾ ਪੰਜ ਪੁਜਾਰੀਆਂ ਦੀ ਮੀਟਿੰਗ ਵਿੱਚ ਹੋਵੇਗੀ।
ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਮੱਕੜ ਮਾਰਕਾ ਕਮੇਟੀ ਸਿਰਫ
ਵਿਰੋਧੀਆਂ ਨੂੰ ਹੀ ਫਾਹੇ ਟੰਗਣ ਦੀ ਹੀ ਰੀਪੋਰਟ ਦੋਵੇਗੀ ਤੇ ਜੋ ਕੁਝ ਮੱਕੜ ਦੀ ਮੱਕੜ ਸੈਨਾ
ਨੇ ਕੀਤਾ ਹੈ, ਉਸ ਬਾਰੇ ਕੋਈ ਜ਼ਿਕਰ ਨਹੀਂ ਹੋਵੇਗਾ ਇਸ ਲਈ ਇਸ ਕਮੇਟੀ ਨੂੰ ਪਾਰਦਰਸ਼ੀ ਨਹੀਂ
ਕਿਹਾ ਜਾ ਸਕਦਾ। ਭਾਈ ਮੋਹਕਮ ਸਿੰਘ ਨੇ ਵੀ ਪੜਤਾਲੀਆ ਕਮੇਟੀ ਨੂੰ ਰੱਦ ਕਰਦਿਆਂ ਕਿਹਾ ਹੈ
ਕਿ ਮੱਕੜ ਤੇ ਮਾਨ ਇਸ ਘਟਨਾ ਲਈ ਦੋਸ਼ੀ ਹਨ ਤੇ ਦੋਹਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ
ਤਨਖਾਹ ਲਗਾਈ ਜਾਵੇ। ਸ੍ਰ ਮਾਨ ਨੇ ਕਿਹਾ ਕਿ ਇਹ ਕਮੇਟੀ ਸਿਰਫ ਅੱਖਾਂ ਪੂੰਝਣ ਲਈ ਬਣਾਈ ਗਈ
ਹੈ ਅਤੇ ਉਹ ਇਸ ਕਮੇਟੀ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ ਤੇ ਮੰਗ ਕਰਦੇ ਹਨ, ਕਿ ਪਹਿਲਾਂ
ਸਿੱਖ ਨੌਜਵਾਨਾਂ ਦੇ ਖਿਲਾਫ ਦਰਜ ਕਰਵਾਇਆ ਪਰਚਾ ਰੱਦ ਕਰਵਾ ਕੇ ਉਹਨਾਂ ਨੂੰ ਰਿਹਾਅ
ਕਰਵਾਇਆ ਜਾਵੇ ਤੇ ਉਸ ਤੋ ਬਾਅਦ ਅਗਲੇਰੀ ਕਾਰਵਾਈ ਜਾਵੇ।