;  Share on Facebook

Main News Page

ਕੀ ਬਾਦਲ ਸਾਬ੍ਹ ਪੰਜਾਬ ਦੀਆਂ ਮੰਗਾਂ ਪ੍ਰਤੀ ਗੰਭੀਰ ਹਨ…?
-: ਜਸਪਾਲ ਸਿੰਘ ਹੇਰਾਂ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਦੀ ਨਵੀਂ ਸਰਕਾਰ ਤੋਂ ਪੰਜਾਬ ਲਈ ਕੁਝ ਮੰਗਾਂ ਅਤੇ ਸਿੱਖਾਂ ਲਈ ਇਕ ਮੰਗ ਮੰਗੀ ਹੈ। ਭਾਵੇਂ ਕਿ ਇਸ ਤੋਂ ਪਹਿਲਾ ਵੀ 1998 ਤੋਂ 2004 ਤੱਕ ਬਾਦਲਾਂ ਤੇ ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਕੇਂਦਰ ‘ਚ ਰਹੀ ਹੈ ਅਤੇ ਉਸ ਸਮੇਂ ਵੀ ਉਸ ਸਰਕਾਰ ਤੋਂ ਵੀ ਸਾਨੂੰ ਸਿੱਖਾਂ ਤੇ ਪੰਜਾਬ ਲਈ ਕੋਈ ਖ਼ਾਸ ਉਮੀਦ ਨਹੀਂ ਉਲਟਾ, ਸਿੱਖੀ ਦੀਆਂ ਜੜ੍ਹਾਂ ਤੇ ਚੱਲਣ ਵਾਲੇ ਭਗਵੇਂ ਕੁਹਾੜੇ ਤੋਂ ਡਰ ਹੈ।

ਖੈਰ! ਜੇ ਬਾਦਲ ਸਾਹਿਬ ਨੇ ਆਪਣੇ ਫਰਜ਼ ਨੂੰ ਪਹਿਚਾਣਦਿਆ ਸੂਬੇ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ, ਮੋਦੀ ਸਰਕਾਰ ਨੂੰ ਪਹਿਲੇ ਦਿਨਾਂ ਹੀ ਜਾਣੂ ਕਰਵਾਉਣ ਦਾ ਯਤਨ ਕੀਤਾ ਹੈ, ਅਸੀਂ ਉਸਦੀ ਸ਼ਲਾਘਾ ਕਰਦੇ ਹਾਂ। ਪ੍ਰੰਤੂ ਨਾਲ ਦੀ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਸਨੂੰ ਸ਼ੋਹਰਤਬਾਜ਼ੀ ਦੇ ਡਰਾਮੇ ਤੱਕ ਹੀ ਨਾ ਸੀਮਤ ਕੀਤਾ ਜਾਵੇ, ਇਨ੍ਹਾਂ ਮੰਗਾਂ ਦੀ ਪੂਰਤੀ ਲਈ ਅੱਜ ਤੋਂ ਹੀ ਨਿਰੰਤਰ ਇਮਾਨਦਾਰੀ ਨਾਲ ਜ਼ੋਰ ਲਾਇਆ ਜਾਵੇ, ਜੇ ਬਾਦਲ ਸਾਬ੍ਹ ਸੱਚੇ ਮਨੋਂ ਪੰਜਾਬ ਲਈ ਕੰਮ ਕਰਨਗੇ ਤਾਂ ਸਮੁੱਚੇ ਪੰਜਾਬੀ, ਉਨਾਂ ਦਾ ਡੱਟਵਾਂ ਸਾਥ ਵੀ ਜ਼ਰੂਰ ਦੇਣਗੇ, ਪ੍ਰੰਤੂ ਜੇ ਇਹ ਰਾਜਸੀ ਸਟੰਟਬਾਜ਼ੀ ਹੀ ਹੋਈ ਤਾਂ ਫ਼ਿਰ ਮਾਫ਼ੀ ਦੀ ਵੀ ਕੋਈ ਗੁਜਾਇਸ਼ ਬਾਕੀ ਨਹੀਂ ਰਹਿਣੀ।

1984 ਦੇ ਸਿੱਖ ਕਤਲੇਆਮ ਦਾ ਇਨਸਾਫ਼, ਜਾਂਚ ਮੰਗਣ ਤੋਂ ਬਹੁਤ ਅੱਗੇ ਨਿਕਲ ਚੁੱਕਾ ਹੈ, ਜੇ ਬਾਦਲ ਸਾਬ੍ਹ ਗੰਭੀਰ ਹਨ, ਉਹ ਭਗਵਾਂ ਬ੍ਰਿਗੇਡ ਤੇ ਦਬਾਅ ਪਾਉਣ ਦੀ ਹਿੰਮਤ ਰੱਖਦੇ ਹਨ, ਤਾਂ ਇਨਸਾਫ਼ ਮਿਲਣ ‘ਚ ਦੇਰੀ ਨਹੀਂ ਹੋ ਸਕਦੀ। ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ, ਪੰਜਾਬ ਲਈ ਵਿਸ਼ੇਸ਼ ਪੈਕਜ, ਪੰਜਾਬ ਦੇ ਕਰਜ਼ਾ ਮਾਰੇ ਕਿਸਾਨਾਂ ਲਈ ਰਾਹਤ, ਇਹ ਮੰਗਾਂ ਪੰਜਾਬ ਦੀ ਤਬਾਹੀ ਨੂੰ ਰੋਕਣ ਦੇ ਸਮਰੱਥ ਹਨ, ਪ੍ਰੰਤੂ ਕਿਉਂਕਿ ਇਨ੍ਹਾਂ ਸਾਰੇ ਦੁੱਖਾਂ ਦਾ ਦਾਰੂ ਆਨੰਦਪੁਰ ਸਾਹਿਬ ਦੇ ਮਤੇ ਨੂੰ ਬਾਦਲ ਦਲ ਭੁਲਾ ਚੁੱਕਾ ਹੈ, ਇਸ ਲਈ ਉਸਦਾ ਪੰਜਾਬ ਬਾਰੇ ਗੰਭੀਰ ਹੋਣਾ ਪੂਰੀ ਤਰ੍ਹਾਂ ਸ਼ੱਕ ਦੇ ਘੇਰੇ ‘ਚ ਹੈ। ਅਸੀਂ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ‘ਚ ਸਹਿਜਧਾਰੀ ਵੋਟਰਾਂ ਵਿਰੁੱਧ ਪਾਰਲੀਮੈਂਟ ‘ਚ ਮਤਾ ਪਾਸ ਕਰਵਾਉਣ ਦੀ ਕੋਸ਼ਿਸ ਦੇ ਵੀ ਹਾਮੀ ਹਾਂ ਅਤੇ ਚਾਹੁੰਦੇ ਹਾਂ ਕਿ ਸਿੱਖਾਂ ਦੀ ਇਹ ਜਥੇਬੰਦੀ, ਸਿਰਫ਼ ਤੇ ਸਿਰਫ਼ ਸਿੱਖਾਂ ਦੀ ਹੀ ਰਹੇ। ਸ਼੍ਰੋਮਣੀ ਕਮੇਟੀ ਨੂੰ ਰਾਜਸੀ ਗੁਲਾਮੀ ਤੋਂ ਅਜ਼ਾਦ ਕਰਵਾਇਆ ਜਾਣਾ ਜ਼ਰੂਰੀ ਹੈ।

ਅੱਜ ਪੰਜਾਬ ਦੀ ਤਸਵੀਰ ਇਹ ਹੈ ਕਿ ਪੰਜਾਬ ਸਿਰ 1.60 ਲੱਖ ਕਰੋੜ ਦਾ ਕਰਜ਼ਾ ਹੈ, ਪੰਜਾਬ ਦੇ 44 ਲੱਖ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਹਨ ਅਤੇ ਪੰਜਾਬ ਦੀ 70 ਫ਼ੀਸਦੀ ਜੁਆਨੀ ਨਸ਼ੇੜੀ ਹੋ ਚੁੱਕੀ ਹੈ। ਪੰਜਾਬ ‘ਚ ਹਰ ਸਾਲ 50 ਹਜ਼ਾਰ ਕਰੋੜ ਦਾ ਨਸ਼ਾ ਨਸ਼ੇੜੀ ਛੱਕ ਰਹੇ ਹਨ। ਪੰਜਾਬ ‘ਚ ਨਸ਼ਿਆਂ ਦੇ ਨਾਲ-ਨਾਲ ਪਤਿਤਪੁਣੇ ਤੇ ਲੱਚਰਤਾ ਦੀ ਲਹਿਰ ਵੀ ਜ਼ੋਰਾਂ ਤੇ ਹੈ। ਬਾਦਲ ਸਾਬ੍ਹ ਜੇ ਇਨ੍ਹਾਂ ਮੁੱਦਿਆਂ ਤੇ ਗੰਭੀਰ ਹਨ ਤਾਂ ਉਨ੍ਹਾਂ ਨੂੰ ਪਹਿਲਾ ਜੋ ਕੁਝ ਪੰਜਾਬ ਸਰਕਾਰ ਕਰ ਸਕਦੀ ਹੈ, ਉਹ ਕਰਨਾ ਚਾਹੀਦਾ ਹੈ। ਪੰਜਾਬ ‘ਚੋਂ ਮਾਫ਼ੀਏ ਦੇ ਖ਼ਾਤਮੇ ਲਈ, ਪਹਿਲ ਕਦਮੀ ਕਰਕੇ ਵਿਖਾਉਣੀ ਚਾਹੀਦੀ ਹੈ। ਮੋਦੀ ਸਰਕਾਰ ਪੰਜਾਬ ਦੇ ਪਾਣੀਆਂ ਤੇ ਡਾਕੇ ਦੀ ਤਿਆਰੀ ‘ਚ ਹੈ, ਇਸ ਲਈ ਜਿਹੜੀ ਸਰਕਾਰ ਸਾਡੀ ਜਾਨ ਦੀ ਪਿਆਸੀ ਹੈ, ਉਸਤੋਂ ਅਸੀਂ ਪੰਜਾਬ ਦੇ ਭਲੇ ਦੀ ਕੀ ਆਸ ਕਰ ਸਕਦੇ ਹਾਂ?

 ਮੋਦੀ ਸਰਕਾਰ ਦਾ ਦੇਸ਼ ਦੀਆਂ ਘੱਟਗਿਣਤੀਆਂ ਪ੍ਰਤੀ ਕੀ ਨਜ਼ਰੀਆ ਹੈ ਅਤੇ ਭਵਿੱਖ ‘ਚ ਇਸ ਨਜ਼ਰੀਏ ਨੇ ਕੀ ਰੰਗ ਵਿਖਾਉਣਾ ਹੈ, ਇਹ ਵੀ ਜਲਦੀ ਹੀ ਸਾਹਮਣੇ ਆ ਜਾਣਾ ਹੈ। ਖੈਰ! ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀਆਂ ਹੱਕੀ ਮੰਗਾਂ ਲਈ ਜੇ ਬਾਦਲ ਨੇ ਕਦਮ ਅੱਗੇ ਵਧਾਇਆ ਤਾਂ ਇਕ ਵਾਰ ਸਮੁੱਚੇ ਪੰਜਾਬੀਆਂ ਨੂੰ ਪੰਜਾਬ ਦੀਆਂ ਇਨ੍ਹਾਂ ਹੱਕੀ ਮੰਗਾਂ ਲਈ ਮੋਦੀ ਸਰਕਾਰ ਤੇ ਦਬਾਅ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਬਾਦਲ ਭਾਵੇਂ ਕੱਲ੍ਹ ਨੂੰ ਆਪਣੀ ਆਦਤ ਅਨੁਸਾਰ ਰੰਗ ਵਟਾ ਲੈਣ, ਪ੍ਰੰਤੂ ਸਮੁੱਚੇ ਪੰਜਾਬੀ ਹੁਣ ਇਨ੍ਹਾਂ ਮੰਗਾਂ ਤੇ ਡੱਟ ਕੇ ਪਹਿਰਾ ਦੇਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top