;  Share on Facebook

Main News Page

ਪੰਜਾਬੀ ਭਾਰੀ ਮਾਤਰਾ ਵਿੱਚ ਖਾ ਰਹੇ ਨੇ ਨਸ਼ੀਲੇ ਕੈਪਸੂਲ ਤੇ ਗੋਲੀਆਂ

ਚੰਡੀਗੜ੍ਹ, 14 ਜੂਨ - ਪੰਜਾਬੀ ਸ਼ਰਾਬ ਦੀਆਂ ਅਣਗਿਣਤ ਬੋਤਲਾਂ ਅਤੇ ਹੋਰ ਕਈ ਤਰ੍ਹਾਂ ਦੇ ਸਸਤੇ-ਮਹਿੰਗੇ ਨਸ਼ਿਆਂ ਤੋਂ ਇਲਾਵਾ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਵੀ ਖਾ ਰਹੇ ਹਨ। ਇਹ ਖੁਲਾਸਾ ਪੰਜਾਬ ਪੁਲੀਸ ਵੱਲੋਂ ਕਰੋੜਾਂ ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਕਰਨ ਤੋਂ ਹੋਇਆ ਹੈ।

ਪੰਜਾਬ ਪੁਲੀਸ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਵਰ੍ਹੇ ਰਾਜ ਵਿੱਚੋਂ 3,06,52,590 ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਇਕ ਅੰਦਾਜ਼ੇ ਅਨੁਸਾਰ ਪੁਲੀਸ ਰੋਜ਼ਾਨਾ ਔਸਤਨ 84 ਹਜ਼ਾਰ ਅਤੇ ਹਰੇਕ ਮਹੀਨੇ 26 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕਰਦੀ ਆ ਰਹੀ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਬੁਰੀ ਤਰ੍ਹਾਂ ਨਸ਼ਿਆਂ ਵਿੱਚ ਧਸੇ ਨਸ਼ੇੜੀ ਹੁਣ ਆਪਣੇ ਜਿਸਮਾਂ ਵਿੱਚ ਹਜ਼ਾਰਾਂ ਨਸ਼ੀਲੇ ਟੀਕੇ ਵੀ ਚੋਭ ਰਹੇ ਹਨ।

ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਪੁਲੀਸ ਨੇ ਪਿਛਲੇ ਵਰ੍ਹੇ 3,23,056 ਨਸ਼ੀਲੇ ਟੀਕੇ ਬਰਾਮਦ ਕੀਤੇ ਸਨ। ਹਰੇਕ ਵਰ੍ਹੇ ਨਸ਼ੀਲੇ ਟੀਕੇ, ਕੈਪਸੂਲ ਤੇ ਗੋਲੀਆਂ ਬਰਾਮਦ ਕਰਨ ਦੀ ਗਿਣਤੀ ਕਈ ਗੁਣਾ ਵੱਧਦੀ ਜਾ ਰਹੀ ਹੈ। ਪੰਜਾਬ ਪੁਲੀਸ ਨੇ ਸਾਲ 2011 ਵਿੱਚ 30,574 ਅਤੇ ਸਾਲ 2012 ਵਿੱਚ 55145 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ। ਇਸ ਤਰ੍ਹਾਂ ਪੁਲੀਸ ਨੇ ਸਾਲ 2013 ਦੌਰਾਨ ਸਾਲ 2012 ਤੋਂ 486 ਫੀਸਦੀ ਵੱਧ ਟੀਕੇ ਬਰਾਮਦ ਕੀਤੇ ਹਨ।

ਦੂਸਰੇ ਪਾਸੇ ਪੁਲੀਸ ਨੇ ਸਾਲ 2011 ਦੌਰਾਨ 61,39,029 ਅਤੇ ਸਾਲ 2012 ਦੌਰਾਨ 1,14,61,241 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਸਨ। ਪੁਲੀਸ ਨੇ ਸਾਲ 2013 ਦੌਰਾਨ ਸਾਲ 2011 ਤੋਂ 399 ਫੀਸਦੀ ਵੱਧ ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਦੀ ਬਰਾਮਦਗੀ ਕੀਤੀ ਹੈ। ਨਸ਼ਾ ਵਿਰੋਧੀ ਏਜੰਸੀਆਂ ਦੇ ਵੇਰਵੇ ਅਨੁਸਾਰ ਕਿਸੇ ਵੀ ਰਾਜ ਵਿੱਚ ਨਸ਼ਿਆਂ ਦੀ ਬਰਾਮਦਗੀ ਕੁੱਲ ਖਪਤ ਦਾ ਕੇਵਲ 10-15 ਫੀਸਦੀ ਹੀ ਹੁੰਦੀ ਹੈ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਇਕੱਲੇ ਨਸ਼ਿਆਂ ਦੇ ਟੀਕਿਆਂ, ਕੈਪਸੂਲਾਂ ਅਤੇ ਗੋਲੀਆਂ ਦੀ ਖਪਤ ਕਰੋੜਾਂ ਵਿੱਚ ਹੋ ਰਹੀ ਹੈ। ਜੇ ਮੰਨ ਲਿਆ ਜਾਵੇ ਕਿ ਡਰੱਗ ਦੀ ਬਰਾਮਦਗੀ ਖਪਤ ਦਾ ਕੇਵਲ 10-15 ਫੀਸਦੀ ਹੀ ਹੁੰਦੀ ਹੈ ਤਾਂ ਰਾਜ ਵਿੱਚ ਸਾਲਾਨਾ 27 ਕਰੋੜ ਦੇ ਕਰੀਬ ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਦੀ ਖਪਤ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।

ਪੰਜਾਬ ਪੁਲੀਸ ਅਨੁਸਾਰ ਇਹ ਵੱਡੇ ਪੱਧਰ ’ਤੇ ਡਰੱਗ ਦੀ ਬਰਾਮਦਗੀ ਰਾਜ ਭਰ ਵਿੱਚ ਵਿਆਪਕ ਪੱਧਰ ’ਤੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦਾ ਸਿੱਟਾ ਹੈ। ਪੰਜਾਬ ਵਿੱਚ ਮਹਿੰਗੇ ਨਸ਼ੇ ਹੈਰੋਇਨ ਦੀ ਬਰਾਮਦਗੀ ਵਿੱਚ ਵੀ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ। ਪੰਜਾਬ ਪੁਲੀਸ ਦੇ ਅੰਕੜਿਆਂ ਅਨੁਸਾਰ ਸਾਲ 2011 ਵਿੱਚ 101 ਕਿਲੋ ਅਤੇ ਸਾਲ 2012 ਦੌਰਾਨ 279 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਸੀ, ਜਦਕਿ ਪਿਛਲੇ ਵਰ੍ਹੇ 421 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਪੁਲੀਸ ਵੱਲੋਂ ਇਸ ਵਰ੍ਹੇ ਹੁਣ ਤੱਕ 302 ਕਿਲੋ ਹੈਰੋਇਨ ਬਰਾਮਦ ਕਰਕੇ ਨਵਾਂ ਰਿਕਾਰਡ ਬਣਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਾਜ ਵਿੱਚ ਵਿਆਪਕ ਪੱਧਰ ’ਤੇ ਆਈਸ ਡਰੱਗ ਬਣਾਉਣ ਦਾ ਖੁਲਾਸਾ ਹੋਇਆ ਹੈ, ਜੋ ਰਾਜ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ।

ਪੰਜਾਬ ਪੁਲੀਸ ਅਨੁਸਾਰ ਭਾਵੇਂ ਆਈਸ ਡਰੱਗ ਵਿਆਪਕ ਪੱਧਰ ’ਤੇ ਦੇਸ਼ ਵਿੱਚ ਹੀ ਬਣਦੀ ਹੈ, ਪਰ ਇਸ ਦੀ ਸਪਲਾਈ ਕੈਨੇਡਾ ਅਤੇ ਹਾਲੈਂਡ ਦੀਆਂ ਕੌਮਾਂਤਰੀ ਮੰਡੀਆਂ ਵਿੱਚ ਹੁੰਦੀ ਹੈ। ਪੰਜਾਬ ਪੁਲੀਸ ਦੇ ਆਈਜੀ ਕਾਊਂਟਰ ਇੰਟੈਲੀਜੈਂਸ ਗੌਰਵ ਯਾਦਵ ਅਨੁਸਾਰ ਪੰਜਾਬ ਵਿੱਚ ਆਮ ਨਸ਼ੇੜੀ ਮੈਡੀਕਲ ਸਟੋਰਾਂ ਤੋਂ ਮਿਲਦੀਆਂ ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਅਤੇ ਭੁੱਕੀ ਦਾ ਇਸਤੇਮਾਲ ਕਰਦੇ ਹਨ। ਜਿਸ ਕਾਰਨ ਪੁਲੀਸ ਨੇ ਹੈਰੋਇਨ ਅਤੇ ਆਈਸ ਦੀ ਸਪਲਾਈ ਦੇ ਨੈੱਟਵਰਕ ਨੂੰ ਤੋੜਨ ਦੀ ਚਲਾਈ ਮੁਹਿੰਮ ਦੇ ਨਾਲ ਮੈਡੀਕਲ ਸਟੋਰਾਂ ਉਪਰ ਮਿਲਦੇ ਨਸ਼ਿਆਂ ’ਤੇ ਵੀ ਸ਼ਿਕੰਜਾ ਕੱਸਣ ਦੀ ਰਣਨੀਤੀ ਬਣਾਈ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top