Share on Facebook

Main News Page

ਕੜੇ ਪ੍ਰਬੰਧਾਂ ਹੇਠ ਡੇਹਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੇ ਮਨਾਇਆ ਸ਼ਹੀਦੀ ਦਿਹਾੜਾ
ਸਿੱਖ ਕੌਮ ਨੂੰ ਮੱਕੜ ਧੁੰਮਾਂ ਭਾਵ ਧਮੱਕੜ ਕੈਲੰਡਰ ਕਿਸੇ ਵੀ ਸੂਰਤ ਵਿੱਚ ਪ੍ਰਵਾਨ ਨਹੀਂ ਹੈ
-: ਸ੍ਰ. ਬਿਸ਼ਨ ਸਿੰਘ ਸਾਬਕਾ ਪ੍ਰਧਾਨ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ

* ਕੈਲੰਡਰ ਬਾਰੇ ਫੈਸਲਾ ਸਰਬੱਤ ਖਾਲਸਾ ਬੁਲਾ ਕੇ ਲਿਆ ਜਾਵੇ- ਬਿਸ਼ਨ ਸਿੰਘ
* ਨਾਨਕਸ਼ਾਹੀ ਕੈਲੰਡਰ ਸਿੱਖਾਂ ਦਾ ਅੰਦਰੂਨੀ ਮਸਲਾ- ਖਾਲਿਦ ਅਲੀ
* ਗੁਰੂ ਸਾਹਿਬ ਨੂੰ ਸ਼ਹੀਦ ਕਰਨ ਲਈ ਚੰਦੂ ਮੁੱਖੀ ਦੋਸ਼ੀ ਸੀ- ਸਰਨਾ

ਲਾਹੌਰ 16 ਜੂਨ (ਜਸਬੀਰ ਸਿੰਘ)ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦੇਸ ਵਿਦੇਸ਼ ਤੋ ਪੁੱਜੀਆ ਸੰਗਤਾਂ ਨੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਗੁਰੂਦੁਆਰਾ ਡੇਰਾ ਸਾਹਿਬ ਵਿਖੇ ਬੜੀ ਹੀ ਧੂੰਮ ਧਾਮ ਤੇ ਗਰਮ ਜੋਸ਼ੀ ਨਾਲ ਮਨਾਇਆ ਅਤੇ ਇਸ ਸਮੇਂ ਨਾਨਕਸ਼ਾਹੀ ਕੈਲੰਡਰ ਬਾਰੇ ਅੰਤਿਮ ਫੈਸਲਾ ਨਵੰਬਰ ਵਿੱਚ ਨਨਕਾਣਾ ਸਹਿਬ ਵਿਖੇ ਲਏ ਜਾਣ ਦਾ ਐਲਾਨ ਨੂੰ ਜੈਕਾਰਿਆ ਦੀ ਗੂੰਜ ਵਿੱਚ ਗਰਮਜੋਸ਼ੀ ਨਾਲ ਪ੍ਰਵਾਨਗੀ ਦਿੱਤੀ ਗਈ।

ਗੁਰੂਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਮਰਿਆਦਾ ਅਨੁਸਾਰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਅਲਾਹੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਵੱਖ ਵੱਖ ਬੁਲਾਰਿਆ ਨੇ ਮੁੱਖ ਮੁੱਦਾ ਸ਼ਹੀਦੀ ਦਿਹਾੜੇ ਬਾਰੇ ਚਾਨਣਾ ਪਾਉਣ ਦੇ ਨਾਲ ਨਾਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਬਣਾਇਆ ਅਤੇ ਸਰਬਸੰਮਤੀ ਨਾਲ ਜੈਕਾਰਿਆ ਦੀ ਗੂੰਜ ਵਿੱਚ ਐਲਾਨ ਕੀਤਾ ਗਿਆ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਤੋ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਤੱਕ ਨਾਨਕਸ਼ਾਹੀ ਦੇ ਮਸਲੇ ਨੂੰ ਹੱਲ ਨਾ ਕੀਤਾ ਗਿਆ ਤਾਂ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ‘ਤੇ ਸਰਬੱਤ ਖਾਲਸਾ ਬੁਲਾ ਖੁਦ ਹੱਲ ਕਰੇਗੀ।

ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਲਈ ਜਹਾਂਗੀਰ ਦੇ ਨਾਲ ਨਾਲ ਚੰਦੂ ਵੀ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਤੇ ਤਸੀਹੇ ਦੇਣ ਦਾ ਮੁੱਖ ਦੋਸ਼ੀ ਸੀ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰੀ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਚੰਦੂ ਦੀ ਹਵੇਲੀ ਵੀ ਸਿੱਖ ਕੌਂਮ ਦੀ ਹਵਾਲੇ ਕੀਤੀ ਜਾਵੇ ਤੇ ਉਸ ਦਾ ਬੰਦੋਬਸਤ ਵੀ ਸਿੱਖ ਸੰਗਤ ਆਪਣੀ ਮਰਿਆਦਾ ਤੇ ਪਰੰਪਰਾ ਅਨੁਸਾਰ ਕਰੇਗੀ। ਨਾਨਕਸ਼ਾਹੀ ਕੈਲੰਡਰ ਦਾ ਜ਼ਿਕਰ ਕਰਦਿਆ ਉਹਨਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਲੰਮੀ ਵਿਚਾਰ ਚਰਚਾ ਤੋ ਬਾਅਦ ਬਣਾਇਆ ਗਿਆ ਸੀ ਤੇ ਸੋਧਿਆ ਹੋਇਆ ਕੈਲੰਡਰ ਕਾਹਲੀ ਵਿੱਚ ਸਿਰਫ ਉਹਨਾਂ ਡੇਰੇਦਾਰਾਂ ਨੂੰ ਹੀ ਖੁਸ਼ ਕਰਨ ਲਈ ਬਣਾਇਆ ਗਿਆ ਹੈ ਜਿਸ ਦੀ ਸ਼ਾਖ ਪੰਥ ਵਿਰੋਧੀ ਜਮਾਤ ਆਰ. ਐਸ. ਐਸ ਨਾਲ ਜਾ ਕੇ ਮਿਲਦੀ ਹੈ।ਉਹਨਾਂ ਕਿਹਾ ਕਿ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਸਿਰਫ ਪੰਜਾਬ ਤੱਕ ਹੈ ਅਤੇ ਇਸ ਤੋ ਅੱਗੇ ਦਿੱਲੀ ਗੁਰਧਾਮਾਂ ਦੇ ਪ੍ਰਬੰਧ ਲਈ ਦਿਲੀ ਕਮੇਟੀ ਤੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਦੇ ਗੁਰਧਾਮਾਂ ਦੇ ਪ੍ਰਬੰਧ ਲਈ ਵੀ ਵੱਖਰੀ ਕਮੇਟੀ ਹੈ ਪਰ ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਣ ਹਾਸਲ ਹੈ ਕਿ ਇੱਕ ਪੂਰੇ ਪਾਕਿਸਤਾਨ ਦੇ ਗੁਰਧਾਮਾਂ ਦੀ ਕਮੇਟੀ ਹੈ।

ਪਾਕਿਸਤਾਨ ਓਕਬ ਬੋਰਡ ਦੇ ਚੇਅਰਮੈਨ ਜਨਾਬ ਖਾਲਿਦ ਅਲੀ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਵਿੱਚ ਪਾਕਿਸਤਾਨ ਹਕੂਮਤ ਕੋਈ ਵੀ ਦਖਲ ਅੰਦਾਜੀ ਨਹੀਂ ਕਰੇਗੀ। ਉਹਨਾਂ ਕਿਹਾ ਕਿ ਸਿੱਖ ਗੁਰਧਾਮਾਂ ਦੇ ਵਿਕਾਸ ਲਈ ਪਾਕਿਸਤਾਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਜਾਇਦਾਦ ਤੇ ਨਜ਼ਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਓਕਬ ਬੋਰਡ ਤੇ ਪਾਕਿ ਸਰਕਾਰ ਸਿੱਖਾਂ ਦੇ ਸਭਿਆਚਾਰਕ, ਸਮਾਜਿਕ ਤੇ ਧਾਰਮਿਕ ਅਕੀਦੇ ਅਨੁਸਾਰ ਉਹਨਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ।

ਸ੍ਰ. ਬਿਸ਼ਨ ਸਿੰਘ ਸਾਬਕਾ ਪ੍ਰਧਾਨ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਜੋਸ਼ੀਲੇ ਤੇ ਲੱਛੇਦਾਰ ਆਪਣੇ ਭਾਸ਼ਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰਅਵਤਾਰ ਸਿੰਘ ਮੱਕੜ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਮੱਕੜ ਨੇ ਪਾਕਿਸਤਾਨ ਵਿੱਚ ਆ ਕੇ ਸਿੱਖਾਂ ਵਿੱਚ ਵੰਡੀਆ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਪਰ ਅੱਜ ਦਾ ਇਹ ਇਕੱਠ ਸਾਬਤ ਕਰਦਾ ਹੈ ਕਿ ਮੱਕੜ ਨੂੰ ਮੂੰਹ ਦੀ ਖਾਣੀ ਪਈ ਹੈ। ਉਹਨਾਂ ਕਿਹਾ ਕਿ ਮੱਕੜ ਦੇ ਪ੍ਰਬੰਧ ਵਾਲੀ ਸ਼੍ਰੋਮਣੀ ਕਮੇਟੀ ਨੇ ਜਿਹੜੇ ਗੁੱਲ 6 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਵੇਲੇ ਖਿਲਾਏ ਹਨ ਸ਼ਹੀਦੀ ਸਮਾਗਮ ਵਿੱਚ ਭਾਗ ਲੈਣ ਆਈਆ ਸੰਗਤਾਂ ਨੂੰ ਕਿਰਪਾਨਾਂ ਨਾਲ ਫੱਟੜ ਕਰਕੇ ਤੇ ਦਸਤਾਰਾਂ ਨੂੰ ਪੈਰਾਂ ਹੇਠ ਰੋਲ ਕੇ ਮੁਜਾਹਰਾ ਕੀਤਾ, ਉਸ ਨਾਲ ਸਿੱਖ ਕੌਮ ਦਾ ਸਿਰ ਦੁਨੀਆ ਭਰ ਵਿੱਚ ਝੁਕ ਗਿਆ ਹੈ। ਉਹਨਾਂ ਕਿਹਾ ਕਿ ਮੱਕੜ ਨੂੰ ਪਾਕਿਸਤਾਨ ਦੇ ਸਿੱਖਾਂ ਦੇ ਮਸਲਿਆ ਵਿੱਚ ਦਖਲਅੰਦਾਜੀ ਕਰਨ ਦੀ ਬਜਾਏ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਠੀਕ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੱਕੜ ਇਹ ਭਰਮ ਪਾਲ ਕੇ ਪਾਕਿਸਤਾਨ ਆਇਆ ਸੀ, ਕਿ ਉਹ ਪ੍ਰਧਾਨ ਮੰਤਰੀ ਜਨਾਬ ਨਵਾਜ਼ ਸ਼ਰੀਫ ਨੂੰ ਮਿਲ ਕੇ ਪਾਕਿਸਤਾਨ ਦੇ ਗੁਰਧਾਮਾਂ ‘ਤੇ ਕਬਜਾ ਕਰ ਲਵੇਗਾ ਪਰ ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਨਾਬ ਨਵਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹਨ।

ਨਾਨਕਸ਼ਾਹੀ ਕੈਲੰਡਰ ਬਾਰੇ ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਮੱਕੜ ਧੁੰਮਾਂ ਭਾਵ ਧਮੱਕੜ ਕੈਲੰਡਰ ਕਿਸੇ ਵੀ ਸੂਰਤ ਵਿੱਚ ਪ੍ਰਵਾਨ ਨਹੀਂ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਦੀ ਸਿੱਖ ਸੰਗਤ ਜਿਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਨਤਮਸਤਕ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਸਤਿਕਾਰ ਕਰਦੀ ਹੈ, ਪਰ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਕੈਲੰਡਰ ਦਾ ਮਾਮਲੇ ਤੇ ਸਿਆਸਤ ਨਾ ਕਰਨ ਅਤੇ ਤਖਤ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਦਿਆ ਪਾਰਦਰਸ਼ੀ ਫੈਸਲੇ ਲੈਣ। ਉਹਨਾਂ ਕਿਹਾ ਕਿ ਕੈਲੰਡਰ ਦੇ ਮਾਮਲੇ ‘ਤੇ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਵੱਲੋ ਲੈ ਗਏ ਸਟੈਂਡ ‘ਤੇ ਉਹਨਾਂ ਦਾ ਧੰਨਵਾਦ ਕਰਦੇ ਹਨ। ਉਹਨਾਂ ਰਾਧਾ ਸੁਆਮੀ ਤੇ ਆਰ.ਐਸ.ਐਸ ਮੁੱਖੀਆ ਦੀ ਹੋਈ ਬੰਦ ਕਮਰਾ ਮੀਟਿੰਗ ਨੂੰ ਵੀ ਸਿੱਖਾਂ ਲਈ ਮੰਦਭਾਗਾ ਦੱਸਿਆ।

ਪਾਕਿਸਤਾਨ ਪੰਜਾਬ ਵਿਧਾਨ ਸਭਾ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਨਵਾਜ ਸ਼ਰੀਫ ਸਰਕਾਰ ਨੇ ਪਹਿਲਾਂ ਵੀ ਸਿੱਖ ਮਸਲਿਆ ਨੂੰ ਗੰਭੀਰਤਾ ਨਾਲ ਲਿਆ ਸੀ ਤੇ ਇਸ ਵਾਰੀ ਵੀ ਲੈ ਰਹੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੰਘ ਪੂਰੀ ਤਰ੍ਵਾ ਸਰੱਖਿਅਤ ਹਨ ਅਤੇ ਅਮਨ ਸ਼ਾਂਤੀ ਨਾਲ ਰਹਿ ਰਹੇ ਹਨ। ਉਹਨਾਂ ਕਿਹਾ ਕਿ ਜਦੋ ਕਦੇ ਵੀ ਸਿੱਖ ਦੁਨੀਆ ਭਰ ਵਿੱਚ ਵਾਪਰੀ ਕਿਸੇ ਘਟਨਾ ਨੂੰ ਲੈ ਕੇ ਆਪਣਾ ਰੋਸ ਜਾਹਿਰ ਕਰਦੇ ਹਨ ਤਾਂ ਪਾਕਿਸਤਾਨ ਪੁਲੀਸ ਉਹਨਾਂ ਦੀ ਸੁਰੱਖਿਆ ਦਾ ਵਿਸ਼ੇਸ਼ ਖਿਆਲ ਰੱਖਦੀ ਹੈ। ਉਹਨਾਂ ਕਿਹਾ ਕਿ ਕੈਲੰਡਰ ਸਿੱਖਾਂ ਦਾ ਅੰਦਰੂਨੀ ਮਸਲਾ ਹੈ ਜਿਸ ਨੂੰ ਤੁਰੰਤ ਹੱਲ ਕਰ ਲਿਆ ਜਾਣਾ ਚਾਹੀਦਾ ਹੈ। ਪਾਕਿਸਤਾਨ ਸਰਕਾਰ ਵਿੱਚ ਮੰਤਰੀ ਰਹੇ ਸ੍ਰ ਸਵਰਨ ਸਿੰਘ ਨੇ ਕਿਹਾ ਕਿ ਦੁਨੀਆ ਭਰ ਨਾਲੋ ਸਿੱਖ ਪਾਕਿਸਤਾਨ ਵਿੱਚ ਸੁਰੱਖਿਅਤ ਹਨ। ਉਹਨਾਂ ਇਸ ਸਮੇਂਪਾਕਿਸਤਾਨ ਫੌਜ ਵਿੱਚ ਕਮਿਸ਼ਨਡ ਅਫਸਰ ਗੁਰਚਰਨ ਸਿੰਘ ਨੂੰ ਸੰਗਤਾਂ ਦੇ ਰੂਬਰੂ ਕਰਵਾਇਆ ਜਿਹੜੇ ਸਮਾਗਮ ਵਿੱਚ ਮੌਜੂਦ ਸਨ।

ਬਾਬਾ ਜੀ ਦੇ ਨਾਮ ਨਾਲ ਜਾਣੇ ਜਾਂਦੇ ਸ੍ਰ ਸ਼ਾਮ ਸਿੰਘ ਸਾਬਕਾ ਪ੍ਰਧਾਨ ਪਾਕਿ ਕਮੇਟੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਅੱਜ ਨਾਨਕਸ਼ਾਹੀ ਕੈਲੰਡਰ ਬਾਰੇ ਵਿਚਾਰ ਚਰਚਾ ਹੋਈ ਉਸ ਤੋ ਤਾਂ ਇੰਜ ਹੀ ਪ੍ਰਤੀਤ ਹੁੰਦਾ ਹੈ ਕਿ ਮਸਲਾ ਜਲਦੀ ਹੀ ਹੱਲ ਕਰ ਲਿਆ ਜਾਵੇਗੀ। ਪੱਤਰਕਾਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਕਿਸੇ ਵੀ ਧਾਰਾਮਿਕ ਮਾਮਲੇ ਦੇ ਵਿਵਾਦ ਨੂੰ ਹੱਲ ਕਰਨ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਦੇ ਵੀ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਲਏ ਫੈਸਲਿਆ ਨੂੰ ਬਦਲਣ ਦਾ ਅਧਿਕਾਰ ਸਿਰਫ ਸਰਬੱਤ ਖਾਲਸਾ ਨੂੰ ਹੀ ਹੋਣਾ ਚਾਹੀਦਾ ਹੈ। ਇਸ ਸਮੇਂ ਸਵਰਨ ਸਿੰਘ ਗਿੱਲ ਨੇ ਵੀ ਸੰਬੋਧਨ ਕਰਦਿਆ ਕਿਹਾ ਕਿ ਸਿੱਖ ਪੰਥ ਨੂੰ ਆਪਣੇ ਫੈਸਲੇ ਸਰਬਸੰਮਤੀ ਨਾਲ ਲੈਣੇ ਚਾਹੀਦੇ ਹਨ। ਇਸ ਸਮੇਂ ਸ੍ਰ ਮਨਜੀਤ ਸਿੰਘ ਸਰਨਾ ਤੇ ਰਮਨਦੀਪ ਸਿੰਘ ਸੋਨੂੰ ਨੇ ਵੀ ਆਪਣੀ ਹਾਜਰੀ ਲਵਾਈ।

ਕੈਪਸ਼ਨ ਫੋਟੋ- ਡੇਹਰਾ ਸਾਹਿਬ ਵਿਖੇ ਸ਼ਹੀਦੀ ਸਮਾਗਮ ਵਿੱਚ ਬੈਠੇ ਸ੍ਰ. ਪਰਮਜੀਤ ਸਿੰਘ ਸਰਨਾ, ਓਕਬ ਬੋਰਡ ਦੇ ਚੇਅਰਮੈਨ ਜਨਾਬ ਖਾਲਿਦ ਅਲੀ, ਸ੍ਰ. ਬਿਸ਼ਨ ਸਿੰਘ ਤੋ ਹੋਰ ਸੰਗਤ ਵਿਖਾਈ ਦੇ ਰਹੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top