Share on Facebook

Main News Page

ਪਾਕਿ ਓਕਬ ਬੋਰਡ ਨੇ ਸਰਨਾ ਨੂੰ ਸੌਂਪੀ ਗੁਰੂਦੁਆਰਾ ਡੇਹਰਾ ਸਾਹਿਬ ਦੀ ਕਾਰ ਸੇਵਾ
ਸੰਗਤਾਂ ਨੇ ਜੈਕਾਰਿਆਂ ਗੂੰਜ ਵਿੱਚ ਕੀਤਾ ਸੁਆਗਤ, ਸਰਨਾ ਨੇ ਕੀਤਾ ਧੰਨਵਾਦ

ਲਾਹੌਰ 16 ਜੂਨ (ਜਸਬੀਰ ਸਿੰਘ): ਸ੍ਰੀ ਗੁਰੂ ਅਰਜਨ ਸਿੰਘ ਦੇਵ ਜੀ ਦੇ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਕਿਸਤਾਨੀ ਓਕਬ ਬੋਰਡ ਦੇ ਚੇਅਰਮੈਨ ਜਨਾਬ ਖਾਲਿਦ ਅਲੀ ਨੇ ਕਿਹਾ ਕਿ ਗੁਰੂਦੁਆਰਾ ਡੇਰਾ ਸਾਹਿਬ ਦੀ ਕਾਰ ਸੇਵਾ ਦਾ ਕਾਰਜ ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਉਹਨਾਂ ਦੀਆਂ ਪੁਰਾਣੀਆਂ ਸੇਵਾਵਾਂ ਨੂੰ ਮੁੱਖ ਰੱਖ ਸੌਂਪੀ ਜਾਂਦੀ ਹੈ, ਜਿਸ ਦਾ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸੁਆਗਤ ਕੀਤਾ।

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਜਨਾਬ ਖਾਲਿਦ ਅਲੀ ਨੇ ਕਿਹਾ ਕਿ ਸਿੱਖ ਗੁਰਧਾਮਾਂ ਦੀ ਕਾਰ ਸੇਵਾ ਕਰਾਉਣ ਲਈ ਪਾਕਿਸਤਾਨ ਸਰਕਾਰ ਤੇ ਓਕਬ ਬੋਰਡ ਪੂਰੀ ਤਰ੍ਹਾਂ ਵਚਨਬੱਧ ਹੈ, ਤੇ ਹੁਣ ਤੱਕ ਸਰਕਾਰ ਨੇ ਬਹੁਤ ਸਾਰੇ ਗੁਰਧਾਮਾਂ ਸੰਗਤਾਂ ਦੇ ਦਰਸ਼ਨਾਂ ਲਈ ਖੋਹਲੇ ਦਿੱਤੇ ਹਨ। ਉਹਨਾਂ ਕਿਹਾ ਕਿ ਹੋਰ ਵੀ ਜਿਹੜੇ ਗੁਰਧਾਮ ਜਾਂ ਸਥਾਨ ਬਾਕੀ ਹਨ, ਉਹਨਾਂ ਨੂੰ ਵੀ ਜਲਦੀ ਹੀ ਖੋਹਲ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸ੍ਰ. ਸਰਨਾ ਦੀਆਂ ਸਿੱਖ ਗੁਰਧਾਮਾਂ ਦੀਆਂ ਕਰਵਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਗੁਰੂਦੁਆਰਾ ਡੇਹਰਾ ਸਾਹਿਬ ਦੀ ਵੀ ਕਾਰ ਸੇਵਾ ਸੌਂਪੀ ਜਾਂਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੀ ਨਹੀਂ ਸਗੋਂ ਯਕੀਨ ਹੈ ਕਿ ਸ੍ਰ. ਸਰਨਾ ਬਹੁਤ ਜਲਦੀ ਹੀ ਇਹ ਸੇਵਾ ਮੁਕੰਮਲ ਕਰ ਲੈਣਗੇ। ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਅਗਲੇ ਚੰਦ ਦਿਨਾਂ ਦੇ ਅੰਦਰ ਅੰਦਰ ਹੀ ਇਸ ਦੀ ਚੋਣ ਕਰ ਲਈ ਜਾਵੇਗੀ ਤੇ ਓਕਬ ਬੋਰਡ ਪ੍ਰਬੰਧ ਕਮੇਟੀ ਨੂੰ ਸੌਂਪ ਦੇਵੇਗਾ।

ਸ੍ਰ. ਪਰਮਜੀਤ ਸਿੰਘ ਸਰਨਾ ਨੇ ਭਾਵੁਕ ਹੁੰਦਿਆਂ ਜਿਥੇ ਓਕਬ ਬੋਰਡ ਤੇ ਪਾਕਿਸਤਾਨ ਸਰਕਾਰ ਦਾ ਸੇਵਾ ਸੌਂਪਣ ਦਾ ਧੰਨਵਾਦ ਕੀਤਾ, ਉਥੇ ਕਿਹਾ ਕਿ ਉਹ ਸਿੱਖ ਗੁਰਧਾਮਾਂ ਦੀ ਸੇਵਾ ਨੂੰ ਪੂਰੀ ਤਰ੍ਹਾਂ ਸਮੱਰਪਿਤ ਹਨ ਅਤੇ ਜਿੰਨਾ ਚਿਰ ਤੱਕ ਉਹਨਾਂ ਦੇ ਸਵਾਸ ਹਨ, ਉਹ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ। ਉਹਨਾਂ ਕਿਹਾ ਕਿ ਸਿੱਖ ਗੁਰਧਾਮਾਂ ਦੀ ਕਾਰ ਸੇਵਾ ਨੂੰ ਅਮਲ ਜਾਮਾ ਪਹਿਨਾਉਣ ਲਈ, ਉਹ ਇਕੱਲੇ ਨਹੀਂ, ਸਗੋਂ ਦੇਸ ਵਿਦੇਸ਼ ਦੀਆਂ ਸੰਗਤਾਂ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਅਮਰੀਕਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ, ਸ੍ਰ. ਮਨਮੋਹਨ ਸਿੰਘ, ਅਵਤਾਰ ਸਿੰਘ ਸੰਘੇੜਾ ਅਤੇ ਬਾਬਾ ਜਗਤਾਰ ਸਿੰਘ ਦਾ ਵੀ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਡੇਹਰਾ ਸਾਹਿਬ ਦੀ ਕਾਰ ਸੇਵਾ ਮਿਲਣ ਦੇ ਨਾਲ ਦਿੱਲੀ ਦੀ ਸਿੱਖ ਸੰਗਤ ਦੇ ਮਾਣ ਵਿੱਚ ਸਤਿਗੁਰੂ ਨੇ ਹੋਰ ਵਾਧਾ ਕੀਤਾ ਹੈ।

ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਇਹ ਸੇਵਾ ਹਾਸਲ ਕਰਨ ਲਈ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇੱਕ ਸ੍ਰ. ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਲਾਹੌਰ ਪੁੱਜਾ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਵੀ ਇੱਕ ਵਫਦ ਪੁੱਜਾ ਅਤੇ ਉਹਨਾਂ ਨੇ ਇਹ ਐਲਾਨ ਵੀ ਕਰ ਦਿੱਤਾ ਸੀ ਕਿ ਪਾਕਿਸਤਾਨ ਓਕਬ ਬੋਰਡ ਨੇ ਉਹਨਾਂ ਨੂੰ ਗੁਰੂਦੁਆਰਾ ਡੇਰਾ ਸਾਹਿਬ ਵਿਖੇ ਇੱਕ ਸਰਾਂ ਬਣਾਉਣ ਲਈ ਦੋ ਏਕੜ ਜਗ੍ਹਾ ਦੇ ਦਿੱਤੀ ਹੈ, ਪਰ ਹੋਇਆ ਸਭ ਕੁਝ ਉਲਟ ਕਿਉਂਕਿ ਉਹਨਾਂ ਦੀਆਂ ਖਾਹਿਸ਼ਾਂ ਨੂੰ ਤਾਂ ਬੂਰ ਨਹੀਂ ਪਿਆ, ਪਰ ਸ੍ਰ. ਸਰਨਾ ਚੁੱਪ ਚੁਪੀਤੇ ਹੀ ਸੇਵਾ ਲੈਣ ਵਿੱਚ ਸਫਲ ਹੋ ਗਏ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top