Share on Facebook

Main News Page

ਸੁਖਬੀਰ ਸਿੰਘ ਬਾਦਲ ਦੀ ਪਾਕਿਸਤਾਨ ਕਮੇਟੀ 'ਤੇ ਕਬਜ਼ਾ ਕਰਨ ਦੀ ਯੋਜਨਾ ਹੋਈ ਠੁੱਸ, ਬਿਸ਼ਨ ਸਿੰਘ ਬਣ ਸਕਦੇ ਹਨ ਅਗਲੇ ਪ੍ਰਧਾਨ
-: ਜਸਬੀਰ ਸਿੰਘ ਪੱਟੀ 093560 24684

ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਕਰਨ ਲਈ ਬਣਾਈ ਗਈ ਯੋਜਨਾ ਨੂੰ ਬੁਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਈ ਹੈ, ਪਰ ਬਾਦਲ ਵੱਲੋਂ ਕੀਤੀ ਗਈ ਇਸ ਸ਼ੁਰੂਆਤ ਨਾਲ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਜਦ ਕਿ ਬਾਦਲ ਨੂੰ ਧੋਬੀ ਪੱਟਕਾ ਮਾਰਦਿਆਂ ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਗੁਰੂਦੁਆਰਾ ਡੇਹਰਾ ਸਾਹਿਬ ਦੀ ਕਾਰ ਸੇਵਾ ਓਕਾਬ ਬੋਰਡ ਕੋਲੋਂ ਲੈ ਕੇ ਜੂਨੀਅਰ ਬਾਦਲ ਦੀਆਂ ਬਣਾਈਆਂ ਗਈਆਂ ਸਕੀਮਾਂ 'ਤੇ ਪੂਰੀ ਤਰ੍ਹਾਂ ਪਾਣੀ ਫੇਰ ਦਿੱਤਾ ਹੈ।

ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ 1999 ਵਿੱਚ ਉਸ ਵੇਲੇ ਹੋਂਦ ਵਿੱਚ ਆਈ ਸੀ, ਜਦੋਂ ਪਾਕਿ ਸਰਕਾਰ ਨੇ ਇਹ ਮਹਿਸੂਸ ਕੀਤਾ ਸੀ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਵੱਖ ਵੱਖ ਸਿੱਖ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਅਤੇ ਹੋਰ ਇਤਿਹਸਾਕ ਦਿਹਾੜਿਆਂ ‘ਤੇ ਸਿੱਖਾਂ ਵੱਲੋਂ ਕੀਤੇ ਜਾਂਦੇ ਧਾਰਮਿਕ ਸਮਾਗਮਾਂ ਸਮੇਂ ਸੰਗਤਾਂ ਗੁਰੂ ਸਾਹਿਬ ਸਨਮੁੱਖ ਭੇਂਟ ਕੀਤੀ ਗਈ ਮਾਇਆ ਤਾਂ ਵਲੇਟ ਕੇ ਭਾਰਤ ਲੈ ਜਾਂਦੀ ਹੈ, ਪਰ ਸਿੱਖ ਗੁਰਧਾਮਾਂ ਦੇ ਵਿਕਾਸ ਲਈ ਕੋਈ ਵੀ ਉਪਰਾਲਾ ਨਹੀਂ ਕਰਦੀ।

ਤੱਤਕਾਲੀ ਪਾਕਿਸਤਾਨ ਦੇ ਰਾਸ਼ਟਰਪਤੀ ਤੇ ਫੌਜੀ ਮੁੱਖੀ ਜਨਰਲ ਪ੍ਰਵੇਜ਼ ਮੁਸ਼ੱਰਫ ਦੇ ਹੁਕਮਾਂ ਤੇ ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੂੰ ਨਵਾਂ ਨਾਮ ਸ੍ਰ. ਪਰਮਜੀਤ ਸਿੰਘ ਸਰਨਾ ਦੇ ਸੁਝਾਅ ਦੇਣ 'ਤੇ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਦਿੱਤਾ ਗਿਆ, ਤਾਂ ਕਿ ਇਸ ਕਮੇਟੀ ਦੀ ਚੋਣ ਸਮੇਂ ਗੈਰ ਸਿੱਖ ਕਿਸੇ ਪ੍ਰਕਾਰ ਦਾ ਕੋਈ ਦਾਅਵਾ ਨਾ ਕਰ ਸਕਣ। ਇਸ ਕਮੇਟੀ ਦੇ ਹੋਂਦ ਵਿੱਚ ਆਉਣ ਉਪਰੰਤ ਸ਼੍ਰੋਮਣੀ ਕਮੇਟੀ ਦੀ ਤੱਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜੱਥੇ ਭੇਜਣੇ ਬੰਦ ਕਰ ਦਿੱਤੇ, ਪਰ ਸੰਨ 2000 ਵਿੱਚ ਜਦੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਪ੍ਰਧਾਨ ਬਣੇ ਤਾਂ ਉਹਨਾਂ ਨੇ ਬੀਬੀ ਜਗੀਰ ਕੌਰ ਦੇ ਫੈਸਲੇ ਦੇ ਉਲਟ ਇਹ ਕਹਿ ਕੇ ਜੱਥੇ ਭੇਜਣੇ ਸ਼ੁਰੂ ਕਰ ਦਿੱਤੇ ਸਨ ਕਿ ਕਿਸੇ ਵੀ ਸਿੱਖ ਨੂੰ ਗੁਰੂ ਸਾਹਿਬਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਤੋ ਵਾਂਝਿਆਂ ਕਰਨ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ। ਪਾਕਿਸਤਾਨ ਕਮੇਟੀ ਨੂੰ ਲੈ ਕੇ ਉਥੋਂ ਦੀ ਸਰਕਾਰ ਨਾਲ ਰੋਸ ਪ੍ਰਗਟ ਕਰਨ ਦੇ ਹੋਰ ਵੀ ਕਈ ਤਰੀਕੇ ਮੌਜੂਦ ਹਨ।

ਸ੍ਰ. ਪਰਮਜੀਤ ਸਿੰਘ ਸਰਨਾ ਦਾ ਪਹਿਲਾਂ ਸ਼੍ਰੋਮਣੀ ਕਮੇਟੀ ਤੇ ਫਿਰ ਪੰਜਾਬ ਵਿਧਾਨ ਸਭਾ ਵਿੱਚੋ ਬੋਰੀਆਂ ਬਿਸਤਰਾ ਗੋਲ ਕਰਨ ਉਪਰੰਤ ਸ੍ਰ. ਸੁਖਬੀਰ ਸਿੰਘ ਬਾਦਲ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਦਾਮ, ਸਾਮ ,ਦੰਡ ਆਦਿ ਦੀ ਨੀਤੀ ਅਨੁਸਾਰ ਦਿੱਲੀ ਕਮੇਟੀ ਦੀਆਂ ਚੋਣਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਲਾ ਸਰੂਪ ਪ੍ਰਦਾਨ ਕਰਦਿਆਂ ਜਨਵਰੀ 2013 ਵਿੱਚ ਹੋਈਆਂ ਦਿੱਲੀ ਕਮੇਟੀ ਦੀਆਂ ਚੋਣਾਂ ਨੂੰ ਵਕਾਰ ਦਾ ਸਵਾਲ ਬਣਾ ਕੇ ਲੜੀਆਂ ਤੇ ਸ੍ਰ ਪਰਮਜੀਤ ਸਿੰਘ ਸਰਨਾ ਦੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕਈ ਉਮੀਦਵਾਰਾਂ ਦੀਆ ਜ਼ਮਾਨਤਾਂ ਵੀ ਜ਼ਬਤ ਕਰਵਾ ਕੇ, 46 ਵਿੱਚੋਂ ਕਰੀਬ 35 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। ਸਰਨਾ ਧੜੇ ਦੇ ਜਿੱਤੇ ਸੱਤ ਉਮੀਦਵਾਰਾਂ ਵਿੱਚੋਂ ਵੀ ਚਾਰ ਸਰਨੇ ਦਾ ਸਾਥ ਛੱਡ ਕੇ ਅਕਾਲੀ ਦਲ ਬਾਦਲ ਨਾਲ ਜਾ ਜੁੜੇ, ਜਿਸ ਨਾਲ ਬਾਦਲ ਦਲ ਦੀਆਂ 39 ਸੀਟਾਂ ਹੋ ਗਈਆਂ। ਮੈਂਬਰਾਂ ਦੀ ਕੋਆਪਸ਼ਨ ਪਾ ਕੇ ਇਸ ਵੇਲੇ ਕੁਲ 51 ਮੈਂਬਰਾਂ ਵਿੱਚੋਂ ਹਾਕਮ ਧਿਰ ਬਾਦਲ ਨਾਲ 45 ਤੋਂ ਵੀ ਵਧੇਰੇ ਮੈਂਬਰ ਜੁੜੇ ਹੋਏ ਹਨ।

ਪਾਕਿਸਤਾਨ ਵਿੱਚੋਂ ਸ੍ਰ ਪਰਮਜੀਤ ਸਿੰਘ ਸਰਨੇ ਦੇ ਬੋਰੀਆ ਬਿਸਤਰਾ ਗੋਲ ਕਰਨ ਦੀ ਕੀਤੀ ਗਈ ਵਿਉਤਬੰਦੀ ਤਹਿਤ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਕਾਲੀ ਆਗੂ ਸ੍ਰ ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਕੁਝ ਦਿਨ ਪਹਿਲਾਂ ਇੱਕ ਪੰਜ ਮੈਂਬਰੀ ਵਫਦ ਪਾਕਿਸਤਾਨ ਭੇਜਿਆ, ਜਿਹੜਾ ਅਕਾਲੀ ਦਲ ਬਾਦਲ ਦਲ ਦੇ ਸਮੱਰਥਕ ਮਸਤਾਨ ਸਿੰਘ (ਸਾਬਕਾ ਪ੍ਰਧਾਨ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ) ਨੂੰ ਪਰਧਾਨ ਬਨਣ ਲਈ ਤਿਆਰ ਕਰੇ, ਪਾਕਿ ਜਾਣ ਦਾ ਬਹਾਨਾ ਸਿਰਫ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਾਉਣ ਦਾ ਹੀ ਬਣਾਇਆ ਗਿਆ, ਪਰ ਇਸ ਵਫਦ ਨੂੰ ਬੇਰੰਗ ਵਾਪਸ ਪਰਤਨਾ ਪਿਆ। ਇਸ ਵਫਦ ਨਾਲ ਕਿਸੇ ਵੀ ਸੀਨੀਅਰ ਅਧਿਕਾਰੀ ਤੇ ਸਿਆਸੀ ਆਗੂ ਨੇ ਮੀਟਿੰਗ ਨਾ ਕੀਤੀ। ਇਹ ਵਫਦ ਪਾਕਿਸਤਾਨ ਓਕਾਬ ਬੋਰਡ ਦੇ ਡਿਪਟੀ ਸੈਕਟਰੀ ਜਨਾਬ ਫਰਾਜ਼ ਦੇ ਯਤਨਾਂ ਸਦਕਾ ਸਿਰਫ ਤਿੰਨ ਅਧਿਕਾਰੀਆ ਨਾਲ ਹੀ ਮੁਲਾਕਾਤ ਕਰ ਸਕਿਆ।

ਇਸ ਵਫਦ ਦੀ ਨਾਕਮੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਵਾਲਾ ਪੱਤਾ ਖੇਡਿਆ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਇੱਕ ਹੋਰ ਪੰਜ ਮੈਂਬਰੀ ਵਫਦ ਇਸ ਉਮੀਦ ਨਾਲ ਪਾਕਿਸਤਾਨ ਭੇਜਿਆ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਭ ਤੋ ਮੁਕੱਦਸ ਸੰਸਥਾ ਹੈ ਤੇ ਇਸ ਦੇ ਵਫਦ ਨਾਲ ਤਾਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਜਨਾਬ ਪ੍ਰਵੇਜ਼ ਇਲਾਹੀ ਖੁਦ ਗੱਲਬਾਤ ਕਰਨ ਲਈ ਪੁੱਜਣਗੇ, ਪਰ ਸੁਖਬੀਰ ਦਾ ਇਹ ਪੱਤਾ ਵੀ ਬਦਰੰਗ ਹੀ ਨਿਕਲਿਆ ਤੇ ਪਹਿਲੇ ਵਫਦ ਦੀ ਤਰ੍ਹਾਂ ਇਸ ਨੂੰ ਖਾਲੀ ਹੱਥ ਹੀ ਪਰਤਨਾ ਪਿਆ।

ਹੁਣ ਸੁਖਬੀਰ ਸਿੰਘ ਬਾਦਲ ਦੀਆ ਜਦੋਂ ਬਣਾਈਆਂ ਗਈਆਂ ਸਾਰੀਆਂ ਸਕੀਮਾਂ ਫੇਲ ਹੋ ਗਈਆਂ, ਤਾਂ ਸ੍ਰ. ਪਰਮਜੀਤ ਸਿੰਘ ਸਰਨਾ ਵੀ 16 ਜੂਨ ਨੂੰ ਪੰਚਮ ਪਾਤਸ਼ਾਹ ਸ੍ਰੀ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਕਿਸਤਾਨ 13 ਜੂਨ ਨੂੰ ਪਹੁੰਚ ਗਏ, ਤਾਂ ਸੁਖਬੀਰ ਬਾਦਲ ਦੇ ਕੰਨ ਪੂਰੀ ਤਰ੍ਹਾਂ ਖੜ੍ਹੇ ਹੋ ਗਏ। ਸਰਨਾ ਨੇ ਪਕਿਸਾਤਨ ਜਾ ਕੇ ਜਿਥੇ ਸ੍ਰੀ ਅਕਾਲ ਤਖਤ ਦੇ ਜਥੇਦਾਰ, ਦੋਵਾਂ ਬਾਦਲਾਂ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਦਿੱਲੀ ਕਮੇਟੀ ਵਾਲੇ ਹਿੱਤ ਦੇ ਜੱਥੇ ਨੂੰ ਪਾਣੀ ਪੀ ਪੀ ਕੋਸਿਆ, ਉਥੇ ਉਹ ਗੁਰੂਦੁਆਰਾ ਡੇਰਾ ਸਾਹਿਬ ਦੀ ਕਾਰ ਸੇਵਾ ਦਾ ਵੀ ਆਪਣੇ ਹੱਕ ਵਿੱਚ ਐਲਾਨ ਕਰਾਉਣ ਵਿੱਚ ਕਾਮਯਾਬ ਹੋ ਗਏ। ਬਕਾਇਦਾ ਤੌਰ 'ਤੇ ਓਕਾਬ ਬੋਰਡ ਦੇ ਸੈਕਟਰੀ ਜਨਾਬ ਖਾਲਿਦ ਅਲੀ ਨੇ ਸਟੇਜ ਤੋਂ ਐਲਾਨ ਕੀਤਾ ਕਿ ਪਰਮਜੀਤ ਸਿੰਘ ਸਰਨਾ ਦੀ ਪਿਛਲੀ ਸੰਤੁਸ਼ਟੀਜਨਕ ਕਾਰਜਸ਼ੈਲੀ ਨੂੰ ਦੇਖਦੇ ਹੋਏ, ਓਕਾਬ ਬੋਰਡ ਨੇ ਉਹਨਾਂ ਨੂੰ ਗੁਰੂਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਕਾਰ ਸੇਵਾ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦਾ ਸੁਆਗਤ ਸੰਗਤਾਂ ਨੇ ਜੈਕਾਰਿਆ ਦੀ ਗੂੰਜ ਵਿੱਚ ਕੀਤਾ। ਸ੍ਰ. ਸਰਨਾ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਅਤੇ ਸੰਗਤਾਂ ਤੇ ਓਕਾਬ ਬੋਰਡ ਦਾ ਧੰਨਵਾਦ ਵੀ ਕੀਤਾ।

ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਇੱਕ ਹੋਰ ਝਟਕਾ ਦਿੰਦਿਆਂ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸੰਭਾਵੀ ਪ੍ਰਧਾਨ ਸ੍ਰ. ਬਿਸ਼ਨ ਸਿੰਘ ਨੇ ਤਾਂ ਇਥੋ ਤੱਕ ਕਹਿ ਦਿੱਤਾ ਕਿ ਪਾਕਿਸਤਾਨ ਦੇ ਸਿੱਖਾਂ ਨੂੰ ਅਕਾਲ ਤਖਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੀ ਕਿਸੇ ਵੀ ਹਮਦਰਦੀ ਲੋੜ ਨਹੀਂ ਹੈ ਉਹ ਆਪਣੇ ਫੈਸਲੇ ਆਪ ਕਰਨ ਦੇ ਪੂਰੀ ਤਰ੍ਹਾਂ ਸਮੱਰਥ ਹਨ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਵਿੱਚ ਉਹਨਾਂ ਦਾ ਅਟੁੱਟ ਵਿਸ਼ਵਾਸ਼ ਹੈ, ਪਰ ਉਹ ਕਿਸੇ ਵੀ ਗੁਲਾਮ ਮਾਨਸਿਕਤਾ ਵਾਲੇ ਜਥੇਦਾਰ ਦੀ ਤਾਬਿਆਦਾਰੀ ਨਹੀਂ ਕਰਨਗੇ। ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖਾਂ ਨੇ ਗੁਰੂ ਸਾਹਿਬ ਦੇ ਦਿਹਾੜੇ ਕਦੋਂ ਤੇ ਕਿਵੇ ਮਨਾਉਣੇ ਹਨ, ਇਸ ਦਾ ਫੈਸਲਾ ਪਾਕਿਸਤਾਨ ਦੇ ਸਿੱਖ ਖੁਦ ਕਰ ਲੈਣਗੇ ਅਤੇ ਕਿਸੇ ਵੀ ਬਾਹਰੀ ਸ਼ਕਤੀ ਦੀ ਦਖਲਅੰਦਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੱਕੜ, ਹਿੱਤ ਤੇ ਬਾਦਲ ਨੂੰ ਪਹਿਲਾਂ ਸੰਗਤਾਂ ਨੂੰ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵਾਪਰੇ ਖੂਨੀ ਸਾਕੇ ਦੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਅਮਨ ਵਾਲੀ ਜਿੰਦਗੀ ਬਤੀਤ ਕਰ ਰਹੇ ਹਨ।

ਕੁਲ ਮਿਲਾ ਕੇ ਲੇਖਾ ਜੋਖਾ ਕੀਤਾ ਜਾਵੇ ਤਾਂ ਇਹੀ ਤੱਥ ਸਾਹਮਣੇ ਆਉਦੇ ਹਨ ਕਿ ਸ੍ਰ ਸੁਖਬੀਰ ਸਿੰਘ ਬਾਦਲ ਦੀ ਪਾਕਿਸਤਾਨ ਕਮੇਟੀ 'ਤੇ ਕਬਜ਼ਾ ਕਰਨ ਦੀ ਬਣਾਈ ਗਈ ਯੋਜਨਾ ਪੂਰੀ ਤਰ੍ਹਾਂ ਫੇਲ ਹੋ ਗਈ ਹੈ ਅਤੇ ਹੁਣ ਉਹਨਾਂ ਨੂੰ ਕੋਈ ਤਰਤੀਬ ਬਣਾ ਕੇ ਫਿਰ ਹਮਲਾਵਰ ਹੋਣ ਲਈ ਕੁਝ ਸਮਾਂ ਉਡੀਕ ਕਰਨੀ ਪਵੇਗੀ, ਪਰ ਪਾਕਿਸਤਾਨ ਦੇ ਸਿੱਖਾਂ ਵੱਲੋਂ ਅਪਨਾਈ ਗਈ ਨੀਤੀ ਤੋਂ ਇਹ ਸਪੱਸ਼ਟ ਨਜਰ ਆ ਰਿਹਾ ਹੈ, ਕਿ ਉਹ ਬਾਦਲ ਦਲ ਦੀ ਈਨ ਨਹੀਂ ਮੰਨਣਗੇ ਅਤੇ ਪਾਕਿਸਤਾਨ ਦੇ ਸਿੱਖਾਂ ਵਿੱਚ ਵੰਡੀਆਂ ਪਾਉਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੋਣਗੇ, ਸਗੋਂ ਪੂਰੀ ਤਰ੍ਹਾਂ ਏਕਤਾ ਕਰਕੇ ਆਜ਼ਾਦ ਫਿਜ਼ਾ ਵਿੱਚ ਹੀ ਰਹਿਣਾ ਵਧੇਰੇ ਪਸੰਦ ਕਰਨਗੇ।

ਇਸੇ ਤਰ੍ਹਾਂ ਪਾਕਿਸਤਾਨ ਓਕਾਬ ਬੋਰਡ ਨੇ ਸੈਕਟਰੀ ਖਾਲਿਦ ਅਲੀ ਨੇ ਵੀ ਆਪਣੇ ਭਾਸ਼ਨ ਵਿੱਚ ਕਿਹਾ ਕਿ ਅਗਲੇ ਕੁਝ ਦਿਨਾਂ ਦੇ ਅੰਦਰ ਅੰਦਰ ਪਾਕਿ ਕਮੇਟੀ ਦੇ ਗਠਨ ਕਰ ਦਿੱਤਾ ਜਾਵੇਗਾ, ਜਿਸ ਦੀ ਪੁਸ਼ਟੀ ਬਿਸ਼ਨ ਸਿੰਘ ਨੇ ਕਰਦਿਆਂ ਕਿਹਾ ਕਿ ਚੇਅਰਮੈਨ ਬਾਹਰ ਗਏ ਹੋਏ ਹਨ ਅਤੇ ਉਹਨਾਂ ਦੇ ਆਉਣ ਉਪਰੰਤ ਤੁਰੰਤ ਕਮੇਟੀ ਦੀ ਗਠਨ ਹੋ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top