Share on Facebook

Main News Page

ਸਰਬੱਤ ਖਾਲਸਾ ਜਾਂ ਵਰਲਡ ਸਿੱਖ ਕਨਵੈਨਸ਼ਨ
-: ਗਜਿੰਦਰ ਸਿੰਘ, ਦਲ ਖਾਲਸਾ

ਜੱਥੇਦਾਰ ਸਾਹਬ ਦਾ ਇਕ ਬਿਆਨ ਪੜ੍ਹਨ ਨੂੰ ਮਿਲਿਆ ਹੈ ਕਿ “ਸਰਬੱਤ ਖਾਲਸਾ” ਬੁਲਾਉਣ ਦਾ ਅਧੀਕਾਰ ਸਿਰਫ ਤੇ ਸਿਰਫ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਹੀ ਹੈ। ਉਹਨਾਂ ਦੇ ਮੁਤਾਬਿਕ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ “ਸਰਬੱਤ ਖਾਲਸਾ” ਬੁਲਾਉਣ ਦਾ ਅਧੀਕਾਰ ਨਹੀਂ ਹੈ।

ਜੱਥੇਦਾਰ ਸਾਹਿਬ ਪਹਿਲਾਂ ਹੀ ਆਪਣੇ ਇੱਕਤਰਫਾ ਬਿਆਨਾਂ ਤੇ ਫੈਸਲਿਆਂ ਕਰ ਕੇ ਆਪਣਾ ਵਕਾਰ ਗਵਾ ਚੁੱਕੇ ਹੋਏ ਹਨ, ਇਹ ਬਿਆਨ ਨਾ ਦਿੰਦੇ ਤਾਂ ਚੰਗਾ ਸੀ। ਪਰ ਜਿੱਥੇ ਇਕ ਵਿਅਕਤੀ, ਪਰਿਵਾਰ, ਤੇ ਧੜ੍ਹੇ ਨਾਲ ਵਫਾਦਾਰੀ ਪਾਲਣੀ ਮਜਬੂਰੀ ਵਾਂਗ ਹੋਵੇ, ਓਥੇ ਹੋਰ ਕੀ ਆਸ ਰੱਖੀ ਜਾ ਸਕਦੀ ਹੈ।

ਪਹਿਲੀ ਗੱਲ, ਪੰਥ ਦਾ ਕੋਈ ਐਸਾ ਲਿਖਤੀ ਫੈਸਲਾ ਜਾਂ ਰਵਾਇਤ ਮੌਜੂਦ ਨਹੀਂ ਹੈ, ਜਿਸ ਦੇ ਮੁਤਾਬਿਕ “ਸਰਬੱਤ ਖਾਲਸਾ” ਬੁਲਾਉਣ ਦਾ ਅਧੀਕਾਰ ਸ਼ਰੋਮਣੀ ਕਮੇਟੀ ਲਈ ਰਾਖਵਾਂ ਰੱਖ ਦਿੱਤਾ ਗਿਆ ਹੋਵੇ।

ਦੂਜੀ ਗੱਲ, “ਸਰਬੱਤ ਖਾਲਸਾ” ਦੀ ਰਵਾਇਤ ਪੁਰਤਨ ਸਿੱਖ ਇੱਤਹਾਸ ਦਾ ਇੱਕ ਮਾਣਯੋਗ ਹਿੱਸਾ ਹੈ, ਜਿਸ ਨੇ ਅਤਿ ਭੀੜ੍ਹ ਦੇ ਸਮਿਆਂ ਵਿੱਚ ਕੌਮ ਨੂੰ ਸਹੀ ਅਗਵਾਈ ਦੇਣ ਦਾ ਕੰਮ ਕੀਤਾ ਹੈ। ਓਦੋਂ ਸ਼ਰੋਮਣੀ ਕਮੇਟੀ ਕਿਤੇ ਮੌਜੂਦ ਨਹੀਂ ਸੀ ਹੁੰਦੀ। ਇਸ ਰਵਾਇਤ ਨੂੰ ੧੯੮੪ ਦੇ ਘੱਲੂਘਾਰੇ ਤੋਂ ਬਾਦ ਖਾਲਿਸਤਾਨ ਲਹਿਰ ਨੇ ਮੁੜ੍ਹ ਜਿੰਦਾ ਕਰਨ ਦੀ ਇਕ ਪ੍ਰਭਾਵਸ਼ਾਲੀ ਕੋਸ਼ਿਸ਼ ਕੀਤੀ ਸੀ, ਜਦੋਂ ਸ਼ਰੋਮਣੀ ਕਮੇਟੀ ਦੀ ਲੀਡਰਸ਼ਿੱਪ ਕੌਮੀ ਜਜ਼ਬਾਤਾਂ ਤੇ ਉਮੰਗਾਂ ਦੀ ਸਹੀ ਤਰਜਮਾਨੀ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਹੋ ਗਈ ਹੋਈ ਸੀ।

ਪਿੱਛਲੇ ਲੰਮੇ ਸਮੇਂ ਤੋਂ ਸ਼ਰੋਮਣੀ ਕਮੇਟੀ ਬਾਦਲ ਪਰਿਵਾਰ, ਤੇ ਧੜ੍ਹੇ ਦੀ ਝੋਲੀ ਵਿੱਚ ਹੈ, ਤੇ ਇਸ ਪਰਿਵਾਰ ਦੇ ਹਿੱਤਾਂ ਦੀ ਪੂਰਤੀ ਲਈ ਬੀ ਜੇ ਪੀ ਤੇ ਆਰ.ਐਸ.ਐਸ ਦੀ ਅਗਵਾਈ ਵਿੱਚ ਕੰਮ ਕਰ ਰਹੀ ਹੈ। ਸਿੱਖ ਹਿੱਤਾਂ, ਜਜ਼ਬਾਤਾਂ ਤੇ ਉਮੰਗਾਂ ਦੀ ਤਰਜਮਾਨੀ ਤੇ ਰਾਖੀ ਕਰਨਾ ਹੁਣ ਇਸ ਕਮੇਟੀ ਦੇ ਕਿਸੇ ਕਾਰ ਵਿਹਾਰ ਚੋਂ ਦਿਖਾਈ ਨਹੀਂ ਦਿੰਦਾ। ਸ. ਗੁਰਚਰਨ ਸਿੰਘ ਟੋਹੜ੍ਹਾ ਦੀ ਲੀਡਰਸ਼ਿੱਪ ਤੱਕ ਇਸ ਕਮੇਟੀ ਵਿੱਚ ਕੁੱਝ ਨਾ ਕੁੱਝ ਜਾਨ ਦਿਖਾਈ ਦਿੰਦੀ ਹੁੰਦੀ ਸੀ, ਉਸ ਤੋਂ ਬਾਦ ਤਾਂ ਇਹ ਸਿੱਖ ਹਿੱਤਾਂ ਦੇ ਐਂਗਲ ਤੋਂ ਇਕ “ਮੁਰਦਾ ਸੰਸਥਾ” ਵਾਂਗ ਵਿਚਰ ਰਹੀ ਹੈ।

ਰਹਿੰਦੀ ਖੂੰਹਦੀ ਕਸਰ ਇਸ ਸੰਸਥਾ ਨੇ “ਸੰਤ ਸਮਾਜ” ਦੀ ਧਾਰਮਿਕ ਮਰਿਯਾਦਾ ਦੀ ਸੁਪਰਮੇਸੀ ਕਬੂਲ ਕਰ ਕੇ ਪੂਰੀ ਕਰ ਦਿੱਤੀ ਹੈ। ਜਦੋਂ ਮੈਂ “ਸੰਤ ਸਮਾਜ” ਦੀ ਗੱਲ ਕਰਨ ਲੱਗਾ ਹਾਂ, ਤਾਂ ਮੈਂ ਇਹ ਸਪਸ਼ਟ ਕਰ ਦਿਆਂ ਕਿ ਸੰਤ ਜਰਨੈਲ ਸਿੰਘ ਵਰਗੇ ਯੋਧੇ ਪੁਰਸ਼ਾਂ ਨੂੰ ਮੈਂ ਇਸ ਵਿੱਚ ਸ਼ਾਮਿਲ ਨਹੀਂ ਸਮਝਦਾ। ਅੱਜ ਤੱਕ ਜੋ ਕੁੱਝ ਪੜਿਆ ਹੈ, ਜਾਂ ਸਿਰਦਾਰ ਕਪੂਰ ਸਿੰਘ ਵਰਗੇ ਵਿਦਵਾਨਾਂ ਦੀ ਸੰਗਤ ਵਿੱਚ ਸੁਣਿਆਂ ਸਮਝਿਆ ਹੈ, ਸਿੱਖੀ ਵਿੱਚ “ਸੰਤ ਸਿਪਾਹੀ” ਦਾ ਸਿਧਾਂਤ ਤਾਂ ਖਾਲਸੇ ਦੀ ਬੁਨਿਆਦ ਵਾਂਗ ਮੌਜੂਦ ਮਿਲਦਾ ਹੈ, ਪਰ “ਸੰਤ ਸਮਾਜ” ਦਾ ਸ਼ਬਦ ਤੇ ਸੋਚ ਬਿਲਕੁੱਲ ਹੀ ਬਾਹਰ ਦੀ ਘੁੱਸਪੈਠ ਵਾਂਗ ਮਹਿਸੂਸ ਹੁੰਦੀ ਹੈ। ਇਹ ਲਫਜ਼, ਇਹ ਸੋਚ ਸਨਾਤਨੀ ਹਿੰਦੂ ਧਰਮ ਵਿੱਚੋਂ ਘੁੱਸਪੈਠ ਕਰ ਰਿਹਾ ਹੈ, ਜਿਸ ਦਾ “ਸੰਤ ਸਿਪਾਹੀਆਂ” ਨੂੰ ਰਾਹ ਡੱਕਣਾ ਬਣਦਾ ਹੈ। ਸ਼ਰੋਮਣੀ ਕਮੇਟੀ, ਜੇ ਆਪਣੇ ਆਪ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸਮਝਦੀ ਹੈ, ਤਾਂ “ਸੰਤ ਸਮਾਜ” ਦੇ ਰੂਪ ਵਿੱਚ ਸਨਾਤਨੀ ਹਿੰਦੂ ਧਰਮ ਦੀ ਘੁੱਸਪੈਠ ਨੂੰ ਰੋਕਣ ਦਾ ਪਹਿਲਾ ਫਰਜ਼ ਵੀ ਇਸ ਦਾ ਹੀ ਬਣਦਾ ਸੀ। ਅੱਜ ਸਾਡੀਆਂ ਇਹ ਸੰਸਥਾਵਾਂ ਸ਼ਹੀਦਾਂ ਦੇ “ਬੁੱਤਾਂ” ਨੂੰ ਪੂਜਣ ਦੇ ਰਾਹ ਪਈਆਂ ਹੋਈਆਂ ਹਨ, ਵਿਚਾਰਾਂ ਨਾਲ ਤੇ ਸੰਘਰਸ਼ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ ਰਹਿ ਗਿਆ ਲੱਗਦਾ। ਸੰਤ ਜਰਨੈਲ ਸਿੰਘ, ਤੇ ੮੪ ਦੇ ਹੋਰ ਸ਼ਹੀਦਾਂ ਦੀ ਯਾਦਗਾਰ ਬਣ ਸਕਦੀ ਹੈ, ਉਹਨਾਂ ਦੇ ਨਾਮ ਤੇ ਵੱਡੇ ਵੱਡੇ ਸਮਾਗਮ ਹੋ ਸਕਦੇ ਹਨ, ਪਰ ਉਹਨਾਂ ਦੇ ਸੰਘਰਸ਼ ਨੂੰ ਅੱਗੇ ਲੈ ਕੇ ਤੁਰਨ ਦੀ ਕੋਈ ਲੋੜ੍ਹ ਇਹਨਾਂ ਨੂੰ ਮਹਿਸੂਸ ਨਹੀਂ ਹੁੰਦੀ। ਸ਼ਹੀਦਾਂ ਦੀਆਂ ਯਾਦਗਾਰਾਂ ਬਣਨੀਆਂ ਚਾਹੀਦੀਆਂ ਹਨ, ਜ਼ਰੂਰ ਬਣਨੀਆਂ ਚਾਹੀਦੀਆਂ ਹਨ, ਪਰ ਵਿਚਾਰਾਂ ਤੇ ਸੰਘਰਸ਼ ਦਾ ਪੱਲਾ ਛੱਡ ਕੇ ਸ਼ਹੀਦਾਂ ਦੀ ਗੱਲ ਕਰਨੀ ਬੁੱਤ ਪੂਜਣ ਵਾਲੀ ਗੱਲ ਹੀ ਤਾਂ ਬਣ ਕੇ ਰਹਿ ਜਾਂਦੀ ਹੈ।

ਨਾਨਕਸ਼ਾਹੀ ਕੈਲੰਡਰ ਦਾ ਬਿਕਰਮੀਕਰਣ ਕਰਨਾ ਵੀ ਸ਼ਰੋਮਣੀ ਕਮੇਟੀ ਦੇ ਉਸੇ ਦਿਸ਼ਾ ਵੱਲ ਵੱਧਣ ਦਾ ਯਤਨ ਹੈ, ਜੋ ਦਿਸ਼ਾ ਆਰ.ਐਸ.ਐਸ ਨੇ ਸੰਤ ਸਮਾਜ ਰਾਹੀਂ ਇਹਨਾਂ ਨੂੰ ਦਿਖਾਈ ਹੈ, ਤੇ ਇਹ ਪੱਕੇ ਪੈਰੋਕਾਰਾਂ ਵਾਂਗ ਉਹਨਾਂ ਦੇ ਪਿੱਛੇ ਤੁਰੇ ਜਾ ਰਹੇ ਨੇ। ਨਾਨਕਸ਼ਾਹੀ ਕੈਲੰਡਰ ਦੇ ਦੋ ਵੱਖ ਵੱਖ ਰੂਪਾਂ ਦਾ ਮਸਲਾ ਦਿਨ੍ਹਾਂ ਦੇ ਅੱਗੇ ਪਿੱਛੇ ਹੋਣ ਨਾਲੋਂ ਸਿਧਾਂਤ ਤੇ ਪਹਿਰਾ ਦੇਣ ਤੇ ਸਿਧਾਂਤ ਤੋਂ ਥਿੜ੍ਹਕਣ ਦਾ ਮਸਲਾ ਜ਼ਿਆਦਾ ਹੈ। ਸਿੱਖੀ ਦੀ ਵਿਲੱਖਣਤਾ ਨੂੰ ਪਕਿਆਂ ਕਰਨ ਤੇ ਕਮਜ਼ੋਰ ਕਰਨ ਦਾ ਮਸਲਾ ਜ਼ਿਆਦਾ ਹੈ। ਗੁਰੂ ਨਾਨਕ ਪਾਤਸ਼ਾਹ ਤੇ ਮਾਣ ਕਰਨ ਜਾਂ “ਲਵ ਕੁਸ਼” ਦੀ ਔਲਾਦ ਹੋਣ ਤੇ ਮਾਣ ਕਰਨ ਦਾ ਮਸਲਾ ਜ਼ਿਆਦਾ ਹੈ।

ਅਕਾਲੀ ਦਲ, ਸ਼ਰੋਮਣੀ ਕਮੇਟੀ, ਤੇ ਜਾਂ “ਸੰਤ ਸਮਾਜ” ਵਿੱਚ ਸੱਭ ਹੀ ਹਿੰਦੂਤੱਵੀ ਸੋਚ ਦੇ ਪੈਰੋਕਾਰ ਨਹੀਂ ਹੋ ਗਏ, ਅੱਜ ਵੀ ਇਹਨਾਂ ਵਿੱਚ ਵੱਡੀ ਗਿਣਤੀ ਦਸਮ ਪਾਤਸ਼ਾਹ ਦੇ ਪੰਥ ਪ੍ਰਤੀ ਸਮ੍ਰਪਿਤ ਸੋਚ ਵਾਲਿਆਂ ਦੀ ਹੈ, ਪਰ ਕਿਤੇ ਭਟਕੀ ਸੋਚ ਕਰ ਕੇ ਤੇ ਕਿਤੇ ਧੜ੍ਹੇਬੰਦੀ ਕਰ ਕੇ ਇਹ ਲੋਕ ਵੀ ਆਪਣੇ ਅੱਗੇ ਲਗਿਆਂ ਦੇ ਪਿੱਛੇ ਤੁਰੀ ਚਲੇ ਜਾਂਦੇ ਨੇ। ਅਜਿਹੇ ਸੁੱਚੇ ਲੋਕਾਂ ਲਈ ਇਹ ਵੇਲਾ ਇਕ ਪੱਲ ਰੁੱਕ ਕੇ ਸੋਚਣ ਵਿਚਾਰਨ ਤੇ ਫਿਰ ਸਹੀ ਤੇ ਗਲਤ ਦਾ ਫੈਸਲਾ ਕਰਨ ਦਾ ਹੈ।

ਜਦੋਂ ਮੈਂ ਆਰ.ਐਸ.ਐਸ., ਤੇ ਹਿੰਦੂਤੱਵੀ ਘੁੱਸਪੈਠ ਦੀ ਗੱਲ ਕਰਦਾ ਹਾਂ, ਤਾਂ ਕਿਤੇ ਵੀ ਇਹ ਮਤਲਬ ਨਹੀਂ ਲਿਆ ਜਾਣਾ ਚਾਹੀਦਾ ਕਿ ਮੈਂ ਸਮੁੱਚੇ ਹਿੰਦੂ ਜਗਤ ਪ੍ਰਤੀ ਵਿਰੋਧ ਜਾਂ ਨਫਰਤ ਦੀ ਸੋਚ ਰੱਖਦਾ ਹਾਂ। ਮੈਂ ਕੇਵਲ ਤੇ ਕੇਵਲ ਹਿੰਦੂਆਂ ਦੇ ਉਸ ਵਰਗ ਦੇ ਦਬਾਓ ਤੇ ਪ੍ਰਭਾਵ ਤੋਂ ਸਿੱਖ ਕੌਮ ਨੂੰ ਮੁਕੱਤ ਰੱਖਣ ਦੀ ਗੱਲ ਕਰਦਾ ਹਾਂ, ਜੋ ਸਾਡੀ ਵਿਲੱਖਣ ਹੋਂਦ ਨੂੰ ਸਵੀਕਾਰਨੋ ਇਨਕਾਰੀ ਨੇ, ਸਾਨੂੰ ਹਿੰਦੂਆਂ ਦਾ ਹੀ ਇਕ ਅੰਗ ਸਾਬਿਤ ਕਰਨ ਲਈ ਹਮੇਸ਼ਾਂ ਬਜ਼ਿੱਦ ਰਹਿੰਦੇ ਨੇ।

ਜੂਨ ੮੪ ਤੋਂ ਪਹਿਲਾਂ ਤੱਕ ਸਿੱਖ ਸਿਆਸਤ ਤੇ ਸੰਘਰਸ਼ ਦਾ ਕੇਵਲ ਇਕ ਹੀ ਕੇਂਦਰ ਸੀ, ਜਿੱਥੇ ਪੰਥ ਤੇ ਕੌਮ ਦੇ ਹਿੱਤਾਂ ਤੇ ਉਮੰਗਾਂ ਬਾਰੇ ਫੈਸਲੇ ਲਏ ਜਾਂਦੇ ਸਨ। ਪਰ ਹੁਣ ਇੰਝ ਨਹੀਂ ਹੈ। ਜੂਨ ੮੪ ਤੋਂ ਬਾਦ ਖਾਲਿਸਤਾਨ ਲਈ ਸੰਘਰਸ਼ ਕਰਨ ਵਾਲੀਆਂ ਜੱਥੇਬੰਦੀਆਂ, ਜਿਹਨਾਂ ਦੀ ਹੈਸੀਅਤ ਹਿੰਦੁਸਤਾਨ ਵਿੱਚ ਪਾਬੰਦੀ ਸ਼ੁਦਾ ਹੈ, ਦੇ ਟਿਕਾਣੇ ਵਿਦੇਸ਼ਾਂ ਵਿੱਚ ਹਨ। ਇਸ ਜਲਾਵਤਨ ਧਿਰ ਦੇ ਆਗੂ, ਜਿਹਨਾਂ ਨੂੰ ਅੱਜ ਵੀ ਸਿੱਖ ਕੌਮ ਦੀ ਇਕ ਭਾਰੀ ਗਿਣਤੀ ਦੀ ਹਮਾਇਤ ਹਾਸਿਲ ਹੈ, ਭਾਰਤ ਦੇ ਕਬਜ਼ੇ ਹੇਠਲੇ ਕਿਸੇ ਇਲਾਕੇ ਵਿੱਚ ਹੋਣ ਵਾਲੇ ਇਕੱਠਾਂ ਵਿੱਚ ਸ਼ਾਮਿਲ ਨਹੀਂ ਹੋ ਸਕਦੇ। ਐਸੀ ਸੂਰਤ ਵਿੱਚ, ਨਾਨਕਸ਼ਾਹੀ ਕੈਲੰਡਰ ਹੋਵੇ ਜਾਂ ਕੋਈ ਹੋਰ ਕੌਮੀ ਮਸਲਾ, ਉਹ ਕੇਵਲ ਅਮ੍ਰਤਿਸਰ ਵਿੱਚ ਬੈਠੀਆਂ ਭਾਰਤੀ ਵਿਧਾਨ ਵਿੱਚ ਵਿਸ਼ਵਾਸ਼ ਰੱਖਣ ਵਾਲੀਆਂ ਧਿਰਾਂ ਦੇ ਆਗੂ ਹੱਲ ਨਹੀਂ ਕਰ ਸਕਦੇ। ਅਤੇ ਜੇ ਉਹ ਇੱਕਤਰਫਾ ਫੈਸਲਾ ਕਰਨ ਗੇ ਤਾਂ ਉਹ ਕਦੇ ਵੀ ਸਾਰੇ ਪੰਥ ਵਿੱਚ ਪ੍ਰਵਾਨਤ ਤੇ ਲਾਗੂ ਨਹੀਂ ਹੋ ਸਕੇਗਾ। ਜੱਥੇਦਾਰ ਸਾਹਿਬ ਦਾ ਕਿਰਦਾਰ ਤਾਂ ਇਹ ਹੋਣਾ ਚਾਹੀਦਾ ਸੀ ਕਿ ਉਹ ਸਾਰੀਆਂ ਧਿਰਾਂ ਨੂੰ ਇਕੋ ਜਿਹਾ ਸਤਿਕਾਰ ਦਿੰਦੇ ਹੋਇਆਂ ਸੱਭ ਨੂੰ ਜੋੜ੍ਹ ਕੇ ਰੱਖਦੇ, ਪਰ ਉਹਨਾਂ ਦਾ ਕਿਰਦਾਰ ਤਾਂ ਹਮੇਸ਼ਾਂ ਇਕ ਧੜ੍ਹੇ ਪ੍ਰਤੀ ਵਫਾਦਾਰੀ ਨਿਭਾਉਣ ਵਾਲਾ ਰਿਹਾ ਹੈ। ਐਸੀ ਸੂਰਤ ਵਿੱਚ ਉਹਨਾਂ ਕੋਲ ਕੀ ਹੱਕ ਰਹਿ ਜਾਂਦਾ ਹੈ ਕਿ ਉਹ ਆਪਣੀ ਹੈਸੀਅਤ ਨੂੰ ਫੈਸਲਾਕੁੰਨ ਸਮਝਣ ਤੇ ਸੱਭ ਤੋਂ ਇਹ ਉਮੀਦ ਕਰਨ ਕਿ ਉਹ ਉਹਨਾਂ ਦੀ ਕਹੀ ਹਰ ਗੱਲ ਤੇ ਫੁੱਲ ਚੜਾਉਣਗੇ।

ਇਕੱਠ ਦਾ ਨਾਮ “ਸਰਬੱਤ ਖਾਲਸਾ” ਹੋਵੇ ਜਾਂ “ਵਰਲਡ ਸਿੱਖ ਕਨਵੈਨਸ਼ਨ” ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਅਜਿਹਾ ਇਕੱਠ ਜਿਸ ਵਿੱਚ ਪੰਥ ਦੀਆਂ ਦੋਵੇਂ ਵੱਡੀਆਂ ਧਿਰਾਂ, ਮੇਰਾ ਭਾਵ ਖਾਲਸਿਤਾਨੀ ਧਿਰ ਤੇ ਭਾਰਤ ਦੇ ਕਬਜ਼ੇ ਹੇਠਲੇ ਪੰਜਾਬ, ਤੇ ਪੰਜਾਬੋਂ ਬਾਹਰ ਰਹਿੰਦੀ ਭਾਰਤੀ ਵਿਧਾਨ ਦੀ ਹਾਮੀ ਧਿਰ ਤੋਂ ਹੈ, ਸ਼ਾਮਿਲ ਹੋ ਸਕਣ, ਹੋਣਾ ਜ਼ਰੂਰ ਚਾਹੀਦਾ ਹੈ। ਇਹ ਇਕੱਠ ਅਗਰ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਤੇ ਯੂਰਪ, ਅਮਰੀਕਾ, ਤੇ ਦੁਨੀਆਂ ਦੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਬੈਠੇ ਸਿੱਖ ਆਗੂ ਰੱਲ ਕੇ ਸਦਦੇ ਹਨ, ਤਾਂ ਅਕਾਲੀ ਦੱਲ ਦੇ ਸਾਰੇ ਧੜ੍ਹਿਆਂ ਨੂੰ, ਬਾਦਲ, ਤੇ ਸਰਨਾ ਧੜ੍ਹੇ ਸਮੇਤ, ਤੇ ਸ਼ਰੋਮਣੀ ਕਮੇਟੀ ਨੂੰ ਇਸ ਵਿੱਚ ਆਪਣੇ ਨੁਮਾਇੰਦਿਆ ਰਾਹੀਂ ਭਾਗ ਲੈਣਾ ਚਾਹੀਦਾ ਹੈ। ਇਹ ਅੱਜ ਦੀ ਸਿਆਸੀ ਸੱਚਾਈ ਹੈ ਕਿ ਜਲਾਵਤਨ ਧਿਰ ਦੇ ਆਗੂ ਅਮ੍ਰਤਿਸਰ ਸਾਹਿਬ ਦੇ ਕਿਸੇ ਇਕੱਠ ਵਿੱਚ ਸ਼ਾਮਿਲ ਹੋਣ ਨਹੀਂ ਜਾ ਸਕਦੇ, ਪਰ ਅਕਾਲੀ ਦੱਲ ਤੇ ਸ਼ਰੋਮਣੀ ਕਮੇਟੀ ਦੇ ਆਗੂ ਨਨਕਾਣਾ ਸਾਹਿਬ ਜਾ ਸਕਦੇ ਹਨ, ਤੇ ਪਹਿਲਾਂ ਵੀ ਜਾਂਦੇ ਰਹਿੰਦੇ ਹਨ। ਜੱਥੇਦਾਰ ਸਾਹਿਬ ਨੂੰ ਐਸੇ ਕਿਸੇ ਸੰਭਾਵਿਤ ਇਕੱਠ ਦਾ ਵਿਰੋਧ ਕਰਨ ਦੀ ਬਜਾਏ ਕੌਮ ਦੇ ਮਸਲੇ ਹੱਲ ਕਰਨ ਲਈ ਮਾਹੋਲ ਬਣਾਉਣ ਵਿੱਚ ਸਹਾਈ ਹੋਣਾ ਚਾਹੀਦਾ ਹੈ।

ਬੜੇ ਬੜੇ ਤਾਕਤਵਰ ਲੋਕ ਤੇ ਸੰਸਥਾਵਾਂ ਜਦੋਂ ਕੌਮ ਦੀਆਂ ਉਮੰਗਾਂ ਤੋਂ ਟੁੱਟ ਕੇ ਚੱਲਣਾ ਸ਼ੁਰੂ ਕਰ ਦਿੰਦੀਆਂ ਨੇ, ਤਾਂ ਹੱਕਾਂ, ਉਮੰਗਾਂ ਤੇ ਆਸਾਂ ਲਈ ਚੱਲ ਰਹੇ ਸੰਘਰਸ਼ ਇਹਨਾਂ ਨੂੰ ਪਿੱਛੇ ਛੱਡ ਕੇ ਅੱਗੇ ਵੱਧ ਜਾਂਦੇ ਨੇ। ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਕੌਮ ਦੇ ਹਿੱਤਾਂ ਨਾਲ ਜੁੜ੍ਹ ਕੇ ਰਹਿਣਾ ਹੈ ਜਾਂ ਧੜ੍ਹੇ ਦੇ ਹਿੱਤਾਂ ਨਾਲ। ਕੌਮਾਂ ਦੇ ਇੱਤਹਾਸ ਸੰਘਰਸ਼ ਕਰਦੀਆਂ ਤਾਕਤਾਂ ਨੇ ਸਿਰਜੇ ਨੇ, ਗੁਲਾਮੀ ਨੂੰ ਆਪਣਾ ਮੁਕੱਦਰ ਸਮਝ ਕੇ ਜੀਣ ਵਾਲਿਆ ਨੇ ਨਹੀਂ।


ਟਿੱਪਣੀ:

ਗ਼ੁਲਾਮੀ ਦੀ ਗੱਲ ਕਰਦਿਆਂ ਇੱਕ ਗੱਲ ਸਿੱਖਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਹਿੰਦੋਸਤਾਨ ਜਾਂ ਬ੍ਰਾਹਮਣਵਾਦ ਤੋਂ ਆਜ਼ਾਦੀ ਲੈਣ ਦੀ ਸੋਚਣ ਤੋਂ ਪਹਿਲਾਂ, ਇਸ ਗੱਲ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ, ਕਿ ਜਿਹੜੇ ਸਿੱਖ ਅਖਵਾਉਣ ਵਾਲੇ ਹਾਲੇ ਤੱਕ ਗ਼ੁਲਾਮਾਂ ਦੇ ਗ਼ੁਲਾਮ ਅਖੌਤੀ ਜਥੇਦਾਰਾਂ ਦੇ ਸਿਕੰਜੇ ਤੋਂ ਮੁਕਤ ਨਹੀਂ ਹੋ ਸਕੇ, ਸਾਰਾ ਖੁਲਾਸਾ ਹੋਣ ਦੇ ਬਾਵਜ਼ੂਦ ਕਿ ਇਹ ਗ਼ੁਲਾਮਾਂ ਦੀ ਕੋਈ ਔਕਾਤ ਨਹੀਂ  ਕੋਈ ਬੁੱਕਤ ਨਹੀਂ, ਹਰ ਦੂਜੇ ਦਿਨ ਇਨ੍ਹਾਂ ਅੱਗੇ ਫਰਿਆਦਾਂ ਲੈਕੇ ਕਈ ਲੋਕ ਪਹੁੰਚੇ ਹੁੰਦੇ ਹਨ। ਸਰਨਾ ਸਾਹਿਬ ਦਾ ਵੀ ਇਹੀ ਹਾਲ ਹੈ...

ਪਹਿਲਾਂ ਇਨ੍ਹਾਂ ਹਰਾਮਖੋਰ ਅਖੌਤੀ ਜਥੇਦਾਰਾਂ ਦੀ ਗ਼ੁਲਾਮੀ ਤੋਂ ਬਾਹਰ ਨਿਕਲੋ, ਫਿਰ ਆਜ਼ਾਦੀ ਬਾਰੇ ਸੋਚਣਾ

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top