Share on Facebook

Main News Page

ਅਰਦਾਸਿ ਵਿੱਚ ‘ਭਗਉਤੀ’ ਸ਼ਬਦ ਕੀ ਹੈ ਤੇ ਕਦੋਂ ਜੋੜਿਆ ਗਿਆ ? ਮੌਜੂਦਾ ਅਰਦਾਸਿ ਕਦੋਂ ਬਣੀ ?
-: ਪ੍ਰੋ. ਕਸ਼ਮੀਰਾ ਸਿੰਘ, ਯੂ.ਐਸ.ਏ.

ਮੌਜੂਦਾ ਅਰਦਾਸਿ ਦੀ ਬਣਤਰ ਕਿਸੇ ਵੀ ਗੁਰੂ ਪਾਤਿਸ਼ਾਹ ਜੀ ਵਲੋਂ ਨਹੀਂ ਬਣਾਈ ਗਈ। ਸੰਨ 1469 ਤੋਂ ਸੰਨ 1930 ਤਕ ਇਹ ਅਰਦਾਸਿ ਨਹੀਂ ਸੀ। ਅੰਗ੍ਰੇਜ਼ੀ ਰਾਜ ਸਮੇਂ 16 ਨਵੰਬਰ, 1920 ਨੂੰ ਸਿੱਖਾਂ ਨੇ ਇਕੱਠ ਕਰ ਕੇ 175 ਮੈਂਬਰ ਚੁਣ ਕੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਿਸ ਵਿੱਚ 36 ਮੈਂਬਰ, ਅੰਗ੍ਰੇਜ਼ੀ ਸਰਕਾਰ ਵਲੋਂ ਪਹਿਲਾਂ ਹੀ ਆਪਣੇ ਮਤਲਬ ਵਾਸਤੇ ਬਣਾਈ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਸ਼ਾਮਲ ਕੀਤੇ ਗਏ। ਇਹ ਕਮੇਟੀ 30 ਅਪ੍ਰੈਲ ਸੰਨ 1921 ਨੂੰ ਅੰਗ੍ਰੇਜ਼ੀ ਰਾਜ ਸਮੇ ਇੱਕ ਬੋਰਡ ਵਜੋਂ ਰਜਿਸਟਰਡ ਹੋਈ ਜੋ ਸ਼੍ਰੋ.ਗੁ.ਪ੍ਰ. ਕਮੇਟੀ ਬਣੀ। ਇਸ ਨੇ ਹੀ ਨੇ 4 ਅਕਤੂਬਰ 1931 ਵਿੱਚ 25 ਵਿਅੱਕਤੀਆਂ ਦੀ ਇੱਕ ਸੱਬ-ਕਮੇਟੀ, ਸਿੱਖ ਰਹਿਤ ਮਰਯਾਦਾ ਦਾ ਖਰੜਾ ਤਿਆਰ ਕਰਨ ਲਈ, ਬਣਾਈ ਜਿਸ ਨੇ 1 ਅਕਤੂਬਰ 1932 ਵਿੱਚ ਖਰੜਾ ਤਿਆਰ ਕਰਕੇ ਸ਼੍ਰੋ.ਗੁ.ਪ੍ਰ. ਨੂੰ ਸੌਂਪ ਦਿੱਤਾ {ਸ਼੍ਰੋ.ਗੁ.ਪ੍ਰ. ਕਮੇਟੀ ਵਲੋਂ 7 ਜਨਵਰੀ 1945 (ਕਰੀਬ ਤੇਰਾਂ ਸਾਲ਼) ਤਕ ਇਸ ਖਰੜੇ ਵਿੱਚ ਕਿੰਨੇ ਵਾਧੇ ਘਾਟੇ ਹੋਏ, ਕਿਸੇ ਨੂੰ ਕੋਈ ਪਤਾ ਨਹੀਂ}। ਇੱਸ ਖਰੜੇ ਨੇ ਹੀ ਸਿੱਖਾਂ ਨੂੰ ਦੁਰਗਾ ਦੇਵੀ ਦੇ ਪਾਠ ਵਾਲ਼ੀ ‘ਭਗਉਤੀ’ ਸਿਮਰਨ ਵਾਲ਼ੀ ਪਉੜੀ ਅਰਦਾਸਿ ਵਿੱਚ ਪੜ੍ਹਨੀ ਸਿਖਾਈ। ਇਸੇ ਖਰੜੇ ਨੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ 3 ਗੁਰੂ ਸਾਹਿ਼ਬਾਨ ਵਲੋਂ ਪ੍ਰਵਾਨਤ ਸਿੱਖਾਂ ਲਈ ਬਖ਼ਸ਼ਸ਼ ਕੀਤਾ ਸਵੇਰ ਤੇ ਸ਼ਾਮ ਦਾ ਨਿੱਤ-ਨੇਮ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ {ਛਾਪੇ ਵਾਲ਼ੀ ਬੀੜ ਦੇ} ਪਹਿਲੇ 13 ਪੰਨਿਆਂ ਉੱਤੇ ਦਰਜ ਹੈ, ਬਦਲ ਕੇ ਕਮੇਟੀ ਦਾ ਬਣਾਇਆ ਨਿੱਤ-ਨੇਮ {ਜਿਸ ਵਿੱਚ ਅਪ੍ਰਵਾਨਤ ਵਾਧੂ ਰਚਨਾਵਾਂ ਜੋੜੀਆਂ ਗਈਆਂ} ਪੜ੍ਹਨ ਲਾਇਆ ਜਿਸ ਦਾ ਅੱਜ ਤਕ ਕਿਸੇ ਵੀ ਜਾਗਰੂਕ ਸਿੱਖ ਜਥੇਬੰਦੀ ਨੇ ਗੰਭੀਰ ਨੋਟਿਸ ਨਹੀਂ ਲਿਆ।

25 ਮੈਂਬਰੀ ਕਮੇਟੀ ਵਲੋਂ ਬਣਾਏ ਖਰੜੇ ਵਿੱਚ ਕੀਤੇ ਵਾਧੇ ਘਾਟੇ ਸ਼੍ਰੋ.ਗੁ.ਪ੍ਰ. ਕਮੇਟੀ ਨੇ 3 ਫਰਵਰੀ ਸੰਨ 1945 ਵਿੱਚ ਮਤਾ ਨੰਬਰ 97 ਰਾਹੀਂ ਪ੍ਰਵਾਨ ਕਰ ਲਏ। ਜਿਉਂ ਜਿਉਂ ਇੱਸ ਨੂੰ ਸਿੱਖ ਸ਼ਰਧਾ ਅਧੀਨ ਹੋ ਪੜ੍ਹਦੇ ਗਏ ਤਿਉਂ ਤਿਉਂ ਹੀ ਕੁਝ ਨਾ ਕੁਝ ਗ੍ਰਹਿਣ ਕਰਦੇ ਗਏ ਭਾਵੇਂ ਇਹ ਖਰੜਾ ਕਦੀ ਵੀ ਸਿੱਖਾਂ ਲਈ ਲਾਗੂ ਕਈਂ ਕੀਤਾ ਗਿਆ {ਖਰੜੇ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ} ਤੇ ਨਾ ਹੀ ਸ਼ਾਇਦ ਅਜਿਹਾ ਕੀਤਾ ਜਾ ਸਕਦਾ ਹੈ, ਕਿਉਂਕਿ ਹਰ ਡੇਰੇ ਦਾ ਆਪਣਾ ਆਪਣਾ ਨਿੱਤ-ਨੇਮ ਹੈ, ਜੋ ਉਨ੍ਹਾਂ ਵਲੋਂ ਛਾਪੇ ਗਏ ਗੁਟਕਿਆਂ ਤੋਂ ਦੇਖਿਆ ਜਾ ਸਕਦਾ ਹੈ ਤੇ ਜਿਸ ਨੂੰ ਉਹ ਛੱਡ ਨਹੀਂ ਸਕਦੇ, ਤੇ ਵੱਖ-ਵੱਖ ਮਰਯਾਦਾ ਹੈ ਏਥੋਂ ਤਕ ਕਿ ਸਾਰੇ ਸਿੱਖ ਤਖ਼ਤਾਂ ਉੱਪਰ ਵੀ ‘ਸਿੱਖ ਰਹਿਤ ਮਰਯਾਦਾ’ ਅਨੁਸਾਰ ਇੱਕੋ ਜਿਹੀ ਮਰਯਾਦਾ ਨਹੀਂ ਹੈ। ਅਖੰਡ ਪਾਠ ਸਮੇ ਕੁੰਭ ਅਤੇ ਨਾਰੀਅਲ ਦਾ ਭਰਮ, ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲ਼ ਡੇਰੇਦਾਰਾਂ ਦੀਆਂ ਆਦਮ ਕੱਦ ਮੂਰਤੀਆਂ ਖੜੀਆਂ ਕਰਨੀਆਂ, ਦੀਵੇ ਘੁਮਾ ਇੰਦਰ ਦੇਵਤੇ ਵਾਲ਼ੀ ਆਰਤੀ ਕਰਨੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰੇ ਉਸ ਤੋਂ ਅਖੰਡ ਪਾਠ ਕਰਨੇ ਆਦਿਕ ਸਿੱਖ ਰਹਿਤ ਮਰਯਾਦਾ ਦੇ ਉਲ਼ਟ ਅਜਿਹੇ ਕਈ ਕਰਮ ਹੋ ਰਹੇ ਹਨ। ਜੇ ਮਰਯਾਦਾ ਲਾਗੂ ਕੀਤੀ ਹੁੰਦੀ ਤਾਂ ਬਹੁਤੀਆਂ ਸੰਸਥਾਵਾਂ ਦੇ ਆਗੂ ਤਨਖ਼ਾਹੀਏ ਕਰਾਰ ਦਿੱਤੇ ਹੁੰਦੇ, ਕਿਉਂਕਿ ਉਹ ਇਸ ਖਰੜੇ ਨੂੰ ਪ੍ਰਵਾਨ ਹੀ ਨਹੀਂ ਕਰਦੇ।

ਅਰਦਾਸਿ ਵਿੱਚ ‘ਭਗਉਤੀ’ ਕੌਣ ਹੈ?

ਸੰਸਕ੍ਰਿਤ ਦੇ ‘ਭਗਵਤੀ’ (ਅਰਥ ਦੇਵੀ) ਸ਼ਬਦ ਤੋਂ ਹੀ ‘ਭਗਉਤੀ’ ਸ਼ਬਦ ਬਣਿਆਂ ਹੈ। ਮਹਾਨ ਕੋਸ਼ ਵਿੱਚ ਭਗਉਤੀ ਨੂੰ ‘ਭਗਵਤੀ’ ਅਤੇ ‘ਦੁਰਗਾ’ ਦੇਵੀ ਕਰ ਕੇ ਲਿਖਿਆ ਹੈ। ਪੁਰਾਤਨ ਸਮੇਂ ਵੈਸ਼ਨਵ ਭਗਤ ਨੂੰ ਵੀ ‘ਭਗਉਤੀ’ ਕਿਹਾ ਜਾਂਦਾ ਸੀ, ਜਿਸ ਦਾ ‘ਸੁਖਮਨੀ’ ਦੀ ਨੌਂਵੀਂ ਅਸ਼ਟਪਦੀ ਵਿੱਚ ਜ਼ਿਕਰ ਹੈ।

ਸਿੱਖ ਰਹਿਤ ਮਰਯਾਦਾ ਦੇ ਖਰੜੇ ਵਿੱਚ ਦੁਰਗਾ ਦੇ ਪਾਠ ਵਾਲ਼ੀਆਂ 55 ਪਉੜੀਆਂ ਦੀ ਰਚਨਾ ਵਾਲ਼ੀ ‘ਵਾਰ ਦੁਰਗਾ ਕੀ’ ਦੀ ਪਹਿਲੀ ਪਉੜੀ ਨੂੰ ਅਰਦਾਸਿ ਦੇ ਮੁੱਢ ਵਿੱਚ ਰੱਖਿਆ ਗਿਆ ਹੈ। ਸੰਨ 1897 ਵਿੱਚ ਸਿੱਖਾਂ ਨੂੰ ਗ਼ੁਲਾਮ ਰੱਖਣ ਵਾਲ਼ੇ ਅੰਗ੍ਰੇਜ਼ੀ ਰਾਜ ਸਮੇ ਇੱਕ ਸ਼ੋਧਕ ਕਮੇਟੀ ਵਲੋਂ ਬਣਾਏ ਤੇ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵਾਲ਼ਿਆ ਤੋਂ ਛਪਵਾਏ ਗਏ ‘ਦਸਮ ਗ੍ਰੰਥ’ ਵਿਚ ਇੱਕ ਰਚਨਾ ‘ਵਾਰ ਦੁਰਗਾ ਕੀ’ ਹੈ। ਦਸਮ ਗ੍ਰੰਥ ਬਣਾਉਣ ਸਮੇਂ 32 ਪੋਥੀਆਂ ਤੋਂ ਰਚਨਾਵਾਂ ਲਈਆਂ ਗਈਆਂ। ਡਾ: ਰਤਨ ਸਿੰਘ ਜੱਗੀ ਦਸਮ ਗ੍ਰੰਥ ਦੇ ਟੀਕੇ ਦੀ ਭੂਮਕਾ ਵਿੱਚ ਲਿਖਦਾ ਹੈ “ਅਫ਼ਸੋਸ ਕਿ ਇਨ੍ਹਾਂ 32 ਪੋਥੀਆਂ ਵਿੱਚ ਕੋਈ ਵੀ ਪੁਰਾਤਨ ਜਾਂ ਇਤਿਹਾਸਕ ਨਹੀਂ ਸੀ”। ‘ਵਾਰ ਦੁਰਗਾ ਕੀ’ ਦਾ ਨਾਂ ਭੇਡ ਚਾਲ ਵਜੋਂ ‘ਚੰਡੀ’ ਦੀ ਵਾਰ ਵੀ ਚੱਲਦਾ ਰਿਹਾ ਤੇ ਸੰਨ 1895 ਵਿੱਚ ਬਣਾਏ ਅਤੇ ਸੰਨ 1897 ਵਿੱਚ ਛਪੇ ਦਸਮ ਗ੍ਰੰਥ ਵਿੱਚ ਸ਼ੋਧਕ ਕਮੇਟੀ ਵਲੋਂ ਇੱਸ ਵਾਰ ਦੇ ਸਿਰਲੇਖ ਨੂੰ ‘ਵਾਰ ਸ਼੍ਰੀ ਭਗਉਤੀ ਜੀ ਕੀ ਪਾਤਿਸ਼ਾਹੀ 10’ ਵਿੱਚ ਤਬਦੀਲ ਕਰ ਕੇ ਸਿੱਖਾਂ ਨਾਲ਼ ਧੋਖਾ ਕੀਤਾ ਗਿਆ ਤੇ ਸਿੱਖ ਸਿਧਾਂਤਾਂ ਨੂੰ ਖ਼ਤਮ ਕੀਤੇ ਜਾਣ ਲਈ ਮਾਰੂ ਵਾਰ ਕੀਤਾ ਗਿਆ। ਸਪੱਸ਼ਟ ਹੈ ਕਿ ਅਜਿਹਾ ਬ੍ਰਾਹਮਣਵਾਦੀ, ਸਨਾਤਨਵਾਦੀ ਬਿੱਪਰਵਾਦੀ ਜਾਂ ਮਨੂੰਵਾਦੀ ਸੋਚ ਦੇ ਪ੍ਰਭਾਵ ਥੱਲੇ ਕੀਤਾ ਗਿਆ। ਗੁਰੂ ਨਾਨਕ ਨੂੰ ਪਿੱਛੋਂ ਤੇ ਭਗਉਤੀ (ਦੁਰਗਾ) ਨੂੰ ਪਹਿਲਾਂ ਯਾਦ ਕਰਦੇ ਹੋਏ ਸਿੱਖ ਅਰਦਾਸਿ ਕਰਦੇ ਹਨ। ਅਜਿਹੀ ਸੋਚ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਕਦੇ ਪ੍ਰਵਾਨ ਹੀ ਨਹੀਂ ਕਰਦੇ।

ਬ੍ਰਾਹਮਣਵਾਦੀ ਸੋਚ ਹੁਣ ਤਕ ਬੁੱਧ ਮੱਤ, ਜੈਨ ਮੱਤ ਅਤੇ ਪਾਰਸੀ ਮੱਤ ਦਾ ਭਾਰਤ ਵਿੱਚ ਬਹੁਤ ਭਾਰੀ ਨੁਕਸਾਨ ਕਰ ਚੁੱਕੀ ਹੈ ਤੇ ਹੁਣ ਇਹ ਸਿੱਖੀ ਵਿਚਾਰਧਾਰਾ ਦਾ ਹਰ ਸੰਭਵ ਸਾਧਨ ਵਰਤ ਕੇ, ਹਿੰਦੂਕਰਣ ਕਰਨ ਵਿੱਚ ਦਿਨ ਰਾਤ ਇੱਕ ਕਰ ਰਹੀ ਹੈ ਤੇ ਸਫਲ ਵੀ ਹੋ ਰਹੀ ਹੈ।

ਡਾਕਟਰ ਰਾਧਾ ਕ੍ਰਿਸ਼ਨਨ ਦੇ ਇਹ ਵਿਚਾਰ ਸਿੱਖਾਂ ਦੀਆਂ ਅੱਖਾਂ ਖੋਲ੍ਹਣ ਵਾਲੇ ਹਨ, ਪਰ ਜੇ ਫਿਰ ਵੀ ਅੱਖਾਂ ਬੰਦ ਦੀਆਂ ਬੰਦ ਰਹਿ ਗਈਆਂ ਤਾਂ ਬਹੁਤ ਨੁਕਸਾਨ ਹੋਵੇਗਾ। ਪੜ੍ਹੋ ਇਹ ਵੀਚਾਰ-

“It is said, not without truth that Brahmanism killed Budhism by a fraternal embrace”

ਭਾਵ ਅਰਥ- ਬ੍ਰਾਹਮਣਵਾਦ ਨੇ ਬੁੱਧ ਧਰਮ ਨੂੰ ਬਾਪੂ ਵਾਲ਼ੀ ਗਲ਼ਵਕੜੀ ਪਾ ਕੇ ਖ਼ਤਮ ਕੀਤਾ।
ਤਕਰੀਬਨ 90 ਸਾਲ ਪਹਿਲਾਂ ਅੰਗ੍ਰੇਜ਼ ਲਿਖਾਰੀ ਮੈਕਾਲਿਫ਼ ਨੇ ਜੋ ਲਿਖਿਆ ਸੀ ਉਹ ਵੀ ਸਿੱਖਾਂ ਦੀਆਂ ਅੱਖਾਂ ਖੋਲ੍ਹ ਦੇਣ ਵਾਲ਼ਾ ਹੈ। ਉਹ ਲਿਖਦਾ ਹੈ-

“Hinduism has embraced Sikhism in its fold.”

ਭਾਵ ਅਰਥ- ਹਿੰਦੂ ਮੱਤ ਨੇ ਸਿੱਖ ਧਰਮ ਨੂੰ ਆਪਣੀ ਗਲ਼ਵਕੜੀ ਵਿੱਚ ਲੈ ਲਿਆ ਹੈ।
(ਸਿੱਖ ਵੀਰਾਂ ਨੂੰ ਹਲੂਣਾ ਪੁਸਤਕ ਵਿੱਚੋਂ- ਲੇਖਕ ਨਰੈਣ ਸਿੰਘ)

ਸੰਨ 1999 ਵਿੱਚ, ਸ਼੍ਰੋ.ਗੁ.ਪ੍ਰ. ਕਮੇਟੀ ਭੀ ਆਪਣੀ ਮੁਹਰ ਹੇਠ ਹਿੰਦੀ ਭਾਸ਼ਾ ਵਿੱਚ ‘ਸਿੱਖੋਂ ਕਾ ਇਤਿਹਾਸ’ ਨਾਮਕ, ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਕਿਤਾਬ, ਲਿਖ ਕੇ ਬ੍ਰਾਹਮਣਵਾਦੀ ਸੋਚ ਦਾ ਪ੍ਰਭਾਵ ਕਬੂਲ ਕਰ ਚੁੱਕੀ ਹੈ {ਮਾਨੋ ਵਾੜ ਨੇ ਖੇਤ ਨੂੰ ਹੀ ਖਾਣਾ ਸ਼ੁਰੂ ਕਰ ਦਿੱਤਾ ਹੈ} ਭਾਵੇਂ ਕਿ ਇਹ ਕਿਤਾਬ ਬਾਅਦ ਵਿੱਚ ਜ਼ਬਤ ਕਰ ਲਈ ਗਈ ਸੀ। ਕਿਤਾਬ ਨੂੰ ਜ਼ਬਤ ਕਰਨਾ ਹੀ ਦੱਸਦਾ ਹੈ ਕਿ ਇਹ ਸਿੱਖੀ ਵਿਚਾਰਧਾਰਾ ਨੂੰ ਜ਼ਰੂਰ ਹੀ ਢਾਹ ਲਾ ਰਹੀ ਸੀ, ਨਹੀਂ ਤਾਂ ਜ਼ਬਤ ਨਾ ਹੁੰਦੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top