Share on Facebook

Main News Page

ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਬਨਾਮ ਡਾਨ ਕਲਚਰ
-: ਰਾਜਿੰਦਰ ਸਿੰਘ ਪੁਰੇਵਾਲ

ਧਰਮ ਹਮੇਸ਼ਾਂ ਸਹਿਣਸ਼ੀਲਤਾ, ਮਨੁੱਖੀ ਹੱਕਾਂ, ਸਬਰ, ਇਨਸਾਫ਼ ਤੇ ਸੱਚ ਦੇ ਹੱਕ ਵਿੱਚ ਹੁੰਦਾ ਹੈ। ਸਿੱਖ ਧਰਮ ਵਿੱਚ ਅਜਿਹੇ ਗੁਣ ਮੌਜੂਦ ਹਨ, ਪਰ ਅਜੋਕੇ ਸਿੱਖ ਸਮਾਜ ਦੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀ ਗੁਰੂਆਂ ਦੀ ਵਿਚਾਰਧਾਰਾ ਦੇ ਉਲਟ ਵਰਤਾਰਾ ਨਿਭਾ ਕੇ ਸਿੱਖ ਪੰਥ ਦੇ ਅਕਸ ਨੂੰ ਧੁੰਦਲਾ ਕਰ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫ਼ਰਜ਼ ਸਿੱਖੀ ਦਾ ਪ੍ਰਚਾਰ ਤੇ ਗੁਰਦੁਆਰਿਆਂ ਦੇ ਪ੍ਰਬੰਧਾਂ ਦੀ ਰਾਖੀ ਕਰਨਾ ਤੇ ਉੱਚਿਤ ਢੰਗ ਨਾਲ ਚਲਾਉਣਾ ਸੀ।

ਪਰ ਸ਼੍ਰੋਮਣੀ ਕਮੇਟੀ ਇਸ ਸੰਬੰਧ ਵਿੱਚ ਭੂਮਿਕਾ ਨਿਭਾਉਣ ਤੋਂ ਅਸਮਰੱਥ ਰਹੀ ਹੈ, ਕਿਉਂਕਿ ਉਸ ਉੱਪਰ ਅਜਿਹੇ ਸਿਆਸਤਦਾਨਾਂ ਦਾ ਕਬਜ਼ਾ ਹੈ, ਜੋ ਸਿੱਖੀ ਦਾ ਵਿਕਾਸ ਨਹੀਂ ਚਾਹੁੰਦੇ, ਸਿਰਫ਼ ਆਪਣੀ ਸੱਤਾ ਦੀ ਸਥਾਪਤੀ ਚਾਹੁੰਦੇ ਹਨ। ਉਹ ਸ਼੍ਰੋਮਣੀ ਕਮੇਟੀ ਨੂੰ ਵੀ ਆਪਣੀ ਸੱਤਾ ਦੀ ਉਸਾਰੀ ਵਿੱਚ ਵਰਤ ਰਹੇ ਹਨ, ਜਿਸ ਕਾਰਨ ਸਾਂਝੀਵਾਲਤਾ ਤੇ ਭਾਈਚਾਰੇ ਦਾ ਸੰਕਲਪ ਗੁਰਧਾਮਾਂ ਵਿੱਚੋਂ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਵਿੱਚੋਂ ਉਪਜ ਰਹੀ ਹਿੰਸਾ, ਨਫ਼ਰਤ ਤੇ ਸਿੱਖ ਭਾਈਚਾਰੇ ਵਿੱਚ ਫੁਟ। ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਸਿਆਸਤਦਾਨ ਨਹੀਂ ਚਾਹੁੰਦੇ ਕਿ ਗੁਰਦੁਆਰਿਆਂ ਦਾ ਮੰਚ ਉਹਨਾਂ ਵਿਰੋਧੀ ਸਿੱਖ ਸੰਸਥਾਵਾਂ ਦੇ ਆਗੂ ਵਰਤਣ। ਇਸ ਤਰਾਂ ਗੁਰਧਾਮ ਧਰਮ ਦੀ ਥਾਂ ਸੱਤਾ ਦੀ ਵਿਰਾਸਤ ਬਣਦੇ ਜਾ ਰਹੇ ਹਨ। ਸੱਤਾ ਦੀ ਵਿਰਾਸਤ ਵਿੱਚੋਂ ਹੀ ਟਾਸਕ ਫੋਰਸ ਦਾ ਜਨਮ ਹੋਇਆ ਹੈ। ਟਾਸਕ ਫੋਰਸ ਵਿੱਚ ਜਿਹਨਾਂ ਲੋਕਾਂ ਦੀ ਭਰਤੀ ਹੈ, ਉਹ ਪਹਿਰਾਵੇ ਵਜੋਂ ਅੰਮ੍ਰਿਤਧਾਰੀ ਗੁਰਸਿੱਖ ਨਜ਼ਰ ਆਉਣਗੇ, ਪਰ ਉਹਨਾਂ ਦਾ ਵਰਤਾਰਾ ਡਾਨ ਕਲਚਰ ਤੋਂ ਵੱਖਰਾ ਨਹੀਂ ਹੈ। ਟਾਸਕ ਫੋਰਸ ਵਾਲਿਆਂ ਤੋਂ ਸਿੱਖ ਇਤਿਹਾਸ ਜਾਂ ਗੁਰੂ ਸਾਹਿਬਾਨਾਂ ਜਾਂ ਗੁਰਬਾਣੀ ਬਾਰੇ ਜਾਣਕਾਰੀ ਲਈ ਜਾਵੇ, ਤਾਂ ਉਹਨਾਂ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਹੈ। ਇਹ ਟਾਸਕ ਫੋਰਸ ਉਹਨਾਂ ਲੜਾਕਿਆਂ ਦੀ ਫ਼ੌਜ ਹੈ, ਜੋ ਸਬਰ, ਸਿੱਖ ਸੋਚ, ਸ਼ਾਂਤੀ ਦੇ ਪ੍ਰਗਟਾਵੇ ਦੀ ਥਾਂ ਧੌਂਸ, ਗੁੰਡਾਗਰਦੀ ਨੂੰ ਹੀ ਅਪਨਾਉਂਦੇ ਨਜ਼ਰ ਆ ਰਹੇ ਹਨ।

ਇਹ ਟਾਸਕ ਫੋਰਸ  ਕਦੇ ਵੀ ਸਿੱਖ ਵਿਰੋਧੀ ਡੇਰੇਦਾਰਾਂ ਵਿਰੁੱਧ ਨਹੀਂ ਵਰਤੀ ਗਈ, ਇਸ ਦੀ ਵਰਤੋਂ ਸਿੱਖ ਸੰਗਤ, ਪੰਥਕ ਜਥੇਬੰਦੀਆਂ ਵਿਰੁੱਧ ਹੀ ਹੋਈ ਹੈ। ਜਦੋਂ ਖਾਲਸਾ ਪੰਚਾਇਤ ਨੇ ਦਰਬਾਰ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਵਿਰੁੱਧ ਧੰਨਵੰਤ ਸਿੰਘ ਬਲਾਤਕਾਰੀ ਸਾਧ ਦੇ ਮੱਸਲੇ ‘ਤੇ ਮੋਰਚਾ ਲਗਾਉਣ ਦੀ ਕੋਸ਼ਿਸ਼ ਕੀਤੀ, ਤਾਂ ਟਾਸਕ ਫੋਰਸ ਨੇ ਖਾਲਸਾ ਪੰਚਾਇਤ ਦੇ ਸਿੱਖਾਂ ਨੂੰ ਡਾਂਗਾਂ, ਬਰਛਿਆਂ, ਕ੍ਰਿਪਾਨਾਂ ਨਾਲ ਕੁੱਟਮਾਰ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਉਲਟਾ ਝੂਠੇ ਪੁਲੀਸ ਕੇਸ ਖਾਲਸਾ ਪੰਚਾਇਤ ‘ਤੇ ਪਵਾਏ ਗਏ ਕਿ ਇਹ ਦੰਗਾ ਕਰਨ ਆਏ ਸਨ। ਜ਼ਖ਼ਮੀ ਵੀ ਖਾਲਸਾ ਪੰਚਾਇਤ ਵਾਲੇ 'ਤੇ ਕੇਸ ਵੀ ਉਹਨਾਂ ਉੱਪਰ ਪਏ। ਹੁਣ 6 ਜੂਨ ਨੂੰ ਵੀ ਦਰਬਾਰ ਸਾਹਿਬ ਵਿੱਚ ਸਿੱਖ ਘੱਲੂਘਾਰੇ ਦੌਰਾਨ ਟਾਸਕ ਫੋਰਸ ਨੇ ਸਿੱਖ ਨੌਜਵਾਨਾਂ ਵਿਰੁੱਧ ਗੁੰਡਾਗਰਦੀ ਕੀਤੀ ਹੈ, ਉਸ ਨੂੰ ਕਿਸੇ ਵੀ ਤਰਾਂ ਦਰੁੱਸਤ ਨਹੀਂ ਠਹਿਰਾਇਆ ਜਾ ਸਕਦਾ। ਹਿੰਸਾ ਦੋਵਾਂ ਪੱਖਾਂ ਤੋਂ ਵਾਪਰੀ, ਪਰ ਕੇਸ ਸਿੱਖ ਨੌਜਵਾਨਾਂ ‘ਤੇ ਦਰਜ ਹੋਏ।

ਇੱਥੋਂ ਤੱਕ ਕਿ ਟਾਸਕ ਫੋਰਸ ਨੇ ਬੀਬੀਆਂ ਤੇ ਪੱਤਰਕਾਰਾਂ ਦੀ ਕੁੱਟਮਾਰ ਕੀਤੀ। ਇਸ ਕਾਂਡ ਵਿੱਚ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਅਕਾਲ ਤਖ਼ਤ ਸਾਹਿਬ ਸਮਾਗਮ ਦੌਰਾਨ ਸ. ਮਾਨ ਨੇ ਬੋਲਣ ਦਾ ਸਮਾਂ ਮੰਗਿਆ, ਪਰ ਸਿੰਘ ਸਾਹਿਬਾਨਾਂ ਤੇ ਸ਼੍ਰੋਮਣੀ ਕਮੇਟੀ ਨੇ ਇਨਕਾਰ ਕਰ ਦਿੱਤਾ। ਉਹ ਸਿੰਘ ਸਾਹਿਬਾਨਾਂ ਦਾ ਹੁਕਮ ਮੰਨ ਕੇ ਅਕਾਲ ਤਖ਼ਤ ਤੋਂ ਹੇਠਾਂ ਆ ਗਏ, ਜਿੱਥੇ ਕਿ ਉਹਨਾਂ ਨੇ ਸੰਬੋਧਨ ਕਰਨਾ ਸੀ।

ਪਰ ਸ਼੍ਰੋਮਣੀ ਕਮੇਟੀ ਦੇ ਆਗੂ ਇਸ ਸਮਾਗਮ ਨੂੰ ਪਹਿਲਾਂ ਦੀ ਤਰਾਂ ਹੀ ਸਿੱਖ ਭਾਵਨਾ ਤੇ ਰੋਸ ਨੂੰ ਦਬਾ ਕੇ ਖਾਨਾਪੂਰਤੀ ਕਰਨਾ ਚਾਹੁੰਦੇ ਸਨ। ਇਹ ਵਰਤਾਰਾ ਲਗਾਤਾਰ ਹਰ ਸਾਲ ਵਾਪਰ ਰਿਹਾ ਸੀ, ਜੋ ਕਿ ਸੰਗਤਾਂ ਤੇ ਨੌਜਵਾਨਾਂ ਨੂੰ ਪਸੰਦ ਨਹੀਂ ਸੀ ਕਿ ਅਸੀਂ ਇਸ ਮੰਚ ਤੋਂ ਆਪਣੀ ਆਵਾਜ਼ ਕਿਉਂ ਨਹੀਂ ਬੁਲੰਦ ਕਰ ਸਕਦੇ। ਇਸ ਤੋਂ ਨਿਕੰਮਾਪਣ ਕੀ ਹੋ ਸਕਦਾ ਹੈ ਕਿ ਕੇਂਦਰ ਵੱਲੋਂ ਸਾਡਾ ਲੁੱਟਿਆ ਇਤਿਹਾਸ, ਦਸਤਾਵੇਜ਼ ਵੀ ਵਾਪਸ ਨਹੀਂ ਕੀਤੇ ਗਏ ਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਵਿਰੁੱਧ ਆਪਣੀ ਆਵਾਜ਼ ਉਠਾਉਣ ਲਈ ਆਪਣੀ ਉੱਘੀ ਭੂਮਿਕਾ ਨਿਭਾਈ ਹੈ। ਇੱਥੋਂ ਤੱਕ ਕਿ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਉੱਪਰ ਲੱਗੇ ਗੋਲੀਆਂ ਦੇ ਨਿਸ਼ਾਨ ਮਿਟਾ ਦਿੱਤੇ ਗਏ। ਇਹ ਕਿਸ ਦੇ ਇਸ਼ਾਰੇ ‘ਤੇ ਹੋਇਆ ਹੈ?

ਜੁਆਬ ਸਾਫ਼ ਹੈ ਕਿ ਜਿਹਨਾਂ ਸਿਆਸਤਦਾਨਾਂ ਦਾ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਹੈ, ਜੋ ਕਿ ਦਰਬਾਰ ਸਾਹਿਬ ‘ਤੇ ਕੀਤੇ ਫ਼ੌਜੀ ਹਮਲੇ ਲਈ ਜ਼ਿੰਮੇਵਾਰ ਹਨ। ਉਹ ਚਾਹੁੰਦੇ ਹਨ ਕਿ ਸਿੱਖ ਭਾਵਨਾਵਾਂ ਦਬਾਈਆਂ ਜਾਣ ਤੇ ਸਿਰਫ਼ ਸੱਤਾ ਨੂੰ ਭੋਗਣ ਵਿੱਚ ਹੀ ਆਪਣਾ ਧਰਮ ਨਿਭਾਇਆ ਜਾਵੇ। ਇਸੇ ਕਾਰਨ ਰੋਸ ਸਿੱਖ ਯੂਥ ਵਿੱਚ ਫੈਲਦਾ ਜਾ ਰਿਹਾ ਹੈ ਤੇ ਸਿੱਖ ਕੌਮ ਨੂੰ ਇਸੇ ਸੱਤਾ ਦੀ ਲਾਲਸਾ ਕਾਰਨ ਦਿੱਲੀ ਸਿੱਖ ਕਤਲੇਆਮ, ਪੰਜਾਬ ਮਸਲਿਆਂ ਤੇ ਦਰਬਾਰ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਤੇ ਸਿੱਖ ਨਸਲਕੁਸ਼ੀ ਬਾਰੇ ਇਨਸਾਫ਼ ਨਹੀਂ ਮਿਲ ਸਕਿਆ। ਇਸੇ ਰੋਸ ਵਿੱਚੋਂ ਹੀ ਸਿੱਖ ਨੌਜਵਾਨ ਹੁੰਮਹੁਮਾ ਕੇ 6 ਜੂਨ ਨੂੰ ਇਸ ਘੱਲੂਘਾਰੇ ਦਿਵਸ ‘ਤੇ ਇਕੱਤਰ ਹੁੰਦੇ ਕੇਂਦਰ ਸਰਕਾਰ ਵਿਰੁੱਧ ਨਾਅਰੇ ਮਾਰਦੇ ਹਨ ਤੇ ਖਾਲਿਸਤਾਨ ਦੇ ਹੱਕ ਵਿੱਚ ਪ੍ਰਦਰਸ਼ਨ ਕਰਦੇ ਹਨ। ਇਹ ਗੱਲ ਸ਼੍ਰੋਮਣੀ ਕਮੇਟੀ ਤੇ ਉਹਨਾਂ ਦੇ ਪ੍ਰਭੂਆਂ ਨੂੰ ਭਾਉਂਦੀ ਨਹੀਂ। ਇਸ ਵਾਰ ਅੱਗੇ ਨਾਲੋਂ ਵੱਧ ਸਿੱਖ ਨੌਜਵਾਨ ਇਸ ਘੱਲੂਘਾਰੇ ਦਿਵਸ ‘ਤੇ ਪਹੁੰਚੇ ਸਨ। ਪਰ ਸ਼੍ਰੋਮਣੀ ਕਮੇਟੀ ਨੇ ਸਬਰ ਤੋਂ ਕੰਮ ਲੈਣ ਦੀ ਥਾਂ ਸਿੱਖ ਨੌਜਵਾਨਾਂ ਦੇ ਰੋਸ ਨੂੰ ਦਬਾਉਣ ਲਈ ਟਾਸਕ ਫੋਰਸ ਦੀ ਵਰਤੋਂ ਕੀਤੀ। ਤੁਸੀਂ ਯੂ ਟਿਊਬ ‘ਤੇ ਇਸ ਸੰਬੰਧੀ ਫਿਲਮਾਂ ਦੇਖ ਸਕਦੇ ਹੋ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਬਰਛਿਆਂ ਤੇ ਤਲਵਾਰਾਂ ਨਾਲ ਕਿਵੇਂ ਨੌਜਵਾਨਾਂ ਨੂੰ ਕੁੱਟ-ਮਾਰ ਰਹੀ ਹੈ। ਸਿਰਫ਼ ਮੁੱਠੀ ਭਰ ਨੌਜਵਾਨ ਹੀ ਉਹਨਾਂ ਦਾ ਮੁਕਾਬਲਾ ਕਰ ਰਹੇ ਹਨ।

ਅਸੀਂ ਬਿਲਕੁਲ ਇਸ ਹੱਕ ਵਿੱਚ ਨਹੀਂ ਕਿ ਦਰਬਾਰ ਸਾਹਿਬ ਸਿੱਖਾਂ ਦੇ ਯੁੱਧ ਦਾ ਅਖਾੜਾ ਬਣੇ ਤੇ ਸਿੱਖਾਂ ਦਾ ਅਕਸ ਪੂਰੀ ਦੁਨੀਆਂ ਵਿੱਚ ਧੁੰਦਲਾ ਹੋਵੇ। ਪਰ ਇਸ ਦੀ ਜ਼ਿੰਮੇਵਾਰੀ ਤਾਂ ਸ਼੍ਰੋਮਣੀ ਕਮੇਟੀ ਦੀ ਹੈ। ਜੇਕਰ ਉਹ ਸਬਰ ਤੇ ਹਲੇਮੀ ਨਾਲ ਟਾਸਕ ਫੋਰਸ ਦੀ ਵਰਤੋਂ ਕਰਦੀ, ਤਾਂ ਅਜਿਹਾ ਕੁਝ ਨਹੀਂ ਸੀ ਵਾਪਰਨਾ। ਮਾਨ ਤਾਂ ਹਰ ਸਾਲ ਅਕਾਲ ਤਖ਼ਤ ਦੇ ਨੇੜੇ ਸੰਗਤਾਂ ਨੂੰ ਸੰਬੋਧਨ ਕਰਦੇ ਹਨ, ਜੇਕਰ ਇਸ ਵਾਰ ਵੀ ਉਹ ਸੰਬੋਧਨ ਕਰਦੇ, ਤਾਂ ਕੁਝ ਵੀ ਨਹੀਂ ਸੀ ਵਾਪਰਨਾ। ਮਾਨ ਸਮਰਥਕ ਜਦੋਂ ਅਕਾਲ ਤਖ਼ਤ ਸਾਹਿਬ ‘ਤੇ ਸਪੀਕਰ ਮੰਗਣ ਗਏ, ਤਾਂ ਉੱਥੇ ਉਹਨਾਂ ਦੇ ਸਮੱਰਥਕਾਂ ਨੂੰ ਜ਼ਲੀਲ ਕੀਤਾ ਗਿਆ ਤੇ ਕੁੱਟਮਾਰ ਕੀਤੀ ਗਈ, ਜਿਸ ਕਾਰਨ ਇਹ ਭਾਣਾ ਵਰਤਿਆ ਹੈ। ਅਕਾਲ ਤਖ਼ਤ ਦੇ ਜੱਥੇਦਾਰ ਨੇ ਪਹਿਲਾਂ ਮਾਨ ਨੂੰ ਕਲੀਨ ਚਿੱਟ ਦਿੱਤੀ ਤੇ ਹੁਣ ਦੋਸ਼ੀ ਠਹਿਰਾ ਦਿੱਤਾ। ਇਸ ਤੋਂ ਸਾਫ਼ ਹੈ ਕਿ ਸਿੰਘ ਸਾਹਿਬਾਨ ਵੀ ਸੱਤਾਧਾਰੀਆਂ ਦੇ ਪਰਛਾਵੇਂ ਅਧੀਨ ਵਿਚਰ ਰਹੇ ਹਨ। ਲੋੜ ਸੰਗਤ ਵਿੱਚ ਗੁਰਮਤਿ ਇਨਕਲਾਬ ਦੀ ਹੈ, ਜੋ ਸਬਰ, ਸੰਤੋਖ ਤੇ ਸ਼ਾਂਤਮਈ ਢੰਗ ਨਾਲ ਸਿੱਖ ਸੰਗਤਾਂ ਵਿਚ ਖਾਸਾ ਰੋਸ ਹੈ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਡਾਨ ਕਲਚਰ ਵਿਚ ਤਬਦੀਲ ਹੁੰਦੀ ਜਾ ਰਹੀ ਹੈ।

ਹੁਣੇ ਜਿਹੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਪਿਛਲੇ ਦਿਨੀਂ ਪਿੰਡ ਭਾਈਰੂਪਾ ਦੀ 161 ਏਕੜ ਜ਼ਮੀਨ ਉਪਰ ਬੰਦੂਕਾਂ ਦੀ ਨੋਕ ‘ਤੇ ਕਬਜ਼ਾ ਕਰ ਲਿਆ, ਪਿੰਡ ਭਾਈਰੂਪਾ ਦੇ ਲੋਕਾਂ ਅਨੁਸਾਰ ਜੋ ਉਹਨਾਂ ਦੇ ਪੁਰਖਿਆਂ ਨੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਲੰਗਰ ਲਈ ਆਪਣੇ ਖਾਤਿਆਂ ‘ਚੋਂ ਕਟਵਾਈ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਕਬਜ਼ੇ ਦੀ ਇਸ ਕਾਰਵਾਈ ਤੋਂ ਪਹਿਲਾਂ ਪਿੰਡ ਵਾਸੀਆਂ ਨੂੰ ਲੀਡਰ ਰਹਿਤ ਕਰਨ ਲਈ ਉੱਥੋਂ ਦੇ ਪ੍ਰਮੁੱਖ ਆਗੂਆਂ ਨੂੰ ਗ੍ਰਿਫਤਾਰ ਕਰਕੇ ਪੁਲਸ ਨੇ ਜੇਲ ਵਿੱਚ ਡਕ ਦਿੱਤਾ ਸੀ। ਪੀੜਤ ਲੋਕਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਅਤੇ ਸਥਿਤੀ ਦਾ ਮੌਕੇ ‘ਤੇ ਜਾਇਜ਼ਾ ਲੈਣ ਲਈ ਜਿਉਂ ਹੀ ਮਾਨ ਆਪਣੇ ਸਾਥੀਆਂ ਸਮੇਤ ਬਠਿੰਡਾ ਤੋਂ ਪਿੰਡ ਭਾਈਰੂਪਾ ਵੱਲ ਚੱਲੇ ਤਾਂ ਕੈਂਟ ਅਤੇ ਭੁੱਚੋ ਖੁਰਦ ਦੇ ਦਰਮਿਆਨ ਹੀ ਡੀ ਐਸ ਪੀ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਹੇਠਲੀ ਭਾਰੀ ਪੁਲਸ ਫੋਰਸ ਨੇ ਉਹਨਾਂ ਨੂੰ ਰੋਕ ਲਿਆ।

ਇਸ ਤੋਂ ਜ਼ਾਹਿਰ ਹੈ ਕਿ ਸ਼੍ਰੋਮਣੀ ਕਮੇਟੀ ਦਾ ਵਰਤਾਰਾ ਗੁਰਮਤਿ ਅਨੁਸਾਰ ਸਬਰ-ਸੰਤੋਖ ਵਾਲਾ ਨਹੀਂ, ਸਗੋਂ ਰਾਜਮਦ, ਹਉਮੈਂ ਤੇ ਜ਼ਾਲਮਾਨਾ ਵਿਰਾਸਤ ਵਾਲਾ ਹੈ। ਗੁਰਧਾਮਾਂ ਤੇ ਅਕਾਲ ਤਖ਼ਤ ਸਾਹਿਬ ਨੂੰ ਕੂੜ ਦੀ ਸੱਤਾ ਤੇ ਸਿਆਸਤ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ਸ਼ੀਲ ਹੋਵੇ। ਹਿੰਸਾ ਤੇ ਭੜਕਾਊ ਨਾਅਰਿਆਂ ਦੇ ਪੈਂਤੜੇ ਨਾਲ ਸਿੱਖ ਨੌਜਵਾਨਾਂ ਦਾ ਨੁਕਸਾਨ ਹੋਵੇਗਾ। ਇਸ ਤੋਂ ਬਚਣ ਦੀ ਲੋੜ ਹੈ। ਜਦੋਂ ਸਿੱਖ ਸੰਗਤ ਇੱਕਮੁੱਠ ਹੋਵੇਗੀ, ਤਾਂ ਇਨ੍ਹਾਂ ਮਸਲਿਆਂ ਦੇ ਹੱਲ ਨਿਕਲਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top