Share on Facebook

Main News Page

ਅਫ਼ਗ਼ਾਨੀ ਸਿੱਖ - ਨਾ ਘਰ ਦੇ, ਨਾ ਘਾਟ ਦੇ

ਕਾਬੁਲ, 24 ਜੂਨ : ਇਥੋਂ ਦੇ ਸਿੱਖ ਅਤੇ ਹਿੰਦੂ ਖ਼ੁਦ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ 'ਫ਼ੁਟਬਾਲ' ਬਣ ਕੇ ਰਹਿ ਗਏ ਹਨ ਕਿਉਂਕਿ ਉਨ੍ਹਾਂ ਦਾ ਜੱਦੀ ਮੁਲਕ ਭਾਰਤ ਉਨ੍ਹਾਂ ਨੂੰ ਮਾਨਤਾ ਨਹੀਂ ਦਿੰਦਾ ਅਤੇ ਅਫ਼ਗ਼ਾਨਿਸਤਾਨ ਵਿਚ ਉਨ੍ਹਾਂ ਨਾਲ ਰੱਜ ਕੇ ਵਿਤਕਰਾ ਕੀਤਾ ਜਾਂਦਾ ਹੈ।

ਅਫ਼ਗ਼ਾਨਿਸਤਾਨ ਵਿਚ ਮੁਸਲਮਾਨਾਂ ਦੀ ਬਹੁਤਾਤ ਹੈ ਪਰ ਪੀੜ੍ਹੀਆਂ ਤੋਂ ਰਹਿ ਰਹੇ ਕੁੱਝ ਸਿੱਖਾਂ ਅਤੇ ਹਿੰਦੂਆਂ ਨੇ ਅਪਣੀਆਂ ਰਵਾਇਤਾਂ ਅਤੇ ਧਰਮ ਕਾਇਮ ਰਖਿਆ ਹੋਇਆ ਹੈ। ਉਂਜ ਇਥੇ ਇਨ੍ਹਾਂ ਲਈ ਜ਼ਿੰਦਗੀ ਏਨੀ ਸੌਖੀ ਨਹੀਂ। ਕਹਿਣ ਨੂੰ ਇਹ ਅਫ਼ਗ਼ਾਨੀ ਹਨ ਪਰ ਇਥੇ ਉਨ੍ਹਾਂ ਦੇ ਵਜੂਦ ਲਈ ਖ਼ਤਰਾ ਖੜਾ ਹੋ ਗਿਆ ਹੈ। ਉਹ ਚਾਹੁੰਦੇ ਹਨ ਕਿ ਭਾਰਤ ਉਨ੍ਹਾਂ ਨੂੰ ਮਾਨਤਾ ਦੇਵੇ ਅਤੇ ਭਾਰਤ ਵਿਚ ਵਸਣ ਲਈ ਮੌਕੇ ਅਤੇ ਕੰਮ ਪ੍ਰਦਾਨ ਕਰੇ।

ਜੜ੍ਹੀ-ਬੂਟੀਆਂ ਦੇ ਵਪਾਰੀ ਰਜਿੰਦਰ ਸਿੰਘ ਨੇ ਦਸਿਆ, 'ਸਾਡੇ ਵੱਡੇ-ਵਡੇਰੇ ਕਈ ਸਾਲ ਪਹਿਲਾਂ ਇਥੇ ਆ ਕੇ ਵਸੇ ਸਨ। ਇਥੋਂ ਦੇ ਅਰਥਚਾਰੇ 'ਤੇ ਉਨ੍ਹਾਂ ਦਾ ਏਕਾਧਿਕਾਰ ਸੀ ਪਰ ਹੁਣ ਸਾਡੇ ਲਈ ਹਾਲਾਤ ਮਾੜੇ ਹੋ ਗਏ ਹਨ। ਸਾਨੂੰ ਇਥੋਂ ਦੇ ਲੋਕਾਂ ਕੋਲੋਂ ਰੋਜ਼ਾਨਾ ਜ਼ਿੰਦਗੀ ਵਿਚ ਪ੍ਰੇਸ਼ਾਨੀਆਂ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਕੋਲ ਕੋਈ ਰੁਜ਼ਗਾਰ ਨਹੀਂ, ਬੱਚਿਆਂ ਲਈ ਪੜ੍ਹਾਈ ਨਹੀਂ। ਸਾਡੀ ਕੋਈ ਨਹੀਂ ਸੁਣਦਾ। ਅਸੀਂ ਭੈਅ ਵਾਲੇ ਮਾਹੌਲ ਵਿਚ ਜੀਅ ਰਹੇ ਹਾਂ।'

ਉਨ੍ਹਾਂ ਕਿਹਾ, 'ਪੜ੍ਹਾਈ ਵਿਚ ਸਾਡੇ ਬੱਚਿਆਂ ਨਾਲ ਵਿਤਕਰੇਬਾਜ਼ੀ ਹੁੰਦੀ ਹੈ। ਉਹ ਘਰਾਂ ਤੋਂ ਬਾਹਰ ਨਹੀਂ ਖੇਡ ਸਕਦੇ। ਮੈਂ ਦੋ ਸਾਲ ਪਹਿਲਾਂ ਭਾਰਤ ਗਿਆ ਸੀ ਪਰ ਉਥੋਂ ਦਾ ਤਜਰਬਾ ਮਾੜਾ ਰਿਹਾ ਅਤੇ ਸਾਨੂੰ ਵਾਪਸ ਆਉਣ ਲਈ ਮਜਬੂਰ ਹੋਣਾ ਪਿਆ।' ਰਜਿੰਦਰ ਸਿੰਘ ਤਿੰਨ ਹੋਰ ਹਿੰਦੂ ਪਰਵਾਰਾਂ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਉਹ ਕਹਿੰਦਾ ਹੈ ਕਿ ਸਥਾਨਕ ਸਰਕਾਰ ਕੋਈ ਮਦਦ ਨਹੀਂ ਕਰਦੀ ਅਤੇ ਭਾਰਤ ਸਰਕਾਰ ਉਨ੍ਹਾਂ ਨੂੰ ਮਾਨਤਾ ਨਹੀਂ ਦਿੰਦੀ। ਬੇਹੱਦ ਨਿਰਾਸ਼ ਦਿਸ ਰਹੇ ਰਜਿੰਦਰ ਸਿੰਘ ਨੈ ਕਿਹਾ, 'ਅਸੀਂ ਤਾਂ ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਫ਼ੁਟਬਾਲ ਬਣ ਕੇ ਰਹਿ ਗਏ ਹਾਂ। ਭਾਰਤ ਕਹਿੰਦਾ ਹੈ ਕਿ ਤੁਸੀਂ ਅਫ਼ਗ਼ਾਨੀ ਹੋ ਅਤੇ ਅਫ਼ਗ਼ਾਨਿਸਤਾਨ ਵੀ ਸਾਡੀ ਹੋਂਦ 'ਤੇ ਸਵਾਲ ਕਰਦਾ ਹੈ। ਹੁਣ ਸਾਡੀ ਟੇਕ ਸਿਰਫ਼ ਭਾਰਤ ਸਰਕਾਰ 'ਤੇ ਹੈ ਕਿਉਂਕਿ ਸਾਡੇ ਪੁਰਖੇ ਉਥੋਂ ਹੀ ਆਏ ਸਨ।' ਤਿੰਨ ਬੱਚਿਆਂ ਦੀ ਮਾਂ ਇੰਦਰ ਕੌਰ ਨੇ ਕਿਹਾ, 'ਇਥੋਂ ਦੇ ਲੋਕ ਸਾਡੀ ਕੋਈ ਕਦਰ ਨਹੀਂ ਕਰਦੇ। ਉਹ ਚਾਹੁੰਦੇ ਹਨ ਕਿ ਅਸੀਂ ਇਸਲਾਮ ਧਰਮ ਧਾਰਨ ਕਰੀਏ ਪਰ ਅਸੀਂ ਅਜਿਹਾ ਨਹੀਂ ਕਰ ਸਕਦੇ। ਉਹ ਸਾਨੂੰ ਤੰਗ ਕਰਦੇ ਹਨ ਅਤੇ ਕਈ ਵਾਰ ਸਾਡੇ ਬੱਚੇ ਵੀ ਖੋਹ ਕੇ ਲੈ ਜਾਂਦੇ ਹਨ। ਉਹ ਕਹਿੰਦੇ ਹਨ ਕਿ ਇਹ ਬੱਚੇ ਉਨ੍ਹਾਂ ਦੇ ਹਨ।'

ਇੰਦਰ ਕੌਰ ਦਾ ਕਹਿਣਾ ਹੈ ਕਿ 'ਉਹ ਚੰਗੇ ਦਿਨਾਂ ਦੀ ਆਸ 'ਚ ਭਾਰਤ ਗਈ ਸੀ ਅਤੇ ਬੱਚਿਆਂ ਲਈ ਬਸਤੇ ਅਤੇ ਕਿਤਾਬਾਂ ਖ਼ਰੀਦੀਆਂ ਸਨ, ਪਰ ਭਾਰਤ ਸਰਕਾਰ ਨੇ ਕੁੱਝ ਹੀ ਮਹੀਨਿਆਂ ਵਿਚ ਦੇਸ਼ ਛੱਡਣ ਲਈ ਕਹਿ ਦਿਤਾ।'

ਉਹ ਕਹਿੰਦੀ ਹੈ ਕਿ ਉਹ ਅਤੇ ਹੋਰ ਔਰਤਾਂ ਕਿਰਾਏ ਦੀ ਜ਼ਮੀਨ ਵਿਚ ਸਬਜ਼ੀਆਂ ਉਗਾਉਂਦੀਆਂ ਹਨ ਤਾਕਿ ਬਾਹਰ ਨਾ ਜਾਣਾ ਪੈ ਸਕੇ। ਕਾਬੁਲ ਵਿਚ ਗੁਰਦਵਾਰਾ ਵੀ ਹੈ ਜਿਥੇ ਸਿੱਖ ਮੱਥਾ ਟੇਕਣ ਜਾਂਦੇ ਹਨ। ਕਾਬੁਲ ਤੋਂ ਇਲਾਵਾ ਜਲਾਲਾਬਾਦ ਅਤੇ ਕੰਧਾਰ 'ਚ ਵੀ ਸਿੱਖ ਅਤੇ ਹਿੰਦੂ ਰਹਿੰਦੇ ਹਨ। ਹਰਿੰਦਰ ਕੁਮਾਰ ਅਤੇ ਮੁਕੇਸ਼ ਕੁਮਾਰ ਨੇ ਵੀ ਇਸੇ ਤਰ੍ਹਾਂ ਦੀਆਂ ਦੁੱਖ ਭਰੀਆਂ ਕਹਾਣੀਆਂ ਸੁਣਾਈਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top