Share on Facebook

Main News Page

ਕੱਖਾਂ ਥੱਲੇ ਦੱਬੀ ਚੰਗਿਆੜੀ
-: ਅਵਤਾਰ ਸਿੰਘ ਉੱਪਲ 94637-87110

ਸਿੱਖ ਕੌਮ ਸ਼ੁਰੂ ਤੋਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਧਿਆਤਮਕ ਅਤੇ ਸਿਆਸੀ ਅਗਵਾਈ ਲੈਂਦੀ ਆ ਰਹੀ ਹੈ ਅਤੇ ਉਥੋਂ ਜਾਰੀ ਹੋਏ ਕਿਸੇ ਵੀ ਹੁਕਮ ਨੂੰ ਰੱਬੀ ਫੁਰਮਾਨ ਸਮਝ ਕੇ ਉਸ ਉੱਪਰ ਫੁੱਲ ਚੜ੍ਹਾਉਂਦੀ ਆ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਇਤਿਹਾਸ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੀਤੇ ਗਏ ਕਈ ਫੈਸਲੇ ਗਲਤ ਵੀ ਸਾਬਤ ਹੋਏ ਹਨ। ਜਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵੱਲੋਂ ਕੀਤੀ ਗਈ ਗਲਤੀ ਲਈ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਪੇਸ਼ ਹੋ ਕੇ ਜਥੇਦਾਰ ਅਕਾਲੀ ਫੂਲਾ ਸਿੰਘ ਵੱਲੋਂ ਲਗਾਈ ਸਜ਼ਾ ਖਿੜੇ ਮੱਥੇ ਪ੍ਰਵਾਨ ਕਰ ਲਈ, ਤਾਂ ਚਾਲਾਕ ਅੰਗਰੇਜ ਨੇ ਉਸ ਵਕਤ ਹੀ ਤਾੜ ਲਿਆ ਸੀ ਕਿ ਅਗਰ ਸਿੱਖਾਂ ਨੂੰ ਕਾਬੂ ਵਿਚ ਰੱਖਣਾ ਹੈ, ਤਾਂ ਸਿੱਖਾਂ ਦੇ ਗੁਰਦੁਆਰੇ ਅਤੇ ਜਥੇਦਾਰਾਂ ਨੂੰ ਆਪਣੇ ਅਧੀਨ ਕਰਕੇ ਰੱਖਣਾ ਪਵੇਗਾ।

ਸੋ, ਅੰਗਰੇਜਾਂ ਨੇ ਪੰਜਾਬ ਉਪਰ ਕਬਜੇ ਤੋਂ ਬਾਅਦ ਗੁਰਦੁਅਰਿਆਂ ਵਿਚ ਮਹੰਤਾਂ ਦੀ ਪੁਸ਼ਤਪਨਾਹੀ ਕੀਤੀ ਅਤੇ ਅਰੂੜ ਸਿੰਘ ਵਰਗਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਰਬ੍ਰਾਹ ਨਿਯੁਕਤ ਕਰ ਦਿੱਤਾ। ਜਿਹਨਾਂ ਨੇ ਸਮੇਂ-ਸਮੇਂ 'ਤੇ ਅੰਗਰੇਜ਼ ਹਕੂਮਤ ਦਾ ਸਾਥ ਦਿੱਤਾ। ਸਿੱਖਾਂ ਵੱਲੋਂ ਅੰਗਰੇਜ ਹਕੂਮਤ ਵਿਰੁੱਧ ਚਲਾਏ ਅੰਦੋਲਨ ਸਿਆਸੀ ਘੱਟ, ਗੁਰਦੁਆਰਿਆਂ ਨੂੰ ਅਜਿਹੇ ਭ੍ਰਿਸ਼ਟ ਮਹੰਤਾਂ ਤੋਂ ਆਜ਼ਾਦ ਕਰਵਾੳਣ ਲਈ ਧਾਰਮਿਕ ਵਧੇਰੇ ਸਨ। ਸਿੱਖਾਂ ਨੇ ਲੰਮੇ ਕੁਰਬਾਨੀਆਂ ਭਰੇ ਸੰਘਰਸ਼ ਤੋਂ ਬਾਅਦ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਹੰਤਾਂ ਤੋਂ ਅਜਾਦ ਕਰਵਾ ਲਿਆ ਅਤੇ ਗੁਰਦੁਅਰਿਆਂ ਦਾ ਪ੍ਰਬੰਧ ਵਧੀਆ ਅਤੇ ਸਾਫ ਸੁੱਥਰੇ ਢੰਗ ਨਾਲ ਚਲਾਉਣ ਲਈ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਲੈ ਆਂਦੀ। ਇਸ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ, ਕਿਉਂ ਜੋ ਇਹ ਸਿੱਖਾਂ ਵੱਲੋ ਵੋਟਾਂ ਦੁਆਰਾ ਚੁਣੀ ਜਾਂਦੀ ਹੈ। ਦੇਸ਼ ਦੀ ਅਜਾਦੀ ਤੋਂ ਬਾਅਦ ਸ਼ਾਸਕ ਤਾਂ ਬਦਲ ਗਏ ਗੋਰਿਆਂ ਦੀ ਥਾਂ ਹੁਣ ਦੇਸੀ ਸ਼ਾਸਕ ਆ ਗਏ ਹਨ, ਪਰ ਇਹਨਾਂ ਦੇਸੀ ਸ਼ਾਸਕਾਂ ਨੇ ਵੀ ਨੀਤੀਆਂ ਅੰਗਰੇਜਾਂ ਵਾਲੀਆਂ ਹੀ ਅਪਣਾਈਆਂ ਹੋਈਆਂ ਹਨ। ਅਕਾਲੀ ਦਲ ਨੇ ਸ਼ੁਰੂ ਤੋਂ ਹੀ ਸਿੱਖਾਂ ਨੂੰ ਕਾਬੂ ਵਿਚ ਰੱਖਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਕਬਜਾ ਕੀਤਾ ਹੋਇਆ ਹੈ, ਵੈਸੇ ਕਹਿਣ ਨੂੰ ਤਾਂ ਸ਼੍ਰੀ ਅਕਾਲਤ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਕਰਦੀ ਹੈ, ਪਰ ਅਸਲੀਅਤ ਵਿਚ ਕਮੇਟੀ ਪ੍ਰਧਾਨ ਦੀ ਨਿਯੁਕਤੀ ਵੀ ਅਕਾਲੀ ਦਲ ਬਾਦਲ ਦਾ ਸੁਪ੍ਰੀਮੋ ਕਰਦਾ ਹੈ, ਤਾਂ ਫਿਰ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਕਮੇਟੀ ਵੱਲੋਂ ਕਰਨ ਦਾ ਅਰਥ ਹੀ ਕੀ ਰਹਿ ਜਾਂਦਾ ਹੈ?

ਜੱਥੇਦਾਰ ਦੀ ਨਿਯੁਕਤੀ ਲਈ ਯੋਗਤਾ ਕੀ ਹੋਣੀ ਚਾਹੀਦੀ ਹੈ, ਕਿੰਨੇ ਸਮੇਂ ਲਈ ਇਹ ਨਿਯੁਕਤੀ ਹੈ, ਉਸ ਨੂੰ ਹਟਾਉਣ ਦਾ ਤਰੀਕਾ ਕੀ ਹੈ, ਇਸ ਬਾਰੇ ਕਮੇਟੀ ਵਿਧਾਨ ਚੁੱਪ ਹੈ। ਜੱਥੇਦਾਰ ਨੂੰ ਇਹਨਾਂ ਨੇ ਕਮੇਟੀ ਦਾ ਇਕ ਮੁਲਾਜਮ ਬਣਾ ਕੇ ਰੱਖ ਦਿਤਾ ਹੈ, ਜਿਸ ਦੀ ਹੋਂਦ ਅਕਾਲੀ ਸੁਪ੍ਰੀਮੋ ਦੀ ਇੱਛਾ ਉੱਤੇ ਨਿਰਭਰ ਹੈ। ਜੇਕਰ ਅੰਗਰੇਜਾਂ ਵੱਲੋਂ ਥਾਪੇ ਜਥੇਦਾਰ ਅਰੂੜ ਸਿੰਘ ਨੇ ਜਲ੍ਹਿਆਂ ਵਾਲੇ ਬਾਗ ਕਾਂਡ ਦੇ ਮੁੱਖ ਦੋਸ਼ੀ ਜਰਨਲ ਡਾਇਰ ਨੂੰ ਅਕਾਲ ਤਖਤ ਸਾਹਿਬ ਉੱਪਰ ਸਨਮਾਨਿਤ ਕਰ ਦਿੱਤਾ ਸੀ ਤਾਂ ਹੁਣ ਦੇ ਜਥੇਦਾਰਾਂ ਨੇ ਬਾਦਲ, ਜਿਸ ਨੇ ਆਪਣੀ ਕੁਰਸੀ ਕਾਇਮ ਰੱਖਣ ਵਾਸਤੇ ਨਾ ਸਿਰਫ ਸਿੱਖੀ ਸਿਧਾਂਤਾਂ, ਪ੍ਰੰਪਰਾਂਵਾਂ, ਮਰਿਯਾਦਾ ਨੂੰ ਪੈਰਾਂ ਵਿੱਚ ਰੋਲ ਕੇ ਰੱਖ ਦਿੱਤਾ ਹੈ ਸਗੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਡੋਬ ਕੇ ਬਰਬਾਦ ਕਰ ਦਿੱਤਾ ਹੈ, ਨੂੰ ਫਖਰੇ ਕੌਮ ਨਾਲ ਸਨਮਾਨਿਤ ਕਰ ਦਿੱਤਾ ਹੈ, ਪਰ ਜਥੇਦਾਰ ਕੌਮ ਨੂੰ ਇਹ ਅੱਜ ਤੱਕ ਸਪੱਸ਼ਟ ਨਹੀਂ ਕਰ ਸਕੇ ਕਿ ਪਿਛਲੇ 30 ਸਾਲਾਂ ਵਿੱਚ ਬਾਦਲ ਸਾਬ੍ਹ ਦੀ ਪੰਜਾਬ ਜਾਂ ਸਿੱਖ ਕੌਮ ਨੂੰ ਕੀ ਦੇਣ ਹੈ ਜਾਂ ਉਹਨਾਂ ਨੇ ਕੌਮ ਵਾਸਤੇ ਕੀ ਵਿਸ਼ੇਸ਼ ਪ੍ਰਾਪਤੀ ਕੀਤੀ ਹੈ, ਜਿਸ ਉੱਪਰ ਕੌਮ ਨੂੰ ਫਖਰ ਹੋ ਸਕਦਾ ਹੋਵੇ ਅਤੇ ਸਿੱਟੇ ਵਜੋਂ ਜਥੇਦਾਰਾਂ ਨੇ ਬਾਦਲ ਨੂੰ ਫਖਰੇ ਕੌਮ ਨਾਲ ਸਨਮਾਨਿਤ ਕਰ ਦਿੱਤਾ ਹੋਵੇ

ਸਿੱਖ ਕੌਮ ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਸਿਆਸੀ ਸੰਘਰਸ਼ ਵਿਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ ਯੋਗ ਅਗਵਾਈ ਦੀ ਉਮੀਦ ਰੱਖਦੀ ਹੈ। ਜਥੇਦਾਰ ਭਾਵੇਂ ਉਸ ਕੌਮੀ ਉਮੀਦ ਉਪਰ ਖਰੇ ਉਤਰਨ ਜਾਂ ਨਾਂ ਇਹ ਬਾਅਦ ਦੀ ਗੱਲ ਹੈ। ਬੀਤੇ ਵਿਚ ਨਵੰਬਰ 1984 ਦੇ ਸਿਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਵਿੱਢਿਆ ਸੰਘਰਸ਼ ਹੋਵੇ, ਸੌਦੇ ਸਾਧ ਵਿਰੁੱਧ ਸਿੱਖਾਂ ਦਾ ਸੰਘਰਸ਼ ਹੋਵੇ, ਚੌੜ ਸਿਧਵਾਂ ਦੇ ਭਾਈ ਜਸਪਾਲ ਸਿੰਘ ਦੇ ਕਾਤਲਾਂ ਵਿਰੁੱਧ ਸੰਘਰਸ਼, ਭਾਈ ਰਾਜੋਆਣਾ ਅਤੇ ਪ੍ਰੋ: ਭੁੱਲਰ ਨੂੰ ਫਾਂਸੀ ਤੋਂ ਬਚਾਉਣ ਦਾ ਮਸਲਾ, ਭਾਈ ਗੁਰਬਖਸ਼ ਸਿੰਘ ਵੱਲੋਂ ਸਜ਼ਾਵਾਂ ਕੱਟ ਚੁਕੇ ਸਿੰਘਾਂ ਦੀ ਰਿਹਾਈ ਲਈ ਮੋਰਚਾ ਹੋਵੇ ਇਹਨਾਂ ਸਾਰਿਆਂ ਮੌਕਿਆਂ ਤੇ ਜਥੇਦਾਰ ਦਾ ਰੋਲ ਬਹੁਤ ਹੀ ਨਿਰਾਸ਼ਾਜਨਕ ਰਿਹਾ। ਜਥੇਦਾਰ ਨੇ ਕੌਮ ਨੂੰ ਅਗਵਾਈ ਤਾਂ ਕੀ ਦੇਣੀ ਸੀ, ਸਗੋਂ ਸੰਘਰਸ਼ ਦੀ ਤਿੱਖੀ ਹੋ ਰਹੀ ਧਾਰ ਨੂੰ ਖੁੰਢਿਆ ਹੀ ਕੀਤਾ। ਇਹਨਾਂ ਜਥੇਦਾਰਾਂ ਨੇ ਪਿਛਲੇ ਲੰਮੇ ਸਮੇਂ ਤੋਂ ਲਟਕਦੇ ਸਿੱਖ ਮਸਲਿਆਂ ਦਾ ਹੱਲ ਤਾਂ ਕੀ ਕਰਨਾ ਸੀ, ਸਗੋਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਉੱਪਰ ਆਰ.ਐਸ.ਐਸ ਦੇ ਹੱਥਾਂ ਵਿਚ ਖੇਡ ਕੇ ਕੌਮ ਨੂੰ ਬੁਰੀ ਤਰ੍ਹਾਂ ਵੰਡ ਕੇ ਰੱਖ ਦਿਤਾ ਹੈ।

ਇਸ ਸਭ ਕਾਸੇ ਨੂੰ ਦੇਖਦੇ ਹੋਏ ਕੌਮ ਵਿਚ ਜੱਥੇਦਾਰਾਂ ਦੇ ਵਿਰੁੱਧ ਵਿਆਪਕ ਪਰ ਖਾਮੋਸ਼ ਰੋਹ ਪਨਪ ਰਿਹਾ ਸੀ। 6 ਜੂਨ ਦੀ ਘਟਨਾ ਨੂੰ ਇਸੇ ਸੰਦਰਭ ਵਿੱਚ ਦੇਖਣ ਦੀ ਜਰੂਰਤ ਹੈ ਉਸ ਸਮੇਂ ਮਾਈਕ ਨਾ ਦੇਣਾ ਤਾਂ ਸਿਰਫ ਇਕ ਸੰਯੋਗ ਹੀ ਕਿਹਾ ਜਾ ਸਕਦਾ ਹੈ ਦੇਖਣ ਵਾਲੀ ਗੱਲ ਇਹ ਹੈ ਜੋ ਸਿੱਖ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਹਰ ਹੁਕਮ ਨੂੰ ਰੱਬੀ ਹੁਕਮ ਮੰਨਦੇ ਸਨ, ਉਹੀ ਸਿੱਖ ਅੱਜ ਉਹਨਾਂ ਦੇ ਸਾਹਮਣੇ ਤਲਵਾਰਾਂ ਲੈ ਕੇ ਕਿਉਂ ਖੜ੍ਹ ਗਏ। 6 ਜੂਨ ਦੀ ਘਟਨਾ ਨੂੰ ਸਥਾਪਤ ਸਿਆਸੀ ਅਤੇ ਧਾਰਮਿਕ ਅਗੂਆਂ ਨੂੰ ਇਕ ਸਬਕ ਦੇ ਤੌਰ 'ਤੇ ਲੈਣਾ ਚਾਹੀਦਾ ਹੈ ਜਥੇਦਾਰ ਸਿਆਸੀ ਗੁਲਾਮੀ ਤਿਆਗ ਕੇ ਕੌਮੀ ਹਿੱਤਾਂ ਦੀ ਤਰਜਮਾਨੀ ਕਰਨ, ਅਕਾਲੀ ਦਲ ਬਾਦਲ ਦੀ ਆਵਾਜ਼ ਨਹੀਂ, ਸਿੱਖ ਕੌਮ ਦੀ ਆਵਾਜ਼ ਬਣਨ, ਨਹੀਂ ਤਾਂ ਵਿਦ੍ਰੋਹ ਦੀ ਚੰਗਿਆੜੀ ਨੂੰ ਕੱਖਾਂ ਥੱਲੇ ਸਦਾ ਲਈ ਦਬਾਅ ਕੇ ਨਹੀਂ ਰੱਖਿਆ ਜਾ ਸਕੇਗਾ, ਹਾਂ ਕੁਝ ਸਮੇਂ ਲਈ ਅਜਿਹਾ ਸੰਭਵ ਹੈ, ਪਰ ਜਦ ਕਦੀ ਵੀ ਕਿਸੇ ਪਾਸਿਉਂ ਵੀ ਹਵਾ ਮਿਲ ਗਈ ਤਾਂ ਇਹ ਚੰਗਿਆੜੀ ਕਦੋਂ ਭਾਂਬੜ ਬਣ ਕੇ ਇਸ ਗਲੇ ਸੜੇ ਨਿਜ਼ਾਮ ਨੂੰ ਸਾੜ ਕੇ ਸੁਆਹ ਕਰ ਦੇਵੇ, ਕੁਝ ਕਿਹਾ ਨਹੀਂ ਜਾ ਸਕਦਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top