Share on Facebook

Main News Page

ਗਿਆਨੀ ਗੁਰਬਚਨ ਸਿੰਘ ਲਈ ਹੁਣ ਸਿਰਫ ਦੋ ਹੀ ਰਾਹ- ਜਾਂ ਆਪਣੇ ਉਪਰ ਲੱਗੇ ਦੋਸ਼ਾਂ ਦਾ ਪੰਥ ਦੀ ਕਚਹਿਰੀ ਵਿੱਚ ਸਪਸ਼ਟੀਕਰਣ ਦੇਵੇ ਜਾਂ ਆਪਣੇ ਅਹੁੱਦੇ ਤੋਂ ਅਸਤੀਫਾ ਦੇਵੇ

ਜਦ ਤੱਕ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਜਥੇਦਾਰੀ ਹੇਠ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਹੁਕਮਨਾਮੇ ਨੰ: ਅ 319 ਏ.ਟੀ. 00 ਮਿਤੀ 29.3.2000 ਦਾ ਦੂਸਰਾ ਹਿੱਸਾ ਸ਼੍ਰੋਮਣੀ ਕਮੇਟੀ ਲਾਗੂ ਨਹੀਂ ਕਰਦੀ, ਉਸ ਸਮੇਂ ਤੱਕ ਅਕਾਲ ਤਖ਼ਤ ਦੇ ਨਾਮ ਹੇਠ ਜਾਰੀ ਹੋਏ ਅਖੌਤੀ ਹੁਕਮਨਾਮੇ ਮੰਨਣ ਤੋਂ ਇਨਕਾਰੀ ਹੋ ਕੇ ਇਨ੍ਹਾਂ ਦਾ ਪੂਰਨ ਤੌਰ ’ਤੇ ਬਾਈਕਾਟ ਕੀਤਾ ਜਾਵੇ।

- ਕਿਰਪਾਲ ਸਿੰਘ ਬਠਿੰਡਾ
ਮੋਬ: 9855480797

ਦੁਨੀਆਂ ਦਾ ਕੋਈ ਵੀ ਰਾਜਾ ਹੋਵੇ ਜਾਂ ਧਾਰਮਿਕ ਆਗੂ ਹੋਵੇ; ਜਦੋਂ ਵੀ ਉਸ ਪਾਸ ਅਸੀਮਤ ਸ਼ਕਤੀਆਂ ਆ ਜਾਣ ਤਾਂ ਉਹ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਆਪਣੀਆਂ ਸ਼ਕਤੀਆਂ ਦਾ ਦੁਰਉਪਯੋਗ ਕਰਨ ਕਰਕੇ ਜ਼ਾਲਮ ਬਣ ਜਾਂਦਾ ਹੈ ਅਤੇ ਪੈਸਾ ਕਮਾਉਣ ਦੀ ਮੰਦ ਭਾਵਨਾ ਕਾਰਨ ਭ੍ਰਿਸ਼ਟ ਢੰਗ ਤਰੀਕੇ ਵਰਤੇ ਜਾਣ ਤੋਂ ਕਦੀ ਵੀ ਗੁਰੇਜ਼ ਨਹੀਂ ਕਰਦਾ। ਇਨ੍ਹਾਂ ਜ਼ਾਲਮ ਅਤੇ ਭ੍ਰਿਸ਼ਟ ਰਾਜੇ ਜਿਹੜੇ ਆਪਣੀ ਰਿਆਇਆ ਨੂੰ ਸੁਰੱਖਿਆ ਤੇ ਸੁੱਖ ਸਹੂਲਤਾਂ ਦੇਣ ਦਾ ਆਪਣਾ ਰਾਜ ਧਰਮ ਨਿਭਾਉਣ ਦੀ ਥਾਂ ਉਨ੍ਹਾਂ ’ਤੇ ਜ਼ੁਲਮ ਕਰਕੇ ਆਪਣੀਆਂ ਸੁੱਖ ਸਹੂਲਤਾਂ ਲਈ ਭ੍ਰਿਸ਼ਟ ਢੰਗ ਤਰੀਕੇ ਅਪਨਾਉਂਦੇ ਅਤੇ ਜੁਲਮ ਕਮਾਉਂਦੇ ਹਨ; ਉਨ੍ਹਾਂ ਵਿਰੁੱਧ ਆਵਾਜ਼ ਉਠਾਉਂਦਿਆਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤੇ: ‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍ਹਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍ਹਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥’ (ਪੰਨਾ 1288)। ਆਪਣੇ ਹਿਤਾਂ ਦੀ ਪੂਰਤੀ ਲਈ ਇਨ੍ਹਾਂ ਜਾਲਮ ਰਾਜਿਆਂ ਦਾ ਪੱਖ ਪੂਰਨ ਵਾਲੇ ਭ੍ਰਿਸ਼ਟ ਧਾਰਮਿਕ ਆਗੂਆਂ ਦੀ ਦਸ਼ਾ ਬਿਆਨ ਕਰਦੇ ਹੋਏ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤੇ: ‘ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥’ (ਪੰਨਾ 662)
ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਜ਼ਾਲਮ ਰਾਜਿਆਂ, ਭ੍ਰਿਸ਼ਟ ਧਾਰਮਿਕ ਆਗੂਆਂ ਅਤੇ ਇਨ੍ਹਾਂ ਦੇ ਹੱਥੋਂ ਪਿਸ ਰਹੀ ਗਿਆਨ ਬਿਹੂਣੀ ਪਰਜਾ; ਤਿੰਨਾਂ ਦੀ ਹੀ ਦਸ਼ਾ ਦਾ ਵਰਨਣ ਆਪਣੀ ਪਹਿਲੀ ਵਾਰ ਦੀ 30ਵੀਂ ਪਉੜੀ ਵਿੱਚ ਇਸ ਤਰ੍ਹਾਂ ਕੀਤਾ ਹੈ:

ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ ॥ ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ ॥
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ ॥ ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ ॥
ਸੇਵਕ ਬੈਠਨ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ ॥ ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈਕੇ ਹੱਕ ਗਵਾਈ ॥
ਇਸਤ੍ਰੀ ਪੁਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ ॥ ਵਰਤਿਆ ਪਾਪ ਸਭਸ ਜਗ ਮਾਂਹੀ ॥30॥

ਗੁਰੂ ਨਾਨਕ ਸਾਹਿਬ ਜੀ ਨੇ ਜ਼ਾਲਮ ਰਾਜਿਆਂ ਤੇ ਭ੍ਰਿਸ਼ਟ ਧਾਰਮਿਕ ਆਗੂਆਂ ਵਿਰੁੱਧ ਜੋਰਦਾਰ ਤਰੀਕੇ ਨਾਲ ਆਵਾਜ਼ ਬੁਲੰਦ ਕਰਕੇ ਲੋਕਾਈ ਨੂੰ ਇਨ੍ਹਾਂ ਤੋਂ ਆਜਾਦ ਹੋਣ ਲਈ ਲਾਮਵੰਦ ਕੀਤਾ ਅਤੇ ਸਮਝਾਇਆ ਕਿ ਜਦੋਂ ਆਪਣੇ ਆਪਣੇ ਮਕਸਦ ਪੂਰੇ ਕਰਨ ਲਈ ਜ਼ਾਲਮ ਰਾਜਿਆਂ ਤੇ ਭ੍ਰਿਸ਼ਟ ਧਾਰਮਿਕ ਆਗੂਆਂ ਦਾ ਨਾਪਾਕ ਗੱਠਜੋੜ ਬਣ ਜਾਵੇ ਉਸ ਸਮੇਂ ਤਾਂ ਇਹ ਮਨੁੱਖਤਾ ਲਈ ਬਹੁਤ ਹੀ ਘਾਤਕ ਸਿੱਧ ਹੁੰਦਾ ਹੈ। ਉਨ੍ਹਾਂ ਕਿਹਾ ਧਰਮੀ ਆਗੂਆਂ ਦਾ ਕੰਮ ਕਿਸੇ ਧਰਮ ਵੱਲੋਂ ਮਿਥੀਆਂ ਹੋਈਆਂ ਕੇਵਲ ਵਿਖਾਵੇ ਦੀ ਧਾਰਮਿਕ ਰਸਮਾਂ ਨਿਭਾਉਣਾ ਹੀ ਨਹੀਂ ਬਲਕਿ ਅਖੌਤੀ ਧਰਮੀਆਂ ਤੇ ਰਾਜਿਆਂ ਨੂੰ ੳਨ੍ਹਾਂ ਦਾ ਸਹੀ ਧਰਮ ਸਮਝਾਉਣਾ ਹੈ: ‘ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥2॥’ (ਪੰਨਾ 1240)। ਰਾਜਿਆਂ ਅਤੇ ਧਾਰਮਿਕ ਆਗੂਆਂ ਦੇ ਜ਼ੁਲਮ ਅਤੇ ਭ੍ਰਿਸ਼ਟਚਾਰ ਸਹਿਣ ਕਰਨ ਵਾਲੇ; ਜਾਂ ਵੇਖ ਕੇ ਅੱਖਾਂ ਮੀਟਣ ਤੇ ਚੁੱਪ ਰਹਿਣ ਵਾਲੇ ਅਖੌਤੀ ਧਰਮੀ ਲੋਕਾਂ ਨੂੰ ਵੰਗਾਰ ਪਾਉਂਦੇ ਹੋਏ ਗੁਰੂ ਅਰਜੁਨ ਸਾਹਿਬ ਜੀ ਨੇ ਬਚਨ ਉਚਾਰਣ ਕੀਤੇ: ‘ਬਿਹਾਗੜਾ ਮਹਲਾ 5 ਛੰਤ ॥ ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥ ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥ ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥ ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥ ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥1॥’ (ਪੰਨਾ 547)
ਪਰ ਅਫਸੋਸ ਹੈ ਕਿ ਜਿਸ ਸਿੱਖ ਧਰਮ ਵਿੱਚ ਰਾਜਿਆਂ ਤੇ ਭ੍ਰਿਸ਼ਟ ਧਾਰਮਿਕ ਆਗੂਆਂ ਦੇ ਗੱਠਜੋੜ ਦਾ ਸਖਤ ਵਿਰੋਧ ਕੀਤਾ ਹੈ ਅੱਜ ਉਹੀ ਨਾਪਾਕ ਗੱਠਜੋੜ ਸਿੱਖ ਧਰਮ ’ਤੇ ਕਾਬਜ਼ ਹੋ ਬੈਠਾ ਹੈ।

ਸਿੱਖ ਸਿਆਸਤ ’ਤੇ ਕਾਬਜ਼ ਰਾਜਨੀਤਕ ਆਗੂਆਂ ਨੇ ਆਪਣੇ ਮੁਫਾਦਾਂ ਦੀ ਪੂਰਤੀ ਲਈ ਅਕਾਲ ਤਖ਼ਤ ਦੇ ਆਪਣੇ ਵੱਲੋਂ ਥਾਪੇ ਗਏ ਜਥੇਦਾਰ ਤੇ ਪੰਜ ਸਿੰਘ ਸਾਹਿਬਾਨ ਨੂੰ ਸਰਬਉਚ ਕਰਕੇ ਪ੍ਰਚਾਰਿਆ ਗਿਆ ਹੈ ਅਤੇ ਪ੍ਰਚਾਰਿਆ ਜਾ ਰਿਹਾ ਹੈ। ਇਨ੍ਹਾਂ ਦੀ ਦੁਰਵਰਤੋਂ ਉਹ ਆਪਣੇ ਵਿਰੋਧੀ ਨੂੰ ਦਬਾਉਣ ਲਈ ਖ਼ੂਬ ਕਰਦੇ ਹਨ। ਸਤਾਧਾਰੀ ਰਾਜਨੀਤਕ ਆਗੂਆਂ ਵੱਲੋਂ ਥਾਪੇ ਗਏ ਇਹ ਜਥੇਦਾਰ ਅਨੇਕਾਂ ਥਾਵਾਂ ’ਤੇ ਆਪਣੇ ਅਹੁੱਦੇ ਦੀ ਦਰਵਰਤੋਂ ਕਰਦੇ ਰਹਿੰਦੇ ਹਨ; ਜਿਨ੍ਹਾਂ ਵਿੱਚੋਂ ਕੁਝ ਕੁ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਜਥੇਦਾਰਾਂ ਨੂੰ ਕਾਣੇ ਕਰਕੇ ਆਪਣੇ ਅਧੀਨ ਰੱਖਣ ਲਈ ਇਨ੍ਹਾਂ ਦੇ ਨਿਯੁਕਤੀਕਾਰ ਇਨ੍ਹਾਂ ਜਥੇਦਾਰਾਂ ਦੀਆਂ ਆਪਹੁਦਰੀਆਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਦੇ ਰਹਿੰਦੇ ਹਨ ਅਤੇ ਜਦੋਂ ਵੀ ਇਨ੍ਹਾਂ ਵਿੱਚੋਂ ਕੋਈ ਸਤਾਧਾਰੀਆਂ ਨੂੰ ਉਨ੍ਹਾਂ ਦਾ ਰਾਜਧਰਮ ਨਿਭਾਉਣ ਜਾਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਗੁਰਮਤਿ ਵਿਰੋਧੀ ਕੰਮ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਦੀ ਹਿਕਾਮਤ ਕਰ ਬੈਠਣ ਤਾਂ ਝੱਟ ਉਨ੍ਹਾਂ ਵੱਲੋਂ ਕੀਤੀਆਂ ਆਪਹੁਦਰੀਆਂ ਦਾ ਕੇਸ ਖੋਲ੍ਹ ਕੇ ਜਥੇਦਾਰੀ ਤੋਂ ਲਾਹ ਸੁੱਟਦੇ ਹਨ। ਇਸ ਤਰ੍ਹਾਂ ਦਿਨੋ ਦਿਨ ਇਨ੍ਹਾਂ ਜਥੇਦਾਰਾਂ ਅਤੇ ਸਿਆਸੀ ਲੋਕਾਂ ਦੇ ਗੱਠਜੋੜ ਵੱਲੋਂ ਕੀਤੀਆਂ ਜਾਂਦੀਆਂ ਆਪ ਹੁਦਰੀਆਂ ਨਾਲ ਜੋ ਜਗਤ ਹਸਾਈ ਹੋ ਰਹੀ ਹੈ ਇਸ ਨਾਲ ਪੰਥ ਲਈ ਗੰਭੀਰ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਜੇ ਇਨ੍ਹਾਂ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਸਿੱਖਾਂ ਲਈ ਆਪਣੇ ਮਹਾਨ ਗੁਰੂਆਂ ਨੂੰ ਮੂੰਹ ਵਿਖਾਉਣਾ ਵੀ ਮੁਸ਼ਕਲ ਹੋ ਜਾਵੇਗਾ।

ਤਾਜ਼ਾ ਘਟਨਾ ਖ਼ਾਲਸਾ ਬੁਲੇਟਿਨ ਦੇ ਮੁੱਖ ਸੰਪਾਦਕ ਅਤੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਲਸੂਰ, ਬੰਗਲੌਰ ਦੇ ਅਹੁਦੇਦਾਰ ਡਾ: ਹਰਮਿੰਦਰ ਸਿੰਘ ਦੀ ਹੈ। ਇਸ ਕੇਸ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਅਦਾਲਤ, ਜਿਸ ਵਿੱਚ ਉਸ ਦਾ ਕੇਸ ਚੱਲ ਰਿਹਾ ਹੈ, ਹੀ ਆਪਣੇ ਫੈਸਲੇ ਵਿੱਚ ਦੱਸ ਸਕਦੀ ਹੈ ਜਾਂ ਸਭ ਤੋਂ ਵੱਧ ਅਕਾਲ ਪੁਰਖ, ਜਿਸ ਦੀਆਂ ਨਜ਼ਰਾਂ ਵਿੱਚੋਂ ਕੁਝ ਵੀ ਛੁਪਾਇਆ ਨਹੀਂ ਜਾ ਸਕਦਾ ਅਤੇ ਉਹ ਸਭ ਦੇ ਦਿਲਾਂ ਦੀ ਜਾਨਣ ਵਾਲੇ ਹਨ, ਹੀ ਜਾਣੀ ਜਾਣ ਹਨ। ਪਰ ਜੋ ਕੁਝ ਹੁਣ ਤੱਕ ਡਾ: ਹਰਮਿੰਦਰ ਸਿੰਘ ਦੀਆਂ ਚਿੱਠੀਆਂ ਅਤੇ ਮੀਡੀਏ ਰਾਹੀਂ ਸਾਹਮਣੇ ਆਇਆ ਹੈ ਉਸ ਅਨੁਸਾਰ ਕੁਝ ਮਨਮਤਾਂ ਕਰਨ ਵਾਲੇ ਜਿਨ੍ਹਾਂ ਦੀਆਂ ਖ਼ਬਰਾਂ ਉਸ ਨੇ ਖ਼ਾਲਸਾ ਬੁਲੇਟਿੰਨ ਵਿੱਚ ਛਾਪੀਆਂ ਸਨ ਉਸ ਦੇ ਵਿਰੋਧੀ ਬਣ ਗਏ ਜਿਸ ਕਾਰਣ ੳਸ ਨੂੰ ਗੁਰਦੁਆਰਾ ਪ੍ਰਬੰਧ ਵਿੱਚੋਂ ਬਾਹਰ ਰੱਖਣ ਲਈ ਉਸ ’ਤੇ ਗੁਰਦੁਅਰੇ ਵਿੱਚ ਬੱਜ਼ਰ ਕੁਰਹਿਤ ਕਰਨ ਦਾ ਇੱਕ ਪਾਸੇ ਤਾਂ ਅਦਾਲਤ ਵਿੱਚ ਝੂਠਾ ਕੇਸ ਪਾ ਦਿੱਤਾ ਤੇ ਦੂਸਰੇ ਪਾਸੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸ਼ਿਕਾਇਤ ਕਰ ਦਿੱਤੀ। ਅਦਾਲਤ ਵਿੱਚ ਕੇਸ ਦਾ ਫੈਸਲਾ ਡਾ: ਹਰਮਿੰਦਰ ਸਿੰਘ ਦੇ ਹੱਕ ਵਿੱਚ ਹੋ ਗਿਆ ਤੇ ਫੈਸਲੇ ਵਿਰੁੱਧ ਵਿਰੋਧੀ ਵੱਲੋਂ ਕੀਤੀ ਅਪੀਲ਼ ਵੀ ਖ਼ਾਰਜ਼ ਹੋ ਗਈ। ਪਰ ਵਿਰੋਧੀ ਧਿਰ ਡਾ: ਹਰਮਿੰਦਰ ਸਿੰਘ ਨੂੰ ਇਸ ਕੇਸ ਅਤੇ ਇਸ ਨਾਲ ਸਬੰਧਤ ਹੋਰ ਕਈ ਕੇਸਾਂ ਵਿੱਚ ਉਲਝਾ ਰਹੀ ਹੈ ਜਿਸ ਕਾਰਣ ਹੁਣ ਵੀ ਕਈ ਕੇਸ ਅਦਾਲਤ ਵਿੱਚ ਚੱਲ ਰਹੇ ਹਨ ਤੇ ਡਾ: ਹਰਮਿੰਦਰ ਸਿੰਘ ’ਤੇ ਅਦਾਲਤ ਦੀ ਆਗਿਆ ਬਿਨਾ ਕਰਨਾਟਕਾ ਛੱਡ ਜਾਣ ’ਤੇ ਪਾਬੰਦੀ ਲੱਗੀ ਹੋਈ ਹੈ।

ਡਾ: ਹਰਮਿੰਦਰ ਸਿੰਘ ਅਨੁਸਾਰ ਸਿੱਖ ਮਾਨਸਿਕਤਾ ’ਤੇ; ਅਕਾਲ ਤਖ਼ਤ ਦੇ ਜਥੇਦਾਰਾਂ ਦੇ ਚੱਲ ਰਹੇ ਦਬਦਬੇ ਕਾਰਣ ਅਤੇ ਉਨ੍ਹਾਂ ਵੱਲੋਂ ਪੈਸੇ ਲੈ ਕੇ ਹੁਕਮਨਾਮੇ ਜਾਰੀ ਕਰਨ ਦੀ ਹਕੀਕਤ ਜਾਣਦੇ ਹੋਏ ਉਨ੍ਹਾਂ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਰਿਸ਼ਵਤ ਵਜੋਂ ਕੁਝ ਪੈਸੇ ਦੇ ਕੇ ਕੇਸ ਰਫਾਦਫਾ ਕਰਨਾ ਚਾਹਿਆ। ਉਹ ਮਿਤੀ 18.5.12 ਨੂੰ ਜਥੇਦਾਰ ਦੇ ਸੱਦੇ ’ਤੇ ਉਸ ਕੋਲੋਂ ਸਮਾਂ ਲੈ ਕੇ ਅਕਾਲ ਤਖ਼ਤ ’ਤੇ ਪੇਸ਼ ਵੀ ਹੋਇਆ ਤੇ ਆਪਣਾ ਸਪਸ਼ਟੀਕਰਣ ਦਿੱਤਾ। ਗਿਆਨੀ ਗੁਰਬਚਨ ਸਿੰਘ ਨੇ ਇੱਕੋ ਵਾਰ ਕੇਸ ਰਫਾਦਫਾ ਕਰਨ ਦੀ ਥਾਂ ਡਾ: ਹਰਮਿੰਦਰ ਸਿੰਘ ਨੂੰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਜਾਣ ਕੇ ਕੇਸ ਨੂੰ ਲਟਕਦੀ ਅਵਸਥਾ ਵਿੱਚ ਰੱਖਣਾ ਬਿਹਤਰ ਸਮਝਿਆ। ਇਸ ਲਈ ਸਮੇਂ ਸਮੇਂ ਸਿਰ ਉਸ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਸਥਿਤੀ ਸਪਸ਼ਟ ਕਰਨ ਲਈ ਹਦਾਇਤਾਂ ਜਾਰੀ ਹੁੰਦੀਆਂ ਰਹੀਆਂ ਅਤੇ ਸੋਨੇ ਦਾ ਅੰਡਾ ਮਿਲ ਜਾਣ ਤੇ ਕੇਸ ਅਗਲੀ ਪੇਸ਼ੀ ਤੱਕ ਲਮਕਾ ਦਿੱਤਾ ਜਾਂਦਾ; ਜਦੋਂ ਕਿ ਡਾ: ਹਰਮਿੰਦਰ ਸਿੰਘ ਵਾਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀਆਂ ਲਿਖ ਕੇ ਹੇਠ ਲਿਖੀਆਂ ਬੇਨਤੀਆਂ ਕਰਦਾ ਰਿਹਾ:-

1. ਕ੍ਰਿਪਾ ਕਰਕੇ ਮੇਰੇ ਮਿਤੀ 18.05.12 ਵਾਲੇ ਸਪਸ਼ਟੀਕਰਨ ਤੇ ਮੁਆਫੀਨਾਮੇ ਨੂੰ ਸਵੀਕਾਰ ਕਰਦੇ ਹੋਏ, ਮੈਨੂੰ ਮਾਫ ਕਰਕੇ ਇਸ ਕੇਸ ਨੂੰ ਬੰਦ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ। -ਜਾਂ-
2. ਮੈਨੂੰ ਤਨਖਾਹ ਲਗਾ ਦਿਤੀ ਜਾਵੇ, ਸ੍ਰੀ ਅਕਾਲ ਤਖਤ ਸਾਹਿਬ ਵਲੋ ਮੈਨੂੰ ਜੋ ਵੀ ਤਨਖਾਹ ਲਗਾਈ ਜਾਵੇਗੀ, ਮੈਂ ਉਸ ਤਨਖਾਹ ਨੂੰ ਖਿੜੇ ਮੱਥੇ ਪਰਵਾਨ ਕਰਾਂਗਾ। -ਜਾਂ-
3. ਮੈਨੂੰ ਇਸ ਗੱਲ ਦੀ ਆਗਿਆ ਦੇ ਦਿਤੀ ਜਾਵੇ ਕਿ ਬੰਗਲੌਰ ਦੀ ਅਦਾਲਤ ਵਲੋਂ ਕਰਨਾਟਕਾ ਤੋ ਬਾਹਰ ਜਾਣ ਦੀ ਆਗਿਆ ਮਿਲਣ ਤੋਂ ਉਪ੍ਰੰਤ, ਮੈਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਸਕਦਾ ਹਾਂ। -ਜਾਂ-
4. ਆਪ ਜੀ ਸਿੱਧੇ ਮਾਨਯੋਗ High Court of Karnataka and III-ACM Magistrate, Bangalore  ਨੂੰ ਪੱਤਰ ਜਾਰੀ ਕਰ ਦਿਉ। ਅਗਰ ਉਪ੍ਰੋਕਤ ਅਦਾਲਤ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਉਣ ਦੀ ਆਗਿਆ ਦੇ ਦੇਵੇਗੀ ਤਾਂ ਮੈ ਆਪ ਜੀ ਕੋਲ ਦੁਬਾਰਾ ਹਾਜ਼ਰ ਹੋ ਜਾਵਾਂਗਾ। -ਜਾਂ-
5. ਆਪ ਜੀ ਆਪਣੇ ਕਿਸੇ ਵੀ ਆਦਮੀ ਕੋਲੋਂ ਇਸ ਗੱਲ ਦੀ ਤਪਤੀਸ਼ ਕਰਵਾ ਸਕਦੇ ਹੋ ਕਿ ਮੈਂ ਆਪ ਜੀ ਵੱਲ ਸਚਾਈ ਲਿਖ ਰਿਹਾ ਹਾਂ ਜਾਂ ਨਹੀਂ। ਆਪ ਜੀ ਵਲੋਂ ਨਾਮਜ਼ਦ ਕੀਤਾ ਹੋਇਆ ਆਦਮੀ ਪੁਲੀਸ ਤੇ ਅਦਾਲਤ ਦੋਵਾਂ ਕੋਲੋਂ ਸਾਰੇ ਦਸਤਾਵੇਜ਼ਾਂ ਦੀ ਛਾਣਬੀਣ ਕਰਕੇ, ਆਪ ਜੀ ਨੂੰ ਸਚਾਈ ਪੇਸ਼ ਕਰ ਸਕਦਾ ਹੈ।

ਪਰ ਹਰਮਿੰਦਰ ਸਿੰਘ ਦੀਆਂ ਇਨ੍ਹਾਂ ਬੇਨਤੀ ਰੂਪ ਵਿੱਚ ਚਿੱਠੀਆਂ ਦੀ ਜਥੇਦਾਰ ਨੇ ਕੋਈ ਪ੍ਰਵਾਹ ਨਾ ਕੀਤੀ ਅਤੇ ਅੰਤ ਹਮੇਸ਼ਾਂ ਲਈ ਸੋਨੇ ਦਾ ਅੰਡਾ ਦੇਣ ਤੋਂ ਨਾਂਹ ਕਰਨ ’ਤੇ ਅਕਾਲ ਤਖ਼ਤ ’ਤੇ ਪੰਜ ਸਿੰਘ ਸਾਹਿਬਾਨ ਦੀ 15 ਜੂਨ 2014 ਨੂੰ ਹੋਈ ਮੀਟਿੰਗ ਵਿੱਚ ਡਾ: ਹਰਮਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦੇ ਕੇ ਹਦਾਇਤ ਕਰ ਦਿੱਤੀ ਕਿ ਪੰਜਾਂ ਦੀ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਪੇਸ਼ ਹੋ ਕੇ ਤਨਖਾਹ ਲਗਵਾਏ।

ਇਸ ਤੋਂ ਡਾ: ਹਰਮਿੰਦਰ ਸਿੰਘ ਨੇ ਅਕਾਲ ਤਖ਼ਤ ਦੇ ਨਾਮ ਹੇਠ ਚੱਲ ਰਹੇ ਰਿਸ਼ਵਤ ਕਾਂਡ ਦਾ ਭਾਂਡਾ ਭੰਨਦਿਆਂ ਉਹ ਸਾਰੇ ਚੈੱਕ ਜਿਨ੍ਹਾਂ ਰਾਹੀਂ ਉਸ ਨੇ ਜਥੇਦਾਰ ਦੇ ਕਹਿਣ ’ਤੇ ਉਸ ਦੇ ਪੀਏ ਇੰਦਰਮੋਹਨ ਸਿੰਘ ਨੂੰ ਅਦਾਇਗੀ ਕੀਤੀ ਸੀ; ਨਸ਼ਰ ਕਰ ਦਿੱਤੇ। ਇਹ ਬਹੁਤ ਹੀ ਗੰਭੀਰ ਮਸਲਾ ਹੈ। ਰਿਸ਼ਵਤ ਦੇਣ ਦੇ ਸਬੂਤ ਦਿੱਤੇ ਜਾਣ ’ਤੇ ਕਿਸੇ ਸਰਕਾਰੀ ਜਾਂ ਅਰਧ ਸਰਕਾਰੀ ਦਫਤਰਾਂ ਦਾ ਕਰਮਚਾਰੀ ਵੀ ਆਪਣੇ ਅਹੁੱਦੇ ’ਤੇ ਬਣਿਆ ਨਹੀਂ ਰਹਿ ਸਕਦਾ ਇਸ ਲਈ ਉਸ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਪੜਤਾਲ ਸ਼ੁਰੂ ਕਰ ਦਿੱਤ ਜਾਂਦੀ ਹੈ ਪਰ ਧਰਮ ਦੇ ਖੇਤਰ ਵਿੱਚ ਤਾਂ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਿਲਕੁਲ ਹੀ ਬ੍ਰਦਾਸ਼ਤ ਕਰਨਯੋਗ ਨਹੀਂ ਹੋ ਸਕਦਾ। ਜਦੋਂ ਮਾਇਆਵੇੜੇ ਮਨੁੱਖ ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਵਿੱਚ ਘਿਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਧਾਰਮਿਕ ਸਖ਼ਸ਼ੀਅਤ ਕੋਲੋਂ ਇਹ ਪ੍ਰੇਰਣਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਇਹ ਮਾਇਆ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ; ਇਸ ਦੀ ਸੋਭਾ ਕੁਝ ਹੀ ਦਿਨ ਲਈ ਹੁੰਦੀ ਹੈ ਤੇ ਮਰਨ ਸਮੇਂ ਨਾਲ ਨਿਭਣ ਵਾਲੀ ਨਹੀਂ ਹੈ ਇਸ ਲਈ ਇਸ ਪਿੱਛੇ ਆਪਣਾ ਦੀਨ ਇਮਾਨ ਨਾ ਗਵਾ: ‘ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥3॥’ (ਪੰਨਾ 417), ‘ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥5॥’ (ਪੰਨਾ 429)। ਪਰ ਇਸ ਕੇਸ ਵਿੱਚ ਤਾਂ ਸਿੱਖ ਧਰਮ ਦੀ ਸਭ ਤੋਂ ਉੱਚੀ ਸੀਟ ’ਤੇ ਬੈਠਾ ਜਥੇਦਾਰ ਅਕਾਲ ਤਖ਼ਤ, ਗਿਆਨੀ ਗੁਰਬਚਨ ਸਿੰਘ; ਜਿਸ ਦੇ ਹੁਕਮਾਂ ਨੂੰ ਬਦਕਿਸਮਤੀ ਨਾਲ ਸਿੱਖ ਜਗਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਤੋਂ ਵੀ ਵੱਧ ਮਹਾਨਤਾ ਦਿੱਤੀ ਜਾਣ ਲੱਗ ਪਈ ਹੈ; ਉਹ ਖ਼ੁਦ ਹੀ ਗੁਰੂ ਦੀਆਂ ਉਕਤ ਸਿਖਿਆਵਾਂ ਤੋਂ ਕੋਹਾਂ ਦੂਰ ਜਾਪਦਾ ਹੈ ਜਿਸ ਤੇ ਭਾਈ ਗੁਰਦਾਸ ਜੀ ਦਾ ਇਹ ਕਬਿੱਤ ਪੂਰੀ ਤਰ੍ਹਾਂ ਠੀਕ ਢੁਕਦਾ ਵਿਖਾਈ ਦਿੰਦਾ ਹੈ:

ਬਾਹਰ ਕੀ ਅਗਨਿ ਬੂਝਤ ਜਲ ਸਰਿਤਾ ਕੈ, ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ।
ਬਾਹਰਿ ਸੈ ਭਾਗਿ ਓਟ ਲੀਜੀਅਤ ਕੋਟ ਗੜ੍ਹ, ਗੜ੍ਹ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ।
ਚੋਰਨ ਕੇ ਤ੍ਰਾਸ ਜਾਏ ਸ਼ਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ।
ਮਾਇਆ ਡਰ ਡਰਪਤ ਹਾਰਿ ਗੁਰਦੁਆਰੈ ਜਾਵੈ, ਤਹਾਂ ਜੋ ਮਾਇਆ ਬਿਆਪੈ ਕਹਾਂ ਠਹਰਾਈਐ।

ਅਰਥ=ਬਾਹਰ ਲੱਗੀ ਅੱਗ ਨੂੰ ਜਿਵੇਂ ਪਾਣੀ ਪਾਕੇ ਬੁਝਾ ਲਈਦਾ ਹੈ, ਪਰ ਜੇਕਰ ਬੇੜੀ ਵਿੱਚ ਹੀ ਅੱਗ ਲੱਗ ਜਾਵੇ ਤਾਂ ਫਿਰ ਕੀ ਕਰੀਏ? ਬਾਹਰੋਂ ਲੁਟੇਰਿਆਂ ਤੋਂ ਬਚਣ ਲਈ ਮਨੁਖ ਕਿਸੇ ਕਿਲੇ ਵਿੱਚ ਚਲਾ ਜਾਵੇ ਪਰ ਜੇ ਕਿਲੇ ਵਿੱਚ ਹੀ ਲੁੱਟਣ ਵਾਲਾ ਬੈਠਾ ਹੋਵੇ ਤਾਂ ਫਿਰ ਕੀ ਕੀਤਾ ਜਾ ਸਕਦਾ ਹੈ? ਬਾਹਰੋਂ ਚੋਰਾਂ ਦਾ ਸਤਾਇਆ ਗਰੀਬ ਜਦੋਂ ਰਾਜੇ ਦੀ ਸ਼ਰਨ ਇਹ ਆਸ ਲੈਕੇ ਜਾਂਦਾ ਹੈ ਕਿ ਰਾਜਾ ਮੇਰੀ ਰਾਖੀ ਕਰੇਗਾ, ਪਰ ਜਦੋਂ ਰਾਜਾ ਹੀ ਚੋਰ ਬਣ ਜਾਵੇ ਤਾਂ ਕੀ ਕਰੀਏ? ਮਾਇਆ ਦੇ ਡਰ ਤੋਂ ਬਚਣ ਲਈ ਮਨੁੱਖ ਸੱਚ ਦਾ ਗਿਆਨ ਲੈਣ ਲਈ ਗੁਰਦੁਆਰੇ ਜਾਂਦਾ ਹੈ ਪਰ ਜਦੋਂ ਉਥੇ ਜਾਕੇ ਵੀ ਮਾਇਆ ਹੀ ਦਬੋਚ ਲਵੇ ਫਿਰ ਹੋਰ ਕਿਸ ਤੋਂ ਆਸ ਲਾਈ ਜਾ ਸਕਦੀ ਹੈ?

ਐਨ ਇਸੇ ਤਰ੍ਹਾ ਜਦੋਂ ਅਕਾਲ ਤਖ਼ਤ ਦਾ ਜਥੇਦਾਰ ਹੀ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਜਾਵੇ ਤਾਂ ਕੌਮ ਵਿੱਚ ਦਿਨੋ ਦਿਨ ਆ ਰਹੇ ਨਿਘਾਰ ਦੀ ਸ਼ਿਕਾਇਤ ਕਿਸ ਪਾਸ ਕਰੀਏ?

ਗਿਆਨੀ ਗੁਰਬਚਨ ਸਿੰਘ ਤੋਂ ਜਦੋਂ ਪੁੱਛਿਆ ਗਿਆ ਕਿ ਇਸ ਦਾ ਕੀ ਖਾਸ ਕਾਰਨ ਸੀ ਕਿ ਤੁਸੀਂ ਇਹ ਮਾਮਲਾ ਦੋ ਸਾਲ ਲਮਕਾ ਕੇ ਰਖਿਆ ਅਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੱਕਦਮ ਤਨਖਾਹ ਕਿਉਂ ਨਹੀਂ ਲਗਾਈ? ਇਸ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜਦੋਂ ਵੀ ਉਸ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋਣ ਲਈ ਬੁਲਾਇਆ ਜਾਂਦਾ ਸੀ ਤਾਂ ਉਹ ਕਦੀ ਅਦਾਲਤ ਦਾ ਬਹਾਨਾ ਅਤੇ ਕਦੀ ਕੋਈ ਹੋਰ ਬਹਾਨਾ ਬਣਾ ਕੇ ਪੇਸ਼ ਹੋਣ ਲਈ ਹੋਰ ਸਮੇਂ ਦੀ ਮੰਗ ਕਰਦਾ ਸੀ। ਇਸ ਲਈ ਸਮਾਂ ਤਾਂ ਉਸ ਨੂੰ ਦੇਣਾ ਹੀ ਪੈਣਾ ਸੀ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਅਸਲ ਵਿੱਚ ਹਰਮਿੰਦਰ ਸਿੰਘ ਚਾਹੁੰਦਾ ਸੀ ਕਿ ਉਸ ਨੂੰ ਬਿਨਾਂ ਪੇਸ਼ ਹੋਏ ਹੀ ਤਨਖਾਹ ਲਾ ਦਿੱਤੀ ਜਾਵੇ; ਉਹ ਪ੍ਰਵਾਨ ਕਰ ਲਵੇਗਾ। ਪਰ ਉਸ ਨੂੰ ਦੱਸਿਆ ਗਿਆ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ; ਇੱਕ ਵਾਰ ਪੰਜਾਂ ਸਿੰਘ ਸਾਹਿਬਾਨ ਦੇ ਅੱਗੇ ਪੇਸ਼ ਤਾਂ ਹੋਣਾ ਹੀ ਪਵੇਗਾ। ਜਦੋਂ ਇਹ ਪੁੱਛਿਆ ਗਿਆ ਕਿ 18/5/12 ਨੂੰ ਜਦੋਂ ਡਾ: ਹਰਮਿੰਦਰ ਸਿੰਘ; ਤੁਹਾਡੇ ਸੱਦੇ ’ਤੇ ਅਤੇ ਤੁਹਾਥੋਂ ਸਮਾਂ ਲੈ ਕੇ ਸੱਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੁਹਾਡੇ ਸਾਹਮਣੇ ਪੇਸ਼ ਹੋਇਆ ਸੀ, ਤਾਂ ਤੁਸੀਂ ਉਸ ਦਿਨ ਉਸ ਨੂੰ ਤਨਖਾਹ ਕਿਉਂ ਨਹੀਂ ਸੀ ਲਗਾਈ? ਇਸ ਦੇ ਜਵਾਬ ਵਿੱਚ ਜਥੇਦਾਰ ਜੀ ਨੇ ਕਿਹਾ ਉਸ ਦਿਨ ਉਸ ਨੂੰ ਦੱਸਿਆ ਗਿਆ ਸੀ ਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਜੋ ਫੈਸਲਾ ਕਰਨਾ ਹੈ ਉਹ ਪੰਜਾਂ ਦੀ ਮੀਟਿੰਗ ਵਿੱਚ ਹੀ ਕੀਤਾ ਜਾ ਸਕਦਾ ਹੈ ਇਸ ਲਈ ਦੁਬਾਰਾ ਉਸ ਸਮੇਂ ਹੀ ਆਉਣਾ ਜਦੋਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇਗੀ।

ਜਥੇਦਾਰ ਜੀ ਦੇ ਇਹ ਜਵਾਬ ਵੀ ਦਸਦੇ ਹਨ ਕਿ ਕਿਸ ਤਰ੍ਹਾਂ ਉਹ ਕਿਸੇ ਕੰਮ ਨੂੰ ਕਰਨ ਜਾਂ ਨਾ ਕਰਨ ਲਈ ਬਹਾਨੇ ਤਿਆਰ ਰਖਦੇ ਹਨ, ਇਹ ਸਮਝਣ ਲਈ ਹੇਠ ਲਿਖੀਆਂ ਕੁਝ ਉਦਾਹਰਣਾਂ ਵੀਚਾਰਣਯੋਗ ਹਨ:

1. ਮਤਾ ਨੰਬਰ 1 (ਮੀਮੋ ਨੰ: ਅ:3/09/3570, ਮਿਤੀ 30.12.2009) ਰਾਹੀਂ ਪੰਜ ਸਿੰਘ ਸਾਹਿਬਨ ਨੇ ਮਤਾ ਪਾਸ ਕਰਕੇ ਕਾਰਜਕਾਰਣੀ ਕਮੇਟੀ ਨੂੰ ਭੇਜਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਪੋਹ ਸੁਦੀ ਸੱਤਮੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਬਿਰਾਜਮਾਨ ਹੋਣ ਦਾ ਗੁਰਪੁਰਬ ਕੱਤਕ ਸੁਦੀ ਦੂਜ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਕੱਤਕ ਸੁਦੀ ਪੰਚਮੀ ਨੂੰ ਮਨਾਇਆ ਜਾਵੇ। ਇਸ ਮਤੇ ਦੀ ਆਖਰੀ ਲਾਈਨ ਵਿੱਚ ਇਹ ਵੀ ਲਿਖਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਦੀਆˆ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਦਾ ਫੈਸਲਾ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਇਸ ਦੀ ਰੀਪੋਰਟ ਅਕਾਲ ਤਖ਼ਤ ਵਿਖੇ ਭੇਜੀ ਜਾਵੇ। ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸੰਗ੍ਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਦੇ ਹੱਕ ਵਿੱਚ ਨਹੀਂ ਸੀ ਅਤੇ ਅੱਜ ਵੀ ਉਹ ਆਪਣੇ ਸਟੈਂਡ ’ਤੇ ਪੂਰੀ ਤਰ੍ਹਾਂ ਦ੍ਰਿੜ ਹੈ। ਇਸ ਲਈ ਗਿਆਨੀ ਗੁਰਬਚਨ ਸਿੰਘ ਨੇ 2010-11 ਲਈ ਸੋਧਿਆ ਹੋਇਆ ਕੈਲੰਡਰ ਜਾਰੀ ਕਰਨ ਸਮੇਂ ਬਾਕੀ ਤਖ਼ਤਾਂ ਦੇ ਚਾਰ ਜਥੇਦਾਰ ਲੈਣ ਦੀ ਬਜਾਏ ਦਰਬਾਰ ਸਾਹਿਬ ਦੇ ਚਾਰ ਗ੍ਰੰਥੀ ਲੈ ਕੇ ਕੈਲੰਡਰ ਰੀਲੀਜ ਕਰ ਦਿੱਤਾ ਜਿਸ ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਸਹਿਮਤੀ ਦੇ ਉਲਟ ਸਿਰਫ ਸੰਗ੍ਰਾਂਦਾਂ ਹੀ ਬਿਕ੍ਰਮੀ ਕੈਲੰਡਰ ਅਨੁਸਾਰ ਨਹੀਂ ਸੀ ਕੀਤੀਆਂ ਗਈਆਂ ਸਗੋਂ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ 2 ਹਾੜ ਤੋਂ ਬਦਲ ਕੇ ਜੇਠ ਸੁਦੀ 4 ਕਰ ਦਿੱਤੀ। ਇਸ ਸੋਧ ਨਾਲ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਕਦੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਤੋਂ ਪਹਿਲਾਂ ਆ ਜਾਂਦਾ ਹੈ ਅਤੇ ਕਦੀ ਪਿੱਛੋਂ। ਇਸੇ ਕਾਰਣ ਸਮੁੱਚੀ ਸਿੱਖ ਕੌਮ ਗੁਰਪਰਬਾਂ ਦੀਆਂ ਮਿਤੀਆਂ ਸਬੰਧੀ ਅੱਜ ਤੱਕ ਭੰਬਲਭੂਸੇ ਵਿੱਚ ਫਸੀ ਹੋਈ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਕੌਮ ਦਾ ਕੈਲੰਡਰ ਸੋਧ ਦੇ ਨਾਮ ’ਤੇ ਵਿਗਾੜ ਕੇ ਇਕੱਲਾ ਗਿਆਨੀ ਗੁਰਬਚਨ ਸਿੰਘ ਹੀ ਮੌਕੇ ’ਤੇ ਹਾਜਰ ਚਾਰ ਗ੍ਰੰਥੀਆਂ ਨੂੰ ਨਾਲ ਲੈ ਕੇ ਰੀਲੀਜ ਕਰ ਸਕਦਾ ਹੈ ਤਾਂ ਹਰਮਿੰਦਰ ਸਿੰਘ ਸਬੰਧੀ ਫੈਸਲਾ ਚਾਰ ਗ੍ਰੰਥੀ ਲੈ ਕੇ ਕਿਉਂ ਨਹੀਂ ਕੀਤਾ ਜਾ ਸਕਦਾ?

2. ਨਿਹੰਗ ਧਰਮ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਅਤੇ ਗੁਰਿਆਈ ਨੂੰ ਮੁੱਢੋਂ ਰੱਦ ਕਰਨ ਕਰਕੇ ਉਸ ਨੂੰ ਸਪਸ਼ਟੀਕਰਨ ਦੇਣ ਲਈ ਵਾਰ ਵਾਰ ਬੁਲਾਏ ਜਾਣ ਦੇ ਬਾਵਯੂਦ ਅਕਾਲ ਤਖ਼ਤ ’ਤੇ ਪੇਸ਼ ਨਾ ਹੋਣ ਕਾਰਣ ਪੰਜ ਸਿੰਘ ਸਾਹਿਬਾਨਾਂ ਨੇ ਉਸ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਪਰ ਬਾਅਦ ਵਿੱਚ ਇਹ ਫੈਸਲਾ ਇਸ ਅਧਾਰ ’ਤੇ ਵਾਪਸ ਲੈ ਲਿਆ ਗਿਆ ਕਿ ਇਹ ਕੇਸ ਪਹਿਲਾਂ ਹੀ ਅਦਾਲਤ ਵਿੱਚ ਚਲਦਾ ਹੋਣ ਕਰਕੇ ਅਕਾਲ ਤਖ਼ਤ ’ਤੇ ਵੀਚਾਰਿਆ ਨਹੀਂ ਜਾ ਸਕਦਾ। ਜਥੇਦਾਰਾਂ ਅਨੁਸਾਰ ਉਸ ਸਮੇਂ ਅਦਾਲਤ ਵਿੱਚ ਚੱਲ ਰਿਹਾ ਕੇਸ ਪੰਜ ਸਿੰਘ ਸਾਹਿਬਾਨ ਦੇ ਧਿਆਨ ਵਿੱਚ ਨਾ ਹੋਣ ਕਰਕੇ ਧਰਮ ਸਿੰਘ ਵਿਰੁੱਧ ਫੈਸਲਾ ਲੈ ਲਿਆ ਗਿਆ ਸੀ ਤੇ ਹੁਣ ਪਤਾ ਲੱਗਣ ’ਤੇ ਉਹ ਫੈਸਲਾ ਵਾਪਸ ਲੈ ਲਿਆ ਗਿਆ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਕੇਸ ਅਦਾਲਤ ਵਿੱਚ ਚਲਦਾ ਹੋਣ ਕਰਕੇ ਧਰਮ ਸਿੰਘ ਸਬੰਧੀ ਫੈਸਲਾ ਪੰਜ ਸਿੰਘ ਸਾਹਿਬਾਨ ਨੂੰ ਵਾਪਸ ਲੈਣਾ ਪਿਆ ਤਾਂ ਡਾ: ਹਰਮਿੰਦਰ ਸਿੰਘ ਤਾਂ ਵਾਰ ਪੰਜਾਂ ਸਿੰਘ ਸਾਹਿਬਾਨ ਨੂੰ ਚੇਤਾ ਕਰਵਾ ਰਿਹਾ ਹੈ ਕਿ ਉਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਅਦਾਲਤ ਵੱਲੋਂ ਉਸ (ਹਰਮਿੰਦਰ ਸਿੰਘ) ’ਤੇ ਕਰਨਾਟਕਾ ਛੱਡ ਜਾਣ ਉਪਰ ਪਬੰਦੀ ਲੱਗੀ ਹੋਈ ਹੈ ਇਸ ਲਈ ਉਹ ਅੰਮ੍ਰਿਤਸਰ ਨਹੀਂ ਪਹੁੰਚ ਸਕਦਾ। ਤਾਂ ਜਾਣਦੇ ਬੁੱਝਦੇ ਵੀ ਕਿ ਇਹ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ; ਸਿੰਘ ਸਾਹਿਬਾਨ ਉਸ ਦਾ ਕੇਸ ਸ਼੍ਰੀ ਅਕਾਲ ਤਖ਼ਤ ’ਤੇ ਵੀਚਾਰਨ ਲਈ ਕਿਉਂ ਬਜ਼ਿਦ ਹਨ?

3. ਪ੍ਰੋ: ਦਰਸ਼ਨ ਸਿੰਘ ਨੇ ਕੋਈ ਬੱਜ਼ਰ ਕੁਰਹਿਤ ਨਹੀਂ ਸੀ ਕੀਤੀ, ਬਲਕਿ ਕੀਰਤਨ ਦੌਰਾਨ ਇਹ ਸ਼ਬਦ ਕਹੇ ਕਿ ਤ੍ਰਿਅ ਚਰਿੱਤਰ ਮੇਰੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੋ ਸਕਦੀ, ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਲਿਖੀਆਂ ਹਨ ਜਿਨ੍ਹਾਂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਜੋੜਨਾ ਉਨ੍ਹਾਂ ਦੀ ਤੌਹੀਨ ਹੈ। ਹਾਲਾਂ ਕਿ ਹੁਣ ਬਹੁਤ ਸਾਰੇ ਵਿਦਵਾਨ ਐਸੇ ਹਨ ਕਿ ਸਿਰਫ ਤ੍ਰਿਆ ਚਰਿੱਤਰ ਹੀ ਨਹੀਂ ਬਲਕਿ ਦਸਮ ਗ੍ਰੰਥ ਦੀ ਸਮੁੱਚੀ ਰਚਨਾ ਨੂੰ ਰੱਦ ਕਰਦੇ ਹੋਏ ਉਹ ਇਸ ਨੂੰ ਗੰਦ ਦਾ ਟੋਕਰਾ ਕਹਿ ਰਹੇ ਹਨ। ਇਸ ਦੇ ਬਾਵਯੂਦ ਹੋਰ ਕਿਸੇ ਵਿਰੁੱਧ ਤਾਂ ਕੋਈ ਕਾਰਵਾਈ ਨਹੀਂ ਹੁੰਦੀ, ਪਰ ਸਾਜਿਸ਼ੀ ਟੋਲੇ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਪ੍ਰੋ: ਦਰਸ਼ਨ ਸਿੰਘ ਦਾ ਪੱਖ ਜਾਨਣ ਜਾਂ ਉਨ੍ਹਾਂ ਨੂੰ ਬਿਨਾਂ ਸੁਣਿਆ ਹੀ ਉਨ੍ਹਾਂ ਦੇ ਕੀਰਤਨ ਕਰਨ ’ਤੇ ਪਾਬੰਦੀ ਲਾ ਦਿੱਤੀ ਸੀ, ਅਤੇ ਅਕਾਲ ਤਖ਼ਤ ’ਤੇ ਪੇਸ਼ ਹੋਣ ਦੇ ਬਾਵਯੂਦ ਪ੍ਰੋ: ਦਰਸ਼ਨ ਸਿੰਘ ਨੂੰ ਇਸ ਝੂਠੇ ਦੋਸ਼ ਅਧੀਨ ਪੰਥ ਵਿੱਚੋਂ ਛੇਕ ਦਿੱਤਾ ਕਿ ਉਹ ਅਕਾਲ ਤਖ਼ਤ ’ਤੇ ਪੇਸ਼ ਨਹੀਂ ਹੋਇਆ। (ਅਸਲ ਵਿੱਚ ਇਹ ਜਥੇਦਾਰ ਅਕਾਲ ਤਖ਼ਤ ਦੇ ਸਕੱਤਰੇਤ ਨੂੰ ਹੀ ਅਕਾਲ ਤਖ਼ਤ ਸਮਝਣ ਰਹੇ ਹਨ)। ਕਾਰਣ ਸਿਰਫ ਇਹ ਸੀ ਕਿ ਸਤਾਧਾਰੀ ਅਕਾਲੀ ਅਤੇ ਉਨ੍ਹਾਂ ਦੇ ਭਾਈਵਾਲ ਸੰਤ ਸਮਾਜ ਪ੍ਰੋ: ਦਰਸ਼ਨ ਸਿੰਘ ਦੀ ਆਵਾਜ਼ ਨੂੰ ਬੰਦ ਕਰਵਾਉਣਾ ਚਾਹੁੰਦੇ ਸਨ। ਪਰ ਹਰਮਿੰਦਰ ਸਿੰਘ ਉਪਰ ਤਾਂ ਬੱਜਰ ਕੁਰਹਿਤ ਕਰਨ ਦਾ ਦੋਸ਼ ਹੈ ਅਤੇ ਕਈ ਵਾਰ ਬੇਨਤੀ ਕਰ ਚੁੱਕਿਆ ਹੈ ਕਿ ਜੇ ਸਿੰਘ ਸਾਹਿਬਾਨ ਉਸ ਵੱਲੋਂ ਦਿੱਤੇ ਸਪਸ਼ਟੀਕਰਨ ਨਾਲ ਸਹਿਮਤ ਨਾ ਹੋਣ ਕਰਕੇ ਮੰਨਦੇ ਹਨ ਕਿ ਜਾਣੇ ਅਣਜਾਣੇ ਵਿੱਚ ਉਨ੍ਹਾਂ (ਹਰਮਿੰਦਰ ਸਿੰਘ) ਪਾਸੋਂ ਕੋਈ ਭੁੱਲ ਹੋਈ ਹੈ ਤਾਂ ਉਨ੍ਹਾਂ ਨੂੰ ਤਨਖਾਹ ਲਾ ਦਿੱਤੀ ਜਾਵੇ; ਉਹ ਤਨਖ਼ਾਹ ਭੁਗਤਣ ਲਈ ਤਿਆਰ ਹਨ। ਇਸ ਦੇ ਬਾਵਯੂਦ ਉਨ੍ਹਾਂ ’ਤੇ ਲੰਬਾ ਸਮਾਂ ਗੁਰਦੁਆਰੇ ਦਾ ਕੋਈ ਅਹੁੱਦਾ ਸੰਭਾਲਣ ’ਤੇ ਪਾਬੰਦੀ ਕਿਉਂ ਨਹੀਂ ਲਾਈ?

4. 15 ਜੂਨ 2014 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਡਾ: ਹਰਮਿੰਦਰ ਸਿੰਘ ਨੂੰ ਤਨਖ਼ਾਹੀਆ ਘੋਸ਼ਿਤ ਕਰਕੇ ਉਨ੍ਹਾਂ ਨੂੰ ਪੰਜਾਂ ਦੀ ਅਗਲੀ ਮੀਟਿੰਗ ਵਿੱਚ ਤਨਖ਼ਾਹ ਲਵਾਉਣ ਦੀ ਹਦਇਤ ਕੀਤੀ ਗਈ ਸੀ। ਪਰ 17 ਜੂਨ ਨੂੰ ਬਗੈਰ ਕਿਸੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਇਕੱਲੇ ਗਿਆਨੀ ਗੁਰਬਚਨ ਸਿੰਘ ਨੇ ਹੀ ਆਪਣੇ ਪੀਏ ਨੂੰ ਇਹ ਹਦਾਇਤ ਕਰ ਦਿੱਤੀ ਕਿ ਡਾ: ਹਰਮਿੰਦਰ ਸਿੰਘ ਨੂੰ ਸੂਚਿਤ ਕਰ ਦਿੱਤਾ ਜਾਵੇ ਕਿ ਤਨਖ਼ਾਹੀਆ ਹੋਣ ਕਰ ਕੇ ਉਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਕਿਸੇ ਅਹੁੱਦੇ ’ਤੇ ਟਿਕਿਆ ਨਹੀਂ ਰਹਿ ਸਕਦਾ। ਹੁਣ ਸਾਲ ਪੈਦਾ ਹੁੰਦਾ ਹੈ ਕਿ ਜੇ 17 ਜੂਨ ਨੂੰ ਇਕੱਲਾ ਗਿਆਨੀ ਗੁਰਬਚਨ ਸਿੰਘ ਹੀ ਹਰਮਿੰਦਰ ਸਿੰਘ ਉਪਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਅਹੁੱਦੇਦਾਰ ਬਣੇ ਰਹਿਣ ’ਤੇ ਪਾਬੰਦੀ ਲਾ ਸਕਦਾ ਹੈ ਤਾਂ ਮਿਤੀ 18.5.12 ਨੂੰ ਪੰਜ ਗ੍ਰੰਥੀ ਲੈ ਕੇ ਹਰਮਿੰਦਰ ਸਿੰਘ ਦਾ ਕੇਸ ਕਿਉਂ ਨਹੀਂ ਵੀਚਾਰ ਸਕਿਆ? ਇਸ ਤੋਂ ਸਾਫ ਸਪਸ਼ਟ ਹੈ ਕਿ ਮਸਲਾ ਸਿਰਫ ਹਰਮਿੰਦਰ ਸਿੰਘ ਨੂੰ ਗੁਰਦੁਆਰਾ ਪ੍ਰਬੰਧ ਤੋਂ ਦੂਰ ਰੱਖਣ ਅਤੇ ਉਸ ਵੱਲੋਂ ਲਗਾਤਰ ਜਥੇਦਾਰ ਲਈ ਸੋਨੇ ਦਾ ਅੰਡਾ ਦੇਣ ਤੋਂ ਨਾਂਹ ਕਰਨ ਦੇ ਬਦਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।

5. ਡਾ: ਹਰਮਿੰਦਰ ਸਿੰਘ ਨੇ ਆਪਣੀਆਂ ਚਿੱਠੀਆਂ ਵਿੱਚ ਹੋਰ ਅਹਿਮ ਇੰਕਸ਼ਾਫ ਕੀਤਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੇ ਸਬੰਧਤ ਬੀਬੀ ਜਿਸ ਦਾ ਨਾਮ ਡਾ. ਹਰਮਿੰਦਰ ਸਿੰਘ ਨਾਲ ਜੋੜਿਆ ਜਾ ਰਿਹਾ ਹੈ ਨਾਲ ਫੋਨ ’ਤੇ ਗੱਲ ਕਰਕੇ, ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾਉਣ ਦੀ ਧਮਕੀ ਦਿਤੀ ਸੀ ਅਤੇ ਕੁਝ ਸਮੇਂ ਬਾਅਦ ਉਸ ਬੀਬੀ ਦੇ ਘਰ ਜਾ ਕੇ ਉਸ ਕੋਲੋਂ ਸਿਰੋਪਾਉ ਤੇ ਮਾਇਆ ਦੇ ਗੱਫੇ ਲਏ ਸਨ ਤੇ ਉਸ ਦੇ ਘਰ ਲੰਗਰ ਵੀ ਛਕਿਆ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਆਪ ਦੋਸ਼ੀਆਂ ਦੇ ਘਰ ਜਾ ਕੇ, ਉਹਨਾ ਕੋਲੋਂ ਸਿਰੋਪਾਉ ਤੇ ਮਾਇਆ ਦੀ ਵਸੂਲੀ ਕਰ ਸਕਦਾ ਹੈ, ਜਿਹਨਾਂ ਦੇ ਕੇਸ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੱਲ ਰਹੇ ਹੋਣ? ਡਾ: ਹਰਮਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਸਬੂਤ ਦੇ ਤੌਰ ’ਤੇ ਰਿਕਾਰਡਿੰਗ ਤੇ ਫੋਟੋਗ੍ਰਾਫ ਮੌਜੂਦ ਹਨ, ਪਰ ਭਾਰਤ ਦੇ ਕਾਨੂੰਨ ਦੀ ਬੰਦਸ਼ ਦੇ ਕਾਰਨ, ਉਸ ਬੀਬੀ ਦਾ ਨਾਮ ਇਥੇ ਨਹੀ ਲਿਖ ਸਕਦਾ, ਕਿਉਂਕਿ ਇਹੋ ਜਿਹੇ ਮਾਮਲਿਆਂ ਵਿਚ ਕਿਸੇ ਵੀ ਬੀਬੀ ਦਾ ਨਾਮ ਜਾਂ ਉਸ ਦੀ ਤਸ਼ਵੀਰ ਪਬਲਿਸ਼ ਕਰਨਾ ਕਾਨੂੰਨੀ ਅਪਰਾਧ ਹੈ)

ਉਕਤ ਦੋਸ਼ ਬਹੁਤ ਹੀ ਗੰਭੀਰ ਹਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਭਾਰੀ ਢਾਹ ਲਾਉਣ ਵਾਲੇ ਹਨ। ਇਸ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦਾ ਧਿਆਨ ਰਖਦਿਆਂ ਗਿਆਨੀ ਗੁਰਬਚਨ ਸਿੰਘ ਲਈ ਹੁਣ ਸਿਰਫ ਦੋ ਹੀ ਰਾਹ ਬਾਕੀ ਹਨ- ਜਾਂ ਆਪਣੇ ਉਪਰ ਲੱਗੇ ਦੋਸ਼ਾਂ ਦਾ ਪੰਥ ਦੀ ਕਚਹਿਰੀ ਵਿੱਚ ਸਪਸ਼ਟੀਕਰਣ ਦੇਵੇ ਜਾਂ ਆਪਣੇ ਅਹੁੱਦੇ ਤੋਂ ਅਸਤੀਫਾ ਦੇਵੇ। ਜੇ ਉਹ ਐਸਾ ਨਹੀਂ ਕਰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮ੍ਰਪਤ ਸਮੁੱਚੇ ਸਿੱਖਾਂ ਦਾ ਫਰਜ ਬਣਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਚਨ ਸਿੰਘ ’ਤੇ ਦਬਾਅ ਪਾਉਣ ਕਿ ਉਹ ਤੁਰੰਤ ਆਪਣੇ ਅਹੁੱਦੇ ਤੋਂ ਅਸਤੀਫਾ ਦੇਵੇ। ਇਸ ਲਈ ਸਮੁੱਚੀਆਂ ਪੰਥਕ ਧਿਰਾਂ ਨੂੰ ਇਕੱਠੇ ਹੋ ਕੇ ਕੋਈ ਐਸਾ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਜਦ ਤੱਕ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਜਥੇਦਾਰੀ ਹੇਠ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਹੁਕਮਨਾਮੇ ਨੰ: ਅ 319 ਏ.ਟੀ 00 ਮਿਤੀ 29.3.2000 ਦਾ ਦੂਸਰਾ ਹਿੱਸਾ ਸ਼੍ਰੋਮਣੀ ਕਮੇਟੀ ਲਾਗੂ ਨਹੀਂ ਕਰਦੀ ਉਸ ਸਮੇਂ ਤੱਕ ਅਕਾਲ ਤਖ਼ਤ ਦੇ ਨਾਮ ਹੇਠ ਜਾਰੀ ਹੋਏ ਅਖੌਤੀ ਹੁਕਨਾਮੇ ਮੰਨਣ ਤੋਂ ਇਨਕਾਰੀ ਹੋ ਕੇ ਇਨ੍ਹਾਂ ਦਾ ਪੂਰਨ ਤੌਰ ’ਤੇ ਬਾਈਕਾਟ ਕੀਤਾ ਜਾਵੇ। ਉਕਤ ਹੁਕਮਨਾਮੇ ਦਾ ਪਹਿਲਾ ਹਿੱਸਾ ਜੋ ਕਿ ਸ਼੍ਰੋਮਣੀ ਕਮੇਟੀ ਦੀ ਤਤਕਾਲੀ ਪ੍ਰਧਾਨ ਬੀਬੀ ਜੰਗੀਰ ਕੌਰ ਅਤੇ ਹੋਰਨਾਂ ਨੂੰ ਗਿਆਨੀ ਪੂਰਨ ਸਿੰਘ ਵੱਲੋਂ ਛੇਕੇ ਜਾਣ ਵਾਲੇ ਹੁਕਨਾਮੇ ਰੱਦ ਕੀਤੇ ਗਏ ਸਨ; ਉਹ ਤਾਂ ਤੁਰੰਤ ਮੰਨ ਲਏ ਗਏ ਪਰ ਦੂਸਰਾ ਹਿੱਸਾ ਜੋ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਸੇ ਹੱਦ ਤੱਕ ਕਾਬਜ਼ ਧੜੇ ਤੋਂ ਸੁਤੰਤਰ ਕਰਵਾਉਣ ਅਤੇ ਹੁਕਮਨਾਮੇ ਜਾਰੀ ਕਰਨ ਲਈ ਕੋਈ ਨਿਯਮਾਵਲੀ ਅਪਨਾਉਣ ਦਾ ਰਾਹ ਖੋਲ੍ਹਦਾ ਸੀ ਉਹ ਅੱਜ ਤੱਕ ਨਹੀਂ ਮੰਨਿਆ ਗਿਆ। ਦੂਸਰੇ ਹਿੱਸੇ ਵਿੱਚ ਇਸ ਤਰ੍ਹਾਂ ਦਰਜ ਹੈ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ:

1. ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸੰਸਥਾਵਾਂ ਦੇ ਸਮਾਧਾਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸਚਤ ਕੀਤਾ ਜਾਵੇ ਤਾਂ ਜੋ ਭਵਿਖ ਵਿੱਚ ਕਿਸੇ ਵੱਲੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਵ੍ਹੇ।

2. ਗੁਰਦੁਆਰਾ ਐਕਟ ਨੂੰ ਬਣਿਆਂ ਹੋਇਆਂ ਪੌਣੀ ਸਦੀ ਹੋ ਚੁੱਕੀ ਹੈ। ਸਮੇਂ ਦੀ ਪ੍ਰਬਲ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਯੁਕਤ ਦੇ ਅਨੁਸਾਰੀ ਬਣਾਉਣ ਲਈ ਇਸ ਐਕਟ ਅਧੀਨ ਬੀਤੇ ਸਮੇਂ ਵਿੱਚ ਲਾਭ ਹਾਨੀ ਦਾ ਲੇਖਾ-ਜੋਖਾ ਕੀਤਾ ਜਾਵੇ ਅਤੇ ਐਕਟ ਵਿੱਚ ਪੰਥਕ ਹਿੱਤਾਂ ਦੇ ਉਲਟ ਜੇ ਕੋਈ ਧਾਰਾ ਹੈ ਤਾਂ ਉਸ ਦੀ ਸੋਧ ਲਈ ਉਪ੍ਰਾਲਾ ਕੀਤਾ ਜਾਵੇ।

3. ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਇਆ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top