Share on Facebook

Main News Page

ਸੁੱਤੀ ਹੋਈ ਕੌਮ !
-:
ਇੰਦਰਜੀਤ ਸਿੰਘ ਕਾਨਪੁਰ

ਪਿਛਲੇ ਦਿਨੀਂ ਤਿੰਨ ਸਨਸਨੀਖੇਜ ਪੰਥਿਕ ਖਬਰਾਂ ਸਾਮ੍ਹਣੇ ਆਈਆਂ ! ਸੋਚਿਆ ਤਾਂ ਇਹ ਸੀ ਕਿ ਇਨ੍ਹਾਂ ਖਬਰਾਂ ਨੂੰ ਪੜ੍ਹ ਕੇ ਕੌਮ ਦੇ ਜਾਗਰੂਕ ਤਬਕੇ ਵਿੱਚ ਕੋਈ ਭੂਚਾਲ ਖੜਾ ਹੋ ਜਾਏਗਾ। ਲੇਕਿਨ ਠੰਡੇ ਜੱਮੇਂ ਹੋਏ ਪਾਣੀ ਵਾਂਗ ਇਹ ਤਬਕਾ ਅਡੋਲ ਪਿਆ ਰਿਹਾ, ਜਿਵੇਂ ਕੁਝ ਵਾਪਰਿਆ ਹੀ ਨਹੀਂ।

ਪਹਿਲੀ ਖਬਰ ਸੀ ਕਿ ਅਕਾਲ ਤਖਤ ਦਾ ਹੈਡ ਗ੍ਰੰਥੀ, ਅਕਾਲ ਤਖਤ ਤੇ ਬਹਿ ਕੇ ਰਿਸ਼ਵਤ ਲੈ ਲੈ ਕੇ ਹੁਕਮਨਾਮੇ ਜਾਰੀ ਕਰਦਾ ਹੈ। ਇਹ ਕੋਈ ਛੋਟੀ ਖਬਰ ਨਹੀਂ ਸੀ ਅਤੇ ਨਾ ਹੀ ਕੋਈ ਛੋਟਾ ਅਪਰਾਧ ਸੀ। ਲੇਕਿਨ ਵੀਰ ਕਿਰਪਾਲ ਸਿੰਘ ਭਠਿੰਡਾ ਅਤੇ ਖ਼ਾਲਸਾ ਨਿਊਜ਼ ਤੋਂ ਅਲਾਵਾ ਕਿਸੇ ਨੇ ਕੁਝ ਨਹੀਂ ਲਿਖਿਆ । ਅੱਜ ੳਨ੍ਹਾਂ ਦਾ ਇਸ ਵਿਸ਼ੇ 'ਤੇ ਲੇਖ ਨਾ ਆਉਂਦਾ ਤਾਂ ਮਨ ਨੂੰ ਹੋਰ ਵੀ ਦੁਖ ਹੋਣਾ ਸੀ ਕਿ ਸਾਰੀ ਕੌਮ ਹੀ ਸੁੱਤੀ ਪਈ ਹੈ।

ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਬੀੜਾਂ ਤੇ ਚਰਚਾ ਕਰਨੀ ਹੋਵੇ, ਤਾਂ ਵਿਦਵਾਨਾਂ ਦੇ ਕਈ ਝੁੰਡ, ਮੱਛੀ ਬਜਾਰ ਲਾ ਕੇ ਬਹਿ ਜਾਂਦੇ ਹਨ ਅਤੇ ਉੱਚੀ ਉਚੀ ਰੌਲਾ ਪਾਉਂਦੇ ਹਨ ਕਿ ਮੇਰੀ ਮੱਛੀ (ਵਿਦਵਤਾ) ਤਾਜੀ ਹੈ, ਦੂਜਾ ਕਹਿੰਦਾ ਹੈ ਮੇਰੀ ਮੱਛੀ ਚੰਗੀ ਹੈ। ਅਕਾਲ ਤਖਤ ਦੇ ਸਿਧਾਂਤ ਅਤੇ ਸਤਿਕਾਰ ਦੀ ਗਲ ਆਉਦੀ ਹੈ ਤਾਂ ਇਕਬਾਲ ਸਿੰਘ ਢਿਲੋਂ ਵਰਗੇ ਵਿਦਵਾਨ ਖੁੰਬਾਂ ਵਾਂਗ ਉਗ ਆਉਂਦੇ ਹਨ ਅਤੇ ਅਕਾਲ ਤਖਤ ਜਿਹੇ ਮੁਕੱਦਸ ਅਦਾਰੇ ਨੂੰ ਇਟਾਂ ਅਤੇ ਗਾਰੇ ਦਾ ਬਣਿਆ "ਮੜ੍ਹੀ ਅਤੇ ਮਕਬਰਾ" ਕਹਿ ਕਹਿ ਕੇ ਸੰਬੋਧਿਤ ਕਰਦੇ ਹਨ। ਜੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਜੀਵਨੀ ਦੀ ਗੱਲ ਹੋਵੇ ਤਾਂ ਡਾ. ਹਰਜਿੰਦਰ ਸਿੰਘ ਮੀਤ ਫਰੀਦਕੋਟੀਏ ਵਰਗੇ ਅਖੌਤੀ ਡਾਕਟਰ ਮਾਤਾ ਸੁੰਦਰੀ ਅਤੇ ਬੰਦਾ ਸਿੰਘ ਬਹਾਦੁਰ ਨੂੰ, ਆਪਣੀ ਸੜੀ ਹੋਈ ਵਿਦਵਤਾ ਨਾਲ, ਕੌਮ ਦਾ ਗੱਦਾਰ ਸਾਬਿਤ ਕਰਨ ਲਈ ਪੱਬਾਂ ਭਾਰ ਖੜੇ ਹੋ ਜਾਂਦੇ ਹਨ। ਲੇਕਿਨ ਅਫਸੋਸ ਇਹ ਹੈ ਕਿ ਰਿਸ਼ਵਤ ਲੈਣ ਦੇ ਦੋਸ਼ ਵਾਲੇ ਇਸ ਗ੍ਰੰਥੀ ਦੇ ਖਿਲਾਫ ਕਿਸੇ ਵਿਦਵਾਨ ਦੀ ਜੁਬਾਨ ਨਹੀਂ ਖੁੱਲੀ, ਸਿਵਾਏ ਵੀਰ ਕਿਰਪਾਲ ਸਿੰਘ ਭਠਿੰਡਾ ਅਤੇ ਖ਼ਾਲਸਾ ਨਿਊਜ਼ ਦੇ।

ਦੂਜੀ ਖਬਰ ਸੀ ਕਿ ਪਟਨਾ ਸਾਹਿਬ ਦੇ ਵਿਵਾਦਿਤ ਅਖੌਤੀ ਜਥੇਦਾਰ ਗਿਆਨੀ ਇਕਬਾਲ ਸਿੰਘ ਉੱਤੇ ਉਸ ਦੀ ਤੀਜੀ ਪਤਨੀ ਨੇ ਫੌਜਦਾਰੀ ਮੁਕਦਮਾਂ ਦਾਖਿਲ ਕੀਤਾ ਹੈ। ਇਹ ਵੀ ਬਹੁਤ ਅਹਿਮ ਅਤੇ ਸੰਗੀਨ ਮਾਮਲਾ ਸੀ। ਲੇਕਿਨ ਕੌਮ ਦੇ ਕਿਸੇ ਵਿਦਵਾਨ ਨੇ ਇਸ ਬਾਬਤ ਵੀ ਕੁਝ ਨਹੀਂ ਲਿਖਿਆ। ਬਲਕਿ ਇਸ ਦੇ ਨਾਲ ਹੀ ਨਾਲ ਇਹ ਖਬਰ ਵੀ ਛਪ ਗਈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਨੇ ਇਸ ਨੂੰ ਕਲੀਨ ਚਿੱਟ ਦੇ ਦਿਤੀ ਹੈ ਅਤੇ ਇਹ ਗ੍ਰੰਥੀ ਵੀ ਹੁਣ ਰਿਸ਼ਵਤ ਲੈ ਕੇ ਹੁਕਮਨਾਮੇ ਜਾਰੀ ਕਰਨ ਦੇ ਦੋਸ਼ ਵਾਲੇ ਹੈਡ ਗ੍ਰੰਥੀ ਦੇ ਨਾਲ, ਅਕਾਲ ਤਖਤ ਤੇ ਬਹਿਆ ਕਰੇਗਾ ਅਤੇ ਕੌਮੀ ਫੈਸਲਿਆਂ ਤੇ ਦਸਤਖਤ ਕਰਿਆ ਕਰੇਗਾ। ਇਸ ਤੇ ਵੀ ਕਿਸੇ ਵਿਦਵਾਨ ਦਾ ਕੋਈ ਪ੍ਰਤੀਕਰਮ ਨਹੀਂ ਆਇਆ।

ਇਕ ਪਾਸੇ ਗੁਰਬਚਨ ਸਿੰਘ ਦੀਆਂ ਕਰਤੂਤਾਂ ਦਾ ਪਰਦਾ ਫਾਸ ਹੋਇਆ, ਦੂਜੇ ਪਾਸੇ ਇਕਬਾਲ ਸਿੰਘ ਤੇ ਵੀ ਉਸ ਦੀ ਅਪਣੀ ਤੀਜੀ ਪਤਨੀ ਨੇ ਕ੍ਰਿਮਨਲ ਕੇਸ ਦਾਖਿਲ ਕਰਕੇ ਉਸਨੂੰ ਦਾਗੀ ਛਵੀ ਵਾਲਾ ਬੰਦਾ ਸਾਬਿਤ ਕਰ ਦਿਤਾ। ਹੈਡ ਗ੍ਰੰਥੀ ਦੀ ਅਕੂਤ ਦੌਲਤ ਵੀ ਇਸ ਗ੍ਰੰਥੀ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਰਹੀ ਸੀ ਅਤੇ ਪੰਥ ਦਰਦੀਆਂ ਵਿੱਚ ਇਸ ਦੀ ਬਹੁਤ ਚਰਚਾ ਸੀ ਕਿ ਇਕ ਮਾਮੂਲੀ ਜਿਹੇ ਹੈਡ ਗ੍ਰੰਥੀ ਕੋਲ ਇਨਾਂ ਧਨ ਕਿਥੋਂ ਆ ਰਿਹਾ ਹੈ ? ਅੱਜ ਉਹ ਸ਼ਕ ਹੋਰ ਪੁਖਤਾ ਹੋ ਗਇਆ, ਜਦੋਂ ਪੈਸਾ ਲੈ ਕੇ ਹੁਕਮਨਾਮੇ ਜਾਰੀ ਕਰਨ ਦੇ ਸਬੂਤ ਅਖਬਾਰਾਂ ਅਤੇ ਵੈਬਸਾਈਟਾਂ ਉਪਰ ਛਪੇ। ਭਾਵੇਂ ਹੁਣ ਇਹ ਪ੍ਰੈਸ ਕਾਂਨਫ੍ਰੈਂਸਾਂ ਰਾਹੀਂ ਇਹ ਕਹਿ ਰਿਹਾ ਹੈ ਕਿ ਮੈਂ ਕੋਈ ਪੈਸਾ ਹਰਮਿੰਦਰ ਸਿੰਘ ਕੋਲੋਂ ਨਹੀਂ ਲਿਆ ਅਤੇ ਜੋ ਪੈਸਾ ਮੇਰੇ ਪੀ. ਏ. ਇੰਦਰ ਮੋਹਨ ਸਿੰਘ ਨੇ ਬੈਂਕ ਖਾਤਿਆਂ ਵਿੱਚ ਲਿਆ ਹੈ, ਉਸ ਦਾ ਜਵਾਬ ਮੈਂ ਨਹੀਂ ਦੇ ਸਕਦਾ। ਧੂੰਆਂ ਤਾਂ ਹੀ ਉਠਦਾ ਹੈ ਵੀਰੋ, ਜੇ ਕਿਤੇ ਅੱਗ ਲੱਗੀ ਹੁੰਦੀ ਹੈ। ਹਰਮਿੰਦਰ ਸਿੰਘ ਨੇ ਜੋ ਸਬੂਤ ਪੇਸ਼ ਕੀਤੇ ਹਨ ਅਤੇ ਜੋ ਚਾਰਜ ਲਾਏ ਹਨ, ਉਹ ਬਿਲਕੁਲ ਬੋਗਸ ਤਾਂ ਨਹੀਂ ਕਹੇ ਜਾ ਸਕਦੇ । ਦੂਜਇਸ ਦੇ ਪੀ. ਏ. ਨੇ ਜੋ ਪੈਸਾ ਬੇਂਕ ਖਾਤਿਆਂ ਵਿੱਚ ਲਿਆ ਹੈ, ਉਹ ਕਹਿ ਰਿਹਾ ਹੈ ਕਿ ਹਰਮਿੰਦਰ ਸਿੰਘ ਨੇ 50 ਹਜਾਰ ਰੁਪਿਆ ਮੇਰੇ ਕੋਲੋਂ ਉਧਾਰ ਲਿਆ ਸੀ। ਇਸ ਤੋਂ ਵੱਡਾ ਝੂਠ ਹੋਰ ਕੀ ਹੋ ਸਕਦਾ ਹੈ ? ਕੀ ਇੰਦਰ ਮੋਹਨ ਸਿੰਘ ਕੋਈ ਫਾਇਨੇਂਸਰ ਹੈ ਜਾਂ ਹਰਮਿੰਦਰ ਸਿੰਘ ਦਾ ਕੋਈ ਕਰੀਬੀ ਰਿਸ਼ਤੇਦਾਰ ਹੈ, ਜੋ ਬਿਨਾਂ ਕਿਸੇ ਜਾਨ ਪਹਿਚਾਨ ਅਤੇ ਲਿਖਾ ਪੜ੍ਹੀ ਦੇ ਉਸਨੇ ਹਰਮਿੰਦਰ ਸਿੰਘ ਨੂੰ 50 ਹਜਾਰ ਰੁਪਿਆ ਦੇ ਦਿਤਾ ? ਹਰਮਿੰਦਰ ਸਿੰਘ ਨੇ ਪੈਸੇ ਵਾਪਸੀ ਦੇ ਸਬੂਤ ਪੇਸ਼ ਕੀਤੇ ਹਨ। ਜੇ ਇੰਦਰ ਮੋਹਨ ਸਿੰਘ ਕੋਲ ਪੈਸਾ ਦੇਣ ਦੇ ਕੋਈ ਸਬੂਤ ਹਨ ਤੇ ਉਹ ਵੀ ਪੰਥ ਦੀ ਕਚਹਿਰੀ ਵਿੱਚ ਪੇਸ਼ ਕਰੇ। ਇਹ ਸਾਰੇ ਬਿਆਨ ਹੈਡ ਗ੍ਰੰਥੀ ਅਤੇ ਉਸ ਦੇ ਪੀ. ਏ. ਨੂੰ ਸ਼ਕ ਦੇ ਘੇਰੇ ਵਿਚ ਖੜਾ ਕਰਦੇ ਹਨ।

ਪੂਰੀ ਕੌਮ ਨੂੰ ਇਹ ਆਵਾਜ ਬਹੁਤ ਤੇਜੀ ਨਾਲ ਉਠਾਉਣੀ ਚਾਹੀਦੀ ਸੀ ਕਿ ਸਿੱਖਾਂ ਕੋਲੋਂ ਰਿਸ਼ਵਤ ਲੈਂਣ ਦੇ ਦੋਸ਼ ਵਾਲੇ ਅਖੌਤੀ ਜੱਥੇਦਾਰ ਅਤੇ ਕ੍ਰਿਮਿਨਲ ਚਾਰਜ ਲੱਗੇ ਇਕਬਾਲ ਸਿੰਘ ਨੂੰ ਫੌਰਨ ਬਰਖਾਸਤ ਕੀਤਾ ਜਾਏ ਅਤੇ ਇਨ੍ਹਾਂ ਵਲੋਂ ਅੱਜ ਤਕ ਜਾਰੀ ਕੀਤੇ ਗਏ ਸਾਰੇ ਹੁਕਮਨਾਮਿਆਂ ਨੂੰ ਰੱਦ ਕੀਤਾ ਜਾਵੇ, ਜਿਸ ਵਿਚ ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੂੰ ਪੰਥ ਤੋਂ ਛੇਕਣ ਦਾ ਗੈਰ ਕਾਨੂੰਨੀ, ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲਾ ਅਤੇ ਗੁਰਮਤਿ ਵਿਹੂਣਾਂ ਕੂੜਨਾਮਾਂ ਵੀ ਸ਼ਾਮਿਲ ਹੈ। ਲੇਕਿਨ ਕਿਸੇ ਪਾਸਿਉਂ ਇਹੋ ਜਹੀ, ਕੋਈ ਆਵਾਜ਼ ਸੁਣਾਈ ਨਹੀਂ ਦਿਤੀ।

ਹਰਮਿੰਦਰ ਸਿੰਘ ਨੇ ਗੁਰਬਚਨ ਸਿੰਘ ਤੇ ਰਿਸ਼ਵਤ ਲੈ ਕੇ ਹੁਕਮਨਾਮੇ ਜਾਰੀ ਕਰਨ ਦਾ ਜੋ ਸਨਸਨੀਖੇਜ ਚਾਰਜ ਲਾਇਆ ਹੈ ਉਹ ਬਹੁਤ ਹੀ ਗੰਭੀਰ ਹੈ। ਪਟਨਾ ਸਾਹਿਬ ਦੇ ਹੈਡ ਗ੍ਰੰਥੀ ਇਕਬਾਲ ਸਿੰਘ ਤੇ ਵੀ ਮੁਕੱਦਮਾਂ ਕਾਇਮ ਹੋ ਚੁਕਾ ਹੈ, ਜੋ ਉਸ ਦੀ ਅਪਣੀ ਤੀਜੀ ਪਤਨੀ ਨੇ ਦਾਖਿਲ ਕੀਤਾ ਹੈ। ਇਸ ਸਥਿਤੀ ਵਿਚ ਇਹ ਦੋਵੇਂ ਦਾਗੀ ਗ੍ਰੰਥੀ ਤਖਤਾਂ 'ਤੇ ਬਹਿਣ ਦੇ ਲਾਇਕ ਨਹੀਂ ਰਹੇ। ਜਦੋਂ ਤਕ ਇਨ੍ਹਾਂ ਤੇ ਕੋਈ ਜਾਂਚ ਨਹੀਂ ਬਹਿੰਦੀ ਅਤੇ ਇਹ ਬੇਕਸੂਰ ਸਾਬਿਤ ਨਹੀਂ ਹੋ ਜਾਂਦੇ, ਇਨ੍ਹਾਂ ਦੋਹਾਂ ਦਾਗੀ ਗ੍ਰੰਥੀਆਂ ਨੂੰ ਇਨ੍ਹਾਂ ਦੇ ਅਹੁਦਿਆਂ ਤੋਂ ਫੌਰਨ ਬਰਖਾਸਤ ਕਰ ਦੇਣਾ ਚਾਹੀਦਾ ਹੈ, ਤਾਂਕਿ ਇਹ ਅਪਣੇ ਅਹੁਦਿਆਂ ਦੀ ਪਾਵਰ ਅਤੇ ਰਸੂਖ ਦਾ ਭਵਿਖ ਵਿਚ ਗਲਤ ਇਸਤੇਮਾਲ ਨਾ ਕਰ ਸਕਣ।

ਹੁਣ ਸਵਾਲ ਇਹ ਉਠਦਾ ਹੈ ਕਿ ਇਹੋ ਜਹੇ ਬੰਦਿਆ ਨੂੰ ਤਖਤਾਂ ਉਤੇ ਬਹਿਣ ਅਤੇ ਕੌਮ ਦੇ ਅਹਿਮ ਫੈਸਲੇ ਜਾਰੀ ਕਰਨ ਤੋਂ ਰੋਕੇਗਾ ਕੌਣ ? ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਇਨ੍ਹਾਂ ਦੋਹਾਂ ਨੂੰ ਬਿਨਾਂ ਕਿਸੇ ਜਾਂਚ ਦੇ ਕਲੀਨ ਚਿੱਟ ਪਹਿਲਾਂ ਹੀ ਦੇ ਚੁਕਾ ਹੈ।

ਇਹ ਦੋਵੇ ਗੰਥੀ ਹੁਣ ਸ਼ੱਕੀ ਕਿਰਦਾਰ ਵਾਲੇ ਹਨ ਅਤੇ ਕਿਸੇ ਵੀ ਸ਼ੱਕੀ ਕਿਰਦਾਰ ਵਾਲੇ ਬੰਦੇ ਨੂੰ ਸਿੱਖਾਂ ਦੇ ਉੱਚ ਧਾਰਮਿਕ ਅਦਾਰਿਆਂ ਤੇ ਰਹਿਣ ਦਾ ਕੋਈ ਹਕ ਨਹੀਂ ਹੈ। ਇਸ ਲਈ ਇਨ੍ਹਾਂ ਦੇ ਦਸਤਖਤ ਵਾਲੇ ਅਜ ਤਕ ਜਾਰੀ ਸਾਰੇ ਹੁਕਮਨਾਮਿਆਂ ਨੂੰ ਰੱਦ ਸਮਝਿਆ ਜਾਂਣਾ ਚਾਹੀਦਾ ਹੈ ਅਤੇ ਅੱਜ ਤੋਂ ਬਾਅਦ ਵੀ ਇਨ੍ਹਾਂ ਵਲੋਂ ਜਾਰੀ, ਕਿਸੇ ਵੀ ਹੁਕਮਨਾਮੇ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਂਣੀ ਚਾਹੀਦੀ। ਅਕਾਲ ਤਖਤ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ ਦਵਾਰਾ ਜਾਰੀ 22 ਹੁਕਮਨਾਮੇ ਜੇ ਸ਼੍ਰੋਮਣੀ ਕਮੇਟੀ ਰੱਦ ਕਰ ਸਕਦੀ ਹੈ, ਤੇ ਇਨ੍ਹਾਂ ਦਾਗੀ ਹੈਡ ਗ੍ਰੰਥੀਆਂ ਵਲੋਂ ਜਾਰੀ ਆਪ ਹੁਦਰੇ ਅਖੌਤੀ ਹੁਕਮਨਾਮਿਆਂ ਨੂੰ ਰੱਦ ਕਿਉਂ ਨਹੀਂ ਕੀਤਾ ਜਾ ਸਕਦਾ ?

ਕੌਮ ਦੇ ਮੁੰਹ 'ਤੇ ਚਪੇੜ ਮਾਰਦੀ ਤੀਜੀ ਖਬਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ "ਮੱਕੜ" ਵਲੋਂ 3 ਫੁੱਟੀ ਕਿਰਪਾਨ 'ਤੇ ਪਾਬੰਦੀ ਲਾਉਣ ਵਾਲੀ ਖਬਰ ਸੀ। ਇਸ ਖਬਰ ਤੇ ਪਹਿਲਾਂ ਤਾਂ ਕਿਸੇ ਨੇ ਵਿਸ਼ਵਾਸ਼ ਹੀ ਨਹੀਂ ਕੀਤਾ। ਜਦੋਂ ਇਹ ਖਬਰ ਪਬਲਿਸ਼ ਹੋਈ ਤਾਂ ਵੀ, ਇਸ ਪਾਬੰਦੀ ਵਾਲੀ ਗਲ ਦਾ ਜਿਸ ਪੱਧਰ ਤੇ ਵਿਰੋਧ ਹੋਣਾਂ ਅਤੇ ਕਰਨਾਂ ਚਾਹੀਦਾ ਸੀ, ਸਿੱਖਾਂ ਵਿੱਚ ਉਸ ਦੀ ਘਾਟ ਨਜਰ ਆਈ।


ਅਵਤਾਰ ਸਿੰਘ ਮੱਕੜ ਨੇ ਐਸਾ ਪੰਥ ਵਿਰੋਧੀ ਬਿਆਨ ਦੇ ਕੇ ਸਿੱਖ ਵਿਰੋਧੀਆਂ ਨੂੰ ਇਕ ਸੁਨਹਿਰੀ ਮੌਕਾ ਆਪ ਹੱਥ ਫੜਾ ਦਿਤਾ ਹੈ, ਜੋ ਹਰ ਵੇਲੇ ਸਿੱਖਾ ਦੇ ਇਸ ਸੰਵਿਧਾਨਿਕ ਅਧਿਕਾਰ ਤੋਂ ਸੜਦੇ ਅਤੇ ਇਸ ਦੇ ਖਿਲਾਫ ਸਿੱਖ ਵਿਰੋਧੀ ਫਬਤੀਆਂ ਜਾਰੀ ਕਰਦੇ ਰਹਿੰਦੇ ਹਨ । ਮੱਕੜ ਨੇ ਜੋ ਫਤਵਾ ਜਾਰੀ ਕੀਤਾ ਹੈ, ਕੀ ਉਹ ਅਕਾਲ ਤਖਤ ਦੇ ਜੱਥੇਦਾਰ ਅਤੇ ਉਸ ਦੀ "ਬੁਰਛਾ ਬ੍ਰਿਗੇਡ" ਜਿਸਨੂੰ ਉਸਨੇ "ਟਾਸਕ ਫੋਰਸ" ਦਾ ਨਾਮ ਦਿਤਾ ਹੋਇਆ ਹੈ, ਤੇ ਵੀ ਲਾਗੂ ਹੋਵੇਗਾ ? ਕੀ ਟਾਸਕ ਫੋਰਸ ਅਤੇ ਅਕਾਲ ਤਖਤ ਦਾ ਜੱਥੇਦਾਰ ਵੀ ਕਿਰਪਾਨ ਬਾਹਰ ਰੱਖ ਕੇ ਅਕਾਲ ਤਖਤ 'ਤੇ ਬਹਿਣਗੇ ? ਜਾਂ ਇਹ ਆਮ ਸਿੱਖ ਸ਼ਰਧਾਲੂਆਂ ਤੇ ਹੀ ਲਾਗੂ ਹੋਵੇਗਾ ?

ਅਵਤਾਰ ਸਿੰਘ ਮੱਕੜ ਦੇ ਇਸ ਬਿਆਨ ਦੇ ਨਾਲ, ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਅਤੇ ਇਸ ਵਿਸ਼ੈ 'ਤੇ ਚਲ ਰਹੇ ਕੇਸਾਂ, 'ਤੇ ਵੀ ਇਸ ਬਿਆਨ ਦਾ ਬਹੁਤ ਬੁਰਾ ਅਸਰ ਪਵੇਗਾ । ਇਹੋ ਜਹਿਆ ਨੀਤੀ ਵਹੀਨ ਅਤੇ ਨਲਾਇਕ ਸੋਚ ਵਾਲਾ ਮਨੁੱਖ ਸਾਡੀ ਸ਼੍ਰਰੋਮਣੀ ਸੰਸਥਾ ਦਾ ਪ੍ਰਧਾਨ ਹੈ, ਇਹ ਕੌਮ ਦੀ ਬਦਕਿਸਮਤੀ ਅਤੇ ਤ੍ਰਾਸਦੀ ਨਹੀ ਤਾਂ ਹੋਰ ਕੀ ਹੈ ? ਅੱਜ ਪੂਰੀ ਕੌਮ ਅਤੇ ਦੁਨੀਆਂ ਦੇ ਸਾਮ੍ਹਣੇ ਇਸਨੇ ਇਹ ਸਵਾਲ ਖੜਾ ਕਰ ਦਿਤਾ ਹੈ ਕਿ ਜੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ, ਆਪ ਹੀ ਸਿੱਖਾਂ ਦੇ ਕਕਾਰਾਂ 'ਤੇ ਪਾਬੰਦੀ ਲਾ ਸਕਦੀ ਹੈ, ਤਾਂ ਹੋਰ ਸਰਕਾਰਾਂ ਅਤੇ ਸਿੱਖ ਵਿਰੋਧੀ ਸੰਸਥਾਵਾਂ ਨੂੰ ਕੌਣ ਰੋਕੇਗਾ? ਕੀ ਜੇ ਅਜਿਹਾ ਹੋਇਆ, ਤਾਂ ਸ਼੍ਰੋਮਣੀ ਕਮੇਟੀ ਕਿਸ ਮੂੰਹ ਤੋਂ ਇਸ ਦਾ ਵਿਰੋਧ ਕਰੇਗੀ, ਜੋ ਆਪ ਹੀ ਸਿੱਖਾਂ ਦੇ ਕਕਾਰ 'ਤੇ ਪਾਬੰਦੀ ਲਗਾ ਚੁਕੀ ਹੈ ?

ਕਿਰਪਾਨ 'ਤੇ ਪਾਬੰਦੀ ਲਾਉਣੀ, ਇਹ ਸਾਜਿਸ਼ ਭਰੀ ਕਰਤੂਤ ,ਸ਼੍ਰੋਮਣੀ ਕਮੇਟੀ ਦੀ ਅਪਣੀ ਸੋਚ ਨਹੀਂ ਹੈ। ਇਹ ਸਿੱਖ ਵਿਰੋਧੀ ਸੰਗਠਨਾਂ ਦਾ ਅਜੈੰਡਾ ਹੈ, ਜੋ ਉਨ੍ਹਾਂ ਦੇ ਹੇਡਕੁਆਟਰ ਤੋਂ ਹੂੰਦਾ ਹੋਇਆ "ਕੌਮ ਦੇ ਗੱਦਾਰਾਂ" ਰਾਂਹੀ ਮੱਕੜ ਤੱਕ ਪੁਜਿਆ ਹੈ। ਇਸ ਗੱਲ ਦੀ ਗੰਭੀਰਤਾਂ ਵੀ ਸਿੱਖਾਂ ਨੂੰ ਅੰਦੋਲਿਤ ਨਹੀਂ ਕਰ ਸਕੀ। ਇਸ ਸੁੱਤੀ ਹੋਈ ਕੌਮ ਦਾ ਰੱਬ ਹੀ ਮਾਲਿਕ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top