Share on Facebook

Main News Page

ਭਾਈ ਸ਼ਿਵਤੇਗ ਸਿੰਘ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਹੋਇਆ ਪਰਦਾਫਾਸ਼, ਦੋਸ਼ ਲਾਉਣ ਵਾਲੇ ਭਾਈ ਰਣਜੀਤ ਸਿੰਘ ਨੇ ਸਾਜਿਸ਼ ਕੀਤੀ ਬੇਨਕਾਬ

* ਕੈਨੇਡਾ ਸਰਕਾਰ ਦਾ ਫਰਜ ਬਣਦਾ ਹੈ ਕਿ ਅਪਰਾਧਕ ਜਗਤ ਦਾ ਰੂਪ ਧਾਰ ਚੁੱਕੇ ਧਰਮ ਦੇ ਠੇਕੇਦਾਰ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਗੁਰਦੁਆਰਿਆਂ ’ਤੇ ਹਮਲੇ ਕਰਦੇ ਹਨ ਅਤੇ ਗੁਰਮਤਿ ਦੇ ਪ੍ਰਚਾਰਕਾਂ ਉਪਰ ਝੂਠੇ ਇਲਜ਼ਾਮ ਲਾਉਣ ਲਈ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ; ਦੀ ਪਛਾਣ ਕਰਕੇ ਉਨ੍ਹਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ, ਤਾਂ ਕਿ ਕੈਨੇਡਾ ਦੇ ਅਮਨ ਚੈਨ ਅਤੇ ਕਾਨੂੰਨ ਵਿਵਸਥਾ ਨੂੰ ਇਹ ਲੋਕ ਕੋਈ ਨੁਕਸਾਨ ਨਾ ਪਹੁੰਚਾ ਸਕਣ

ਕਿਰਪਾਲ ਸਿੰਘ ਬਠਿੰਡਾ
ਮੋਬ: 98554-80797

ਅੰਡਰ ਗਰਾਂਊਂਡ ਅਪਰਾਧ ਜਗਤ ਅਤੇ ਨਾਟਕੀ/ਫਿਲਮੀ ਕਹਾਣੀਆਂ ਵਿੱਚ ਤਾਂ ਇਹ ਗੱਲ ਆਮ ਵੇਖਣ ਨੂੰ ਮਿਲਦੀ ਹੈ ਕਿ ਕਿਸ ਤਰ੍ਹਾਂ ਆਪਣੇ ਸਮਝੇ ਜਾਂਦੇ ਵਿਰੋਧੀ ਪਰ ਸੱਚੇ ਸੁੱਚੇ ਅਤੇ ਭਲੇਮਾਣਸ ਮਨੁੱਖ ਨੂੰ ਆਪਣੇ ਰਾਹ ਦਾ ਰੋੜਾ ਸਮਝ ਕੇ ਇੱਕ ਸਾਜਿਸ਼ ਤਹਿਤ ਬਦਨਾਮ ਕਰਕੇ ਉਸ ਨੂੰ ਖਤਮ ਕੀਤਾ ਜਾਂਦਾ ਹੈ। ਪਰ ਜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਸਮਝਣ ਵਾਲੇ ਵੀ ਇਸ ਤਰ੍ਹਾਂ ਦੀਆਂ ਘਟੀਆ ਸਾਜਿਸ਼ਾਂ ਰਚ ਕੇ ਆਪਣੇ ਵਿਰੋਧੀ ਵੀਚਾਰਾਂ ਵਾਲੇ ਗੁਰਮਤਿ ਦੇ ਪ੍ਰਚਾਰਕਾਂ ਉਪਰ ਬੱਜ਼ਰ ਕੁਰਹਿਤ ਦੇ ਝੂਠੇ ਇਲਜ਼ਾਮ ਲਾ ਕੇ ਉਸ ਖ਼ਬਰ ਨੂੰ ਯੋਜਨਾਵਧ ਢੰਗ ਨਾਲ ਫੈਲਾਉਣ ਦੇ ਨਾਲ ਨਾਲ ਹੀ ਕੈਨੇਡਾ ਵਰਗੇ ਮੁਲਕ ਵਿੱਚ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ 50-60 ਦੇ ਗਰੁੱਪਾਂ ਵਿੱਚ ਉਸ ਬੇਕਸੂਰ ਨੂੰ ਸਜਾ ਦੇਣ ਲਈ ਉਸ ਦੀ ਭਾਲ ਵਿੱਚ ਸੜਕਾਂ/ਗਲੀਆਂ ਵਿੱਚ ਦਨਦਨਾਉਂਦੇ ਫਿਰਨ ਤਾਂ ਇਸ ਨਾਲੋਂ ਵੱਧ ਸ਼ਰਮ ਦੀ ਗੱਲ ਹੋਰ ਕੋਈ ਨਹੀਂ ਹੋ ਸਕਦੀ।

ਗੱਲ ਓਨਟੋਰੀਓ ਖ਼ਾਲਸਾ ਦਰਬਾਰ ਡਿਕਸੀ ਰੋਡ ਮਿਸੀਗਾਸਾ (ਟਰਾਂਟੋ) ਗੁਰਦੁਆਰੇ ਦੀ ਹੈ ਜਿੱਥੇ ਭਾਈ ਸ਼ਿਵਤੇਗ ਸਿੰਘ ਕਥਾਵਾਚਕ ਕਾਫੀ ਸਮੇਂ ਤੋਂ ਪ੍ਰਬੰਧਕੀ ਕਮੇਟੀ ਦੇ ਸੱਦੇ ’ਤੇ ਪ੍ਰਚਾਰ ਦੀ ਸੇਵਾ ਨਿਭਾ ਰਿਹਾ ਸੀ। ਉਨ੍ਹਾਂ ਹੀ ਦਿਨਾਂ ਵਿੱਚ ਬੀਬੀਆਂ ਦਾ ਇੱਕ ਢਾਢੀ ਜਥਾ ਅਤੇ ਦੂਸਰਾ ਇੱਕ ਰਾਗੀ ਜਥਾ ਜਿਸ ਨਾਲ ਭਾਈ ਰਣਜੀਤ ਸਿੰਘ ਤਬਲਾ ਵਜਾਉਣ ਦੀ ਸੇਵਾ ਕਰਦਾ ਸੀ; ਸੇਵਾ ਨਿਭਾ ਰਹੇ ਸਨ। ਧਰਮ ਦੇ ਆਪੂੰ ਬਣੇ ਠੇਕੇਦਾਰਾਂ ਨੇ ਸਾਜਿਸ਼ ਘੜ ਕੇ ਰਣਜੀਤ ਸਿੰਘ ਤੋਂ ਇਹ ਦੋਸ਼ ਲਵਾ ਦਿੱਤਾ ਕਿ ਭਾਈ ਸ਼ਿਵਤੇਗ ਸਿੰਘ ਨੂੰ ਉਸ ਨੇ ਢਾਢੀ ਜਥੇ ਦੀ ਮੁਖੀ ਬੀਬੀ ਨਾਲ ਇਤਰਾਜਯੋਗ ਹਾਲਤ ਵਿੱਚ ਵੇਖਿਆ ਹੈ।

ਇਸ ਖ਼ਬਰ ਨੂੰ ਗੁਰਪ੍ਰੀਤ ਸਿੰਘ ਕੈਲੇਫੋਰਨੀਆਂ ਅਤੇ ਰੀਤਇੰਦਰ ਸਿੰਘ ਸੰਪਾਦਕ ਪੰਥਕ.ਓਰਗ ਨੇ ਜੰਗਲ ਦੀ ਅੱਗ ਵਾਂਗ ਫੈਲਾ ਦਿੱਤਾ ਅਤੇ ਫੇਸ ਬੁੱਕ ਰਾਹੀਂ ਪੋਸਟਾਂ ਪਾ ਕੇ ਧਰਮ ਦੇ ਨਾਮ ’ਤੇ ਗੁੰਡਾਗਰਦੀ ਕਰਨ ਵਾਲਿਆਂ ਦਾ ਹਜੂਮ ਇਕੱਠਾ ਕਰਕੇ ਭਾਈ ਸ਼ਿਵਤੇਗ ਸਿੰਘ ਨੂੰ ਸੋਧਣ ਲਈ ਗੁਰਦੁਆਰੇ ’ਤੇ ਆ ਧਾਵਾ ਬੋਲਿਆ। ਜਦ ਇਸ ਗੱਲ ਦਾ ਪਤਾ ਗੁਰਦੁਆਰੇ ਦੇ ਪ੍ਰਧਾਨ ਸ: ਅਵਤਾਰ ਸਿੰਘ ਪੂਨੀਆ ਨੂੰ ਲੱਗਾ ਤਾਂ ਸਥਿਤੀ ਸੰਭਾਲਣ ਲਈ ਉਨ੍ਹਾਂ ਨੇ ਸ: ਬਾਜਵਾ ਨੂੰ ਕਿਹਾ ਕਿ ਭਾਈ ਸ਼ਿਵਤੇਗ ਸਿੰਘ ਨੂੰ ਕਿਸੇ ਅਣਦੱਸੀ ਸੁਰੱਖਿਅਤ ਜਗ੍ਹਾ ’ਤੇ ਪਹੁੰਚਾ ਦਿੱਤਾ ਜਾਵੇ।

ਲੱਠਮਾਰਾਂ ਦੀ ਹੋਰ ਚੜ੍ਹਮੱਚੀ ਅਤੇ ਗੁਰਪ੍ਰੀਤ ਸਿੰਘ ਕੈਲੇਫੋਰਨੀਆ ਨੇ ਆਪਣੀ ਫੇਸ ਬੁੱਕ ’ਤੇ ਨਵੀਂ ਪੋਸਟ ਵਿੱਚ ‘ਬਰੇਕਿੰਗ ਨਿਊਜ਼’ ਸਿਰਲੇਖ ਹੇਠ ਇਹ ਨੋਟਿਸ ਜਾਰੀ ਕਰ ਦਿੱਤਾ:- ‘ਮਿਸ਼ਨਰੀ ਪ੍ਰਚਾਰਕ ਸ਼ਿਵਤੇਗ ਸਿੰਘ ਜੋ ਡਿਕਸੀ ਰੋਡ ਗੁਰਦੁਆਰੇ ਵਿੱਚ ਇੱਕ ਢਾਢੀ ਬੀਬੀ ਨਾਲ ਆਪਤੀਜਨਕ ਹਾਲਤ ਵਿੱਚ ਫੜਿਆ ਗਿਆ, ਹੁਣ ਉਹ ਉਸ ਗੁਰੂਘਰ ਵਿੱਚੋਂ ਭਗੌੜਾ ਹੈ। ਕੈਨੇਡਾ ਦੇ ਸਿੰਘ ਉਸ ਦੀ ਭਾਲ ਵਿੱਚ ਹਨ ਅਗਰ ਕਿਸੇ ਕੋਲ ਉਸ ਦੀ ਖ਼ਬਰ ਹੋਵੇ ਜਰੂਰ ਸਾਂਝੀ ਕਰੇ।’ ਸਿਰਫ ਇੰਨਾ ਹੀ ਨਹੀਂ ਗੁੰਡਾ ਬ੍ਰੀਗੇਡ ਦੇ ਲੱਠਮਾਰ ਉਨ੍ਹਾਂ ਘਰਾਂ ਦੇ ਆਸ ਪਾਸ ਜਿੱਥੇ ਭਾਈ ਸ਼ਿਵਤੇਗ ਸਿੰਘ ਦੇ ਹੋਣ ਦੀ ਸ਼ੰਕਾ ਹੋ ਸਕਦੀ ਸੀ; ਭਾਈ ਸ਼ਿਵਤੇਗ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਮਾਨਸਿਕ ਦਬਾਉ ਵਧਾਉਣ ਲਈ ਪਹਿਰੇ ’ਤੇ ਵੀ ਖੜ੍ਹਦੇ ਰਹੇ। ਜੇ ਇਹ ਦੋਸ਼ ਸੱਚੇ ਹੁੰਦੇ ਤਾਂ ਇਹ ਵਾਕਿਆ ਹੀ ਭਾਈ ਸ਼ਿਵਤੇਗ ਸਿੰਘ ਦੇ ਪ੍ਰੋਫੈਸ਼ਨ ਅਤੇ ਉਸ ਦੇ ਸਿੱਖੀ ਲਿਬਾਸ ’ਤੇ ਇੱਕ ਵੱਡਾ ਕਾਲਾ ਧੱਬਾ ਸੀ ਜਿਸ ਨੂੰ ਉਹ ਕਦੀ ਵੀ ਧੋ ਨਹੀਂ ਸੀ ਸਕਦਾ। ਪਰ ਸੱਚੇ ਹੋਣ ਦੇ ਬਾਵਯੂਦ ਧਰਮ ਦੇ ਨਾਮ ’ਤੇ ਗੁੰਡਾਗਰਦੀ ਕਰਨ ਵਾਲਿਆਂ ਤੋਂ ਜਿਸ ਤਰ੍ਹਾਂ ਉਸ ਨੂੰ ਚੋਰਾਂ ਵਾਂਗ ਲੁਕ ਛਿਪ ਕੇ ਰਹਿਣਾ ਪੈ ਰਿਹਾ ਸੀ ਇਨ੍ਹਾਂ ਹਾਲਤਾਂ ਵਿੱਚ ਭਾਈ ਸ਼ਿਵਤੇਗ ਸਿੰਘ ਦੇ ਮਨ ’ਤੇ ਕੀ ਬੀਤਦੀ ਹੋਵੇਗੀ ਇਹ ਉਹ ਹੀ ਜਾਣ ਸਕਦਾ ਹੈ।

ਇਸ ਗੁੰਡਾਗਰਦੀ ਵਾਲੀ ਸਾਜਿਸ਼ ਦਾ ਸਭ ਤੋਂ ਪਹਿਲਾਂ ਭਾਂਡਾ ਸੰਪਾਦਕ ਖ਼ਾਲਸਾ ਨਿਊਜ਼, ਪੱਤਰਕਾਰ ਹੰਸਰਾ ਅਤੇ ਭਾਈ ਗੁਰਦੇਵ ਸਿੰਘ ਸੱਧੇਵਾਲੀਆ ਨੇ ਖ਼ਾਲਸਾ ਨਿਊਜ਼ ’ਤੇ ਛਪੀਆਂ ਖ਼ਬਰਾਂ ਰਾਹੀਂ ਭੰਨਿਆ

ਇਸ ਉਪ੍ਰੰਤ ਪੂਰੇ ਤੱਥ ਮਿਲਣ ਉਪ੍ਰੰਤ ਮੈਂ ਇਸ ਕੇਸ ਦੀ ਪੂਰੀ ਰੀਪੋਰਟ ਤਿਆਰ ਕੀਤੀ ਅਤੇ ਇਹ ਇਸ਼ਾਰਾ ਵੀ ਕੀਤਾ ਕਿ ਇਹ ਸਾਜਿਸ਼ ਕਰਨ ਵਾਲਿਆਂ ਵਿੱਚ ਕੌਣ ਕੌਣ ਸ਼ਾਮਲ ਹੋ ਸਕਦੇ ਹਨ? ਇਹ ਰੀਪੋਰਟ ਖ਼ਾਲਸਾ ਨਿਊਜ਼ ’ਤੇ ਹੇਠ ਲਿਖੇ ਲਿੰਕ ’ਤੇ ਪੜ੍ਹੀ ਜਾ ਸਕਦੀ ਹੈ:

http://www.khalsanews.org/newspics/2014/06%20June%2014/01%20June%2014/01%20June%2014%20False%20allegation%20on%20Shivteg%20Singh%20-%20KS%20Bathinda.htm

ਅਪਰਾਧਿਕ ਕਿਸਮ ਦੇ ਸਾਜਿਸ਼ਕਾਰੀਆਂ ਦੀ ਜ਼ਮੀਰ ਤਾਂ ਮਰ ਚੁੱਕੀ ਹੁੰਦੀ ਹੈ, ਇਸ ਲਈ ਉਨ੍ਹਾਂ ਦੀ ਸਿਹਤ ’ਤੇ ਬਹੁਤਾ ਅਸਰ ਨਹੀਂ ਹੁੰਦਾ, ਪਰ ਭਾਈ ਰਣਜੀਤ ਸਿੰਘ ਵਰਗਾ ਸਰੀਫ ਬੰਦਾ ਜਿਸ ਨੂੰ ਇਨ੍ਹਾਂ ਸਾਜਿਸ਼ਕਾਰੀਆਂ ਨੇ ਡਰਾ ਧਮਕਾ ਕੇ ਆਪਣੀ ਸਾਜਿਸ਼ ਦਾ ਹਿੱਸਾ ਬਣਾ ਲਿਆ ਸੀ ਉਸ ਦੀ ਰੂਹ ਇਹ ਰੀਪੋਰਟਾਂ ਪੜ੍ਹ ਕੇ ਕੰਬ ਉਠੀ ਤੇ ਆਪਣੇ ਮਨ ਤੋਂ ਭਾਰ ਹੌਲ਼ਾ ਕਰਨ ਲਈ ਉਸ ਨੇ ਭਾਈ ਚੈਨ ਸਿੰਘ ਧਾਲੀਵਾਲ (ਟਰਾਂਟੋ) ਕੋਲ ਅਸਲ ਸੱਚਾਈ ਦੱਸਣੀ ਸ਼ੁਰੂ ਕਰ ਦਿੱਤੀ। ਜਦ ਭਾਈ ਚੈਨ ਸਿੰਘ ਨੂੰ ਵਿਸ਼ਵਾਸ਼ ਹੋ ਗਿਆ ਕਿ ਜੋ ਰਣਜੀਤ ਸਿੰਘ ਬੋਲ ਰਿਹਾ ਹੈ ਇਹ ਬਿਲਕੁਲ ਸੱਚਾਈ ਹੈ ਤਾਂ ਉਨ੍ਹਾਂ ਨੇ ਰਣਜੀਤ ਸਿੰਘ ਨੂੰ ਤਿਆਰ ਕਰ ਲਿਆ ਕਿ ਇਹ ਸੱਚਾਈ ਭਾਈ ਸ਼ਿਵਤੇਗ ਸਿੰਘ ਨੂੰ ਵੀ ਦੱਸੀ ਜਾਵੇ। ਭਾਈ ਰਣਜੀਤ ਸਿੰਘ ਨੇ ਭਾਈ ਚੈਨ ਸਿੰਘ ਦੀ ਹਾਜਰੀ ਵਿੱਚ ਭਾਈ ਸ਼ਿਵਤੇਗ ਸਿੰਘ ਨੂੰ ਸਾਫ ਸਾਫ ਦੱਸ ਦਿੱਤਾ ਕਿ ਇਸ ਪਿੱਛੇ ਬਹੁਤ ਵੱਡੀ ਸਾਜਿਸ਼ ਚੱਲ ਰਹੀ ਸੀ ਅਤੇ ਉਸ ਸਾਜਿਸ਼ ਅਧੀਨ ਉਸ ਤੋਂ ਬਹੁਤ ਹੀ ਗਲਤ ਕੰਮ ਕਰਵਾ ਲਿਆ ਗਿਆ ਹੈ; ਜਿਸ ਦੀ ਮੁਆਫੀ ਮੰਗਦੇ ਹਨ। ਰਣਜੀਤ ਸਿੰਘ ਨੇ ਜੋ ਕਹਾਣੀ ਦੱਸੀ ਉਹ ਹੇਠ ਲਿਖੇ ਅਨੁਸਾਰ ਹੈ:-

5 ਮਈ ਨੂੰ ਇਕ ਕਲੀਨ ਸ਼ੇਵਨ ਬੰਦਾ ਰਣਜੀਤ ਸਿੰਘ ਪਾਸ ਆਇਆ ਤੇ ਕਹਿਣ ਲੱਗਾ ਕਿ ਬਾਹਰ ਖੜ੍ਹੇ ਤੇਰੇ ਦੋਸਤ ਤੈਨੂੰ ਮਿਲਣ ਲਈ ਆਏ ਹਨ। ਜਦ ਰਣਜੀਤ ਸਿੰਘ ਉਨ੍ਹਾਂ ਨੂੰ ਮਿਲਣ ਵਾਸਤੇ ਗਿਆ ਤਾਂ ਉਸ ਨੂੰ ਕਾਲ਼ੇ ਸ਼ੀਸ਼ਿਆਂ ਵਾਲੀ ਅਤੇ ਕਾਲ਼ੇ ਹੀ ਰੰਗ ਦੀ ਇੱਕ ਕਾਰ ਵਿੱਚ ਬਿਠਾ ਕੇ ਡਰਾਇਵਰ ਨੇ ਗੱਡੀ ਅੰਦਰੋਂ ਲਾਕ ਕਰ ਲਈ। ਉਸ ਗੱਡੀ ਵਿੱਚ ਪਹਿਲਾਂ ਤੋਂ ਹੀ ਚਾਰ ਬੰਦੇ ਬੈਠੇ ਸਨ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ। ਜਦ ਰਣਜੀਤ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਤਾਂ ਉਨ੍ਹਾਂ ਕਿਹਾ ਬੇਸ਼ੱਕ ਤੂੰ ਸਾਨੂੰ ਨਹੀਂ ਜਾਣਦਾ ਪਰ ਅਸੀਂ ਤੈਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਉਨ੍ਹਾਂ ਰਣਜੀਤ ਸਿੰਘ ਦਾ ਪਿੰਡ ਉਸ ਦੀ ਮਾਤਾ ਦਾ ਨਾਮ, ਭੈਣ ਦਾ ਨਾਮ, ਉਹ ਕਿੱਥੇ ਵਿਆਹੀ ਹੋਈ ਹੈ ਅਤੇ ਉਸ ਦੇ ਜੀਜੇ ਦਾ ਨਾਮ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵੇਲੇ ਸਾਡੇ ਦੋ ਬੰਦੇ ਤੇਰੀ ਮਾਤਾ ਕੋਲ ਬੈਠੇ ਚਾਹ ਪੀ ਰਹੇ ਹਨ ਤੇ ਨਾਲ ਬਿਸਕੁਟ ਭੁਜੀਆ ਖਾ ਰਹੇ ਹਨ। ਇਹ ਕਹਿੰਦਿਆਂ ਕਾਗਜ਼ ’ਤੇ ਲਿਖਿਆ ਹੋਇਆ ਫੋਨ ਨੰਬਰ ਫੜਾ ਕੇ ਰਣਜੀਤ ਸਿੰਘ ਨੂੰ ਕਹਿਣ ਲੱਗੇ ਕਿ ਇਸ ਨੰਬਰ ’ਤੇ ਫੋਨ ਕਰਕੇ ਪੁੱਛ ਕੇ ਉਨ੍ਹਾਂ ਕੋਲ ਕੌਣ ਬੈਠੇ ਹਨ। ਜਦ ਰਣਜੀਤ ਸਿੰਘ ਨੇ ਵੇਖਿਆ ਕਿ ਇਹ ਤਾਂ ਉਸ ਦੀ ਮਾਤਾ ਦਾ ਹੀ ਨੰਬਰ ਹੈ ਤਾਂ ਉਸ ਵੱਲੋਂ ਉਸ ਨੰਬਰ ’ਤੇ ਫੋਨ ਕਰਕੇ ਪੁੱਛੇ ਜਾਣ ’ਤੇ ਉਸ ਦੀ ਮਾਤਾ ਨੇ ਦੱਸਿਆ ਕਿ ਦੋ ਬੰਦੇ ਬੈਠੇ ਚਾਹ ਪੀ ਰਹੇ ਹਨ। ਇਹ ਬੰਦੇ ਦਸਦੇ ਹਨ ਕਿ ਉਨ੍ਹਾਂ ਨੂੰ ਰਣਜੀਤ ਸਿੰਘ ਨੇ ਭੇਜਿਆ ਹੈ ਕਿ ਮੇਰੀ ਮਾਤਾ ਜੀ ਨੂੰ ਮਿਲ ਕੇ ਹਾਲਚਾਲ ਦੱਸ ਆਓ।

ਇਸ ਵਾਰਤਾ ਉਪ੍ਰੰਤ ਗੱਡੀ ਵਿੱਚ ਬੈਠੇ ਬੰਦਿਆਂ ਨੇ ਕਿਹਾ ਕਿ ਅਸੀਂ ਤੇਰੇ ਪਾਸੋਂ ਇੱਕ ਕੰਮ ਕਰਵਾਉਣਾ ਹੈ ਜਿਹੜਾ ਤੈਨੂੰ ਕਰਨਾ ਹੀ ਪੈਣਾ ਹੈ। ਉਹ ਕੰਮ ਇਹ ਹੈ ਕਿ ਤੂੰ ਇਹ ਕਹਿਣਾ ਹੈ ਕਿ ਸ਼ਿਵਤੇਗ ਸਿੰਘ ਨੂੰ ਢਾਢੀ ਜਥੇ ਦੀ ਮੁਖੀ ਬੀਬੀ ਨਾਲ ਇਤਰਾਜਯੋਗ ਹਾਲਤ ਵਿੱਚ ਵੇਖਿਆ ਹੈ। ਰਣਜੀਤ ਸਿੰਘ ਨੇ ਕਿਹਾ ਕਿ ਜਦੋਂ ਉਸ ਨੇ ਵੇਖਿਆ ਹੀ ਕੁਝ ਨਹੀਂ ਹੈ ਤਾਂ ਉਹ ਕਿਸ ਤਰ੍ਹਾਂ ਏਡਾ ਵੱਡਾ ਇਲਜ਼ਾਮ ਲਾ ਸਕਦਾ ਹੈ? ਉਨ੍ਹਾਂ ਬੰਦਿਆਂ ਨੇ ਰਣਜੀਤ ਸਿੰਘ ਨੂੰ ਕਿਹਾ ਉਨ੍ਹਾਂ ਕੋਲ ਸਾਰੇ ਸਬੂਤ ਹਨ। ਪਰ ਉਨ੍ਹਾਂ ਵੱਲੋਂ ਕਹੀ ਗੱਲ ਕਿਸੇ ਨੇ ਮੰਨਣੀ ਨਹੀਂ ਇਸ ਲਈ ਅਸੀਂ ਤੇਰੇ ਪਾਸੋਂ ਅਖਵਾਉਣਾ ਚਾਹੁੰਦੇ ਹਾਂ। ਦਿੱਲੀ ਤੇ ਪੰਜਾਬ ਦੇ ਜੋ ਰਾਜੇ ਹਨ ਉਹ ਵੀ ਚਾਹੁੰਦੇ ਹਨ ਕਿ ਇਹ ਇਲਜ਼ਾਮ ਲਾਇਆ ਜਾਵੇ। ਪਰ ਜੇ ਤੂੰ ਨਹੀਂ ਕਹੇਂਗਾ ਜਾਂ ਸਾਡੀ ਇਹ ਗੱਲਬਾਤ ਬਾਹਰ ਕਿਸੇ ਨੂੰ ਦੱਸੇਂਗਾ ਤਾਂ ਤੈਨੂੰ ਪਤਾ ਹੈ ਕਿ ਸਾਡੀ ਪਹੁੰਚ ਕਿਥੋਂ ਤੱਕ ਹੈ! ਜਿਹੜੇ ਬੰਦੇ ਤੇਰੀ ਮਾਤਾ ਪਾਸ ਬੈਠੇ ਹਨ ਉਹ ਤੇਰੀ ਮਾਤਾ ਅਤੇ ਭੈਣ ਦਾ ਕੋਈ ਵੀ ਨੁਕਸਾਨ ਕਰ ਸਕਦੇ ਹਨ, ਇੱਥੋਂ ਤੱਕ ਕਿ ਜਾਨੋ ਵੀ ਮਾਰ ਸਕਦੇ ਹਨ। ਜੇ ਗੁਰਦੁਆਰਾ ਕਮੇਟੀ ਪਾਸ ਸ਼ਿਕਾਇਤ ਕਰੇਂਗਾ ਤਾਂ ਇਸ ਵਿੱਚ ਵੀ ਸਾਡੇ ਦੋ ਮੈਂਬਰ ਹਨ ਇਸ ਲਈ ਉਥੇ ਵੀ ਤੇਰੀ ਗੱਲ ਨਹੀਂ ਸੁਣੀ ਜਾਣੀ; ਜੋ ਅਸੀਂ ਕਹਾਂਗੇ ਉਹੀ ਮੰਨੀ ਜਾਵੇਗੀ।

ਰਣਜੀਤ ਸਿੰਘ ਅਨੁਸਾਰ ਉਨ੍ਹਾਂ ਨਾਲ ਹੋਈ ਗੱਲਬਾਤ ਅਤੇ ਧਮਕੀਆਂ ਤੋਂ ਉਹ ਇੰਨਾ ਡਰ ਗਿਆ ਸੀ ਕਿ 6 ਮਈ ਨੂੰ ਉਸ ਨੇ ਆਪਣੇ ਕੀਰਤਨੀ ਜਥੇ ਦੇ ਬਾਕੀ ਦੋ ਮੈਂਬਰਾਂ ਨੂੰ ਦੱਸਿਆ ਕਿ ਢਾਢੀ ਜਥੇ ਦੀ ਮੁਖੀ ਬੀਬੀ ਅਤੇ ਭਾਈ ਸ਼ਿਵਤੇਗ ਸਿੰਘ ਨੂੰ ਉਸ ਨੇ ਇਤਰਾਜਯੋਗ ਹਾਲਤ ਵਿੱਚ ਵੇਖਿਆ ਹੈ। ਕੀਰਤਨੀ ਜਥੇ ਨੇ ਬੀਬੀਆਂ ਦੇ ਢਾਢੀ ਜਥੇ ਦੀਆਂ ਬਾਕੀ ਦੋ ਬੀਬੀਆਂ ਤੇ ਸਾਰੰਗੀ ਮਾਸਟਰ ਨੂੰ ਦੱਸਿਆ। ਕਿਉਂਕਿ ਢਾਢੀ ਜਥੇ ਦੇ ਬਾਕੀ ਮੈਂਬਰਾਂ ਦੀ ਆਪਣੇ ਜਥੇ ਦੀ ਮੁਖੀ ਨਾਲ ਨਹੀਂ ਸੀ ਬਣਦੀ ਇਸ ਲਈ ਉਨ੍ਹਾਂ ਪੰਜਾਂ ਨੇ ਝੱਟ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਪੂਨੀਆ ਕੋਲ ਇਸ ਦੀ ਸ਼ਿਕਇਤ ਕੀਤੀ। ਪ੍ਰਧਾਨ ਵੱਲੋਂ ਪੁੱਛੇ ਜਾਣ ’ਤੇ ਰਣਜੀਤ ਸਿੰਘ ਨੇ ਵੀ ਕਹਿ ਦਿੱਤਾ ਕਿ ਹਾਂ ਉਸ ਨੇ ਵੇਖਿਆ ਹੈ। ਜਦੋਂ ਹੀ ਪ੍ਰਧਾਨ ਸਾਹਿਬ ਨੇ ਬਾਕੀ ਗੁਰਦੁਆਰਾ ਮੈਂਬਰਾਂ ਨੂੰ ਨਾਲ ਲੈ ਕੇ ਪੜਤਾਲ ਸ਼ੁਰੂ ਕੀਤੀ ਤਾਂ ਤੁਰੰਤ ਇਹ ਖ਼ਬਰ ਗੁਰਪ੍ਰੀਤ ਸਿੰਘ ਕੈਲੇਫੋਰਨੀਆਂ ਦੇ ਗਰੁੱਪ ਨੇ ਜੰਗਲ ਦੀ ਅੱਗ ਵਾਂਗ ਫੈਲਾ ਦਿੱਤੀ। ਰਣਜੀਤ ਸਿੰਘ ਨੇ ਕਿਹਾ ਕਿ ਜੇ ਉਹ ਉਨ੍ਹਾਂ ਦੀ ਗੱਲ ਮੰਨ ਕੇ ਭਾਈ ਸ਼ਿਵਤੇਗ ਸਿੰਘ ’ਤੇ ਝੂਠਾ ਇਲਜ਼ਾਮ ਨਾ ਲਾਉਂਦੇ ਤਾਂ ਹੋ ਸਕਦਾ ਹੈ ਕਿ ਉਹ ਸ਼ਿਵਤੇਗ ਸਿੰਘ ਦੇ ਨਾਲ ਮੇਰਾ ਵੀ ਕੋਈ ਨੁਕਸਾਨ ਕਰਦੇ। ਪਰ ਹੁਣ ਭਾਈ ਸ਼ਿਵਤੇਗ ਸਿੰਘ ਅਤੇ ਢਾਢੀ ਬੀਬੀ ’ਤੇ ਉਸ ਵੱਲੋਂ ਡਰ ਅਧੀਨ ਲਗਾਏ ਗਏ ਝੂਠੇ ਇਲਜ਼ਾਮ ਦਾ ਉਨ੍ਹਾਂ ਦੀ ਆਤਮਾ ’ਤੇ ਬੋਝ ਹੈ ਜਿਹੜਾ ਕਿ ਸਮੁੱਚੇ ਪੰਥ ਅਤੇ ਭਾਈ ਸ਼ਿਵਤੇਗ ਸਿੰਘ ਕੋਲੋਂ ਮੁਆਫੀ ਮੰਗ ਕੇ ਉਹ ਹੌਲ਼ਾ ਕਰ ਰਹੇ ਹਨ। ਰਣਜੀਤ ਸਿੰਘ ਨੇ ਇਹ ਸਾਰੀ ਹੱਡਬੀਤੀ ਭਾਈ ਸ਼ਿਵਤੇਗ ਸਿੰਘ ਨੂੰ ਲਿਖ ਕੇ ਵੀ ਦੇ ਦਿੱਤੀ ਅਤੇ ਨਾਲ ਬੇਨਤੀ ਵੀ ਕੀਤੀ ਕਿ ਇਸ ਪੱਤਰ ਨੂੰ ਲੋੜ ਪੈਣ ’ਤੇ ਨਿਜੀ ਤੌਰ ’ਤੇ ਜਿੱਥੇ ਮਰਜੀ ਵਰਤੋ ਪਰ ਇਸ ਨੂੰ ਮੀਡੀਏ ਵਿੱਚ ਨਾ ਲਿਆਂਦਾ ਜਾਵੇ ਕਿਉਂਕਿ ਉਸ ਨੂੰ ਡਰ ਹੈ ਕਿ ਉਹ ਗੁੱਸੇ ਵਿੱਚ ਆ ਕੇ ਉਸ ਦਾ ਕੋਈ ਨੁਕਸਾਨ ਨਾ ਕਰ ਦੇਣ।

ਭਾਈ ਸ਼ਿਵਤੇਗ ਸਿੰਘ ਡੇਢ ਮਹੀਨਾ ਤਾਂ ਬਿਨਾਂ ਕਿਸੇ ਗੁਰਦੁਆਰੇ ਵਿੱਚ ਕਥਾ/ਪ੍ਰਚਾਰ ਦੀ ਸੇਵਾ ਨਿਭਾਇਆਂ ਲੁਕ ਛਿਪ ਕੇ ਦਿਨ ਕੱਟੀ ਕਰਦੇ ਰਹੇ ਕਿਉਂਕਿ ਵਿਵਾਦਤ ਖ਼ਬਰਾਂ ਕਾਰਣ ਕੋਈ ਵੀ ਗਰੁਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਨੂੰ ਆਪਣੀ ਸਟੇਜ ’ਤੇ ਪ੍ਰਚਾਰ ਦੀ ਸੇਵਾ ਦੇਣ ਲਈ ਤਿਆਰ ਨਹੀਂ ਸੀ। ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਹੋ ਸਕਦਾ ਹੈ ਲੱਠਮਾਰ ਉਨ੍ਹਾਂ ਦੇ ਗੁਰਦੁਆਰੇ ’ਤੇ ਹੀ ਧਾਵਾ ਨਾ ਬੋਲ ਦੇਣ ਜਿਸ ਕਾਰਣ ਗੁਰਦੁਆਰੇ ਦੀ ਮਾਣ ਮਰਿਆਦਾ ਨੂੰ ਸੱਟ ਵੱਜ ਸਕਦੀ ਸੀ। ਪਰ ਜਿਹੜਾ ਪ੍ਰਚਾਰਕ ਸਿਰਫ ਪ੍ਰਚਾਰ ਦੀ ਸੇਵਾ ਨਿਭਾਉਣ ਲਈ ਹੀ ਵਿਦੇਸ਼ ਗਿਆ ਹੋਵੇ ਤਾਂ ਉਹ ਕਿਤਨੇ ਕੁ ਦਿਨ ਉਥੇ ਬਿਨਾਂ ਕਿਸੇ ਕੰਮ ਤੋਂ ਬੈਠ ਸਕਦਾ ਹੈ। ਜੇ ਉਹ ਭਾਰਤ ਵਾਪਸ ਆਉਂਦਾ ਸੀ ਤਾਂ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਉਸ ਲਈ ਉਥੇ ਵੀ ਹਾਲਾਤ ਸੁਖਾਵੇਂ ਨਹੀਂ ਹਨ।

ਦੂਸਰਾ ਸਾਜਿਸ਼ਕਾਰਾਂ ਦਾ ਇਹ ਪੱਖ ਭਾਰੂ ਹੋਣਾ ਸੀ ਕਿ ਸ਼ਿਵਤੇਗ ਸਿੰਘ ਦੋਸ਼ੀ ਹੋਣ ਕਰਕੇ ਕੈਨੇਡਾ ਦਾ ਕੋਈ ਵੀ ਗੁਰਦੁਆਰਾ ਉਸ ਨੂੰ ਆਪਣੀ ਸਟੇਜ ’ਤੇ ਪ੍ਰਚਾਰ ਕਰਨ ਦੀ ਇਜਾਜਤ ਦੇਣ ਲਈ ਤਿਆਰ ਨਹੀਂ ਸੀ ਇਸ ਲਈ ਉਹ ਬੈਰੰਗ ਭਾਰਤ ਮੁੜ ਗਿਆ ਹੈ। ਰਣਜੀਤ ਸਿੰਘ ਵੱਲੋਂ ਇਹ ਲਿਖਤ ਮਿਲ ਜਾਣ ਉਪ੍ਰੰਤ ਭਾਈ ਸ਼ਿਵਤੇਗ ਸਿੰਘ ਨੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ (ਵੈਨਕੂਵਰ) ਦੀ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਬਣਾਇਆ ਤੇ ਰਣਜੀਤ ਸਿੰਘ ਦੀ ਇਹ ਹੱਥ ਲਿਖਤ ਵਿਖਾ ਕੇ ਦੱਸਿਆ ਕਿ ਉਹ ਬਿਲਕੁਲ ਨਿਰਦੋਸ਼ ਹੈ ਅਤੇ ਸਾਜਿਸ਼ ਦਾ ਸ਼ਿਕਾਰ ਹੋਇਆ ਹੈ। 22 ਜੂਨ ਨੂੰ ਦਸ਼ਮੇਸ਼ ਦਰਬਾਰ ਸਰੀ (ਵੈਨਕੂਵਰ) ਦੀ ਸਮੁੱਚੀ ਪ੍ਰਬੰਧਕੀ ਕਮੇਟੀ ਨੇ ਸ਼ਿਵਤੇਗ ਸਿੰਘ ਨੂੰ ਕੋਲ ਬਿਠਾ ਕੇ ਫੋਨ ਦਾ ਸਪੀਕਰ ਔਨ ਕਰਕੇ ਭਾਈ ਰਣਜੀਤ ਸਿੰਘ ਤੋਂ ਪੁੱਛਿਆ ਕਿ ਕੀ ਇਹ ਲਿਖਤ ਤੂੰ ਆਪ ਲਿਖੀ ਹੈ ਅਤੇ ਕੀ ਇਹ ਬਿਲਕੁਲ ਸੱਚੀ ਹੈ। ਰਣਜੀਤ ਸਿੰਘ ਵੱਲੋਂ ਹਾਂ ਕਹਿਣ ’ਤੇ ਦਸ਼ਮੇਸ਼ ਦਰਬਾਰ ਸਰੀ (ਵੈਨਕੂਵਰ) ਦੀ ਪ੍ਰਬੰਧਕ ਕਮੇਟੀ ਨੇ ਓਨਟੋਰੀਓ ਖ਼ਾਲਸਾ ਦਰਬਾਰ ਡਿਕਸੀ ਰੋਡ ਦੇ ਪ੍ਰਧਾਨ ਪੂਨੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਉਨ੍ਹਾਂ ਦੀ ਪੜਤਾਲ ਅਨੁਸਾਰ ਤਾਂ ਉਹ ਪਹਿਲਾਂ ਹੀ ਭਾਈ ਸ਼ਿਵਤੇਗ ਸਿੰਘ ਨੂੰ ਨਿਰਦੋਸ਼ ਮੰਨਦੇ ਸਨ, ਪਰ ਹੁਣ ਜੇ ਰਣਜੀਤ ਸਿੰਘ ਵੀ ਨਿਰਦੋਸ਼ ਮੰਨ ਰਿਹਾ ਹੈ ਤਾਂ ਇਸ ਵਿੱਚ ਕਿਸੇ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰਹੀ। ਇਹ ਤਸੱਲੀ ਕਰ ਲੈਣ ਉਪ੍ਰੰਤ ਵੈਨਕੂਵਰ ਵਾਲੀ ਕਮੇਟੀ ਨੇ ਮਤਾ ਪਾਸ ਕਰਕੇ ਭਾਈ ਸ਼ਿਵਤੇਗ ਸਿੰਘ ਨੂੰ ਪ੍ਰਚਾਰ ਲਈ ਸਮਾ ਅਲਾਟ ਕਰ ਦਿੱਤਾ।

ਵੈਨਕੂਵਰ ਕਮੇਟੀ ਦੇ ਇੱਕ ਮੈਂਬਰ ਨੇ ਡਿਕਸੀ ਰੋਡ ਗੁਰਦੁਆਰੇ ਦੇ ਇੱਕ ਹੋਰ ਅਹੁੱਦੇਦਾਰ ਨੂੰ ਇਹ ਸਾਰੀ ਗੱਲਬਾਤ ਦੱਸੀ ਤਾਂ ਉਸ ਨੇ ਝੱਟ ਰਣਜੀਤ ਸਿੰਘ ਨੂੰ ਬੁਲਾ ਕੇ ਪੁੱਛਿਆ ਕਿ ਕੀ ਇਹ ਤੂੰ ਹੀ ਲਿਖ ਕੇ ਦਿੱਤਾ ਹੈ? ਰਣਜੀਤ ਸਿੰਘ ਦੇ ਹਾਂ ਕਹਿਣ ’ਤੇ ਉਸ ਨੇ ਦਬਕਾ ਮਾਰਿਆ ਕਿ ਸਾਨੂੰ ਇਹ ਵੀ ਆਉਂਦਾ ਹੈ ਕਿ ਕਿਸ ਤਰ੍ਹਾਂ ਤੈਨੂੰ ਤੇਰੇ ਪਹਿਲੇ ਬਿਆਨ ’ਤੇ ਲਿਆਉਣਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸੇ ਹੀ ਦਿਨ ਕੀਰਤਨੀ ਜਥੇ ਦਾ ਰਣਜੀਤ ਸਿੰਘ ਪ੍ਰਤੀ ਵਿਵਹਾਰ ਬਦਲ ਗਿਆ ਤੇ ਉਸ ਨੂੰ ਜਵਾਬ ਦੇ ਦਿੱਤਾ ਕਿ ਉਨ੍ਹਾਂ ਨੇ ਕਿਸੇ ਹੋਰ ਤਬਲੇ ਵਾਲੇ ਦੀ ਭਾਲ ਕਰ ਲਈ ਹੈ ਇਸ ਲਈ ਤੂੰ ਸਾਡੇ ਨਾਲ ਸਾਥ ਨਹੀਂ ਨਿਭਾ ਸਕਦਾ। ਇੱਥੋਂ ਤੱਕ ਕਿ ਜਥੇ ਨੂੰ ਗੁਰਦੁਆਰਾ ਕਮੇਟੀ ਵਲੋਂ ਅਲਾਟ ਕੀਤੇ ਕਮਰੇ ਵਿੱਚੋਂ ਵੀ ਬਾਹਰ ਕੱਢ ਦਿੱਤਾ। ਇਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਕੀਰਤਨੀ ਜਥਾ ਵੀ ਸਾਜਿਸ਼ ਵਿੱਚ ਸ਼ਾਮਲ ਹੋਵੇ ਇਸੇ ਕਾਰਣ ਰਣਜੀਤ ਸਿੰਘ ਵੱਲੋਂ ਸੱਚ ਪ੍ਰਗਟ ਕੀਤੇ ਜਾਣ ਤੋਂ ਉਹ ਨਰਾਜ਼ ਹੋ ਗਏ ਤੋਂ ਉਸ ਨਾਲੋਂ ਆਪਣਾ ਸਬੰਧ ਤੋੜ ਲਿਆ।

ਤੀਸਰੀ ਹੋਰ ਅਫਸੋਸਨਾਕ ਗੱਲ ਇਹ ਹੋਈ ਕਿ ਇੱਕ ਨਾਮਵਰ ਕਥਾਵਾਚਕ ਨੇ ਭਾਈ ਰਣਜੀਤ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਠੀਕ ਜਾਂ ਗਲਤ ਹੁਣ ਤੈਨੂੰ ਆਪਣੇ ਪਹਿਲੇ ਬਿਆਨ ’ਤੇ ਹੀ ਡਟੇ ਰਹਿਣਾ ਚਾਹੀਦਾ ਸੀ ਕਿਉਂਕਿ ਜਿਨ੍ਹਾਂ ਨੇ ਤੈਨੂੰ ਝੂਠਾ ਇਲਜ਼ਾਮ ਲਾਉਣ ਲਈ ਮਜ਼ਬੂਰ ਕਰ ਦਿੱਤਾ ਸੀ ਹੋ ਸਕਦਾ ਹੈ ਹੁਣ ਉਹ ਤੇਰਾ ਨੁਕਸਾਨ ਵੀ ਕਰ ਦੇਣ। ਉਸ ਪ੍ਰਸਿੱਧ ਪ੍ਰਚਾਰਕ ਵੱਲੋਂ ਰਣਜੀਤ ਸਿੰਘ ਨੂੰ ਦਿੱਤੀ ਇਹ ਸਲਾਹ ਕਿ ‘ਆਪਣੇ ਬਚਾਉ ਲਈ ਪਹਿਲੇ ਬਿਆਨ ਭਾਵੇਂ ਉਹ ਝੂਠਾ ਹੀ ਸੀ ’ਤੇ ਡਟੇ ਰਹਿਣਾ ਚਾਹੀਦਾ ਸੀ’ ਬਹੁਤ ਹੀ ਅਜੀਬ ਲੱਗੀ ਕਿਉਂਕਿ ਜਿਸ ਧਰਮ ਦਾ ਉਹ ਪ੍ਰਚਾਰਕ ਹੈ ਉਹ ਤਾਂ ਸਿਖਾਉਂਦਾ ਹੈ: ‘ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥2॥ ਬੋਲੀਐ ਸਚੁ; ਧਰਮੁ; ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥3॥’ (ਪੰਨਾ 488)। ਸੋ ਚਾਹੀਦਾ ਤਾਂ ਇਹ ਸੀ ਕਿ ਭਾਵੇਂ ਪਛੜ ਕੇ ਹੀ ਸਹੀ ਰਣਜੀਤ ਸਿੰਘ ਵੱਲੋਂ ਸੱਚ ਬੋਲੇ ਜਾਣ ਦੀ ਅਲਾਘਾ ਕਰਦਾ ਅਤੇ ਹੁਣ ਸੱਚ ’ਤੇ ਟਿਕੇ ਰਹਿਣ ਦੀ ਪ੍ਰੇਰਣਾ ਕਰਦਾ। ਭਾਈ ਰਣਜੀਤ ਸਿੰਘ ਨੇ ਇਹ ਸਾਰੀਆਂ ਗੱਲਾਂ ਭਾਈ ਚੈਨ ਸਿੰਘ ਧਾਲੀਵਾਲ ਨੂੰ ਦੱਸੀਆਂ ਤਾਂ ਉਨ੍ਹਾਂ ਸਲਾਹ ਦਿੱਤੀ ਕਿ ਜਿਨ੍ਹਾਂ ਤੋਂ ਤੇਰੀ ਲਿਖਤ ਛੁਪਾ ਕੇ ਰੱਖਣਾ ਚਾਹੁੰਦੇ ਹਾਂ ਉਨ੍ਹਾਂ ਕੋਲ ਤਾਂ ਇਹ ਗੱਲ ਪਹੁੰਚ ਹੀ ਗਈ ਹੈ। ਇਸ ਲਈ ਜੇ ਆਪਾਂ ਹੁਣ ਵੀ ਇਸ ਨੂੰ ਆਮ ਲੋਕਾਂ ਅਤੇ ਮੀਡੀਏ ਤੋਂ ਛੁਪਾ ਕੇ ਰੱਖਾਂਗੇ ਤਾਂ ਹੋ ਸਕਦਾ ਹੈ ਕਿ ਸਾਜਿਸ਼ਕਾਰ ਤੇਰਾ ਕੋਈ ਨੁਕਸਾਨ ਵੀ ਕਰ ਦੇਣ ਤੇ ਉਲਟਾ ਇਸ ਦਾ ਦੋਸ਼ ਭਾਈ ਸ਼ਿਵਤੇਗ ਸਿੰਘ ’ਤੇ ਲਾ ਦੇਣ ਕਿ ਉਸ ਦੀ ਕੀਤੀ ਸ਼ਿਕਾਇਤ ਦਾ ਬਦਲਾ ਲੈਣ ਲਈ ਉਸ ਨੇ ਰਣਜੀਤ ਸਿੰਘ ਦਾ ਨੁਕਸਾਨ ਕਰ ਦਿੱਤਾ ਹੈ।

ਸੋ ਚੰਗਾ ਹੈ ਕਿ ਸੱਚ ਨੂੰ ਛੁਪਾ ਕੇ ਮਰਨ ਨਾਲੋਂ ਸੱਚ ’ਤੇ ਪਹਿਰਾ ਦੇ ਕੇ ਸੁਰਖੁਰੂ ਹੋਵੋ। ਉਨ੍ਹਾਂ ਇਹ ਵੀ ਯਕੀਨ ਦਿਵਾਇਆ ਕਿ ਜੇ ਸਾਰੀ ਸੱਚਾਈ ਮੀਡੀਏ ਵਿੱਚ ਆ ਗਈ ਤਾਂ ਕਿਸੇ ਸਾਜਿਸ਼ਕਾਰ ਦੀ ਜੁਰ੍ਹਤ ਨਹੀਂ ਪਵੇਗੀ ਕਿ ਤੇਰਾ ਕੋਈ ਨੁਕਸਾਨ ਕਰਨ ਕਿਉਂਕਿ ਇਸ ਨਾਲ ਉਹ ਝੱਟ ਪਛਾਣੇ ਜਾ ਜਾਣਗੇ। ਪਛਾਣ ਉਜਾਗਰ ਹੋਣ ਦਾ ਡਰ ਉਨ੍ਹਾਂ ਨੂੰ ਇਸ ਯੋਗ ਨਹੀਂ ਰਹਿਣ ਦੇਵੇਗਾ ਕਿ ਉਹ ਤੇਰਾ ਕੋਈ ਨੁਕਸਾਨ ਕਰ ਸਕਣ। ਸ: ਚੈਨ ਸਿੰਘ ਦੀਆਂ ਇਹ ਦਲੀਲਾਂ ਸੁਣ ਕੇ ਭਾਈ ਰਣਜੀਤ ਸਿੰਘ ਨੇ ਸਹਿਮਤੀ ਦੇ ਦਿੱਤੀ ਕਿ ਉਸ ਦੀ ਲਿਖਤ ਮੀਡੀਏ ਵਿੱਚ ਨਸ਼ਰ ਕਰ ਦਿੱਤੀ ਜਾਵੇ।

ਬੇਸ਼ੱਕ ਭਾਈ ਸ਼ਿਵਤੇਗ ਸਿੰਘ ਸਬੰਧੀ ਸੱਚਾਈ ਤਾਂ ਜੱਗ ਜ਼ਾਹਰ ਹੋ ਗਈ ਹੈ ਪਰ ਜਿਹੜੇ ਲੋਕਾਂ ਨੇ ਇਹ ਸਾਜਿਸ਼ ਰਚੀ ਹੈ ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਬਣਦੀ ਸਜਾ ਜਰੂਰ ਦੇਣੀ ਚਾਹੀਦੀ ਹੈ। ਕਿਉਂਕਿ ਇਹ ਉਹੀ ਲੋਕ ਹਨ ਜੋ ਕਦੀ ਪ੍ਰੋ: ਦਰਸ਼ਨ ਸਿੰਘ ਦੇ ਪ੍ਰੋਗਰਾਮ ਰੱਦ ਕਰਨ ਦੇ ਬਹਾਨੇ ਅਤੇ ਕਦੀ ਪ੍ਰੋ: ਸਰਬਜੀਤ ਸਿੰਘ ਧੂੰਦਾ ਦੇ ਪ੍ਰੋਗਰਾਮ ਬੰਦ ਕਰਵਾਉਣ ਦੇ ਬਹਾਨੇ ਗੁਰਦੁਅਰਿਆਂ ਉਪਰ ਹਮਲੇ ਅਤੇ ਪਥਰਾਉ ਕਰਦੇ ਹਨ। ਇਸ ਵੇਲੇ ਇਨ੍ਹਾਂ ਲੋਕਾਂ ਨੇ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਇਨਸਾਫ ਪਸੰਦ ਅਤੇ ਕਾਨੂੰਨ ਦਾ ਰਾਜ ਲਾਗੂ ਕਰਨ ਵਾਲੇ ਦੇਸ਼ਾਂ ਦਾ ਕੇਵਲ ਅਮਨ ਹੀ ਭੰਗ ਨਹੀਂ ਕੀਤਾ ਬਲਕਿ ਵਿਸ਼ਵ ਭਰ ਵਿੱਚ ਸਿੱਖਾਂ ਨੂੰ ਅਪਰਾਧੀ ਅਤੇ ਅਤਿਵਾਦੀ ਕੌਮ ਦੇ ਤੌਰ ’ਤੇ ਬਦਨਾਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਕੈਨੇਡਾ ਸਰਕਾਰ ਦਾ ਫਰਜ ਬਣਦਾ ਹੈ ਕਿ ਅਪਰਾਧਕ ਜਗਤ ਦਾ ਰੂਪ ਧਾਰਨ ਕਰ ਚੁੱਕੇ ਧਰਮ ਦੇ ਆਪੂੰ ਬਣੇ ਠੇਕੇਦਾਰ ਜਿਹੜੇ ਗੁਰਦੁਆਰਿਆਂ ’ਤੇ ਹਮਲੇ ਕਰਦੇ ਹਨ ਅਤੇ ਗੁਰਮਤਿ ਦੇ ਪ੍ਰਚਾਰਕਾਂ ਉਪਰ ਝੂਠੇ ਇਲਜ਼ਾਮ ਲਾ ਕੇ ਉਨ੍ਹਾਂ ਲਈ ਮਾਨਸਿਕ ਪ੍ਰੇਸ਼ਾਨੀਆਂ ਖੜ੍ਹੀਆਂ ਕਰਦੇ ਹਨ, ਗੁਰਮਤਿ ਦੇ ਪ੍ਰਚਾਰਕਾਂ ਦੀ ਬੋਲਣ ਦੀ ਅਜਾਦੀ ਖੋਹਦੇਂ ਹਨ ਅਤੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਹਨ; ਦੀ ਪਛਾਣ ਕਰਕੇ ਉਨ੍ਹਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਕਿ ਕੈਨੇਡਾ ਦੇ ਅਮਨ ਚੈਨ ਅਤੇ ਕਨੂੰਨ ਵਿਵਸਥਾ ਨੂੰ ਇਹ ਲੋਕ ਕੋਈ ਨੁਕਸਾਨ ਨਾ ਪਹੁੰਚਾ ਸਕਣ।

ਮੁਢਲੇ ਤੌਰ ’ਤੇ ਭਾਈ ਰਣਜੀਤ ਸਿੰਘ ਨੂੰ ਸੁਰੱਖਿਆ ਦਾ ਭਰੋਸਾ ਦੇ ਕੇ ਪੜਤਾਲ ਵਿੱਚ ਸ਼ਾਮਲ ਕਰਨ ਤੋਂ ਇਲਾਵਾ ਸਬੰਧਤ ਕੀਰਤਨੀ ਅਤੇ ਢਾਢੀ ਦੋਵਾਂ ਜਥਿਆਂ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇ। ਨਿਰਮੂਲ ਦੋਸ਼ਾਂ ਵਾਲੀ ਖ਼ਬਰ ਨੂੰ ਹਵਾ ਦੇਣ ਵਾਲੇ ਗੁਰਪ੍ਰੀਤ ਸਿੰਘ ਕੈਲੇਫੋਰਨੀਆਂ, ਪੰਥਕ.ਓਰਗ ਦੇ ਸੰਪਾਦਕ ਰੀਤਇੰਦਰ ਸਿੰਘ ਅਤੇ ਉਹ ਬੰਦੇ ਜਿਹੜੇ ਪਹਿਲਾਂ ਤਾਂ ਸ਼ਿਵਤੇਗ ਸਿੰਘ ਦਾ ਕੇਸ ਅਕਾਲ ਤਖ਼ਤ ’ਤੇ ਭੇਜਣ ਲਈ ਦਬਾਅ ਪਾ ਰਹੇ ਸਨ ਪਰ ਹੁਣ ਰਣਜੀਤ ਸਿੰਘ ਵੱਲੋਂ ਸੱਚਾਈ ਜੱਗ ਜ਼ਾਹਰ ਕਰਨ ਮਗਰੋਂ ਇਹ ਕਹਿ ਕੇ ਪਿੱਛੇ ਹਟ ਰਹੇ ਹਨ ਕਿ ਹੁਣ ਉਨਾਂ ਦਾ ਕੇਸ ਕਮਜੋਰ ਪੈ ਜਾਣ ਕਰਕੇ ਉਹ ਅਕਾਲ ਤਖ਼ਤ ’ਤੇ ਨਹੀਂ ਭੇਜਣਗੇ। ਬਾਕੀ ਕੈਨੇਡਾ ਦੀ ਪੁਲਿਸ ਅਤੇ ਇੰਟੈਲੀਜੈਂਸ ਵਿਭਾਗ ਕਾਫੀ ਨਿਪੁੰਨ ਹੈ ਜਿਹੜਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਸਕਦਾ ਹੈ। ਅਮਨ ਅਤੇ ਇਨਸਾਫ ਪਸੰਦ ਸਿੱਖ ਜਥੇਬੰਦੀਆਂ ਨੂੰ ਵੀ ਇਸ ਦੀ ਪੜਤਾਲ ਦੀ ਡੂੰਘਾਈ ਨਾਲ ਪੜਤਾਲ ਕਰਵਾਉਣ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਕਿ ਸਿੱਖਾਂ ਦਾ ਦੁਨੀਆਂ ਵਿੱਚ ਅਜੇਹੇ ਭੇਖਧਾਰੀ ਸਿੱਖਾਂ ਵਲੋਂ ਦਿਨੋ ਦਿਨ ਵਿਗਾੜੇ ਜਾ ਰਹੇ ਅਕਸ ਵਿੱਚ ਕੁਝ ਸੁਧਾਰ ਆ ਸਕੇ।

ਰਣਜੀਤ ਸਿੰਘ ਵਲੋਂ ਕੀਤਾ ਗਿਆ ਇੰਕਸਾਫ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top