Share on Facebook

Main News Page

ਆਰ.ਐਸ.ਐਸ. ਤੇ ਰਾਸ਼ਟਰੀ ਸਿੱਖ ਸੰਗਤ
-: ਸਤਿਨਾਮ ਸਿੰਘ ਜੌਹਲ

ਰਾਸ਼ਟਰੀ ਸਵੈ ਸੇਵਕ ਸ਼ੰਘ ਇਕ ਮਰਦ ਪ੍ਰਧਾਨ ਜਥੇਬੰਦੀ ਜਿਸ ਦੇ ਕੇਵਲ ਉਚ ਜਾਤੀ ਦੇ ਮਰਦ ਹੀ ਮੈਂਬਰ ਬਣ ਸਕਦੇ ਸਨ, ਹਿੰਦੂ ਰਾਸ਼ਟਰਵਾਦ ਨੂੰ ਵਿਕਸਤ ਕਰਨ ਲਈ 1925 ਈ: ’ਚ ਸ਼ੁਰੂ ਹੋਈ। ਆਰ.ਐਸ.ਐਸ. ਦੇ ਪਹਿਲੇ ਮੁੱਖੀ ਕੇਸ਼ਵ ਬਾਲੀਰਾਮ ਹੈਡਗਵਾਰ ਨੇ ਆਪਣੇ ਸਾਥੀਆਂ ਸਮੇਤ ਸਮਾਜ ਸੇਵਕ ਸੰਸਥਾ ਦੇ ਤੌਰ ਤੇ ਇਸ ਦੀ ਸਥਾਪਨਾ ਕੀਤੀ। ਜਿਸ ਦਾ ਮੁਖ ਉਦੇਸ਼ ਹਿੰਦੂ ਰਾਸ਼ਟਰਵਾਦ, ਹਿੰਦੂ ਧਰਮ ਅਤੇ ਹਿੰਦੂ ਸਭਿਆਚਾਰ ਦੀ ਰਖਵਾਲੀ ਕਰਨ ਦੇ ਨਾਲ ਨਾਲ ਇਸ ਦਾ ਗੁਪਤ ਏਜੰਡਾ ਹਿੰਦੂ ਰਾਸ਼ਵਾਦ ਦੀ ਸਥਾਪਨਾ ਪੁਰਾਤਨ ਵੇਦਾਂ, ਸਿਮਰਤੀਆਂ ਤੇ ਹਿੰਦੂਤਵੀ ਸੰਸਕ੍ਰਿਤੀ ਦੇ ਅਧਾਰ 'ਤੇ ਕਰਨਾ ਹੈ। ਆਪਣੇ ਆਪ ਨੂੰ ਇਕ ਸਮਾਜਿਕ ਲਹਿਰ ਦੇ ਤੌਰ 'ਤੇ ਪੇਸ਼ ਕਰਦੇ ਸਨ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਸਨ ਰੱਖਦੇ। ਕਾਫੀ ਸਮੇਂ ਤੱਕ ਉਚ ਜਾਤੀ (ਬ੍ਰਹਾਮਣ) ਦੇ ਮਰਦ ਹੀ ਸੰਘ ਦੇ ਮੈੰਬਰ ਬਣ ਸਕਦੇ ਸਨ। ਆਰ.ਐਸ.ਐਸ. ਦੇ ਲੀਡਰ ਇਟਲੀ ਵਿਚ ਫਾਸੀਵਾਦ ਅਤੇ ਜਰਮਨੀ ਵਿਚ ਨਾਜ਼ੀਵਾਦ ਦੇ ਬਹੁਤ ਵੱਡੇ ਹਮਾਇਤੀ ਸਨ। ਇਨ੍ਹਾਂ ਦੀ ਵਿਚਾਰਧਾਰਾ ਮੁਸਲੀਨੀ ਤੇ ਹਿਟਲਰ ਨਾਲ ਮੇਲ ਖਾਂਦੀ ਹੈ।

ਮੁਸਲੀਨੀ ਜਮਹੂਰੀਅਤ ਦਾ ਵਿਰੋਧੀ ਸੀ ਫਾਸੀਵਾਦ ’ਚ ਵਿਸ਼ਵਾਸ ਰੱਖਦਾ ਸੀ।ਫ਼ਾਸੀਵਾਦ ਦੀ ਸਰਕਾਰ ਲੋਕਾਂ ਦੇ ਰਹਿਣ ਸਹਿਣ ਨੂੰ ਆਪਣੀ ਮਰਜ਼ੀ ਨਾਲ ਚਲਾਂਉਂਦੀ ਹੈ। ਜੋ ਸਰਕਾਰ ਦੀ ਅਲੋਚਨਾ ਕਰਦੇ ਹਨ ਅਤੇ ਹੁਕਮ ਨਹੀਂ ਮੰਨਦੇ ਉਨ੍ਹਾਂ ਨੂੰ ਸਖ਼ਤ ਸਜਾਂਵਾਂ ਦਾ ਸਹਿਮਣਾ ਕਰਨਾ ਪੈਂਦਾ, ਉਨ੍ਹਾਂ ਨੂੰ ਦੇਸ ਛਡਣ, ਜੇਲ੍ਹ ਜਾਣ ਅਤੇ ਕਦੇ ਕਦੇ ਫਾਂਸੀ ਵੀ ਚੜ੍ਹਣਾ ਪੈਂਦਾ। ਪਹਿਲੀ ਵਿਸ਼ਵ ਜੰਗ ਤੋਂ ਬਾਦ ਬੈਨੀਟੋ ਮੁਸਲੀਨੀ ਦੇ ਤਾਕਤ ’ਚ ਆਉਣ ਨਾਲ ਇਟਲੀ ’ਚ ਫਾਸੀਵਾਦ ਆਇਆ, ਉਸ ਤੋਂ ਉਪਰੰਤ ਜਾਪਾਨ, ਸਪੇਨ ਅਤੇ ਅਰਜਨਟਾਈਨਾ ਵਿਚ। ਹਿਟਲਰ ਇਕ ਤਾਨੇਸ਼ਾਹ ਸੀ, ਜਿਸ ਨੇ ਜਰਮਨੀ ’ਚ ਯਹੂਦੀਆਂ ਦਾ ਸਫਾਇਆ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛਡੀ, ਆਰ.ਐਸ.ਐਸ. ਵੀ ਹਿੰਦੂ ਜਾਤੀ ਦੀ ਸੁਧਤਾ ਲਈ ਮੁਸਲੀਨੀ ਅਤੇ ਹਿਟਲਰ ਨੂੰ ਹੀ ਆਪਣਾ ਰੋਲ ਮਾਡਲ ਸਮਝਦੀ ਹੈ, ਅਤੇ ਉਨ੍ਹਾਂ ਦੀ ਹਮੇਸ਼ਾ ਪ੍ਰਸ਼ੰਸ਼ਾ ਕਰਦੇ ਹਨ।

ਆਰ.ਐਸ.ਐਸ. ਦੇ ਕਾਰਕੁਨਾਂ ਨੇ ਕਦੇ ਵੀ ਬ੍ਰਿਟਿਸ਼ ਸਰਕਾਰ ਵਿਰੁਧ ਆਪਣਾ ਮੂੰਹ ਨਹੀਂ ਖੋਲ਼ਿਆ ਅਤੇ ਹਮੇਸ਼ਾ ਹੀ ਬ੍ਰਿਟਿਸ਼ ਸਰਕਾਰ ਪ੍ਰਤੀ ਆਪਣੀ ਵਫਾਦਾਰੀ ਨਿਭਾਈ। ਮੁਸਲਮਾਨਾਂ, ਕਮਿਊਨਿਸ਼ਟਾਂ ਅਤੇ ਟਰੇਡ ਯੂਨੀਅਨਾਂ ਨੂੰ ਆਪਣੇ ਨਿਸ਼ਾਨੇ 'ਤੇ ਰੱਖਿਆ, ਬ੍ਰਿਟਿਸ ਸਰਕਾਰ ਦੀ ਵੱਧ ਚੜ੍ਹ ਕੇ ਮਦਦ ਕੀਤੀ। ਆਰ.ਐਸ.ਐਸ. ਨੇ ਫਾਸੀਵਾਦ ਦੇ ਰਸਤੇ ਨੂੰ ਅਪਣਾਉਂਦਿਆਂ ਹਿੰਦੂ ਸਮਾਜ ਦਾ ਫ਼ੌਜ਼ੀਕਰਨ ਕਰਨ ’ਚ ਪੂਰੀ ਭੁੀਮਕਾ ਨਿਭਾਈ। ਐਮ.ਐਸ.ਗਵਾਲਕਰ ਜੋ ਕਿ ਆਰ.ਐਸ.ਐਸ. ਦਾ 1940-1973 ਈ: ਤੱਕ ਮੁਖੀ ਰਿਹਾ ਦੇ ਨਾਗਪੁਰ ਵਿਖੇ 8 ਜੂਨ 1942 ਈ. ਨੂੰ ਦਿਤੇ ਭਾਸ਼ਨ ਤੋਂ ਸਾਫ ਜ਼ਾਹਿਰ ਹੁੰਦਾ ਹੈ: “ਆਰ.ਐਸ.ਐਸ. ਕਿਸੇ ਵੀ ਵਿਅਕਤੀ ਨੂੰ ਸਮਾਜ ਦੇ ਮੌਜੂਦਾ ਸੰਕਟ ਲਈ ਜ਼ਿਮੇਵਾਰ ਨਹੀਂ ਠਹਿਰਾਂਉਦੀ, ਜਦ ਲੋਕ ਦੂਸਰਿਆਂ ਉਪਰ ਦੋਸ਼ ਲਾਂਉਂਦੇ ਹਨ, ਤਾਂ ਉਨ੍ਹਾਂ ਦੀ ਅਸਲ ’ਚ ਆਪਣੀ ਕਮਜ਼ੋਰੀ ਹੁੰਦੀ ਹੈ, ਸ਼ਕਤੀਹੀਣ ਹੋਣ ਵਾਲੀ ਬੇਇਨਸਾਫੀ ਲਈ ਸ਼ਕਤੀਸ਼ਾਲੀ ਨੂੰ ਜ਼ਿਮੇਵਾਰ ਠਹਿਰਾਉਣਾ ਸਰਾ ਸਰ ਗਲਤ ਹੈ। ਜਦੋਂ ਸਾਨੂੰ ਇਹ ਪਤਾ ਹੈ ਕਿ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਖਾ ਜਾਂਦੀਆਂ ਹਨ, ਤਾਂ ਵੱਡੀਆ ਮੱਛੀਆਂ ਨੂੰ ਜ਼ਿਮੇਵਾਰ ਠਹਿਰਾਉਣਾ ਬਿਲਕੁਲ ਗ਼ਲਤ ਹੈ। ਕੁਦਰੱਤ ਦਾ ਨਿਯਮ ਚੰਗਾ ਹੋਵੇ ਜਾਂ ਮਾੜਾ ਸਭ ਲਈ ਇਕੋ ਜਿਹਾ ਹੈ। ਇਸ ਨੂੰ ਅਨਿਆਪੂਰਨ ਕਹਿਣ ਨਾਲ ਉਹ ਬਦਲ ਨਹੀਂ ਜਾਵੇਗਾ।

ਆਰ.ਐਸ.ਐਸ. ਦੀ ਅੱਤਵਾਦੀ ਤੇ ਅਰਧ ਸੈਨਕ ਵਰਗੇ ਕੰਮ ਕਰਨ ਕਰਕੇ ਹਮੇਸ਼ਾਂ ਹੀ ਆਲੋਚਨਾ ਹੁੰਦੀ ਰਹੀ। ਇਸ ਉਪਰ ਅਜ ਤਕ ਤਿੰਨ ਵਾਰ ਪਾਬੰਦੀ ਲੱਗ ਚੁੱਕੀ ਹੈ। ਪਹਿਲੀ ਵਾਰ 1948 ਈ: ’ਚ ਜਦੋਂ ਨੱਥੂ ਰਾਮ ਗੌਡਸੇ ਨੇ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ, ਦੂਸਰੀ ਵਾਰ 1975-1978 ਈ:ਨੂੰ ਐਮਰਜੈਂਸੀ ਦੌਰਾਨ ਅਤੇ ਤੀਸਰੀ ਵਾਰ 1992 ਈ: ਨੂੰ ਬਾਬਰੀ ਮਸਜਿਦ ਢਾਹੁਣ ਉਪਰੰਤ। ਬਾਅਦ ਵਿਚ ਪਾਬੰਦੀਆਂ ਹਟਾ ਲਈਆਂ ਗਈਆਂ। ਇਸ ਦਾ ਇਕ ਖਾੜਕੂ ਵਿੰਗ ਹੈ, ਜਿਸ ਨੂੰ ਬਜ਼ਰੰਗ ਦਲ ਕਿਹਾ ਜਾਂਦਾ ਹੈ। ਸਿਰਫ਼ ਤੇ ਸਿਰਫ਼ ਹਿੰਦੂ ਸਭਿਆਚਾਰ ਨੂੰ ਹੀ ਜਾਇਜ਼ ਕਰਾਰ ਦਿੰਦੇ ਹਨ, ਬਹੁ ਗਿਣਤੀ ਭਾਈਚਾਰੇ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹਨ। ਇੰਡੀਆ ਟੂਡੇ ਆਨ ਲਾਇਨ ਨਵੀਂ ਦਿਲੀ 10 ਸਤੰਬਰ 2013 ਅਨੁਸਾਰ ਆਰ.ਐਸ.ਐਸ. ਚਾਰ ਗਲ੍ਹਾਂ ਉਪਰ ਸਹਿਮਤ ਹੋਣ ਉਪਰੰਤ ਹੀ ਨਰਿੰਦਰ ਮੋਦੀ ਦੀ ਇਕ ਪ੍ਰਧਾਨ ਮੰਤਰੀ ਦੇ ਤੌਰ 'ਤੇ ਮਦਦ ਕਰਨ ਲਈ ਅਗੇ ਆਈ:

1. ਜਿਸ ਵਿਚ ਨਰਿੰਦਰ ਮੋਦੀ ਤੋਂ ਇਹ ਪ੍ਰਣ ਲਿਆ ਉਹ ਬਾਬਰੀ ਮਸਜਿਦ ਦੇ ਸਥਾਨ 'ਤੇ ਰਾਮ ਮੰਦਿਰ ਦੀ ਉਸਾਰੀ ਕਰਵਾਏ।
2. ਵਿਵਾਦ ਗ੍ਰਸਿਹਤ ਯੂਨੀਫ਼ਾਰਮ ਸਿਵਲ ਕੋਡ ਸਾਰੇ ਭਾਰਤ ’ਚ ਲਾਗੂ ਕੀਤਾ ਜਾਵੇ।
3. ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨਾ, ਜਿਸ ਨਾਲ ਕਸ਼ਮੀਰ ਨੂੰ ਦਿਤਾ ਗਿਆ ਖ਼ਾਸ ਦਰਜਾ ਵੀ ਖਤਮ ਹੋ ਜਾਵੇਗਾ।
4. ਗੁਉਆਂ ਦੀ ਰਖਵਾਲੀ ਕਰਨਾ।

ਇਕ ਪਾਸੇ ਤਾਂ ਆਰ.ਐਸ.ਐਸ. ਲੋਕਤੰਤਰ ਢਾਂਚੇ ਵਿਚ ਵਿਸ਼ਾਵਾਸ ਨਹੀਂ ਰੱਖਦੀ, ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਇਨ੍ਹਾਂ ਦੀ ਭਾਈਵਾਲ ਪਾਰਟੀ ਹੈ। ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਹਿੰਦੂਤਵ ਦਾ ਪੱਤਾ ਖੇਲਣ ਵਿੱਚ ਨਰਿੰਦਰ ਮੋਦੀ ਦੀ ਵਧ ਚੜ੍ਹ ਕੇ ਮਦਦ ਹੀ ਨਹੀਂ ਕੀਤੀ, ਬਲਕਿ ਘਰ ਘਰ ਜਾ ਕੇ ਵੋਟਾਂ ਵੀ ਮੰਗੀਆਂ। ਇਥੋਂ ਤਕ ਕੇ ਆਰ.ਐਸ.ਐਸ. ਦੇ ਮੌਜੂਦਾ ਮੁੱਖੀ ਮੋਹਨ ਭਗਵੱਤ ਨੇ ਪਿਛੇ ਜਿਹੇ ਪੇਪਰਾਂ ਨੂੰ ਬਿਆਨ ਦਿੱਤਾ ਸੀ ਕਿ “ਹਿੰਦੁਸਤਾਨ ਵਿਚ ਰਹਿਣ ਵਾਲਾ ਹਰ ਸ਼ਹਿਰੀ ਹਿੰਦੂ ਹੈ।

ਸੰਘ ਦੀ ਪਾਲਿਸੀ ਸਦਾ ਹੀ ਦੋਗਲੀ ਰਹੀ ਇਕ ਪਾਸੇ ਤਾਂ ਜਾਤ-ਪਾਤ ਰਹਿਤ ਹਿੰਦੂ ਸਮਾਜ ਦੀ ਕਲਪਨਾ ਕਰਦੇ ਹਨ, ਦੂਸਰੇ ਪਾਸੇ ਘਟ ਗਿਣਤੀਆਂ ਦੀ ਹੋਂਦ ਨੂੰ ਖਤਮ ਕਰਕੇ ਆਪਣੇ ਵਿਚ ਜ਼ਜਬ ਕਰਨ ਦੇ ਚਾਹਵਾਨ ਹਨ। ਇਕ ਪਾਸੇ ਸਿੱਖਾਂ ਨਾਲ ਉਪਰੋਂ ਉਪਰੋਂ ਹਮਦਰਦੀ ਕੀਤੀ ਜਾਂਦੀ ਹੈ, ਦੂਜੇ ਪਾਸੇ ਸਾਕਾ ਨੀਲਾ ਤਾਰਾ ਨੂੰ ਦੇਰ ਨਾਲ ਹੋਈ ਦਰੁਸਤ ਕਾਰਵਾਈ ਦਸਦੇ ਹਨਇੱਕ ਪਾਸੇ ਦਿੱਲੀ ਕਤਲੇਆਮ ਦੀ ਨਿਖੇਧੀ ਕਰਦੇ ਹਨ, ਦੂਜੇ ਪਾਸੇ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦੇ ਖਿਤਾਬ ਨਾਲ ਨਿਵਾਜਦੇ ਹਨ

ਭਗਵਾਂ ਰੰਗ ਆਰ.ਐਸ.ਐਸ. ਦਾ ਹਿੰਦੂਤਵੀ ਰੰਗ ਹੈ, ਜਿਸ ਦੀ ਪ੍ਰੌੜਤਾ ਕਰਦਿਆਂ ਸ਼ਿਵ ਸੈਨਾ ਦੇ ਐਮ. ਪੀ., ਪ੍ਰਤਾਪ ਰਾਉ ਨੇ ਕਿਹਾ “ਕਿ ਸਾਡੇ ਉਤੇ ਫਿਰਕੂ ਸਿਆਸਤ ਕਰਨ ਦਾ ਦੋਸ਼ ਲਾਉਣ ਵਾਲਿਆਂ ਨੂੰ ਦੇਸ਼ ਦੇ ਲੋਕਾਂ ਨੇ ਵੋਟਾਂ ਪਾ ਕੇ ਨਕਾਰ ਦਿੱਤਾ ਹੈ ਅਤੇ ਲੋਕਾਂ ਨੇ ਹਿੰਦੂਤਵ ਦੇ ਹੱਕ ’ਚ ਫਤਵਾ ਦਿੱਤਾ ਹੈ ਇਸ ਲਈ ਲਾਲ ਕਿਲੇ 'ਤੇ ਤਿਰੰਗੇ ਝੰਡੇ ਦੀ ਥਾਂ ਭਗਵਾਂ ਝੰਡਾ ਲਹਿਰਾਇਆ ਜਾਣਾ ਚਾਹੀਦਾ ਹੈ।” ਇਹ ਭਗਵਾਂ ਰੰਗ ਅਜ ਕਲ ਸਾਡੇ ਗੁਰਦੁਆਰਿਆਂ ਵਿਚ ਵੀ ਆਮ ਪ੍ਰਚੱਲਤ ਕਰ ਦਿਤਾ ਗਿਆ ਹੈ, ਜਦੋਂ ਕੇ ਸਿੱਖਾਂ ਦਾ ਰੰਗ ਗੂੜ੍ਹਾ ਨੀਲਾ ਹੈ।

ਰਾਸ਼ਟਰੀ ਸਿੱਖ ਸੰਗਤ ਦੀ 24 ਨਵੰਬਰ 1986 ਈ: ਨੂੰ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਸਥਾਪਨਾ ਕੀਤੀ ਗਈ। ਜਿਸ ਦੇ ਪਹਿਲੇ ਮੁੱਖੀ ਸ਼ਮਸ਼ੇਰ ਸਿਹੁੰ ਥਾਪੇ ਗਏ। ਅਜ ਕੱਲ੍ਹ ਇਸ ਦੇ ਮੁੱਖੀ ਗੁਰਚਰਨ ਸਿੰਘ ਗਿਲ ਭਾਰਤਪੁਰ (ਰਾਜਸਥਾਨ) ਦੇ ਇਕ ਉਘੇ ਵਕੀਲ ਹਨ, ਅਤੇ ਰਾਜਸਥਾਨ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ਤੇ ਵੀ ਸੇਵਾ ਨਿਭਾਏ ਰਹੇ ਹਨ

ਮਹੀਨਾਵਾਰ ਇਕਤਰਤਾ ਵਿਚ ਕਦੇ ਕਦੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਬਹੁਤ ਵਾਰ ਗੁਰੂ ਸਹਿਬਾਨ ਦੀਆਂ ਤਸਵੀਰਾਂ ਦੇ ਨਾਲ ਭਗਵਾਨ ਰਾਮ ਤੇ ਕ੍ਰਿਸ਼ਨ ਦੀਆਂ ਮੂਰਤੀਆਂ ਦੇ ਗਲਾਂ ਵਿਚ ਹਾਰ ਪਾ ਕੇ ਅਗੇ ਦੀਵੇ ਜਗਾਏ ਜਾਂਦੇ ਹਨ।

- ਸ਼ੁਰੂ ਵਿਚ ਪੰਜ ਵਾਰ ਮੂਲ਼ ਮੰਤਰ ਦਾ ਪਾਠ ਕੀਤਾ ਜਾਂਦਾ ਹੈ, ਫਿਰ 20 ਮਿੰਟ ਵਾਸਤੇ ਆਰ.ਐਸ.ਐਸ. ਦਾ ਜਥਾ ਕੀਰਤਨ ਕਰਦਾ ਹੈ।

- ਸੁਖਮਨੀ ਸਾਹਿਬ, ਰਾਮ ਅਵਤਾਰ ਤੇ ਕ੍ਰਿਸ਼ਨ ਅਵਤਾਰ ਆਦਿ ਦੇ ਪਾਠ ਕਰਨ ਉਪੰਰਤ ਬੰਦੇ ਮਾਤਰਮ ਦਾ ਗਾਇਣ ਕੀਤਾ ਜਾਂਦਾ ਹੈ, ਆਰ.ਐਸ.ਐਸ. ਦੇ ਇਤਿਹਾਸ ਉਪਰ ਚਾਨਣਾ ਪਾਇਆ ਜਾਂਦਾ ਹੈ।

- ਪਿੰਡਾਂ ਵਿਚ ਜੋ ਪੋਸਟਰ ਵੰਡੇ ਜਾਂਦੇ ਹਨ ਉਸ ਵਿਚ ਸਿੱਖ ਗੁਰੂਆਂ, ਹਿੰਦੂਆਂ ਦੇ ਦੇਵੀ ਦੇਵਤਿਆਂ ਅਤੇ ਰਾਜਨੀਤਕਾਂ ਨੂੰ ਇਕਠਿਆਂ ਦਿਖਾਇਆ ਜਾਂਦਾ ਹੈ, ਅਖੌਤੀ ਸਿੱਖ ਲੀਡਰ ਉਨ੍ਹਾਂ ਦੇਵੀ ਦੇਵਤਿਆਂ ਕੋਲੋਂ ਅਸ਼ੀਰਵਾਦ ਲੈਂਦੇ ਦਿਖਾਏ ਜਾਂਦੇ ਹਨ।

- ਸਿੱਖ ਕੇਸਾਧਾਰੀ ਹਿੰਦੂ ਹਨ, ਸਿੱਖ ਹਿੰਦੂਆਂ ਦਾ ਅਨਿੱਖੜਵਾਂ ਅੰਗ ਹਨ, ਸਿੱਖ ਗੁਰੂ ਹਿੰਦੂਆਂ ਵਿਚੋਂ ਹੀ ਪੈਦਾ ਹੋਏ ਹਨ, ਖਾਲਸਾ ਦੀ ਸਾਜਨਾ ਹਿੰਦੂਆਂ ਦੀ ਰਖਵਾਲੀ ਵਾਸਤੇ ਕੀਤੀ ਗਈ।

- ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਬ੍ਰਹਮਾ ਬਿਸ਼ਨ ਮਹੇਸ਼ ਤੋਂ ਆਸੀਰਵਾਦ ਲੈ ਕੇ ਸਾਜਿਆ। ਗੁਰੂ ਸਾਹਿਬ ਜੀ ਨੇ ਬੱਕਰਿਆਂ ਦੀ ਬਲੀ ਦਿੱਤੀ।

- ਪੰਜ ਪਿਆਰੇ ਵੀ ਹਿੰਦੂ ਧਰਮ ਦੇ ਅਨੁਯਾਈ ਸਨ।ਹਿੰਦੂਆਂ ਤੇ ਸਿੱਖਾਂ ਵਿਚ ਵਖਰੇਵਾਂ ਅੰਗਰੇਜ਼ਾਂ ਦੀ ਦੇਣ ਹੈ।

- ਕੇਸ ਰੱਖਣ ਦੀ ਰੀਤ ਵੀਹਵੀਂ ਸਦੀ ’ਚ ਸ਼ੁਰੂ ਹੋਈ ਇਹ ਤਾਂ ਕੁਛ ਇਕ ਉਦਾਹਰਣਾਂ ਹਨ।

ਇਸ ਤੋਂ ਬਿਨਾਂ ਹੋਰ ਵੀ ਬਹੁਤ ਕੁਛ ਹੈ। ਰਾਸ਼ਟਰੀ ਸਿੱਖ ਸੰਗਤ ਦਾ ਮੁੱਖ ਮਕਸਦ ਸਿੱਖ ਧਰਮ ਨੂੰ ਹਿੰਦੂਵਾਦੀ ਵਿਚਾਰਧਾਰਾ ਅਧੀਨ ਲਿਆਉਣਾ ਹੈ।ਜ਼ਿਆਦਾਤਰ ਭੋਲੇ ਭਾਲੇ ਸਿੱਖ ਇਨ੍ਹਾਂ ਦੇ ਜਾਲ ਵਿਚ ਫਸ ਚੁੱਕੇ ਹਨ, ਜਾਂ ਬਹੁਤ ਹੀ ਸ਼ਾਤਰ ਦਿਮਾਗ ਸਿੱਖ ਹਨ, ਜਿਨ੍ਹਾਂ ਦਾ ਮੁੱਖ ਮੰਤਵ ਲਾਲਚ ਜਾਂ ਰਾਜਸੀ ਸੱਤਾ ਤੱਕ ਪੁਹੰਚਣਾ ਹੈ।

ਸਿੱਖ ਕੌਮ ਉਸ ਚੁਰਸਤੇ ਉਪਰ ਆ ਖੜ੍ਹੀ ਹੈ, ਜਿਥੇ ਇਸ ਦੀ ਬਾਂਹ ਫੜਣ ਲਈ ਕੋਈ ਤਿਆਰ ਨਹੀਂ, ਇਸ ਕਰਕੇ ਸਿੱਖ ਨੂੰ ਸੇਧ ਲੈਣ ਲਈ ਗੁਰਬਾਣੀ ਨੂੰ ਆਧਾਰ ਬਣਾਉਣ ਤੇ ਉਸ ਨੂੰ ਆਪਣੇ ਜੀਵਨ ’ਚ ਲਾਗੂ ਕਰਨ ਵਾਸਤੇ ਨਿਜੀ ਤੌਰ 'ਤੇ ਯਤਨ ਕਰਨ ਦੀ ਜ਼ਰੂਰਤ ਹੈ। ਸਿੱਖਾਂ ਨੂੰ “ਇਕਾ ਬਾਣੀ ਇਕੁ ਗੁਰ ਇਕੋ ਸਬਦੁ ਵਿਚਾਰਿ” ਦੇ ਧਾਰਨੀ ਬਨਣਾ ਚਾਹੀਦਾ ਹੈ ਕਿਉਂਕਿ ਅਜ ਕੱ੍ਹਲ ਸਿੱਖਾਂ ਦੀਆਂ ਸੁਪਰੀਮ ਸੰਸਥਾਂਵਾਂ ਤੋਂ ਲੈ ਕੇ ਛੋਟੀਆਂ ਵੱਡੀਆਂ ਸੰਸਥਾਂਵਾਂ ਵਿਚ ਆਰ.ਐਸ.ਐਸ. ਘੁਸਪੈਠ ਕਰ ਚੁੱਕੀ ਹੈ।ਜੋ ਪ੍ਰਚਾਰਕ ਨਿਰੋਲ ਗੁਰਬਾਣੀ ਦਾ ਪ੍ਰਚਾਰ ਕਰਦੇ ਹਨ, ਉਨ੍ਹਾਂ ਉਪਰ ਕਿਸੇ ਨਾ ਕਿਸੇ ਤਰ੍ਹਾਂ ਦੇ ਇਲਜ਼ਾਮ ਲਾ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਸਿੱਖ ਨੂੰ ਸੁਚੇਤ ਹੋਣ ਦੀ ਲੋੜ ਹੈ, ਜਿਨ੍ਹਾਂ ਕਰਮਕਾਂਡਾਂ ਦੀ ਦਲਦਲ ਵਿਚੋਂ ਗੁਰੂ ਸਾਹਿਬ ਨੇ ਲੱਗਭਗ 239 ਸਾਲ ਦਾ ਸਮਾਂ ਲਗਾ ਕੇ ਸਾਨੂੰ ਕੱਢਿਆ ਸੀ, ਉਸ ’ਚ ਦੁਆਰਾ ਧਕੇਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਆਰ.ਐਸ.ਐਸ. ਦੀਆਂ ਸ਼ਰਾਰਤਾਂ

ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ‘ਓਮ’ (ਹਿੰਦੂਤਵ) ਵਾਲਾ ਫਲਸਫਾ ਦਰਸਾਉਂਦਿਆਂ ਇਕ ਤਸਵੀਰ

ਗੁਰੂ ਨਾਨਕ ਸਾਹਿਬ ਨੂੰ ਰਾਮ-ਕ੍ਰਿਸ਼ਨ ਤੋਂ ਅਸ਼ੀਰਵਾਦ ਲੈਂਦਿਆਂ ਦਰਸਾਉਂਦਿਆਂ ਇਕ ਤਸਵੀਰ

ਆਰ.ਐਸ.ਐਸ. ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਮ ਤੋਂ ਮਿਲਦਾ ਅਸ਼ੀਰਵਾਦ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਣਾ ਪ੍ਰਤਾਪ ਤੇ ਸ਼ਿਵਾਜੀ ਦੀ ਸ਼੍ਰੇਣੀ ਵਿਚ ਪ੍ਰਚਾਰਦੀ ਆਰ.ਐਸ.ਐਸ.
ਛੋਟੇ ਸਾਹਿਬਜ਼ਾਦਿਆਂ ਨੂੰ ਰਾਮ ਤੋਂ ਅਸੀਸ ਦਿਵਾਉਂਦਿਆਂ ਆਰ.ਐਸ.ਐਸ. ਆਰ.ਐਸ.ਐਸ. ਮੁਤਾਬਿਕ ਸਮੂਹ ਗੁਰੂਆਂ ਦੀ ਫਿਲਾਸਫੀ ‘ਓਮ’ ਵਾਲੀ ਹੈ ਗੁਰੂ ਨਾਨਕ ਸਾਹਿਬ ਨੂੰ ਗਾਂਧੀ ਤੇ ਇੰਦਰਾ ਦੀ ਸ਼੍ਰੇਣੀ ਵਿਚ ਲੈ ਆਂਦਾ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top