Share on Facebook

Main News Page

'ਰਹਰਾਸਿ' ਕਿ 'ਸੋ ਦਰੁ' ?
-: ਇੰਦਰਜੀਤ ਸਿੰਘ, ਕਾਨਪੁਰ

ਸਿੱਖਾਂ ਦੇ ਇਕੋ ਇਕ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਿੱਚ "ਰਹਰਾਸਿ" ਸਿਰਲੇਖ ਹੇਠ ਕੋਈ ਬਾਣੀ ਅੰਕਿਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿਚ "ਸੋ ਦਰੁ" ਦੀ ਅੰਮ੍ਰਿਤ ਬਾਣੀ ਦਰਜ ਹੈ। ਗੁਟਕੇ ਛਾਪਣ ਵਾਲਿਆਂ ਨੇ "ਸੋ ਦਰੁ" ਸਾਹਿਬ ਜੀ ਦੀ ਇਸ ਪਵਿਤ੍ਰ ਬਾਣੀ ਵਿਚ ਅਖੌਤੀ ਦਸਮ ਗ੍ਰੰਥ ਦੀ ਇਕ "ਦੇਵੀ ਉਸਤਤਿ" ਨੂੰ ਰੱਲ ਗੱਡ ਕਰਕੇ ਇਸ ਨੂੰ "ਰਹਰਾਸਿ ਸਾਹਿਬ" ਦਾ ਨਾਮ ਦੇ ਦਿਤਾ ਹੈ। ਇੱਸੇ ਤਰ੍ਹਾਂ "ਸੰਕਟ ਮੋਚਨ", "ਦੁਖਭੰਜਨੀ ਸਾਹਿਬ", "ਸ਼੍ਰਧਾ ਪੂਰਣ" ਆਦਿਕ ਅਨੇਕਾਂ ਸਿਰਲੇਖਾਂ ਦੇ ਹੇਠ ਗੁਰਬਾਣੀ ਦੇ ਗੁਟਕੇ ਛਪ ਰਹੇ ਹਨ। ਇਹੋ ਜਿਹੇ ਸਿਰਲੇਖ ਗੁਰਮਤਿ ਦੇ ਉਲਟ ਹਨ। ਗੁਰਬਾਣੀ ਦੇ ਕਿਸੇ ਵੀ ਸੰਗ੍ਰਿਹ ਨੂੰ ਕਿਸੇ ਮਨਮੱਤੀ ਸਿਰਲੇਖ ਨਾਲ ਜੋੜ ਦੇਣਾ ਗੁਰਮਤਿ ਦਾ ਉਲੰਘਣ ਅਤੇ ਮਨਮਤਿ ਹੀ ਨਹੀਂ, ਬਲਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਘੋਰ ਅਪਮਾਨ ਵੀ ਹੈ। ਇਸ ਵਿੱਚ ਰੱਲ ਗੱਡ ਕੀਤੀ ਗਈ ਕੱਚੀ ਬਾਣੀ 'ਤੇ ਵੀ "ਪਾਤਸ਼ਾਹੀ 10" ਦੀ "ਨਕਲੀ ਮੁਹਰ" ਲੱਗਾ ਦਿੱਤੀ ਗਈ ਹੈ।

ਹਾਂ ! ਇਸ ਨੂੰ ਮੈਂ "ਨਕਲੀ ਮੁਹਰ" ਇਸ ਲਈ ਕਹਿ ਰਿਹਾ ਹਾਂ, ਕਿਉਂਕਿ ਅਖੌਤੀ ਦਸਮ ਗ੍ਰੰਥ ਵਿੱਚ ਇਸ ਰਚਨਾ ਦੇ ਮੂਲ ਸ੍ਰੋਤ ਉਪਰ "ਪਾਤਸ਼ਾਹੀ 10" ਨਹੀਂ ਲੀਖਿਆ ਹੋਇਆ ਹੈ। "ਰਹਰਾਸਿ" ਵਿਚ ਇਸ ਕੱਚੀ ਰਚਨਾ ਦੀਆਂ ਪੌੜ੍ਹੀਆਂ ਦੇ ਨੰਬਰ ਵੀ ਗੁਟਕਿਆਂ ਵਿੱਚ ਬਦਲ ਦਿਤੇ ਗਏ ਹਨ, ਜੋ ਅਖੌਤੀ ਦਸਮ ਗ੍ਰੰਥ ਵਿਚ ਲਿਖੇ ਨੰਬਰਾਂ ਨਾਲ ਮੇਲ ਨਹੀਂ ਖਾਂਦੇ। ਖਾਲਸਾ ਜੀ ਸਾਵਧਾਨ ! ਅਸੀਂ ਕੀ ਪੜ੍ਹ ਰਹੇ ਹਾਂ, ਸਾਨੂੰ ਇਹ ਵੀ ਪਤਾ ਨਹੀਂ! ਭਲਿਉ ! ਜੋ ਪੜ੍ਹ ਰਹੇ ਹੋ, ਘਟੋ ਘਟ ਉਸ ਦੇ ਸ਼੍ਰੋਤ ਅਤੇ ਅਰਥਾਂ ਦਾ ਪਤਾ ਹੋਣਾ ਤਾਂ ਜ਼ਰੂਰੀ ਹੈ? 1930 ਤੋਂ ਪਹਿਲਾਂ, ਸਿੱਖ "ਰਹਰਾਸਿ" ਨਹੀਂ "ਸੋ ਦਰੁ" ਦੀ ਨਿਰੋਲ ਅੰਮ੍ਰਿਤ ਬਾਣੀ ਅਪਣੇ ਨਿਤਨੇਮ ਵਿਚ ਪੜ੍ਹਿਆ ਕਰਦੇ ਸਨ।

ਕਹਿਆ ਜਾਂਦਾ ਹੈ ਕਿ ਭਾਰਤ ਵਿਚ ਗੁਟਕੇ ਅਤੇ ਹੋਰ ਗੁਰਬਾਣੀ ਦੀਆਂ ਪੋਥੀਆਂ ਛਾਪਣ ਅਤੇ ਵੇਚਣ ਦਾ, ਲਗਭਗ 85 ਕਰੋੜ ਰੁਪਏ ਦਾ ਵਾਪਾਰ ਹਰ ਵਰ੍ਹੇ ਹੁੰਦਾ ਹੈ। ਇਹ ਆਂਕੜੇ ਇਸ ਤੋਂ ਵੀ ਵੱਧ ਹੋ ਸਕਦੇ ਹਨ। ਸਿੱਖੀ ਅਤੇ ਗੁਰਮਤਿ ਦਾ ਜਿਨ੍ਹਾਂ ਨੁਕਸਾਨ ਪੰਥ ਵਿਰੋਧੀ ਤਾਕਤਾਂ ਨੇ ਕੀਤਾ ਹੈ, ਉਸ ਤੋਂ ਕਿਤੇ ਵਧ ਨੁਕਸਾਨ ਗੁਰਬਾਣੀ ਦੇ ਇਹੋ ਜਹੇ ਗੁਟਕੇ ਅਤੇ ਪੋਥੀਆਂ ਛਾਪਣ ਅਤੇ ਵੇਚਣ ਵਾਲਿਆਂ ਨੇ ਕੀਤਾ ਹੈ। ਗਲ ਗੁਰਬਾਣੀ ਦੇ ਗੁਟਕੇ ਵੇਚਣ ਤੱਕ ਹੀ ਸੀਮਿਤ ਹੁੰਦੀ ਤਾਂ ਭੀ ਕੋਈ ਗਲ ਨਹੀਂ ਸੀ। ਇਨ੍ਹਾਂ ਪਬਲੀਸ਼ਰਾਂ ਨੇ ਗੁਰਮਤਿ ਅਤੇ ਗੁਰਬਾਣੀ ਦਾ ਖੁਲ੍ਹਾ ਅਪਮਾਨ ਤਾਂ ਕੀਤਾ ਹੀ ਕੀਤਾ, ਨਾਲ ਹੀ ਸਿੱਖਾਂ ਨੂੰ ਅੰਧਵਿਸ਼ਵਾਸ਼ ਦੇ ਖਾਰੇ ਸਮੂੰਦਰ ਵਿਚ ਡੋਬਣ ਦਾ ਵੀ ਕੰਮ ਕੀਤਾ ਹੈ।

ਦਾਸ ਨੂੰ ਇਕ ਗੁਟਕਾ ਐਸਾ ਮਿਲਿਆ, ਜਿਸ ਉਪਰ ਇਹ ਸਿਰਲੇਖ ਅੰਕਿਤ ਹੈ, "ਮੂਲ ਮੰਤਰ ਦੁਵਾਰਾ ਭੂਤਾਂ ਦਾ ਇਲਾਜ"। ਇਸ ਗੁਟਕੇ ਦੀ ਫੋਟੋ ਇਸ ਲੇਖ ਨਾਲ ਭੇਜ ਰਿਹਾ ਹਾਂ। "ਦੁਖਭੰਜਨੀ ਸਾਹਿਬ" ਅਤੇ "ਸੰਕਟ ਮੋਚਨ" ਸਿਰਲੇਖ ਦੇ ਗੁਟਕਿਆਂ ਨੂੰ ਖੋਲ ਕੇ ਪੜ੍ਹਨ 'ਤੇ ਪੈਰਾਂ ਥਲਿਉਂ ਜ਼ਮੀਨ ਨਿਕਲ ਜਾਂਦੀ ਹੈ। ਇਨ੍ਹਾਂ ਗੁਟਕਿਆਂ ਵਿੱਚ ਲਿਖਿਆ ਹੋਇਆ ਮਿਲਦਾ ਹੈ, ਕਿ ਫਲਾਂ ਸ਼ਬਦ 40 ਦਿਨ ਪੜ੍ਹਨ ਨਾਲ ਤਪੈਦਿਕ ਰੋਗ ਦੂਰ ਹੁੰਦਾ ਹੈ... ਫਲਾਂ ਸ਼ਬਦ ਪੜ੍ਹਨ ਨਾਲ ਮੁਕਦਮਿਆਂ ਵਿੱਚ ਜਿੱਤ ਦੀ ਪ੍ਰਾਪਤੀ ਹੁੰਦੀ ਹੈ... ਫਲਾਂ ਸ਼ਬਦ ਪੜ੍ਹਨ ਨਾਲ ਪੁੱਤਰ ਦੀ ਦਾਤ ਪਾ੍ਪਤ ਹੁੰਦੀ ਹੈ। ਇਹੋ ਜਿਹੀਆਂ ਮਨਘੜੰਤ ਅਤੇ ਗੁਰਮਤਿ ਦਾ ਘਾਣ ਕਰਨ ਵਾਲੀਆਂ ਗੱਲਾਂ ਹੇਠ ਗੁਰਬਾਣੀ ਦੀਆਂ ਪਵਿਤੱਰ ਪੰਗਤੀਆਂ ਲਿਖੀਆਂ ਹੋਈਆਂ ਹਨ।

ਬੜੀ ਹੈਰਾਨਗੀ ਦੀ ਗਲ ਤਾਂ ਇਹ ਹੈ ਕਿ ਇਨ੍ਹਾਂ ਗੁਟਕਿਆਂ ਨੂੰ ਛਾਪਣ ਵਾਲੇ ਬਹੁਤੇ ਪਬਲੀਸ਼ਰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਅਤੇ ਅੰਮ੍ਰਿਤਸਰ ਵਿੱਚ ਹੀ ਇਨ੍ਹਾਂ ਮਨ ਘੜੰਤ ਗੁਟਕਿਆਂ ਦਾ ਵਾਪਾਰ ਕਰ ਰਹੇ ਹਨ। ਜੋ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਦੇ ਆਲੇ ਦੁਆਲੇ ਹੀ ਇਹ ਗੁਟਕੇ ਛਾਪ ਛਾਪ ਕੇ ਵੇਚ ਰਹੇ ਹਨ। ਲੇਕਿਨ ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜੱਥੇਦਾਰ ਇਹ ਸਭ ਵੇਖ ਕੇ ਵੀ ਅਨਜਾਣ ਬਣੇ ਹੋਏ ਹਨ। ੳੁਨ੍ਹਾਂ ਨੂੰ ਗੁਰਮਤਿ ਅਤੇ ਗੁਰਬਾਣੀ ਦਾ ਇਹ ਅਪਮਾਨ ਹੁੰਦਾ ਨਜਰ ਨਹੀਂ ਆਂਉਦਾ? ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਉਪਰ ਕੀ ਐਕਸ਼ਨ ਲੈਣਾ ਹੈ? ਸ਼੍ਰੋਮਣੀ ਕਮੇਟੀ ਤਾਂ ਆਪ ਇਹੋ ਜਿਹੇ ਗੁਟਕੇ ਛਾਪ ਰਹੀ ਹੈ ਜਿਸ ਵਿੱਚ "ਸੋ ਦਰੁ" ਦੀ ਬਾਣੀ ਉਪਰ "ਰਹਰਾਸਿ" ਸਿਰਲੇਖ ਹੈ ਅਤੇ ਉਸ ਵਿੱਚ ਚੌਪਈ ਦੀਆਂ ਪੌੜ੍ਹੀਆਂ ਦੇ ਨੰਬਰ ਉਸ ਦੇ ਮੂਲ ਸ੍ਰੋਤ ਨਾਲੋਂ ਵੱਖ ਹਨਇਸ ਬਾਣੀ ਦੇ ਉਪਰ ਆਪਹੁਦਰੇ ਤੌਰ 'ਤੇ "ਪਾਤਸ਼ਾਹੀ 10" ਦੀ ਮੁਹਰ ਲਾ ਦਿਤੀ ਗਈ ਹੈ, ਜੋ ਅਖੌਤੀ ਦਸਮ ਗ੍ਰੰਥ ਦੇ ਮੂਲ ਸ਼੍ਰੋਤ ਵਿੱਚ ਹੈ ਹੀ ਨਹੀਂ। ਚੌਪਈ ਦੀਆਂ ਤਿੰਨ ਪਉੜ੍ਹੀਆਂ ਸ਼੍ਰੀ ਅਸਿਧੁਜ ਜਬ ਭਏ ਦਯਾਲਾ ......ਤੋਂ ਲੈਕੇ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥ 403, 404, ਅਤੇ 405 ਚੁੱਪਚਾਪ ਹਟਾ ਦਿੱਤੀਆਂ ਗਈਆਂ ਨੇ। ਸ਼੍ਰੋਮਣੀ ਕਮੇਟੀ ਦੀ ਇਹ ਆਪਹੁਦਰੀ ਕਰਤੂਤ ਹੈ, ਕਿ ਜੋ ਚਾਹੇ ਛਾਪੇ ਤੇ ਜੋ ਚਾਹੇ ਹਟਾ ਦੇਵੇ। ਮੂਲ ਸ੍ਰੋਤ ਅਨੁਸਾਰ ਨਹੀਂ, ਉਹ ਤਾਂ ਅਪਣੇ ਢੰਗ ਨਾਲ ਸਿੱਖਾਂ ਨੂੰ ਜੋ ਪੜ੍ਹਵਾਉਣਾ ਚਾਹੁੰਦੀ ਹੈ, ਉਹ ਪੜ੍ਹਵਾ ਰਹੀ ਹੈ ਅਤੇ ਜੋ ਪੜ੍ਹਵਾਉਣਾ ਨਹੀਂ ਚਾਹੁੰਦੀ, ਉਹ ਗੁਟਕਿਆਂ ਵਿਚੋਂ ਹਟਾ ਦਿੰਦੀ ਹੈ। ਇਹੋ ਜਹੇ ਗਲਤ ਗੁਟਕੇ ਸ਼੍ਰੋਮਣੀ ਕਮੇਟੀ ਆਪ ਛਾਪ ਛਾਪ ਕੇ ਵੰਡ ਰਹੀ ਹੈ। ਉਹ ਦੂਜਿਆਂ ਨੂੰ ਇਸ ਤੋਂ ਕਿਵੇਂ ਰੋਕ ਸਕਦੀ ਹੈ ?

ਖਾਲਸਾ ਜੀ ! ਜੇੜ੍ਹੀ ਕੂਰੀਤੀ ਅਤੇ ਗੁਰਮਤਿ ਦੇ ਉਲਟ ਗਲ ਬਹੁਤ ਵਰ੍ਹਿਆਂ ਤਕ ਜਾਰੀ ਰਹਿੰਦੀ ਹੈ ਅਤੇ ਉਸਦਾ ਵਿਰੋਧ ਨਹੀਂ ਕੀਤਾ ਜਾਂਦਾ, ਉਸਨੂੰ "ਪੁਰਾਤਨ ਪਰੰਪਰਾ" ਕਹਿ ਕੇ ਸਾਡੇ 'ਤੇ ਥੋਪ ਦਿਤਾ ਜਾਂਦਾ ਹੈ। ਨਾਲ ਹੀ ਇਹ ਦੋਸ਼ ਲਾਇਆਂ ਜਾਂਦਾ ਹੈ ਕਿ, "ਇਨ੍ਹੇ ਵਰ੍ਹੇ ਤੁਸੀਂ ਸੁੱਤੇ ਰਹੇ, ਤੁਹਾਨੂੰ ਇਹ ਸਭ ਹੁਣ ਅਚਾਨਕ ਯਾਦ ਆ ਗਇਆ?" ਆਦਿਕ। ਸਾਡੇ ਅਖੌਤੀ ਆਗੂਆਂ ਨੂੰ ਇਹ ਬਹਾਨਾ ਮਿਲ ਜਾਂਦਾ ਹੈ ਕਿ ਇਹ ਪਰੰਪਰਾ ਤਾਂ ਕਈ ਦਹਾਕਿਆਂ ਜਾਂ ਸਦੀਆਂ ਤੋਂ ਚਲੀ ਆ ਰਹੀ ਹੈ, ਕਿਸੇ ਸਿੱਖ ਨੂੰ ਇਸਤੇ ਕਿੰਤੂ ਨਹੀਂ ਕਰਨਾ ਚਾਹੀਦਾ।

ਵੀਰੋ ! ਇਸ ਕੂਰੀਤੀ ਨੂੰ ਬਹੁਤਾ ਪੁਰਾਣਾ ਨਾ ਹੋਣ ਦਿਉ, ਨਹੀਂ ਤਾਂ ਗੁਰਬਾਣੀ ਉਪਰ ਲਿੱਖੇ ਗਏ ਇਹ ਮਨਮਤੀ ਸਿਰਲੇਖ "ਪੁਰਾਤਨ ਪਰੰਪਰਾ" ਬਣਾ ਕੇ ਸਾਡੇ ਮਥੇ 'ਤੇ, ਹਮੇਸ਼ਾਂ ਲਈ ਮੜ੍ਹ ਦਿਤੇ ਜਾਣਗੇ। "ਸੋ ਦਰੁ" ਦੀ ਪਵਿਤੱਰ ਬਾਣੀ ਵਿੱਚ ਅਖੌਤੀ ਦਸਮ ਗ੍ਰੰਥ ਦੀ ਕੱਚੀ ਬਾਣੀ ਨੂੰ ਰੱਲ ਗਡ ਕਰ ਦੇਣਾ, ਇਸ ਗਲ ਦਾ ਪ੍ਰਮਾਣ ਹੈ, ਜਿਸਨੂੰ ਚਾਹ ਕੇ ਵੀ ਹੁਣ ਤੁਸੀਂ ਵੱਖ ਨਹੀਂ ਕਰ ਸਕਦੇ। ਮਨਮੱਤੀ ਸਿਰਲੇਖਾਂ ਵਾਲੇ ਗੁਟਕੇ ਛਾਪਣ ਵਾਲੇ ਪਬਲੀਸ਼ਰਾਂ ਨੂੰ ਨੱਥ ਪਾਉਣ ਲਈ ਕੌਮ ਦੇ ਵਿਦਵਾਨਾਂ ਅਤੇ ਸੁਚੇਤ ਸਿੱਖਾਂ ਨੂੰ ਆਪਸੀ ਮਤਭੇਦ ਭੁਲਾ ਕੇ, ਅਗੇ ਆਉਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਤੋਂ, ਕਿਸੇ ਵੀ ਕਿਸਮ ਦੀ ਆਸ ਕਰਨੀ ਬੇਮਾਨੀ ਹੋਵੇਗੀ। ਉਹ ਆਪ ਇਸ ਗੈਰ ਸਿਧਾਂਤਕ ਕੰਮ ਵਿੱਚ ਬਰਾਬਰ ਦੀ ਕਸੂਰਵਾਰ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top