Share on Facebook

Main News Page

ਹਰਿਆਣਾ ਕਮੇਟੀ ਨੂੰ ਰੋਕਣ ਲਈ ਝੀਂਡਾ ਤੇ ਨਲਵੀ ਸਮੇਤ ਪੰਜ ਵਿਅਕਤੀ ਅਕਾਲ ਤਖਤ ਸਾਹਿਬ ‘ਤੇ ਤਲਬ

* ਹਰਿਆਣਾ ਦੀ ਵੱਖਰੀ ਕਮੇਟੀ ਸਮੁੱਚੇ ਹਰਿਆਣੇ ਦੇ ਸਿੱਖਾਂ ਦੀ ਮੰਗ- ਝੀਂਡਾ
* ਅਕਾਲ ਤਖਤ ‘ਤੇ ਪੇਸ਼ ਹੋਵਾਂਗਾ- ਨਲਵੀ

ਅੰਮ੍ਰਿਤਸਰ 1 ਜੁਲਾਈ (ਜਸਬੀਰ ਸਿੰਘ) ਗੁਰਬਚਨ ਸਿੰਘ ਨੇ ਛੇ ਜੁਲਾਈ ਨੂੰ ਹਰਿਆਣਾ ਦੀ ਵੱਖਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸੰਭਾਵੀ ਐਲਾਨ ਨੂੰ ਰੋਕਣ ਲਈ ਆਖਰੀ ਹਥਿਆਰ ਵਰਤਦਿਆਂ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਂਡਾ, ਜਨਰਲ ਸਕੱਤਰ ਸ੍ਰ ਦੀਦਾਰ ਸਿੰਘ ਨਲਵੀ, ਬਾਬਾ ਗੁਰਮੀਤ ਸਿੰਘ ਤਰਲੋਕੀਵਾਲੇ, ਅਪਾਰ ਸਿੰਘ ਅਤੇ ਹਰਿਆਣਾ ਕਮੇਟੀ ਦੇ ਯੂਥ ਵਿੰਗ ਦੇ ਪ੍ਰਧਾਨ ਹਰਸਿਮਰਨ ਸਿੰਘ ਨੂੰ ਭਲਕੇ 2 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਹੈ, ਜਦ ਕਿ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਸਿਰਫ ਉਹਨਾਂ ਪੰਜ ਵਿਅਕਤੀਆਂ ਦੀ ਨਹੀਂ, ਸਗੋਂ ਸਮੁੱਚੇ ਹਰਿਆਣੇ ਦੇ ਸਿੱਖਾਂ ਦੀ ਮੰਗ ਹੈ, ਅਤੇ ਉਹਨਾਂ ਦੇ ਅਕਾਲ ਤਖਤ ਤੇ ਜਾਣ ਜਾਂ ਨਾ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ, ਫਿਰ ਉਹ ਸੰਗਤ ਨਾਲ ਸਲਾਹ ਕਰ ਰਹੇ ਹਨ, ਕਿਉਂਕਿ ਭਲਕੇ ਵੀ ਉਹਨਾਂ ਦੀਆਂ ਬਹੁਤ ਸਾਰੀਆ ਮੀਟਿੰਗਾਂ ਹਨ ਜਿਹਨਾਂ ਵਿੱਚ ਵੀ ਉਹਨਾਂ ਦੀ ਸ਼ਮੂਲੀਅਤ ਬਹੁਤ ਜਰੂਰੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਵੱਲੋ ਹਰਿਆਣਾ ਦੇ ਸਿੱਖਾਂ ਦੀ ਚਿਰੋਕਣੀ ਮੰਗ 'ਤੇ ਗੌਰ ਕਰਦਿਆ ਜਦੋਂ ਤੋਂ ਹਰਿਆਣਾ ਦੀ ਵੱਖਰੀ ਗੁਰੂਦੁਆਰਾ ਕਮੇਟੀ ਬਣਾਉਣ ਦੇ ਸੰਕੇਤ ਦਿੱਤੇ ਹਨ ਉਸੇ ਦਿਨ ਤੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਹ ਸੁੱਕੇ ਹੋਏ ਹਨ ਤੇ ਉਹਨਾਂ ਵੱਲੋ ਇਸ ਨੂੰ ਸਿੱਖਾਂ ਦੇ ਧਾਰਮਿਕ ਮਸਲਿਆ ਵਿੱਚ ਦਖਲ ਅੰਦਾਜੀ ਦੱਸਿਆ ਜਾ ਰਿਹਾ ਹੈ ਜਦ ਕਿ ਸ੍ਰੀ ਹੁੱਡਾ ਦਾ ਕਹਿਣਾ ਹੈ ਕਿ ਹਰਿਆਣਾ ਦੀ ਵੱਖਰੀ ਕਮੇਟੀ ਦਾ ਫੈਸਲਾ ਹਰਿਆਣਾ ਦੇ ਸਿੱਖਾਂ ਦੀਆ ਭਾਵਨਾਵਾਂ ਅਨੁਸਾਰ ਹੀ ਲਿਆ ਜਾਵੇਗਾ। ਇਸ ਸਬੰਧ ਵਿੱਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਡਾ ਤੇ ਜਨਰਲ ਸਕੱਤਰ ਸ੍ਰ ਦੀਦਾਰ ਸਿੰਘ ਨਲਵੀ ਵੱਲੋ ਛੇ ਜੁਲਾਈ ਨੂੰ ਕੈਥਲ ਵਿਖੇ ਇੱਕ ਸਿੱਖ ਮਹਾਂ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਮੁੱਖ ਮਹਿਮਾਨ ਵਜੋ ਸ਼ਾਮਲ ਹੋ ਰਹੇ ਹਨ ਤੇ ਵਿੱਚ ਮੰਤਰੀ ਤੇ ਹਰਿਆਣਾ ਦੀ ਵੱਖਰੀ ਗੁਰੂਦੁਆਰਾ ਕਮੇਟੀ ਦੀ ਰੀਪੋਰਟ ਤਿਆਰ ਵਾਲੇ ਸ੍ਰ ਹਰਮੋਹਿੰਦਰ ਸਿੰਘ ਚੱਠਾ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਇਸ ਸੰਮੇਲਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਵੱਲੋ ਵੱਖਰੀ ਕਮੇਟੀ ਦਾ ਐਲਾਨ ਕੀਤੇ ਦੀਆ ਸੰਭਵਾਨਵਾਂ ਹਨ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਭੁਪਿੰਦਰ ਸਿੰਘ ਦੇ ਕਹਿਣਾ ਹੈ ਕਿ ਝੀਡਾਂ, ਨਲਵੀ ਤੇ ਉਹਨਾਂ ਦੇ ਸਾਥੀਆ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਨਹੀ ਕੀਤਾ ਗਿਆ ਸਗੋ ਵਿਚਾਰ ਚਰਚਾ ਕਰਨ ਲਈ ਹੀ ਕੇਵਲ ਬੁਲਾਇਆ ਗਿਆ ਹੈ। ਉਹਨਾਂ ਕਿਹਾ ਕਿ ਬੁਲਾਉਣ ਤੇ ਤਲਬ ਕਰਨ ਵਿੱਚ ਕਾਫੀ ਫਰਕ ਹੁੰਦਾ ਹੈ ਅਤੇ ਇਹਨਾਂ ਪੰਜ ਵਿਅਕਤੀਆਂ ਨੂੰ ਸਿਰਫ ਉਹਨਾਂ ਦੀਆ ਮੁਸ਼ਕਲਾਂ ਸੁਨਣ ਵਾਸਤੇ ਹੀ ਬੁਲਾਇਆ ਗਿਆ ਹੈ।

ਦੂਸਰੇ ਪਾਸੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਜਗਦੀਸ਼ ਸਿੰਘ ਝੀਡਾਂ ਦਾ ਕਹਿਣਾ ਹੈ ਕਿ ਹਰਿਆਣਾ ਦੀ ਵੱਖਰੀ ਕਮੇਟੀ ਦੀ ਮੰਗ ਉਹਨਾਂ ਇਕੱਲਿਆ ਦੀ ਹੀ ਨਹੀ ਸਗੋ ਸਮੂਹ ਹਰਿਆਣਾ ਦੇ ਸਿੱਖ ਵੱਖਰੀ ਕਮੇਟੀ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਦਾ ਪ੍ਰਵਾਨਾ ਉਹਨਾਂ ਨੂੰ ਮਿਲ ਗਿਆ ਹੈ ਅਤੇ ਇਸ ਬਾਰੇ ਸਾਰੀ ਸੰਗਤ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਦਾ ਛੇ ਜੁਲਾਈ ਨੂੰ ਮਹਾਂ ਸੰਮਲੇਨ ਕੈਥਲ ਵਿਖੇ ਹੋ ਰਿਹਾ ਹੈ ਅਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਮੁੱਖ ਮੰਤਰੀ ਸ੍ਰੀ ਹੁੱਡਾ ਇਸ ਦਿਨ ਹਰਿਆਣਾ ਦੀ ਵੱਖਰੀ ਕਮੇਟੀ ਦਾ ਐਲਾਨ ਕਰਕੇ ਹਰਿਆਣਾ ਦੇ ਗੁਰਧਾਮਾਂ ਦਾ ਪ੍ਰਬੰਧ ਹਰਿਆਣਾ ਦੇ ਸਿੱਖਾਂ ਨੂੰ ਸੋਂਪ ਦੇਣਗੇ। ਉਹਨਾਂ ਕਿਹਾ ਕਿ ਬਾਦਲ ਸਾਹਿਬ ਹਰਿਆਣਾ ਦੀ ਵੱਖਰੀ ਕਮੇਟੀ ਲਈ ਕਾਂਗਰਸ ਨੂੰ ਕੋਸਣ ਦੀ ਬਜਾਏ ਪਹਿਲਾਂ ਸਿੱਖਾਂ ਨੂੰ ਇਹ ਜਵਾਬ ਜਰੂਰ ਦੇਣ ਕਿ ਉਹਨਾਂ ਨੇ ਪੰਜਾਬ ਦੀ ਵੰਡ ਕਰਵਾਉਣ ਲਈ ਮੋਰਚੇ ਕਿਉ ਲਗਾਏ ਸਨ? ਉਹਨਾਂ ਕਿਹਾ ਕਿ ਅੱਜ ਹਰਿਆਣੇ ਦੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਵਾਲੇ ਦੂਸਰੇ ਨੰਬਰ ਦੇ ਸਿੱਖ ਸਮਝ ਰਹੇ ਹਨ ਅਤੇ ਹਰਿਆਣੇ ਦੇ ਗੁਰੂਦੁਆਰਿਆ ਵਿੱਚ ਸਟਾਫ ਵੀ ਪੰਜਾਬ ਦਾ ਹੀ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਦਿੱਲੀ ਕਮੇਟੀ ਤੇ ਪਾਕਿਸਤਾਨ ਕਮੇਟੀ ਤੇ ਹੋਰ ਕਮੇਟੀਆ ਬਨਣ ਨਾਲ ਸਿੱਖ ਪੰਥ ਨੂੰ ਕੋਈ ਖਤਰਾ ਪੈਦਾ ਨਹੀ ਹੋਇਆ ਤਾਂ ਹਰਿਆਣਾ ਦੀ ਵੱਖਰੀ ਕਮੇਟੀ ਬਨਣ ਨਾਲ ਕੋਈ ਪਹਾੜ ਨਹੀ ਡਿੱਗ ਪਵੇਗਾ।

ਇਸ ਸਬੰਧੀ ਜਦੋ ਸ ੍ਰਦੀਦਾਰ ਸਿੰਘ ਨਲਵੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਭਲਕੇ ਸ੍ਰੀ ਅਕਾਲ ਤਖਤ ਸਾਹਿਬ ਕੇ ਪੁੱਜਣਗੇ ਤੇ ਜਥੇਦਾਰ ਸਾਹਿਬ ਨੂੰ ਦੱਸਣਗੇ ਕਿ ਹਰਿਆਣਾ ਦੀ ਵੱਖਰੀ ਕਮੇਟੀ ਦੀ ਲੋੜ ਕਿਉ ਪਈ। ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦਾ ਰਵੱਈਆ ਹਰਿਆਣਾ ਦੇ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਨਾ ਹੁੰਦਾ ਤਾਂ ਸ਼ਾਇਦ ਇਸ ਦੀ ਲੋੜ ਨਾ ਪੈਦੀ। ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਤੇ ਜਥੇਦਾਰ ਸਾਹਿਬ ਦਾ ਸਤਿਕਾਰ ਕਰਦੇ ਹਨ ।

ਵਰਨਣਯੋਗ ਹੈ ਕਿ ਬੀਤੇ ਕਲ• ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵਿੱਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਰੋਕਣ ਲਈ ਕੋਈ ਠੋਸ ਫੈਸਲਾ ਨਾ ਲਏ ਜਾਣ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਅਕਾਲ ਤਖਤ ਸਾਹਿਬ ਦੇ ਸੱਤਾ ਦੀ ਦੁਰਵਰਤੋ ਕਰਦਿਆ ਜਥੇਦਾਰ ਨੂੰ ਹਰਿਆਣਾ ਦੀ ਵੱਖਰੀ ਕਮੇਟੀ ਮੁਸ਼ਤੈਦੀ ਨਾਲ ਮੰਗ ਕਰਨ ਵਾਲੇ ਜਗਦੀਸ਼ ਸਿੰਘ ਝੀਡਾਂ ਤੇ ਦੀਦਾਰ ਸਿੰਘ ਨਲਵੀ ਤੇ ਉਹਨਾਂ ਦੇ ਸਾਥੀਆ ਨੂੰ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਲ ਹੀ ਪੰਜ ਵਿਅਕਤੀਆ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਪਰ ਵੇਖਣਾ ਹੁਣ ਇਹ ਹੈ ਕਿ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਹਰਿਆਣਾ ਕਮੇਟੀ ਨੂੰ ਬਨਣ ਤੋ ਰੋਕਣ ਵਿੱਚ ਸਫਲ ਹੁੰਦੇ ਜਾਂ ਨਹੀ ਜਾਂ ਫਿਰ ਕੋਈ ਫੱਤਵਾ ਜਾਰੀ ਕਰਦੇ ਹਨ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top