ਸਨਿਚਰਵਾਰ ਸਵੇਰੇ ਦਸ ਕੁ ਵਜੇ ਦਾ ਸਮਾਂ ਸੀ ਜਦ ਟੈਲੀਫੂਨ ਦੀ ਘੰਟੀ
ਖੜਕੀ। ਆਵਾਜ਼ ਜਾਣੀ ਪਛਾਣੀ ਨਹੀਂ ਸੀ। ਨਾਮ ਪੁੱਛਿਆ ਤਾਂ ਉਧਰੋਂ ਫ਼ੂਨ ਕਰਨ ਵਾਲ਼ੇ ਸੱਜਣ ਨੇ
ਕਿਹਾ, “ਤੁਸੀਂ ਜੀ ਮੈਨੂੰ ਨਹੀਂ ਜਾਣਦੇ, ਮੈਂ ਤੁਹਾਨੂੰ ਜਾਣਦਾ ਹਾਂ। ਮੇਰਾ ਨਾਮ ਹ....ਸਿੰਘ
ਹੈ ਜੀ। ਮੈਂ ਆਪ ਜੀ ਦੇ ਆਰਟੀਕਲ ਅਖ਼ਬਾਰਾਂ ‘ਚ ਪੜ੍ਹਦਾ ਰਹਿੰਦਾ ਹਾਂ ਤੇ ਹੁਣ ਤਾਂ ਸੁਖ
ਨਾਲ਼ ਟੈਲੀਵੀਯਨ ‘ਤੇ ਵੀ ਆਪ ਜੀ ਦੇ ਦਰਸ਼ਨ ਹੋ ਜਾਂਦੇ ਹਨ। ਮੈਨੂੰ ਆਪ ਜੀ ਦੇ ਪ੍ਰੋਗਰਾਮ
ਬਹੁਤ ਹੀ ਪਸੰਦ ਹਨ। ਆਪ ਜੀ ਮਾਂ-ਬੋਲੀ ਦੀ ਬਹੁਤ ਸੇਵਾ ਕਰ ਰਹੇ ਹੋ” ਫੂਨ ਕਰਨ ਵਾਲ਼ਾ
ਸੱਜਣ ਨਾਨ-ਸਟਾਪ ਹੀ ਬੋਲੀ ਜਾ ਰਿਹਾ ਸੀ। ਮੈਂ ਵਿਚੋਂ ਰੋਕ ਕੇ ਧੰਨਵਾਦ ਕੀਤਾ ਤੇ ਕਿਹਾ,
“ਸਰਦਾਰ ਸਾਹਿਬ ਜੀ ਇਹ ਤਾਂ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਣੀ ਮਾਂ-ਬੋਲੀ, ਆਪਣੇ
ਸੱਭਿਆਚਾਰ ਨੂੰ ਬਚਾਉਣ ਲਈ ਤੱਤਪਰ ਹੋਈਏ ਕਿਉਂਕਿ ਇਹ ਕੰਮ ਸਾਨੂੰ ਆਪੂੰ ਨੂੰ ਹੀ ਕਰਨਾ
ਪੈਣਾ ਹੈ ਕਿਸੇ ਹੋਰ ਨੇ ਨਹੀਂ ਕਰਨਾ”।
ਉੱਧਰੋਂ
ਫੇਰ ਸਰਦਾਰ ਜੀ ਬੋਲੇ, “ਬਿਲਕੁਲ ਠੀਕ ਕਿਹਾ ਜੀ ਆਪ ਜੀ ਨੇ, ਪਰ ਅਫ਼ਸੋਸ ਕਿ ਸਿੱਖ ਕੌਮ ਇਸ
ਪ੍ਰਤੀ ਚੇਤੰਨ ਨਹੀਂ ਹੈ। ਸਿੱਖ ਆਪ ਹੀ ਮਾਂ-ਬੋਲੀ ਨੂੰ ਤਿਲਾਂਜਲੀ ਦੇਈ ਜਾ ਰਹੇ ਹਨ।
ਪੰਜਾਬ ਵਿਚ ਹੀ ਦੇਖ ਲਉ, ਲੋਕ ਹਿੰਦੀ ਅਤੇ ਅੰਗਰੇਜ਼ੀ ਬੋਲਣ ਨੂੰ
ਤਰਜੀਹ ਦਿੰਦੇ ਹਨ। ਅਸੀਂ ਸਿੱਖ ਲੋਕ ਹੀ ਪੰਜਾਬੀ ਦੀਆਂ ਅਖ਼ਬਾਰਾਂ, ਰਿਸਾਲੇ, ਕਿਤਾਬਾਂ
ਮੁੱਲ ਲੈ ਕੇ ਨਹੀਂ ਪੜ੍ਹਦੇ। ਜੇ ਅਖ਼ਬਾਰਾਂ, ਰਿਸਾਲੇ ਤੇ ਕਿਤਾਬਾਂ ਕੋਈ ਖਰੀਦੇਗਾ ਨਹੀਂ,
ਤਾਂ ਪੰਜਾਬੀ ਭਾਸ਼ਾ ਦੀ ਤਰੱਕੀ ਕਿਵੇਂ ਹੋਵੇਗੀ? ਸਰਦਾਰ ਜੀ ਨੇ ਰੁਆਂਸੀ ਹੋਈ ਆਵਾਜ਼ ‘ਚ
ਕਿਹਾ।
ਸਾਨੂੰ ਖ਼ੁਸ਼ੀ ਹੈ ਕਿ ਆਪ ਜੀ ਵਰਗੇ ਸੁਹਿਰਦ ਸੱਜਣ ਹਮੇਸ਼ਾਂ ਹੀ
ਆਪਣੀਆਂ ਲਿਖਤਾਂ ਵਿਚ ਅਤੇ ਟੀ.ਵੀ. ਪ੍ਰੋਗਰਾਮਾਂ ਵਿਚ ਇਹਨਾਂ ਮਸਲਿਆਂ ਪ੍ਰਤੀ ਕੌਮ ਨੂੰ
ਜਾਗਰਿਤ ਕਰਦੇ ਰਹਿੰਦੇ ਹੋ, ਇਸ ਵਾਸਤੇ ਮੇਰੇ ਪਾਸ ਸ਼ਬਦ ਨਹੀਂ ਹਨ ਕਿ ਮੈਂ ਆਪ ਜੀ ਦਾ
ਧੰਨਵਾਦ ਕਰ ਸਕਾਂ”।
ਮੈਂ ਸਰਦਾਰ ਜੀ ਦੀ ਗੱਲਾਂ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਕਿ ਕੌਮ
ਵਿਚ ਅਜੇ ਵੀ ਮਾਂ-ਬੋਲੀ ਦੇ ਦੀਵਾਨੇ ਹਨ, ਜੋ ਵੀ ਸ਼ਿੱਦਤ ਨਾਲ ਇਸ ਬਾਰੇ ਸੋਚਦੇ ਹਨ। ਮੈਂ
ਇਕ ਵਾਰੀ ਫੇਰ ਸਰਦਾਰ ਜੀ ਦਾ ਧੰਨਵਾਦ ਕੀਤਾ ਤੇ ਉਹ ਬੋਲੇ, “ਜੀ
ਤਾਂ ਕਰਦਾ ਸੀ ਕਿ ਆਪ ਜੀ ਨਾਲ ਹੋਰ ਵੀ ਵਿਚਾਰ ਵਟਾਂਦਰਾ ਕੀਤਾ ਜਾਵੇ, ਪਰ ਜੀ ਹੁਣ
ਗੁਰਦੁਆਰਾ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਦਾ ਸਮਾਂ ਹੋ ਗਿਐ ਜੀ, ਅੱਜ ਦੇ ਦਿਨ ਜੀ ਲੰਗਰ
‘ਚ ਸਾਗ ਬਣਿਆ ਹੁੰਦੈ ਜੀ। ਸਾਗ ਘਰੇ ਕਿੱਥੇ ਬਣਦਾ ਜੀ, ਬਣਾਵੋ ਤਾਂ ਸਾਰੇ ਘਰ ‘ਚੋਂ ਕਈ
ਦਿਨ ਮੁਸ਼ਕ ਨਹੀਂ ਜਾਂਦਾ। ਨਾਲ਼ੇ ਲੰਗਰ ਦੇ ਪਰਸ਼ਾਦੇ ਦੀ ਕੀ ਰੀਸ ਐ ਜੀ। ਨਾਲ਼ੇ ਗੁਰੂ ਕਾ
ਲੰਗਰ ਛਕ ਆਈਦਾ ਨਾਲ਼ੇ ਉੱਥੇ ਪੰਜਾਬੀ ਦੀਆਂ ਅਖ਼ਬਾਰਾਂ ਦੀਆਂ ਮੋਟੀਆਂ ਮੋਟੀਆਂ ਸੁਰਖ਼ੀਆਂ
ਦੇਖ ਲਈਦੀਆਂ ਜੀ। ਆਪ ਜੀ ਕੌਮ ਦੀ ਇੰਜ ਹੀ ਸੇਵਾ ਕਰਦੇ ਚਲੋ ਅਸੀਂ ਤੁਹਾਡੇ ਨਾਲ ਆਂ”।