Share on Facebook

Main News Page

ਬਾਦਲ ਤਾਂ ਆਪ ਦਿੱਲੀ ਲਈ ਵਖਰੀ ਗੁਰਦਵਾਰਾ ਕਮੇਟੀ ਮੰਗਦੇ ਹੋਏ ਦਿੱਲੀ ਵਿਚ ਗ੍ਰਿਫ਼ਤਾਰ ਹੋਏ ਸਨ, ਹੁਣ ਸਿਆਸੀ ਮਾਮਲੇ ਵਿਚ ਅਕਾਲ ਤਖ਼ਤ ਨੂੰ ਲਿਆਉਣ ਦੀ ਕੀ ਤੁਕ ?
-: ਕੈਪਟਨ ਅਮਰਿੰਦਰ ਸਿੰਘ

ਜਲੰਧਰ, 2 ਜੁਲਾਈ (ਜੁਗਿੰਦਰ ਸੰਧੂ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ 'ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਲਈ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਮਾਮਲੇ 'ਚ ਸ਼੍ਰ੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਗ਼ੈਰ-ਜ਼ਰੂਰੀ ਬਹਿਸ 'ਚ ਖਿੱਚਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਵਰ੍ਹਦਿਆਂ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਜਗਤ ਦੀ ਸੱਭ ਤੋਂ ਵੱਡੀ ਧਾਰਮਕ ਸੰਸਥਾ ਹੈ, ਭਾਵੇਂ ਸਿੱਖ ਕਿਥੇ ਵੀ ਰਹਿਣ ਜਾਂ ਕਿਥੋਂ ਦੇ ਵੀ ਹੋਣ।

ਉਨ੍ਹਾਂ ਕਿਹਾ ਕਿ ਮੱਕੜ ਵਲੋਂ ਜਾਰੀ ਬਿਆਨ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਰਿਆਣਾ ਦੀ ਵਖਰੀ ਗੁਰਦਵਾਰਾ ਕਮੇਟੀ ਦਾ ਸਮਰਥਨ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਸੱਦਣ ਦੀ ਸਲਾਹ ਦੇਣ ਨਾਲ ਲੋਕਾਂ ਦੀ ਉਸ ਸੋਚ ਨੂੰ ਮਜ਼ਬੂਤੀ ਮਿਲੀ ਹੈ ਜਿਸ ਵਿਚ ਬਾਦਲ ਦੀ ਹਾਂ 'ਚ ਹਾਂ ਮਿਲਾਉਣ ਵਾਲੇ ਖ਼ਾਸ ਵਿਅਕਤੀਆਂ ਜਿਵੇਂ ਮੱਕੜ ਸਿੱਖਾਂ ਦੀ ਸੱਭ ਤੋਂ ਉੱਚੀ ਧਾਰਮਕ ਸੰਸਥਾ ਦੇ ਕੰਮਕਾਜ 'ਚ ਦਖ਼ਲ ਦਿੰਦੇ ਹਨ।

ਸਾਬਕਾ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਖਰੀ ਗੁਰਦਵਾਰਾ ਕਮੇਟੀ ਦੀ ਮੰਗ ਇਕ ਸਿਆਸੀ ਮੁੱਦਾ ਹੈ ਤੇ ਇਸ 'ਚ ਸਿੱਖਾਂ ਦੇ ਧਾਰਮਕ ਮਾਮਲਿਆਂ ਨਾਲ ਛੇੜਛਾੜ ਦੀ ਕੋਈ ਗੱਲ ਨਹੀਂ ਹੈ। ਇਸ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਆਉਣਾ ਪੂਰੀ ਤਰ੍ਹਾਂ ਗ਼ਲਤ ਹੈ। ਜਿਸ ਤਰ੍ਹਾਂ ਦਾ ਵਤੀਰਾ ਬਾਦਲ ਅਤੇ ਮੱਕੜ ਅਪਣਾ ਰਹੇ ਹਨ, ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਸਿੱਖਾਂ ਦੀ ਸੱਭ ਤੋਂ ਉੱਚੀ ਧਾਰਮਕ ਸੰਸਥਾ ਨੂੰ ਅਪਣੇ ਵਿਅਕਤੀਗਤ ਤੇ ਵਿਸ਼ੇਸ਼ ਹਿਤਾਂ ਲਈ ਇਸਤੇਮਾਲ ਕਰ ਰਹੇ ਹਨ।

ਕੈਪਟਨ ਅਮਰਿੰਦਰ ਨੇ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਿਹਾ ਕਿ ਜੇ ਉਹ ਇਤਿਹਾਸਕ ਤੱਥਾਂ ਬਾਰੇ ਨਹੀਂ ਜਾਣਦੇ ਤਾਂ ਸਿੱਖ ਇਤਿਹਾਸ ਪੜ੍ਹਨ ਤੇ ਬੇਤੁਕੀਆਂ ਟਿਪਣੀਆਂ ਕਰਨ ਤੋਂ ਪਹਿਲਾਂ ਸਬੰਧਤ ਕਾਨੂੰਨੀ ਸਲਾਹਾਂ ਲੈਣ।

ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਨੂੰ ਯਾਦ ਦਿਵਾਇਆ ਕਿ ਉਹ ਸੰਤ ਫ਼ਤਹਿ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਦੀ ਉਸ ਮੁਹਿੰਮ ਨਾਲ ਬਹੁਤ ਡੂੰਘਾਈ ਨਾਲ ਜੁੜੇ ਹੋਏ ਸਨ, ਜਿਸ ਨੇ 1971 'ਚ ਦਿੱਲੀ ਦੇ ਸਿੱਖਾਂ ਦੀ ਮੰਗ 'ਤੇ ਦਿੱਲੀ ਸਿੱਖ ਮੈਨੇਜਿੰਗ ਕਮੇਟੀ ਨੂੰ ਹੋਂਦ ਵਿਚ ਲਿਆਉਣ ਲਈ ਮੋਰਚਾ ਖੋਲ੍ਹਿਆ ਸੀ ਅਤੇ ਬਾਦਲ ਤੇ ਦੂਸਰੇ ਅਕਾਲੀ ਆਗੂਆਂ ਨੂੰ ਕਚਹਿਰੀ 'ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਿਹਾੜ ਜੇਲ ਭੇਜ ਦਿਤਾ ਗਿਆ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਨੂੰ ਸਵਾਲ ਕੀਤਾ ਕਿ ਜੇ ਦਿੱਲੀ ਲਈ ਵਖਰੀ ਬਾਡੀ ਦੀ ਮੰਗ ਕਰਨਾ ਅਤੇ ਇਸ ਲਈ ਜੇਲ ਜਾਣਾ ਕੋਈ ਗ਼ਲਤ ਨਹੀਂ ਹੈ, ਤਾਂ ਫਿਰ ਹਰਿਆਣਾ ਲਈ ਵਖਰੀ ਬਾਡੀ ਦੀ ਮੰਗ ਕਰਨ 'ਚ ਕੀ ਗਲਤ ਹੈ?

ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ, ਸ੍ਰੀ ਹਜ਼ੂਰ ਸਾਹਿਬ ਅਤੇ ਨੰਦੇੜ ਸਾਹਿਬ ਦੇ ਗੁਰਦਵਾਰਿਆਂ ਦੇ ਮਾਮਲਿਆਂ ਲਈ ਪਹਿਲਾਂ ਹੀ ਵਖਰੀਆਂ ਕਮੇਟੀਆਂ ਹਨ ਤਾਂ ਫਿਰ ਹਰਿਆਣਾ ਦੇ ਸਿੱਖਾਂ ਦੇ ਅਧਿਕਾਰਾਂ ਨੂੰ ਕਿਉਂ ਨਕਾਰਿਆ ਜਾ ਰਿਹਾ ਹੈ? ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਲਈ ਵਖਰੀ ਗੁਰਦਵਾਰਾ ਕਮੇਟੀ ਦੀ ਮੰਗ ਕਾਰਨ ਬਾਦਲ ਅਪਣੇ ਗੁਨਾਹਾਂ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ ਬਾਦਲ ਤੇ ਉਨ੍ਹਾਂ ਵਰਗੇ ਲੋਕ ਹਰਿਆਣਾ ਬਣਨ ਲਈ ਜ਼ਿੰਮੇਵਾਰ ਹਨ। ਇਤਿਹਾਸ 'ਚ ਬਾਦਲ ਉਹ ਵਿਅਕਤੀ ਹਨ, ਜਿਨ੍ਹਾਂ ਦੀ ਅਗਵਾਈ 'ਚ ਪੰਜਾਬ ਬਰਬਾਦ ਹੋਇਆ ਤੇ ਜਿਨ੍ਹਾਂ ਨੇ ਸਿਰਫ਼ ਇਹ ਸੋਚਿਆ ਕਿ ਸਿੱਖ ਬਹੁਮਤ ਸੂਬਾ ਬਣਨ ਨਾਲ ਉਹ ਭਵਿੱਖ 'ਚ ਕਦੇ ਮੁੱਖ ਮੰਤਰੀ ਬਣ ਸਕਦੇ ਹਨ ਤੇ ਪੰਜਾਬ ਤੋਂ ਜ਼ਿਆਦਾ ਖੇਤਰ ਦੂਜੇ ਰਾਜਾਂ ਨੂੰ ਦੇ ਦਿਤਾ। ਉਨ੍ਹਾਂ ਮੱਕੜ ਨੂੰ ਬਾਦਲ ਦੀਆਂ ਧੁਨਾਂ 'ਤੇ ਨੱਚਣ ਦੀ ਬਜਾਏ ਸੋਚਣ ਲਈ ਕਿਹਾ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top