Share on Facebook

Main News Page

ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਵਿੱਚ ਸਾਥ ਦੇਣ ਵਾਲਿਆਂ ਨੂੰ ਗੁਰਬਚਨ ਸਿੰਘ ਵੱਲੋਂ ਤਾੜਨਾ

* ਹਰਿਆਣਾ ਦੀ ਵੱਖਰੀ ਕਮੇਟੀ ਬਨਣ ਤੋਂ ਰੋਕਣ ਲਈ ਜਥੇਦਾਰ ਨੇ 10 ਮੈਂਬਰੀ ਕਮੇਟੀ ਦਾ ਕੀਤਾ ਗਠਨ
* ਹਰਿਆਣਾ ਦੇ ਬੁਲਾਏ ਗਏ ਸਿੱਖ ਆਗੂ ਅਕਾਲ ਤਖਤ ‘ਤੇ ਪੇਸ਼ ਨਾ ਹੋਏ, ਹੋਰ ਸਮਾਂ ਮੰਗਿਆ

ਅੰਮ੍ਰਿਤਸਰ 2 ਜੁਲਾਈ (ਜਸਬੀਰ ਸਿੰਘ ਪੱਟੀ): ਹਰਿਆਣਾ ਦੀ ਵੱਖਰੀ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਨਣ ਤੋਂ ਰੋਕਣ ਲਈ ਗਿਆਨੀ ਗੁਰਬਚਨ ਸਿੰਘ ਨੇ ਇੱਕ 10 ਮੈਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਹੜੀ ਭਲਕੇ 3 ਜੁਲਾਈ 2014 ਨੂੰ ਹਰਿਆਣਾ ਵਿੱਚ ਜਾ ਕੇ ਉਥੋ ਦੇ ਸਿੱਖ ਆਗੂਆਂ ਨਾਲ ਮੀਟਿੰਗ ਕਰੇਗੀ ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਿਆਣੇ ਦੇ ਅੱਜ ਬੁਲਾਏ ਗਏ ਪੰਜ ਵਿਅਕਤੀਆਂ ਵਿੱਚੋ ਕੋਈ ਹਾਜਰ ਨਾ ਹੋਇਆ ਤੇ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਸਮੱਰਪਿੱਤ ਹੁੰਦਿਆਂ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਹੈ।

ਗੁਆਂਢੀ ਸੂਬਾ ਹਰਿਆਣੇ ਵਿੱਚ ਸਿੱਖਾਂ ਦੀ ਕਰੀਬ ਦੋ ਦਹਾਕੇ ਪੁਰਾਣੀ ਵੱਖਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਜਦੋਂ ਬੂਰ ਪੈਣ ਲੱਗਾ ਤਾਂ ਪੰਜਾਬ ਦੀ ਹਾਕਮ ਧਿਰ ਸ੍ਰੀ ਪ੍ਰਕਾਸ਼ ਸਿੰਘ ਬਾਦਲ ਹਰਿਆਣਾ ਦੀ ਵੱਖਰੀ ਕਮੇਟੀ ਬਨਣ ਤੋਂ ਰੋਕਣ ਲਈ ਫੇਲ ਹੋ ਗਏ ਤਾਂ ਉਹਨਾਂ ਨੇ ਆਪਣੀ ਪੁਰਾਣੀ ਆਦਤ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਦਿਆਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਰਾਹੀ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੂੰ ਹਰਿਆਣਾ ਕਮੇਟੀ ਦਾ ਸਾਥ ਨਾ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੁਰਮਾਨ ਜਾਰੀ ਕਰਵਾਇਆ ਜਾਵੇ ਜਦ ਕਿ ਜਥੇਦਾਰ ਨੇ ਜਿਹਨਾਂ ਪੰਜ ਹਰਿਆਣੇ ਦੇ ਸਿੱਖਾਂ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਡਹਾਕ), ਦੀਦਾਰ ਸਿੰਘ ਨਲਵੀ, ਅਪਾਰ ਸਿੰਘ, ਗੁਰਮੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਅਕਾਲ ਤਖਤ ਸਾਹਿਬ 'ਤੇ ਪੱਤਰ ਭੇਜ ਕੇ ਪੇਸ਼ ਹੋਣ ਲਈ ਬੁਲਾਇਆ ਸੀ ਨੇ ਜਥੇਦਾਰ ਦੇ ਪੱਤਰ ‘ਤੇ ਨਹਿਲੇ ਤੇ ਦਹਿਲਾ ਮਾਰਦਿਆ ਜਥੇਦਾਰ ਨੂੰ ਜਵਾਬੀ ਪੱਤਰ ਭੇਜ ਕੇ ਹੋਰ ਸਮਾਂ ਮੰਗਿਆ ਹੈ ਤਾਂ ਕਿ ਛੇ ਜੁਲਾਈ ਦਾ ਕੈਥਲ ਵਿਖੇ ਹੋਣ ਵਾਲਾ ਸਿੱਖ ਮਹਾਂ ਸੰਮੇਲਨ ਦਾ ਕਾਰਜ ਸੰਪਨ ਹੋ ਜਾਵੇ ਜਿਸ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਵੱਲੋ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਦੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਹਨਾਂ ਅਤੇ ਗਿਆਨੀ ਮੱਲ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਦੀ ਰਹਿਨੁਮਾਈ ਦੇ ਹੇਠ ਹੋਈ ਇਕੱਤਰਤਾ ਵਿਚ ਹਰਿਆਣਾ ਤੋਂ ਜੋ ਦੀਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਝੀਂਡਾ, ਗੁਰਮੀਤ ਸਿੰਘ (ਤਰਲੋਕੇ ਵਾਲੇ), ਅਪਾਰ ਸਿੰਘ, ਹਰਮਨਜੀਤ ਸਿੰਘ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਏ ਗਏ ਸਨ, ਉਨ੍ਹਾਂ ਨੇ ਆਉਣ ਬਾਰੇ ਆਪਣੀ ਮਜਬੂਰੀ ਜਾਹਿਰ ਕੀਤੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣ ਲਈ ਵੀ ਲਿਖਿਆ ਹੈ। ਉਹਨਾਂ ਹਰਿਆਣੇ ਵਿਚ ਰਹਿਣ ਵਾਲੇ ਸਮੂੰਹ ਸਿੱਖਾਂ ਨੂੰ ਜੋ ਗੁਰੂ-ਗ੍ਰੰਥ ਅਤੇ ਗੁਰੂ-ਪੰਥ ਨੂੰ ਸਮਰਪਿਤ ਹਨ ਨੂੰ ਤਾਕੀਦ ਕੀਤੀ ਹੈ ਕਿ ਉਹ ਸਿੱਖ ਸ਼ਕਤੀ ਨੂੰ ਖੇਰੂ-ਖੇਰੂ ਨਾ ਕਰਨ ਅਤੇ ਭਰਾ ਮਾਰੂ ਜੰਗ ਵਿਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰਨ।

ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੰਡੀ ਪਾ ਕੇ ਹਰਿਆਣਾ ਕਮੇਟੀ ਬਣਾਈ ਜਾਂਦੀ ਹੈ ਤਾਂ ਇਸ ਨਾਲ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰੀ ਠੇਸ ਪਹੁੰਚੇਗੀ ਜਿਹੜੀ ਸਾਡੇ ਬਜੁਰਗਾਂ ਨੇ ਬਹੁਤ ਕੁਰਬਾਨੀਆਂ ਕਰਕੇ, ਜੇਲਾਂ ਕੱਟ ਕੇ ਅੰਗਰੇਜ਼ ਸਾਮਰਾਜ ਵੇਲੇ ਹੋਂਦ ਵਿਚ ਲਿਆਂਦੀ ਸੀ। ਉਹਨਾਂ ਕਿਹਾ ਕਿ ਅੱਜ ਜਦੋਂ ਦੁਨੀਆਂ ਭਰ ਵਿਚ ਵੱਸਣ ਵਾਲੇ ਸਿੱਖ ਕਿਸੇ ਵੀ ਮੁਸ਼ਕਲ ਦੀ ਘੜੀ ਵਿੱਚ ਹੁੰਦੇ ਹਨ ਤਾਂ ਇਸ ਸੰਸਥਾ ਵੱਲ ਹੀ ਦੇਖਦੇ ਹਨ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਕਤੀ ਨੂੰ ਬਣਾਈ ਰੱਖਣ ਲਈ ਇਸ ਦੀ ਵੰਡ ਕਰਨ ਵਾਲਿਆਂ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਦੀ ਇਸ ਭਰਾ ਮਾਰੂ ਜੰਗ ਤੋਂ ਬਚਣ ਲਈ ਸਮੂੰਹ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਚੇਤ ਕੀਤਾ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਤੋਂੜਣ ਵਾਲਿਆ ਦਾ ਸਾਥ ਨਾ ਦੇਣ।

ਉਹਨਾਂ ਕਿਹਾ ਕਿ ਇਸ ਸਬੰਧੀ ਇਸ ਮਸਲੇ ਨੂੰ ਹੱਲ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਹਰਿਆਣੇ ਦੇ ਸਿੱਖਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰਨ ਲਈ ਗੁਰਦੁਆਰਾ ਪਾਤਸ਼ਾਹੀ ਛੇਵੀਂ, ਕੁਰੂਕਸ਼ੇਤਰ ਭੇਜੀ ਜਾਵੇਗੀ।

ਇਸ ਕਮੇਟੀ ਵਿੱਚ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ (ਪ੍ਰਧਾਨ ਸੰਤ ਸਮਾਜ), ਬਾਬਾ ਬਲਬੀਰ ਸਿੰਘ (ਮੁਖੀ ਬੁੱਢਾ ਦਲ), ਸੰਤ ਤੇਜਾ ਸਿੰਘ ਐਮ ਏ (ਖੁੱਡਾ), ਸੰਤ ਰਾਮ ਸਿੰਘ ਜੀ ਸੀਘੜਾ (ਕਰਨਾਲ), ਸੰਤ ਬਾਬਾ ਜੋਗਾ ਸਿੰਘ (ਕਰਨਾਲ), ਸੁਖਦੇਵ ਸਿੰਘ ਭੌਰ (ਜਨਰਲ ਸਕੱਤਰ), ਰਜਿੰਦਰ ਸਿੰਘ ਮਹਿਤਾ (ਮੈਂਬਰ, ਅੰਤ੍ਰਿੰਗ ਕਮੇਟੀ), ਕਰਨੈਲ ਸਿੰਘ ਪੰਜੌਲੀ (ਮੈਂਬਰ, ਅੰਤ੍ਰਿੰਗ ਕਮੇਟੀ), ਦਿਆਲ ਸਿੰਘ ਕੋਲਿਆਂਵਾਲੀ (ਮੈਂਬਰ, ਅੰਤ੍ਰਿੰਗ ਕਮੇਟੀ), ਦਲਮੇਘ ਸਿੰਘ (ਸਕੱਤਰ, ਸ਼੍ਰੋਮਣੀ ਕਮੇਟੀ) ਨੂੰ ਸ਼ਾਮਲ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਇਹ ਕਮੇਟੀ 3 ਜੁਲਾਈ 2014 ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ, ਕੁਰੂਕਸ਼ੇਤਰ ਪਹੁੰਚ ਕੇ ਹਰਿਆਣਾ ਵਿੱਚ ਵੱਸਦੇ ਸਿੱਖਾਂ ਦੇ ਪ੍ਰਤੀਨਿਧਾ ਨਾਲ ਗੱਲਬਾਤ ਕਰੇਗੀ ਅਤੇ ਜਿਹੜੇ ਪੰਜ ਪ੍ਰਤੀਨਿਧ ਹਰਿਆਣੇ ਵਿਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਏ ਗਏ ਸਨ, ਉਨ੍ਹਾਂ ਨੂੰ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਸ ਕਮੇਟੀ ਨਾਲ ਸੰਪਰਕ ਬਣਾਉਣ ਲਈ 3 ਜੁਲਾਈ ਨੂੰ ਸਵੇਰੇ 11 ਵਜੇ ਗੁਰਦੁਆਰਾ ਪਾਤਸ਼ਾਹੀ ਛੇਵੀਂ, ਕੁਰੁੂਕਸ਼ੇਤਰ ਵਿਖੇ ਪਹੁੰਚਣ।

ਛੇ ਜੂਨ ਨੂੰ ਵਾਪਰੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਵੱਲੋ ਭੇਜੀ ਗਈ ਰੀਪੋਰਟ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਇਸ ਸਬੰਧੀ ਉਹ ਰੀਪੋਰਟ ਬਣਾ ਕੇ ਮੈਨੇਜਰ ਦਰਬਾਰ ਸਾਹਿਬ ਨੂੰ ਭੇਜਣਗੇ ਤਾਂ ਕਿ ਅਗਲੇਰੀ ਕਾਰਵਾਈ ਕੀਤੀ ਜਾ ਸਕੇ ਪਰ ਉਹਨਾਂ ਜੇਲ ਵਿੱਚ ਬੰਦ 22 ਨੌਜਵਾਨਾਂ ਨੂੰ ਆਮ ਮੁਆਫੀ ਦੇਣ ਦੇ ਸੰਕੇਤ ਦਿੱਤੇ।

ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਤੇ ਸਤਬੀਰ ਸਿੰਘ ਤੋਂ ਇਲਾਵਾ ਭੁਪਿੰਦਰ ਸਿੰਘ ਨਿੱਜੀ ਸਹਾਇਕ, ਸਤਿੰਦਰਪਾਲ ਸਿੰਘ, ਜਸਬੀਰ ਸਿੰਘ ਮਨਜੀਤ ਸਿੰਘ ਮਨਜਿੰਦਰ ਸਿੰਘ ਆਦਿ ਵੀ ਹਾਜਰ ਸਨ।

ਇਸ ਸਬੰਧੀ ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਇੱਕ ਸਿਆਸੀ ਮੁੱਦਾ ਹੈ ਅਤੇ ਇਸ ਵਿੱਚ ਅਕਾਲ ਤਖਤ ਦੇ ਜਥੇਦਾਰ ਨੂੰ ਦਖਲਅੰਦਾਜੀ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਜਿਹੜੀ ਕਮੇਟੀ ਜਥੇਦਾਰ ਜੀ ਨੇ ਬਣਾ ਕੇ ਹਰਿਆਣਾ ਵਿੱਚ ਭੇਜੀ ਹੈ ਉਸ ਕੋਲ ਜਦੋਂ ਕੋਈ ਅਖਿਤਿਆਰ ਹੀ ਨਹੀਂ ਹਨ ਤਾਂ ਉਹ ਹਰਿਆਣੇ ਦੇ ਸਿੱਖਾਂ ਦੇ ਮਸਲੇ ਕਿਵੇ ਹੱਲ ਕਰੇਗੀ। ਉਹਨਾਂ ਕਿਹਾ ਕਿ ਜੇਕਰ ਦਿੱਲੀ ਕਮੇਟੀ ਵੱਖਰੀ ਬਨਣ ਨਾਲ ਕੋਈ ਫਰਕ ਨਹੀਂ ਪਿਆ ਤਾਂ ਹਰਿਆਣਾ ਦੀ ਵੱਖਰੀ ਕਮੇਟੀ ਬਨਣ ਨਾਲ ਵੀ ਕੋਈ ਫਰਕ ਨਹੀਂ ਪਵੇਗਾ ਸਗੋ ਹਰਿਆਣਾ ਵਿੱਚ ਸਿੱਖ ਮਜਬੂਤ ਹੋਣਗੇ ਤੇ ਉਹਨਾਂ ਦੀ ਆਪਣੀ ਵੱਖਰੀ ਹੋਂਦ ਹਸਤੀ ਬਣੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top