Share on Facebook

Main News Page

ਹਰਿਆਣਾ ਦੇ ਸਿੱਖ ਆਗੂਆਂ ਨੇ ਗੁਰਬਚਨ ਸਿੰਘ ਤੇ ਮੱਕੜ ਦੀ ਬਣਾਈ ਕਮੇਟੀ ਵੱਲੋਂ ਸਬ ਕਮੇਟੀ ਬਣਾਉਣ ਦੀ ਪੇਸ਼ਕਸ਼ ਠੁਕਰਾਈ, ਬੇਰੰਗ ਪਰਤਿਆ ਵਫ਼ਦ !

ਕੁਰੂਕਸ਼ੇਤਰ, 3 ਜੁਲਾਈ –ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕੀਤੀ ਕਮੇਟੀ ਨੇ ਨੇ ਅੱਜ ਇਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਜਨਰਲ ਸਕੱਤਰ ਦੀਦਾਰ ਸਿੰਘ ਨਲਵੀ ਸਮੇਤ 6 ਸਿੱਖ ਆਗੂਆਂ ਨਾਲ ਪੰਥਕ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਇਹ ਬੈਠਕ ਪ੍ਰਸਤਾਵਿਤ ਥਾਂ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕੁਰੂਕਸ਼ੇਤਰ ਦੀ ਬਜਾਏ ਸੈਕਟਰ-2 ‘ਚ ਹੋਈ। ਕਰੀਬ ਡੇਢ ਘੰਟੇ ਤੱਕ ਚੱਲੀ ਇਸ ਬੈਠਕ ਤੋਂ ਬਾਅਦ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਬੈਠਕ ‘ਚ ਹੋਈ ਗੱਲਬਾਤ ਦਾ ਵੇਰਵਾ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ। ਉਨ੍ਹਾਂ ਕੇਵਲ ਇੰਨਾਂ ਹੀ ਕਿਹਾ ਕਿ ਬੈਠਕ ‘ਚ ਹੋਈ ਗੱਲਬਾਤ ਦੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਜਾਵੇਗੀ। ਇਸ ਲਈ ਸਾਰਿਆਂ ਦੀ ਨਜ਼ਰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਕਦਮ ‘ਤੇ ਟਿਕੀ ਹੋਈ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਸੁਲਝਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ 30 ਜੂਨ ਨੂੰ ਪੱਤਰ ਲਿਖ ਕੇ ਵੱਖਰੀ ਕਮੇਟੀ ਦੇ ਹਮਾਇਤੀ 5 ਸਿੱਖ ਆਗੂਆਂ ਨੂੰ ਬੁੱਧਵਾਰ ਨੂੰ ਤਲਬ ਕੀਤਾ ਸੀ ਪਰ ਦੀਦਾਰ ਸਿੰਘ ਨਲਵੀ ਅਤੇ ਜਗਦੀਸ਼ ਸਿੰਘ ਝੀਂਡਾ ਨੇ ਕੁਰੂਕਸ਼ੇਤਰ ‘ਚ ਬੁੱਧਵਾਰ ਨੂੰ ਬੈਠਕ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਨਾਂਅ ਪੱਤਰ ਲਿਖ ਕੇ 10 ਦਿਨ ਦਾ ਸਮਾਂ ਮੰਗ ਲਿਆ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਮਦਮੀ ਟਕਸਾਲ ਤੋਂ ਹਰਨਾਮ ਸਿੰਘ ਧੁੰਮਾ, ਨਿਹੰਗ ਜਥੇਬੰਦੀ ਬਾਬਾ ਬੁੱਢਾ ਦਲ ਦੇ ਪ੍ਰਮੁੱਖ ਬਾਬਾ ਬਲਬੀਰ ਸਿੰਘ, ਨਿਰਮਲੇ ਸੰਤ ਤੇਜਾ ਸਿੰਘ, ਸੰਤ ਬਾਬਾ ਰਾਮ ਸਿੰਘ ਨਾਨਕਸਰ (ਸੀਂਗੜਾ) ਅਤੇ ਕਰਨਾਲ ਤੋਂ ਬਾਬਾ ਜੋਗਾ ਸਿੰਘ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਸਕੱਤਰ ਦਿਲਮੇਘ ਸਿੰਘ, ਕਾਰਜਕਾਰਨੀ ਮੈਂਬਰ ਰਜਿੰਦਰ ਸਿੰਘ, ਕਰਨੈਲ ਸਿੰਘ ਪੰਜੋਲੀ ਅਤੇ ਦਿਆਲ ਸਿੰਘ ਕੋਲੀਆਂਵਾਲੀ ਨੂੰ ਸ਼ਾਮਿਲ ਕਰਕੇ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਇਸ ਕਮੇਟੀ ਨੂੰ ਵੀਰਵਾਰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕੁਰੂਕਸ਼ੇਤਰ ਪੁੱਜਣ ਦੇ ਹੁਕਮ ਦਿੱਤੇ।

ਉਧਰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਜਨਰਲ ਸਕੱਤਰ ਦੀਦਾਰ ਸਿੰਘ ਨਲਵੀ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਤਿਲੋਕੇਵਾਲਾ, ਕਮੇਟੀ ਯੂਥ ਵਿੰਗ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਹਰਮਨਪ੍ਰੀਤ ਸਿੰਘ ਅਤੇ ਅਪਾਰ ਸਿੰਘ ਨੂੰ ਵੀ ਕਮੇਟੀ ਨੂੰ ਮਿਲਣ ਲਈ ਕਿਹਾ ਗਿਆ। ਸੈਕਟਰ-2 ‘ਚ ਹੋਈ ਬੈਠਕ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ 10 ਮੈਂਬਰੀ ਕਮੇਟੀ ਦੇ ਨਾਲ-ਨਾਲ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ, ਹਰਮਨਪ੍ਰੀਤ ਸਿੰਘ, ਅਪਾਰ ਸਿੰਘ ਤੋਂ ਇਲਾਵਾ ਵੱਖਰੀ ਕਮੇਟੀ ਨਾਲ ਜੁੜੇ ਅਵਤਾਰ ਸਿੰਘ ਚੱਕੂ ਅਤੇ ਜੋਗਾ ਸਿੰਘ ਯਮੁਨਾਨਗਰ ਵੀ ਸ਼ਾਮਿਲ ਹੋਏ। ਸ਼੍ਰੋਮਣੀ ਅਕਾਲੀ ਦਲ ਹਰਿਆਣਾ (ਬਾਦਲ) ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਤਜਿੰਦਰਪਾਲ ਸਿੰਘ ਦੀ ਰਿਹਾਇਸ਼ ‘ਤੇ ਹੋਈ ਇਸ ਬੈਠਕ ਨੂੰ ਲੈ ਕੇ ਪੂਰੇ ਖੇਤਰ ‘ਚ ਚਰਚਾ ਬਣੀ ਰਹੀ।

ਇਸ ਮੌਕੇ ਜਗਦੀਸ਼ ਸਿੰਘ ਝੀਂਡਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ 6 ਜੁਲਾਈ ਦਾ ਕੈਥਲ ਸੰਮੇਲਨ ਜ਼ਰੂਰ ਕਰਵਾਇਆ ਜਾਵੇਗਾ। ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੈਠਕ ‘ਚ ਦੋਵੇਂ ਧਿਰਾਂ ਵਿਚਾਲੇ ਪੰਥਕ ਵਿਚਾਰਾਂ ਹੋਈਆ। ਦੱਸਿਆ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਏ ਵਫ਼ਦ ਨੇ ਵੱਖਰੀ ਕਮੇਟੀ ਦੇ ਅਹੁਦੇਦਾਰਾਂ ਅੱਗੇ ਪੇਸ਼ਕਸ਼ ਰੱਖੀ ਕਿ ਉਨ੍ਹਾਂ ਨੂੰ ‘ਅਟਾਰਨੀ ਪਾਵਰ’ ਦੇ ਕੇ ਸਬ ਕਮੇਟੀ ਬਣਾ ਦਿੱਤੀ ਜਾਵੇ ਤਾਂ ਉਹ ਸਹਿਮਤ ਹਨ। ਵੱਖਰੀ ਕਮੇਟੀ ਦੇ ਅਹੁਦੇਦਾਰਾਂ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਉਨ੍ਹਾਂ ਕਿਹਾ ਕਿ ਜਦ ਕੁਝ ਦੇਣ ਦਾ ਸਮਾਂ ਸੀ ਉਦੋਂ ਉਨ੍ਹਾਂ ਨੂੰ ਦਿੱਤਾ ਨਹੀਂ ਗਿਆ। ਅੱਜ ਸ਼੍ਰੋਮਣੀ ਕਮੇਟੀ ਕੋਲ ਦੇਣ ਲਈ ਕੁਝ ਵੀ ਨਹੀਂ ਹੈ, ਕਿਉਂਕਿ ਮੌਜੂਦਾ ਕਾਰਜਕਾਰਨੀ ਸੁਪਰੀਮ ਕੋਰਟ ਤੋਂ ਮਿਲੀ ਅੰਤਰਿਮ ਰਾਹਤ ਦੇ ਆਧਾਰ ‘ਤੇ ਕੰਮ ਕਰ ਰਹੀ ਹੈ।

ਇਕ ਵਾਰ ਬੇਰੰਗ ਪਰਤ ਗਿਆ ਸੀ ਵਫ਼ਦ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ 10 ਮੈਂਬਰੀ ਕਮੇਟੀ ਦੇ ਮੈਂਬਰ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ 6ਵੀਂ ‘ਚ ਸਵੇਰੇ ਕਰੀਬ ਸਵਾ 10 ਵਜੇ ਪੁੱਜਣੇ ਸ਼ੁਰੂ ਹੋ ਗਏ। ਕਰੀਬ ਢਾਈ ਘੰਟੇ ਤੱਕ ਇਹ ਵਫ਼ਦ ਗੁਰਦੁਆਰਾ ਸਾਹਿਬ ‘ਚ ਵੱਖਰੀ ਕਮੇਟੀ ਸਮਰਥਕ ਦੀਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਝੀਂਡਾ ਅਤੇ ਹੋਰਨਾਂ ਦੀ ਉਡੀਕ ਕਰਦਾ ਰਿਹਾ ਪਰ ਇਨ੍ਹਾਂ ‘ਚੋਂ ਕੋਈ ਵੀ ਨਹੀਂ ਪੁੱਜਾ। ਬਾਅਦ ‘ਚ ਜਦੋਂ ਇਨ੍ਹਾਂ ਦੇ ਆਉਣ ਦੀ ਕੋਈ ਸੰਭਾਵਨਾ ਨਹੀਂ ਰਹੀ ਤਾਂ ਫਿਰ ਵਫ਼ਦ ਪੱਤਰਕਾਰਾਂ ਨਾਲ ਰੂਬਰੂ ਹੋਇਆ।

ਵਫ਼ਦ ਵੱਲੋਂ ਸੁਖਦੇਵ ਸਿੰਘ ਭੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸਿੱਖ ਭਾਈਚਾਰੇ ‘ਚ ਫੁੱਟ ਪਾਉਣ ਲਈ ਵੱਖਰੀ ਕਮੇਟੀ ਦਾ ਗਠਨ ਕਰਨਾ ਚਾਹੁੰਦੀ ਹੈ ਜਿਸ ਨੂੰ ਲੈ ਕੇ ਪੰਥ ਚਿੰਤਤ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਮਾਮਲੇ ‘ਚ ਦਿਲਚਸਪੀ ਲੈਂਦੇ ਹੋਏ ਉਕਤ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ‘ਚ 5 ਮੈਂਬਰ ਸੰਤ ਸਮਾਜ ਦੇ ਅਤੇ 5 ਮੈਂਬਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਤੋਂ ਲਏ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੱਖਰੀ ਕਮੇਟੀ ਨਾਲ ਸਬੰਧਿਤ ਪੰਜ ਪ੍ਰਤੀਨਿਧਾਂ ਨੂੰ 11 ਵਜੇ ਗੁਰਦੁਆਰਾ ਸਾਹਿਬ 6ਵੀਂ ਪਾਤਸ਼ਾਹੀ ਕੁਰੂਕਸ਼ੇਤਰ ‘ਚ ਬੁਲਾਇਆ ਗਿਆ ਸੀ ਪਰ ਬਾਅਦ ਦੁਪਹਿਰ 12:40 ਵਜੇ ਤੱਕ ਉਨ੍ਹਾਂ ‘ਚੋਂ ਕੋਈ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਦਾ ਕੋਈ ਸੁਨੇਹਾ ਆਇਆ ਹੈ। ਅਸੀਂ ਪਰਤ ਰਹੇ ਹਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਉਨ੍ਹਾਂ ਦੀ ਗੈਰ ਹਾਜ਼ਰੀ ਸਬੰਧੀ ਰਿਪੋਰਟ ਪੇਸ਼ ਕੀਤੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top