Share on Facebook

Main News Page

ਸ਼੍ਰੋਮਣੀ ਕਮੇਟੀ ਵਿੱਚ ਛਾਇਆ ਰਿਹਾ ਮਾਤਮ, ਹਰਿਆਣਾ ਕਮੇਟੀ ਬਾਰੇ ਕੋਈ ਨਹੀਂ ਦਾਗਿਆ ਬਿਆਨ

* ਭੌਰ ਤੇ ਮੱਲ ਸਿੰਘ ਨੇ ਕੀਤੀ ਗਿਆਨੀ ਗੁਰਬਚਨ ਸਿੰਘ ਨਾਲ ਬੰਦ ਕਮਰਾ ਮੁਲਾਕਾਤ

ਅੰਮ੍ਰਿਤਸਰ 4 ਜੁਲਾਈ (ਜਸਬੀਰ ਸਿੰਘ): ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਨੂੰ ਲੈ ਕੇ ਬਣਾਈ ਗਈ 10 ਮੈਂਬਰੀ ਕਮੇਟੀ ਵੱਲੋ ਹਰਿਆਣਾ ਦੇ ਸਿੱਖ ਜਗਦੀਸ਼ ਸਿੰਘ ਝੀਂਡਾ ਤੇ ਦੀਦਾਰ ਸਿੰਘ ਨਲਵੀ ਨਾਲ ਮੁਲਾਕਾਤ ਕਰਨ ਉਪਰੰਤ ਹੋਈ ਨਾਕਾਮੀ ਤੋਂ ਬਾਅਦ ਅੱਜ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਪੂਰੀ ਤਰ੍ਹਾਂ ਮਾਤਮ ਛਾਇਆ ਰਿਹਾ ਤੇ ਸ਼ਰੋਮਣੀ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਇਸ ਕਦਰ ਬੋਲਤੀ ਬੰਦ ਹੋ ਗਈ, ਕਿ ਉਹਨਾਂ ਵੱਲੋ ਅੱਜ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ, ਜਿਹੜੇ ਕਲ ਤੱਕ ਮਹਾਂ ਸੰਮੇਲਨ ਵਿੱਚ ਭਾਗ ਲੈਣ ਵਾਲੇ ਸਿੱਖਾਂ ਨੂੰ ਤਲਬ ਕਰਨ ਦੀਆਂ ਧਮਕੀਆਂ ਦੇ ਰਹੇ ਸਨ।

ਸ੍ਰੀ ਅਕਾਲ ਤਖਤ ਸਾਹਿਬ ਵੱਲੋ ਬਣਾਈ ਗਈ ਦਸ ਮੈਂਬਰੀ ਕਮੇਟੀ ਵੀ ਅੱਜ ਆਪਣੀ ਰੀਪੋਰਟ ਪੇਸ਼ ਕਰਨ ਲਈ ਨਾ ਪੁੱਜੀ ਤੇ ਸਾਰਾ ਦਿਨ ਉਹਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਪੱਤਰਕਾਰ, ਅਕਾਲ ਸਾਹਿਬ ਦੇ ਜਥੇਦਾਰ ਤੇ ਸਰਕਾਰੀ ਏਜੰਸੀਆਂ ਧੌਣ ਉਚੀ ਕਰਕੇ ਉਡੀਕ ਕਰਦੀਆਂ ਰਹੀਆਂ, ਪਰ ਸਾਰਾ ਦਿਨ ਜਦੋ ਕੁਝ ਵੀ ਪੱਲੇ ਨਾ ਪਿਆ, ਤਾਂ ਸ਼ਾਮੀ ਕਰੀਬ ਛੇ ਵਜੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਤੇ ਕਮੇਟੀ ਦੇ ਕਨਵੀਨਰ ਸ੍ਰ. ਸੁਖਦੇਵ ਸਿੰਘ ਭੌਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੁਝ ਮਿੰਟ ਬੰਦ ਕਮਰਾ ਮੀਟਿੰਗ ਕੀਤੀ, ਜਿਸ ਦੇ ਵੇਰਵੇ ਤਾਂ ਭਾਂਵੇ ਨਹੀਂ ਮਿਲ ਸਕੇ, ਪਰ ਇੰਜ ਜਾਪਦਾ ਸੀ ਕਿ ਇਹਨਾਂ ਦੋਹਾਂ ਨੇ ਜਥੇਦਾਰ ਸਾਹਿਬ ਨੂੰ ਇੱਕ ਚੁੱਪ ਤੇ ਸੌ ਸੁੱਖ ਦੀ ਸਲਾਹ ਦਿੱਤੀ ਹੈ। ਜਿੰਨੀ ਕੁ ਕਾਵਾਂਰੌਲੀ ਸ਼੍ਰੋਮਣੀ ਕਮੇਟੀ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾ ਦਿੱਤੀ ਹੈ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ 6 ਜੁਲਾਈ ਨੂੰ ਹਰਿਆਣਾ ਦੀ ਵੱਖਰੀ ਕਮੇਟੀ ਦਾ ਐਲਾਨ ਹੋ ਹੀ ਜਾਵੇਗਾ। ਮੱਕੜ ਜਿਸ ਨੇ ਇਸ ਸਮੇਂ ਦੌਰਾਨ ਕਈ ਵਿਵਾਦਤ ਬਿਆਨ ਦੇ ਕੇ ਵੀ ਆਪਣੀ ਹੇਠੀ ਵੀ ਕਰਵਾਈ ਹੈ, ਦੀ ਚੁੱਪ ਵੀ ਕਈ ਪ੍ਰਕਾਰ ਦੇ ਸੰਕੇਤ ਦਿੰਦੀ ਹੈ, ਪਰ ਦੂਸਰੇ ਪਾਸੇ ਮੁੱਖ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਚੁੱਪੀ ਵੀ ਸਾਬਤ ਕਰਦੀ ਹੈ, ਕਿ ਉਹ ਹਾਲੇ ਵੀ ਕੋਈ ਚਾਣਕਿਆ ਚਾਲ ਚੱਲ ਕੇ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਬਨਣ ਤੋਂ ਰੋਕ ਸਕਦੇ ਹਨ।

ਸ੍ਰ ਸੁਖਦੇਵ ਸਿੰਘ ਭੌਰ ਤੇ ਗਿਆਨੀ ਮੱਲ ਸਿੰਘ ਨਾਲ ਹੋਈ ਮੀਟਿੰਗ ਬਾਰੇ ਜਦੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ, ਤਾਂ ਉਹਨਾਂ ਕਿਹਾ ਕਿ ਇਹ ਇੱਕ ਸਧਾਰਨ ਮੁਲਾਕਾਤ ਸੀ, ਪਰ ਹਰਿਆਣੇ ਬਾਰੇ ਹਾਲੇ ਉਹਨਾਂ ਕੋਲ ਦਸ ਮੈਂਬਰੀ ਕਮੇਟੀ ਦੀ ਰੀਪੋਰਟ ਨਹੀਂ ਪੁੱਜੀ, ਜਿਸ ਕਰਕੇ ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ, ਪਰ ਉਹਨਾਂ ਨੇ ਹਰਿਆਣਾ ਦੇ ਸਿੱਖਾਂ ਨੂੰ ਅਪੀਲ ਜਰੂਰ ਕੀਤੀ ਹੈ ਕਿ ਉਹ ਵੱਖਰੀ ਕਮੇਟੀ ਨਾ ਬਣਾਉਣ, ਸਗੋ ਸ਼੍ਰੋਮਣੀ ਕਮੇਟੀ ਨਾਲ ਹੀ ਜੁੜੇ ਰਹਿਣ ਅਤੇ ਉਹਨਾਂ ਦੀ ਹਰ ਮੰਗ ਤੇ ਗੌਰ ਕੀਤਾ ਜਾਵੇਗਾ।

ਸ੍ਰ ਸੁਖਦੇਵ ਸਿੰਘ ਭੌਰ ਨਾਲ ਜਦੋਂ ਗੱਲ ਕਰਨੀ ਚਾਹੀ, ਤਾਂ ਉਹਨਾਂ ਦੇ ਮੋਬਾਇਲ ਫੋਨ ਦੀ ਘੰਟੀ ਜਰੂਰ ਟਰਨ ਟਰਨ ਕਰਦੀ ਰਹੀ, ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਜਿਸ ਤੋਂ ਸੰਕੇਤ ਹਨ ਕਿ ਉਹ ਵੀ ਬੀਤੇ ਕਲ ਹੋਈ ਨਾਕਾਮੀ ਬਾਅਦ ਹਾਲੇ ਵੀ ਸਦਮੇ ਵਿੱਚ ਹਨ। ਦੂਸਰੇ ਪਾਸੇ ਝੀਂਡਾ ਤੇ ਨਲਵੀ ਦਾ ਕਹਿਣਾ ਹੈ ਕਿ ਛੇ ਜੁਲਾਈ ਦਾ ਮਹਾਂ ਸੰਮੇਲਨ ਹਰ ਹਾਲਤ ਵਿੱਚ ਹੋਵੇਗਾ ਤੇ ਕਮੇਟੀ ਦਾ ਐਲਾਨ ਵੀ ਮੁੱਖ ਮੰਤਰੀ ਕਰਨਗੇ। ਉਹਨਾਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੂੰ 18 ਸਾਲ ਦੀ ਲੰਮੀ ਜੰਗ ਲੜਨ ਉਪਰੰਤ ਹੱਕ ਮਿਲਣ ਦਾ ਆਸ ਬੱਝੀ ਹੈ ਤੇ ਉਹ ਇਹ ਮੌਕਾ ਕਿਸੇ ਵੀ ਸੂਰਤ ਵਿੱਚ ਹੱਥੋ ਨਹੀਂ ਜਾਣ ਦੇਣਗੇ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top