Share on Facebook

Main News Page

ਮੱਕੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ, ਸੁਪਰੀਮ ਕੋਰਟ ਵੱਲੋਂ ਨਾਮਜ਼ਦ ਕੀਤਾ ਗਿਆ ਕੇਅਰ ਟੇਕਰ ਹੈ
-: ਪਰਮਜੀਤ ਸਿੰਘ ਸਰਨਾ

ਨਵੀਂ ਦਿੱਲੀ 4 ਜੁਲਾਈ (ਜਸਬੀਰ ਸਿੰਘ): ਸ੍ਰ ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦਾ ਵੱਖਰੀ ਹਰਿਆਣਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦਾ ਵਿਰੋਧ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਮੱਕੜ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਹਰਿਆਣਾ ਦੇ ਸਿੱਖਾਂ ਦੀ ਚਿਰੋਕਣੀ ਮੰਗ ਦਾ ਵਿਰੋਧ ਕਰਕੇ ਹਰਿਆਣਾ ਦੇ ਸਿੱਖਾਂ ਵਿੱਚ ਫੁੱਟ ਪਾਵੇ।

ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਜਿਹਨਾਂ ਦੇ ਆਪਣੇ ਘਰ ਸ਼ੀਸ਼ੇ ਦੋ ਹੋਣ ਉਹ ਦੂਸਰਿਆਂ ਦੇ ਘਰਾਂ ਵੱਲ ਪੱਥਰ ਨਹੀਂ ਮਾਰਦੇ ਕਿਉਂਕਿ ਮੱਕੜ ਸਾਹਿਬ ਤਾਂ ਖੁਦ ਸੁਪਰੀਮ ਕੋਰਟ ਦੀ ਆਕਸੀਜਨ ‘ਤੇ ਚੱਲ ਰਹੇ ਤੇ ਉਹ ਸਿਰਫ ਸ਼ਰੋਮਣੀ ਕਮੇਟੀ ਦੇ ਪਰਧਾਨ ਨਹੀਂ, ਸਗੋਂ ਕੇਅਰ ਟੇਕਰ ਹੀ ਨਿਯੁਕਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇੱਕ ਸੰਸਥਾ ਦਾ ਕੇਅਰ ਟੇਕਰ ਕਿਸੇ ਵੀ ਦੂਸਰੀ ਸੰਸਥਾ ਵਿੱਚ ਦਖਲ ਅੰਦਾਜੀ ਨਹੀਂ ਕਰ ਸਕਦਾ ਤੇ ਜਿੰਨੇ ਵੀ ਬੇਹੂਦੇ ਬਿਆਨ ਮੱਕੜ ਵੱਲੋ ਦਿੱਤੇ ਜਾ ਰਹੇ ਹਨ, ਉਹ ਸਾਰੇ ਹੀ ਮਰਿਆਦਾ ਤੇ ਸਿਧਾਂਤਾਂ ਦੇ ਉਲਟ ਹਨ।

ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਸਿੱਖਾਂ ਦੀ ਚਿਰੋਕਣੀ ਮੰਗ ਨੂੰ ਕਬੂਲ ਕਰਕੇ ਜੇਕਰ ਵੱਖਰੀ ਕਮੇਟੀ ਬਣਾਉਣ ਲਈ ਉਪਰਾਲਾ ਸ਼ੁਰੂ ਕਰ ਦਿੱਤਾ ਹੈ, ਤਾਂ ਉਸ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਮੱਕੜ ਨੂੰ ਵਿਰੋਧਤਾ ਕਰਨ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਹਰਿਆਣਾ ਇੱਕ ਵੱਖਰਾ ਸੂਬਾ ਹੈ ਤੇ 1925 ਦਾ ਗੁਰੂਦੁਆਰਾ ਐਕਟ ਸਿਰਫ ਪੰਜਾਬ ਸਟੇਟ ਐਕਟ ਹੈ, ਇਸ ਲਈ ਇਸ ਦੀ ਮੱਦ ਸਿਰਫ ਪੰਜਾਬ ਵਿੱਚ ਹੀ ਲਾਗੂ ਹੁੰਦੀ ਹੈ ਹਰਿਆਣਾ ਵਿੱਚ ਨਹੀਂ

ਉਹਨਾਂ ਕਿਹਾ ਕਿ ਸਿੱਖ ਬੁੱਧੀਜੀਵੀਆਂ, ਵਿਦਵਾਨਾਂ ਤੇ ਉੱਘੇ ਵਕੀਲਾਂ ਦੀ ਰਾਇ ਮੁਤਾਬਕ ਹਰਿਆਣਾ ਸਰਕਾਰ ਆਪਣੇ ਪੱਧਰ ‘ਤੇ ਵੱਖਰੀ ਕਮੇਟੀ ਬਣਾਉਣ ਦਾ ਅਧਿਕਾਰ ਰੱਖਦੀ ਹੈ, ਕਿਉਂਕਿ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਸੂਬਾਈ ਮਾਮਲਾ ਹੈ ਤੇ ਇਸ ਦੀ ਰੀਪੋਰਟ ਸਿਰਫ ਜਾਣਕਾਰੀ ਹਿੱਤ ਕੇਂਦਰ ਸਰਕਾਰ ਨੂੰ ਭੇਜਣੀ ਹੁੰਦੀ ਹੈ। ਉਹਨਾਂ ਕਿਹਾ ਕਿ ਵੱਖਰੀ ਕਮੇਟੀ ਦਾ ਹੱਕ ਜੇਕਰ ਦਿੱਲੀ, ਪਾਕਿਸਤਾਨ, ਹਜੂਰ ਸਾਹਿਬ, ਪਟਨਾ ਸਾਹਿਬ ਤੇ ਦੇਸ਼ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਪ੍ਰਾਪਤ ਹੈ, ਤਾਂ ਹਰਿਆਣਾ ਦੇ ਸਿੱਖਾਂ ਨੂੰ ਕਿਓਂ ਨਹੀਂ?

ਸ. ਸਰਨਾ ਨੇ ਇਸ ਸੰਬੰਧੀ ਬਾਦਲ ਦੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਵਰਣਨ ਕਰਦੇ ਹੋਏ ਕਿਹਾ ਕਿ ਬਾਦਲ ਤੇ ਮੱਕੜ ਨੇ ਪੰਜਾਬ ਵਿੱਚ ਨਸ਼ਿਆਂ ਤੇ ਪਤਿਤਪੁਣੇ ਦਾ ਹੜ੍ਹ ਲੈ ਆਂਦਾ ਹੈ ਅਤੇ ਇਹ ਬਿਮਾਰੀ ਉਹ ਹਰਿਆਣੇ ਵਿੱਚ ਵੀ ਫੈਲਾਉਣਾ ਚਾਹੁੰਦੇ ਹਨ, ਪਰ ਹਰਿਆਣੇ ਦੇ ਸਿੱਖ ਸੁਚੇਤ ਹੋ ਚੁੱਕੇ ਹਨ ਤੇ ਓਹ ਆਪਣੇ ਸਿੱਖ ਵਿਰਸੇ ਨੂੰ ਬਚਾਉਣ ਲਈ ਹੀ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਰਹੇ ਹਨ। ਸ. ਸਰਨਾ ਨੇ ਜਿੱਥੇ ਹਰਿਆਣਾ ਦੀ ਸਿੱਖ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ ਉੱਥੇ ਸ. ਮੱਕੜ ਤੇ ਸ. ਬਾਦਲ ਨੂੰ ਵੀ ਪਾਣੀ ਪੀ ਪੀ ਕੇ ਕੋਸਿਆ।

ਸ. ਸਰਨਾ ਨੇ ਅਵਤਾਰ ਸਿੰਘ ਮੱਕੜ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਭਾਵ ਅਧੀਨ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਦੁਆਰਾ ਇਸ ਮਸਲੇ 'ਤੇ ਦਖਲ ਦੇਣ ਦੀਆਂ ਖਬਰਾਂ ਤੇ ਹੈਰਾਨੀ ਪ੍ਰਗਟ ਕਰਦੇ ਹੋਏ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਮੱਕੜ ਤੇ ਬਾਦਲ ਦੀ ਸਿੱਖ ਵਿਰੋਧੀ ਤੇ ਹਰਿਆਣਾ ਦੇ ਸਿੱਖਾਂ ਨੂੰ ਆਪਣਾ ਗੁਲਾਮ ਬਣਾਉਣ ਦੀ ਨੀਤੀ ਨੂੰ ਸਮਝਦੇ ਹੋਏ, ਇਸ ਮਸਲੇ ਨੂੰ ਹਰਿਆਣਾ ਦੇ ਸਿੱਖਾਂ ਦੀਆਂ ਇੱਛਾਵਾਂ ਤੇ ਲੋੜਾਂ ਅਨੁਸਾਰ ਹੀ ਸੀਮਤ ਰਹਿਣ ਦੇਣ।

ਸ. ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਅਪੀਲ ਕੀਤੀ ਹੈ ਕਿ ਸ. ਬਾਦਲ ਦੀਆਂ ਸਿੱਖ ਵਿਰੋਧੀ ਨੀਤੀਆਂ ਸੰਬੰਧੀ ਖੁੱਲ ਕੇ ਵਿਚਾਰ ਕਰਨ ਤੇ ਸਿੱਖ ਸਮੱਸਿਆਵਾਂ ਸਬੰਧੀ ਦੀਰਘ ਵਿਚਾਰਾਂ ਕਰਨ ਲਈ ਜਲਦੀ ਹੀ ਸਿੱਖ ਪਰੰਪਰਾਵਾਂ ਅਨੁਸਾਰ ‘‘ਸਰਬੱਤ ਖਾਲਸਾ’’ ਬੁਲਾਇਆ ਜਾਵੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ, ਸਿੱਖ ਵਿਦਵਾਨਾਂ, ਪੰਥ ਦਰਦੀਆਂ ਨੂੰ ਮਜਬੂਰਨ ‘‘ਸਰਬੱਤ ਖਾਲਸਾ’’ ਆਪਣੇ ਪੱਧਰ 'ਤੇ ਬੁਲਾਉਣਾ ਪਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top