Share on Facebook

Main News Page

ਹਰਿਆਣਾ ਦੀ ਵੱਖਰੀ ਕਮੇਟੀ ਵਿੱਚ ਕੇਂਦਰ ਦਾ ਦਖਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ
-: ਸ੍ਰ. ਦੀਦਾਰ ਸਿੰਘ ਨਲਵੀ

ਅੰਮ੍ਰਿਤਸਰ 5 ਜੁਲਾਈ (ਜਸਬੀਰ ਸਿੰਘ) ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਦੀਦਾਰ ਸਿੰਘ ਨਲਵੀ ਨੇ ਪੰਜਾਬ ਦੇ ਮੁੱਖ ਮੰਤਰੀ ਆੜੇ ਹੱਥੀਂ ਲੈਦਿਆ ਕਿਹਾ ਕਿ ਹਰਿਆਣਾ ਦੀ ਵੱਖਰੀ ਗੁਰੂਦੁਆਰਾ ਕਮੇਟੀ ਹਰਿਆਣਾ ਸੂਬੇ ਦੇ ਅੰਦਰੂਨੀ ਤੇ ਤਕਨੀਕੀ ਮਾਮਲਾ ਹੈ ਅਤੇ ਕੋਈ ਵੀ ਦੂਜਾ ਸੂਬਾ ਹਰਿਆਣਾ ਦੇ ਅੰਦਰੂਨੀ ਮਾਮਲਿਆ ਵਿੱਚ ਦਖਲ ਅੰਦਾਜੀ ਨਹੀਂ ਦੇ ਸਕਦਾ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੀ ਵਿਧਾਨ ਪਾਲਿਕਾ ਵਿੱਚ ਦਖਲਅੰਦਾਜੀ ਕਰਕੇ ਸੰਵਿਧਾਨ ਦੀ ਉਲੰਘਣਾ ਤੇ ਮਰਿਆਦਾ ਦੀ ਹੱਤਕ ਕੀਤੀ ਹੈ, ਜਿਸ ਲਈ ਸ੍ਰ ਬਾਦਲ ਨੂੰ ਆਪਣੀ ਨੈਤਿਕ ਜਿੰਮੇਵਾਰੀ ਕਬੂਲਦਿਆ ਹੋਇਆ ਆਪਣੇ ਆਹੁਦੇ ਤੋਂ ਬਿਨਾਂ ਕਿਸੇ ਦੇਰੀ ਦੇ ਅਸਤੀਫਾ ਦੇਣਾ ਚਾਹੀਦਾ ਹੈ।

ਜਾਰੀ ਇੱਕ ਬਿਆਨ ਰਾਹੀ ਸ੍ਰ ਨਲਵੀ ਨੇ ਕਿਹਾ ਕਿ ਉਹ ਕਰੀਬ ਪਿਛਲੇ ਦੋ ਦਹਾਕਿਆ ਤੋਂ ਹਰਿਆਣਾ ਦੀ ਵੱਖਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਲੜਾਈ ਲੜ ਰਹੇ ਹਨ ਅਤੇ ਇਹ ਲੜਾਈ ਉਹਨਾਂ ਨੇ ਲੱਗਪੱਗ ਹੁਣ ਜਿੱਤ ਲਈ ਹੈ ਪਰ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੀ ਵਿਧਾਨ ਪਾਲਿਕਾ ਵਿੱਚ ਦਖਲਅੰਦਾਜੀ ਕਰਕੇ ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਜਿਸ ਲਈ ਸ੍ਰ ਬਾਦਲ ਦੋਸ਼ੀ ਹਨ। ਉਹਨਾਂ ਕਿਹਾ ਕਿ ਹਰਿਆਣਾ ਦੇ ਸਿੱਖ ਵੱਖਰੀ ਕਮੇਟੀ ਨੂੰ ਲੈ ਕੇ ਇੱਕਮੁੱਠ ਹਨ ਅਤੇ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਉਸ ਪਾਰਟੀ ਦੀ ਹੀ ਹਮਾਇਤ ਕਰਨਗੇ ਜਿਹੜੀ ਹਰਿਆਣਾ ਦੇ ਸਿੱਖਾਂ ਨੂੰ ਵੱਖਰੀ ਕਮੇਟੀ ਦਿਵਾਉਣ ਅਤੇ ਉਹਨਾਂ ਦੀਆ ਮੰਗਾਂ ਦੇ ਹੱਕ ਵਿੱਚ ਫਤਵਾ ਦੇਵੇਗੀ। ਉਹਨਾਂ ਕਿਹਾ ਕਿ ਇੱਕ ਪਾਸੇ ਜਿਥੇ ਹਰਿਆਣਾ ਦੇ ਮੁੱ ਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਵੱਲੋ ਹਰਿਆਣਾ ਦੀ ਵੱਖਰੀ ਕਮੇਟੀ ਦਾ ਐਲਾਨ ਭਲਕੇ 6 ਜੁਲਾਈ ਨੂੰ ਕੈਥਲ ਵਿਖੇ ਕਰਵਾਏ ਜਾ ਰਹੇ ਸਿੱਖ ਮਹਾਂ ਸੰਮੇਲਨ ਵਿੱਚ ਕਰਨ ਜਾ ਰਹੇ ਹਨ ਉਥੇ ਸ੍ਰ ਬਾਦਲ ਤੇ ਮੱਕੜ ਨੇ ਕੋਈ ਵੀ ਅਜਿਹਾ ਹੱਥਕੰਡਾ ਬਾਕੀ ਨਹੀਂ ਛੱਡਿਆ ਜਿਸ ਨਾਲ ਹਰਿਆਣਾ ਕਮੇਟੀ ਨੂੰ ਹੋਂਦ ਵਿੱਚ ਆਉਣ ਤੋਂ ਰੋਕਿਆ ਨਾ ਜਾ ਸਕੇ। ਉਹਨਾਂ ਕਿਹਾ ਕਿ ਸਿੱਖਾਂ ਵਿੱਚ ਵੰਡੀਆ ਪਾਉਣ ਲਈ ਸਭ ਤੋਂ ਵੱਡੀ ਭੂਮਿਕਾ ਸ੍ਰ ਬਾਦਲ ਨੇ ਨਿਭਾਈ ਹੈ ਤਾਂ ਕਿ ਉਹਨਾਂ ਦੇ ਰਾਜ ਭਾਗ ਬਣਿਆ ਰਹੇ ਪਰ ਦੋਸ਼ ਦੂਜਿਆ ਤੇ ਲਾ ਕੇ ਉਹ ਆਪਣਾ ਹਲਵਾ ਮੰਡਾ ਚਲਾਈ ਰੱਖਣਾ ਚਾਹੁੰਦੇ ਸਨ। ਉਹਨਾਂ ਕਿਹਾ ਕਿ ਜੇਕਰ ਅਕਾਲੀ ਦਲ ਬਾਦਲ ਸਿੱਖਾਂ ਵਿੱਚ ਏਕਤਾ ਬਣਾਈ ਰੱਖਣ ਦੀ ਮੁਹਿੰਮ ਚਲਾਉਦਾ ਤਾਂ ਅੱਜ ਹਰਿਆਣਾ ਦੇ ਸਿੱਖਾਂ ਨੂੰ ਵੱਖਰੀ ਕਮੇਟੀ ਬਣਾਉਣ ਦੀ ਲੋੜ ਨਾ ਪੈਦੀ।

ਉਹਨਾਂ ਦੱਸਿਆ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਭੇਜੀ ਗਈ 10 ਮੈਂਬਰੀ ਕਮੇਟੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਨੇ ਸ੍ਰ ਸੁਖਦੇਵ ਸਿੰਘ ਭੌਰ ਤੇ ਕਰਨੈਲ ਸਿੰਘ ਪੰਜੋਲੀ ਨੂੰ ਕਿਹਾ ਸੀ ਕਿ ਅਕਾਲੀ ਦਲ ਬਾਦਲ ਨੇ ਸਿੱਖਾਂ ਨੂੰ ਕੈਂਚੀ ਦੀ ਭੂਮਿਕਾ ਨਿਭਾ ਕੇ ਪਾੜਿਆ ਤੇ ਖਿਲਾਰਿਆ ਹੈ ਜਿਸ ਕਰਕੇ ਸਿੱਖ ਧੜਿਆ ਵਿੱਚ ਵੰਡੇ ਪਏ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਸ੍ਰ ਭੌਰ ਨੂੰ ਕਿਹਾ ਕਿ ਲੀਰੋ ਲੀਰ ਹੋਈ ਸਿੱਖ ਕੌਮ ਨੂੰ ਪਹਿਲਾਂ ਸੂਈ ਧਾਗਾ ਲੈ ਕੇ ਇੱਕ ਸੂਤਰ ਵਿੱਚ ਪਰੋਣ ਦੀ ਕ੍ਰਿਪਾਲਤਾ ਕਰੋ ਤਾਂ ਫਿਰ ਤੁਹਾਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਸਿੱਖ ਤੁਹਾਡੇ ਕੋਲ ਆਪ ਚੱਲ ਕੇ ਪੁੱਜਣਗੇ । ਉਹਨਾਂ ਕਿਹਾ ਕਿ ਭਲਕੇ 6 ਜੁਲਾਈ ਨੂੰ ਕੈਥਲ ਵਿਖੇ ਸਿੱਖਾਂ ਦਾ ਵੱਡਾ ਇਕੱਠ ਹੋਵੇਗਾ ਤੇ ਇਸ ਇਕੱਠ ਵਿੱਚ ਹੀ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਵੱਲੋ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।

ਉਹਨਾਂ ਕਿਹਾ ਕਿ ਹਰਿਆਣਾ ਭਾਜਪਾ ਦੇ ਪ੍ਰਧਾਨ ਰਾਮ ਵਿਲਾਸ ਸ਼ਰਮਾ ਅਤੇ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ ਵਿਧਾਇਕ ਦਲ ਦੇ ਆਗੂ ਵਿੱਜ ਨੇ ਕਿਹਾ ਹੈ ਕਿ ਭਾਜਪਾ ਹਰਿਆਣਾ ਦੀ ਵੱਖਰੀ ਕਮੇਟੀ ਦਾ ਵਿਰੋਧ ਕਰੇਗੀ ਜਿਸ ਬਾਰੇ ਉਹਨਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਸਗੋਂ ਇਹ ਤਾਂ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਨੇ ਬਾਦਲ ਨਾਲ ਆਪਣੀ ਯਾਰੀ ਪੁੰਗਾਉਣੀ ਹੈ ਤੇ ਹਰਿਆਣੇ ਦੇ ਸਿੱਖਾਂ ਦਾ ਵਿਰੋਧ ਕਰਨਾ ਹੈ ।ਉਹਨਾਂ ਕਿਹਾ ਕਿ ਇਸ ਵਿਰੋਧ ਦਾ ਜਵਾਬ ਅਗਾਮੀ ਹਰਿਆਣੇ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਕੇਂਦਰੀ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਸਿੱਖਾਂ ਦੀ ਵੱਖਰੀ ਕਮੇਟੀ ਤੇ ਰੋਕ ਲਗਵਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਬੱਚੇ ਬੱਚੇ ਨੂੰ ਪਤਾ ਹੈ ਕਿ ਹਰਿਆਣਾ ਦੀ ਵੱਖਰੀ ਕਮੇਟੀ ਸੂਬਾਈ ਮਾਮਲਾ ਹੈ ਇਸ ਵਿੱਚ ਕੇਂਦਰ ਕੋਈ ਵੀ ਦਖਲ ਨਹੀਂ ਦੇ ਸਕਦਾ। ਉਹਨਾਂ ਕਿਹਾ ਕਿ ਜੇਕਰ ਕੇਂਦਰ ਨੇ ਕੋਈ ਦਖਲਅੰਦਾਜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਗੋਂ ਵਿਰੋਧ ਕਰਨ ਵਾਲੇ ਆਗੂਆ ਦੇ ਖਿਲਾਫ ਇੱਕ ਮੁਹਿੰਮ ਵਿੱਢ ਦਿੱਤੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top