Share on Facebook

Main News Page

ਹਰਿਆਣਾ ਦੀ ਵੱਖਰੀ ਕਮੇਟੀ ਹੁੱਡਾ ਤੇ ਝੀਂਡਾ ਲਈ ਬਣੀ ਵਕਾਰ ਦਾ ਸਵਾਲ

* ਬਾਦਲ ਵੱਖਰੀ ਕਮੇਟੀ ਬਨਣ 'ਤੇ ਕਾਂਗਰਸ ਨੂੰ ਪਾਣੀ ਪੀ ਪੀ ਕੇ ਕੋਸਣਗੇ

ਅੰਮ੍ਰਿਤਸਰ 5 ਜੁਲਾਈ (ਜਸਬੀਰ ਸਿੰਘ) ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਭਵਿੱਖ ਦਾ ਫੈਸਲਾ ਭਲਕੇ 6 ਜੂਨ ਨੂੰ ਹਰਿਆਣਾ ਦੇ ਸ਼ਹਿਰ ਕੈਥਲ ਵਿਖੇ ਕੀਤੇ ਜਾ ਰਹੇ ਸਿੱਖ ਮਹਾਂ ਸੰਮੇਲਨ ਦੌਰਾਨ ਹਰਿਆਣਾ ਦੇ ਸਿੱਖਾਂ ਦੀ ਹਾਜ਼ਰੀ ਵੇਖ ਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਕਰਨਗੇ, ਜਦ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਾਂਗਰਸ ਦੇ ਖਿਲਾਫ ਸਾਕਾ ਨੀਲਾ ਤਾਰਾ ਤੋਂ ਬਾਅਦ ਸਿੱਖਾਂ ਵਿੱਚ ਵੰਡੀਆਂ ਪਾਉਣ ਦੀ ਲੱਛੇਦਾਰ ਤਕਰੀਰ ਕਰਨ ਦਾ ਇੱਕ ਹੋਰ ਮੁੱਦਾ ਮਿਲ ਜਾਵੇਗਾ।

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਦਾ 1996 ਵਿੱਚ ਉਸ ਵੇਲੇ ਉਜਾਗਰ ਹੋਇਆ ਜਦੋਂ ਕਰਨਾਲ ਖੇਤਰ ਤੋਂ ਰਘੂਜੀਤ ਸਿੰਘ ਵਿਰਕ ਨੇ ਬਾਦਲ ਅਕਾਲੀ ਦਲ ਤੇ ਜਗਦੀਸ਼ ਸਿੰਘ ਝੀਂਡਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਚੋਣ ਨਿਸ਼ਾਨ ਤੋਂ ਚੋਣ ਲੜੀ ਸੀ, ਪਰ ਝੀਂਡਾ ਨੂੰ 2000 ਵੋਟਾਂ ਦੀ ਹੇਰਾਫੇਰੀ ਕਰਕੇ ਹਰਾਇਆ ਗਿਆ ਸੀ। ਝੀਂਡਾ ਨੇ ਹਾਰਨ ਤੋਂ ਬਾਅਦ ਵੱਖਰੀ ਕਮੇਟੀ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ, ਜਿਹੜਾ ਜਲਦੀ ਹੀ ਇੱਕ ਅੰਦੋਲਨ ਬਣ ਗਿਆ। 1998 ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਹਰਿਆਣਾ ਦੇ ਸਿੱਖਾਂ ਨੂੰ ਸੰਤੁਸ਼ਟ ਕਰਨ ਲਈ ਇੱਕ ਸਬ ਕਮੇਟੀ ਬਣਾਉਣ ਦਾ ਨਿਰਣਾ ਲਿਆ ਕਿ ਹਰਿਆਣਾ ਦੇ ਸਿੱਖਾਂ ਦੀ ਇੱਕ ਕਮੇਟੀ ਬਣਾਈ ਜਾਵੇ, ਜਿਸ ਦੀ ਸਿਫਾਰਸ਼ ਦੇ ਆਧਾਰ ‘ਤੇ ਹਰਿਆਣੇ ਦੇ ਸਿੱਖਾਂ ਲਈ ਫੈਸਲੇ ਲਏ ਜਾਇਆ ਕਰਨਗੇ ਪਰ ਇਸੇ ਸਮੇਂ ਦੌਰਾਨ ਜਥੇਦਾਰ ਟੌਹੜਾ ਦੀ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨਾਲ ਇੱਕ ਬਿਆਨ ਨੂੰ ਲੈ ਕੇ ਖੜਕ ਪਈ ਤਾਂ ਉਹਨਾਂ ਨੂੰ ਪ੍ਰਧਾਨਗੀ ਛੱਡਣੀ ਪਈ ਤੇ ਸਬ ਕਮੇਟੀ ਦਾ ਮਾਮਲਾ ਰੁੱਲ ਗਿਆ।

ਇਸ ਸਮੇਂ ਦੌਰਾਨ ਹਰਿਆਣਾ ਦੇ ਸਿੱਖ ਪੂਰਾ ਰੌਲਾ ਪਾਉਂਦੇ ਰਹੇ, ਪਰ ਉਹਨਾਂ ਦੀ ਕਿਸੇ ਨਾ ਸੁਣੀ। 2004 ਵਿੱਚ ਜਦੋਂ ਮੁੜ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਹੋਈਆ ਤਾਂ ਝੀਂਡਾ ਦੇ ਗਰੁੱਪ ਨੇ ਇਹ ਚੋਣਾਂ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਬੈਨਰ ਹੇਠ ਲੜੀਆ ਤਾਂ ਉਹਨਾਂ ਨੇ 11 ਵਿੱਚੋ 7 ਸੀਟਾਂ ਤੇ ਕਬਜਾ ਕਰ ਲਿਆ ਜਿਸ ਨਾਲ ਹਰਿਆਣਾ ਦੀ ਵੱਖਰੀ ਕਮੇਟੀ ਦੀ ਮੁੱਦਾ ਭੱਖ ਪਿਆ। ਹਰ ਸਾਲ ਜਦੋ ਵੀ ਇਜਲਾਸ ਹੁੰਦਾ ਤਾਂ ਹਰਿਆਣਾ ਦੀ ਵੱਖਰੀ ਕਮੇਟੀ ਦਾ ਮੁੱਦਾ ਜਰੂਰ ਗਰਮਾਇਆ ਜਾਂਦਾ, ਪਰ ਬਾਦਲ ਦਲ ਨੇ ਫਿਰ ਵੀ ਹਰਿਆਣਾ ਦੇ ਸਿੱਖਾਂ ਦੀ ਨਬਜ਼ ਨਾ ਪਛਾਣੀ। ਜੁਲਾਈ 2003 ਵਿੱਚ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੁਬਾਰਾ ਪ੍ਰਧਾਨ ਬਣੇ ਤਾਂ ਉਹਨਾਂ ਨੇ ਫਿਰ ਹਰਿਆਣੇ ਦੇ ਸਿੱਖਾਂ ਦੇ ਹੱਕ ਵਿੱਚ ਕਮੇਟੀ ਬਣਾਉਣ ਦੀ ਪ੍ਰੀਕਿਰਿਆ ਸ਼ੁਰੂ ਕੀਤੀ, ਪਰ ਮਾਰਚ 2004 ਵਿੱਚ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਫਾਨੀ ਸੰਸਾਰ ਤੋਂ ਕੂਚ ਗਏ ਤਾਂ ਕਮੇਟੀ ਬਣਾਉਣ ਦਾ ਸਿਲਸਿਲਾ ਖਤਮ ਹੋ ਗਿਆ।

2005 ਵਿੱਚ ਜਦੋਂ ਸ੍ਰੀ ਅਵਤਾਰ ਸਿੰਘ ਮੱਕੜ ਨੇ ਕਮਾਂਡ ਸੰਭਾਲੀ ਤਾਂ ਹਰਿਆਣੇ ਦੇ ਸਿੱਖਾਂ ਨੂੰ ਦਰਕਾਰ ਕੇ ਰੱਖਿਆ ਜਾਣ ਲੱਗ ਪਿਆ ਇਥੋਂ ਤੱਕ ਭਾਈ ਗੁਰਦਾਸ ਹਾਲ ਵਿਖੇ ਜਦੋਂ ਝੀਂਡਾ ਨੇ ਮੀਟਿੰਗ ਕਰਨ ਲਈ ਪੁੱਜਣਾ ਸੀ, ਤਾਂ ਦਰਵਾਜੇ ਬੰਦ ਕਰ ਦਿੱਤੇ ਗਏ। ਇਸ ਦੀ ਖਬਰ ਜਦੋਂ ਹਰਿਆਣਾ ਦੇ ਸਿੱਖਾਂ ਤੱਕ ਪੁੱਜੀ, ਤਾਂ ਵਿਰੋਧ ਦੀ ਜਵਾਲਾ ਹੋਰ ਭਟਕ ਪਈ। 2011 ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਤਾਂ ਹਰਿਆਣਾ ਕਮੇਟੀ ਦੇ ਸਾਰੇ ਆਹੁਦੇਦਾਰਾਂ ਨੂੰ ਸ੍ਰੀ ਬਾਦਲ ਨੇ ਵੱਖ ਵੱਖ ਮੀਟਿੰਗਾਂ ਕਰਕੇ ਲੀਰੋ ਲੀਰ ਕਰ ਦਿੱਤੇ ਤੇ ਹਰਿਆਣਾ ਕਮੇਟੀ ਦੇ ਆਹੁਦੇਦਾਰ ਚੋਣਾਂ ਹਾਰ ਗਏ।

ਇਸ ਤੋਂ ਬਾਅਦ ਝੀਂਡਾ ਗਰੁੱਪ ਦੀ ਗੱਲ ਤਾਂ ਕੀ ਸੁਨਣੀ ਸੀ, ਉਸ ਨੂੰ ਤਾਂ ਮੱਥਾ ਟੇਕਣ ਆਉਣ ਸਮੇਂ ਵੀ ਉਸ ਦੇ ਦੁਆਲੇ ਦੁਆਲੇ ਟਾਸਕ ਫੋਰਸ ਤਾਇਨਾਤ ਕਰ ਦਿੱਤੀ ਜਾਂਦੀ। ਇਥੋਂ ਤੱਕ ਕਿ ਝੀਂਡੇ ਨੂੰ ਜ਼ੀਰੋ ਕਰਨ ਲਈ ਅਕਾਲ ਤਖਤ 'ਤੇ ਵੀ ਤਲਬ ਕੀਤਾ ਗਿਆ ਹੈ, ਪਰ ਅਕਾਲ ਤਖਤ ਤੋਂ ਝੀਂਡਾ ਸ਼ਕਤੀ ਲੈ ਗਿਆ ਤੇ ਉਸ ਨੇ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ।

ਕਾਂਗਰਸ ਦੀ ਹਰਿਆਣਾ ਵਿੱਚ 10 ਸਾਲ ਸਰਕਾਰ ਰਹੀ, ਪਰ ਕਾਂਗਰਸ ਨੇ ਇਸ ਕਰਕੇ ਹਰਿਆਣਾ ਕਮੇਟੀ ਨਹੀਂ ਬਣਾਈ ਕਿਉਂਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਮੁੱਖ ਮੰਤਰੀ ਨੂੰ ਕਾਰਵਾਈ ਕਰਨ ਤੋਂ ਰੋਕੀ ਰੱਖਿਆ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਪਿਤਾ ਨੇ ਵੀ ਸ਼੍ਰੋਮਣੀ ਕਮੇਟੀ ਬਣਾਉਣ ਲਈ ਜੇਲ ਕੱਟੀ ਹੈ। ਇਸ ਵਾਰੀ ਚੋਣਾਂ ਤੋਂ ਪਹਿਲਾਂ ਸ੍ਰੀ ਹੁੱਡਾ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਮੇਟੀ ਬਣਾਉਣਗੇ ਤੇ ਉਹਨਾਂ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰ. ਹਰਮੋਹਿੰਦਰ ਸਿੰਘ ਚੱਠਾ ਨੂੰ ਇਸ ਦੀ ਇੱਕ ਰੀਪੋਰਟ ਤਿਆਰ ਕੀਤੀ ਤੇ ਉਹਨਾਂ ਨੂੰ ਹਰਿਆਣਾ ਦੇ ਦੋ ਲੱਖ ਸਿੱਖਾਂ ਨੇ ਹਲਫੀਆ ਵੀ ਸੌਂਪੇ ਸਨ।

ਇਸ ਵਾਰੀ ਭਾਂਵੇ ਡਾ. ਮਨਮੋਹਨ ਸਿੰਘ ਦਾ ਦਬਾਅ ਤਾਂ ਸ੍ਰੀ ਹੁੱਡਾ 'ਤੇ ਨਹੀਂ ਹੈ ਪਰ ਉਹ ਹਰ ਕਦਮ ਫੂਕ ਫੂਕ ਰੱਖ ਰਹੇ ਹਨ, ਕਿਉਂਕਿ ਉਹਨਾਂ ਨੂੰ ਭਲੀਭਾਂਤ ਜਾਣਕਾਰੀ ਹੈ, ਕਿ ਹਰਿਆਣੇ ਦੀਆਂ 90 ਵਿਧਾਨ ਸਭਾ ਸੀਟਾਂ ਵਿੱਚੋਂ 35 ਸੀਟਾਂ ਅਜਿਹੀਆਂ ਹਨ ਜਿਹਨਾਂ ਦਾ ਫੈਸਲਾ ਸਿੱਖ ਵੋਟਰਾਂ ਨੇ ਕਰਨਾ ਹੈ। ਸ੍ਰੀ ਹੁੱਡਾ ਭਲਕੇ 6 ਜੁਲਾਈ ਜੇਕਰ ਹਰਿਆਣਾ ਕਮੇਟੀ ਦਾ ਐਲਾਨ ਨਹੀਂ ਕਰਦੇ ਤਾਂ ਉਹਨਾਂ ਦਾ ਭਵਿੱਖ ਪੂਰੀ ਤਰ੍ਹਾਂ ਖਤਰੇ ਵਿੱਚ ਪੈ ਜਾਵੇਗਾ, ਕਿਉਂਕਿ ਜਿਸ ਤਰੀਕੇ ਨਾਲ ਹਰਿਆਣਾ ਵਿੱਚ ਭਾਜਪਾ ਨੇ ਲੋਕ ਸਭਾ ਚੋਣਾਂ ਜਿੱਤੀਆਂ ਹਨ, ਉਸ ਦੇ ਮੱਦੇ ਨਜ਼ਰ ਰੱਖਦਿਆਂ ਕਾਂਗਰਸ ਲਈ ਸਿੱਖ ਵੋਟਾਂ ਹਾਸਲ ਕਰਨੀਆਂ ਬਹੁਤ ਜ਼ਰੂਰੀ ਹਨ।

ਹਰਿਆਣਾ ਵਿੱਚ ਜਿਥੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਝੀਂਡਾ ਤੇ ਨਲਵੀ ਗਰੁੱਪ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ, ਉਥੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਦਾ ਭਵਿੱਖ ਵੀ ਪੂਰੀ ਤਰ੍ਹਾਂ ਦਾਅ 'ਤੇ ਲੱਗਾ ਹੋਇਆ ਹੈ ਅਤੇ ਉਹਨਾਂ ਲਈ ਭਲਕੇ ਹਰਿਆਣਾ ਦੀ ਵੱਖਰੀ ਕਮੇਟੀ ਦਾ ਐਲਾਨ ਕਰਨਾ ਜ਼ਰੂਰੀ ਹੋ ਗਿਆ ਹੈ, ਫਿਰ ਕਾਂਗਰਸ ਕੋਈ ਵੀ ਅਜਿਹਾ ਮੌਕਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਨਹੀਂ ਦੇਣਾ ਚਾਹੁੰਦੀ, ਜਿਸ ਨਾਲ ਉਹਨਾਂ ਨੂੰ ਕਾਂਗਰਸ ਦੇ ਖਿਲਾਫ ਬੋਲਣ ਦਾ ਮੌਕਾ ਨਾ ਮਿਲੇ। ਘਾਗ ਸਿਆਸਦਾਨ ਪ੍ਰਕਾਸ਼ ਸਿੰਘ ਬਾਦਲ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਇੱਕ ਮੁੱਦਾ ਬਣਾ ਕੇ ਜਨਤਾ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ ਤੇ ਕਾਂਗਰਸ ਤੇ ਸਿੱਖਾਂ ਨੂੰ ਦੋਫਾੜ ਕਰਨ ਦੇ ਸੰਗੀਨ ਦੋਸ਼ ਲਗਾ ਕੇ ਸਿਆਸੀ ਲਾਹਾ ਲੈਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।

ਕੁਝ ਸੂਤਰਾਂ ਤੋ ਇਹ ਵੀ ਜਾਣਕਾਰੀ ਮਿਲੀ ਹੈ ਕਿ 6 ਜੁਲਾਈ ਨੂੰ ਸ੍ਰੀ ਹੁੱਡਾ ਵੱਖਰੀ ਕਮੇਟੀ ਦਾ ਤਾਂ ਐਲਾਨ ਕਰ ਦੇਣਗੇ ਅਤੇ 11ਜੁਲਾਈ ਨੂੰ ਹੋਰ ਵੀ ਕਈ ਬਿੱਲਾਂ ਨਾਲ ਇਸ ਬਿੱਲ ਨੂੰ ਵੀ ਪਾਸ ਕਰਵਾ ਲਿਆ ਜਾਵੇਗਾ ਅਤੇ ਆਰਡੀਨੈਂਸ ਜਾਰੀ ਨਹੀਂ ਕੀਤਾ ਜਾ ਰਿਹਾ। ਝੀਂਡਾ ਤੇ ਨਲਵੀ ਦਾ ਵੀ ਕਹਿਣਾ ਕੇ ਹਰਿਆਣਾ ਦੇ ਸਿੱਖ ਸਿਰਫ ਉਸ ਪਾਰਟੀ ਨੂੰ ਹੀ ਹਮਾਇਤ ਦੇਣਗੇ ਜਿਹੜੀ ਵੱਖਰੀ ਕਮੇਟੀ ਬਣਾ ਕੇ ਦੇਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top