Share on Facebook

Main News Page

ਪੰਥ, ਪੰਜਾਬ, ਤੇ ਨਸ਼ਿਆਂ ਦਾ ਦਰਿਆ
-: ਗਜਿੰਦਰ ਸਿੰਘ, ਦਲ ਖਾਲਸਾ

5-7-2014: ਅੱਜ ਪੰਜਾਬ ਦੀਆਂ ਕੁੱਝ ਅਖਬਾਰਾਂ ਵਿੱਚ ਸਾਬਕਾ ਪੁਲਸ ਮੁੱਖੀ ਸ਼ਸ਼ੀ ਕਾਂਤ ਦੀ ਇੱਕ ਸਟੇਟਮੈਂਟ ਛਪੀ ਹੈ, ਜਿਸ ਵਿੱਚ ਉਸ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ੇ ਸਪਲਾਈ ਕੀਤੇ ਜਾਣ ਦਾ ਇਲਜ਼ਾਮ ਪੰਜਾਬ ਸਰਕਾਰ ਦੇ ਅਧੀਕਾਰੀਆਂ ਤੇ ਲਾਇਆ ਹੈ । ਉਹਨਾਂ ਇਹ ਵੀ ਕਿਹਾ ਹੈ ਕਿ ਉਹ ਇਸ ਮਸਲੇ ਨੂੰ ਹਾਈਕੋਰਟ ਵਿੱਚ ਲੈ ਕੇ ਜਾਣਗੇ, ਤੇ ਮੁੱਖ ਮੰਤਰੀ ਬਾਦਲ ਨੂੰ ਆਪਣੇ ਮੁੱਖ ਗਵਾਹ ਵਜੋਂ ਤਲਬ ਕਰਨਗੇ । ਇਹੋ ਜਿਹੇ ਇਲਜ਼ਾਮ ਸ਼ਸ਼ੀ ਕਾਂਤ ਹੁਰੀਂ ਪਹਿਲਾਂ ਵੀ ਲਗਾ ਚੁੱਕੇ ਹਨ, ਤੇ ਉਹ ਕੁੱਝ ਅਕਾਲੀ ਮੰਤਰੀਆਂ ਦਾ ਨਾਮ ਵੀ ਲੈਂਦੇ ਰਹੇ ਹਨ । ਇੱਕ ਅਕਾਲੀ ਮੰਤਰੀ ਵੱਲੋਂ ਇਸਤੀਫਾ ਵੀ ਇਸੇ ਆਧਾਰ ਤੇ ਦਿੱਤਾ ਜਾ ਚੁੱਕਾ ਹੈ, ਤੇ ਉਸ ਦਾ ਪੁੱਤਰ ਅੱਜ ਕੱਲ ਪੇਸ਼ੀਆਂ ਵੀ ਭੁਗਤ ਰਿਹਾ ਹੈ । ਬਿਕਰਮ ਸਿੰਘ ਮਜੀਠੀਏ ਦਾ ਨਾਮ ਤਾਂ ਚੋਣਾਂ ਦੌਰਾਨ ਬੱਚੇ ਬੱਚੇ ਦੀ ਜ਼ੁਬਾਨ ਤੇ ਰਿਹਾ ਹੈ ।

ਪੰਜਾਬ ਵਿੱਚ ਨਸ਼ਿਆਂ ਦੀ ਵਿਕਰੀ, ਇਸਤੇਮਾਲ, ਤੇ ਨਸ਼ਾ ਛੁਡਾਊ ਕੇਂਦਰਾਂ ਦੀਆਂ ਖਬਰਾਂ, ਅੱਜ ਕੱਲ ਪੰਜਾਬ ਦੀਆਂ ਅਖਬਾਰਾਂ ਦਾ ਸੱਭ ਤੋਂ ਵੱਡਾ ਚਰਚਿੱਤ ਵਿਸ਼ਾ ਬਣੀਆਂ ਹੋਈਆਂ ਹਨ । ਨਸ਼ਾ ਛਡਾਊ ਕੇਂਦਰਾਂ ਦੇ ਬਾਹਰ ਲੱਗੀਆਂ ਕਤਾਰਾਂ, ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਖੜ੍ਹੇ ਦਿਖਾਈ ਦੇ ਰਹੇ ਹੁੰਦੇ ਹਨ, ਦੀਆਂ ਤਸਵੀਰਾਂ ਰੋਜ਼ ਹੀ ਅਖਬਾਰਾਂ ਦਾ “ਸ਼ਿੰਘਾਰ” ਬਣੀਆਂ ਹੁੰਦੀਆਂ ਹਨ । ਕਿਸੇ ਖਬਰ ਵਿੱਚ ਅਫੀਮ ਤੇ ਭੰਗ ਦਾ ਜ਼ਿਕਰ ਹੁੰਦਾ ਹੈ, ਕਿਤੇ ਡੋਡਿਆਂ ਦਾ ਤੇ ਕਿਤੇ ਹੀਰੋਇਨ ਦਾ, ਸ਼ਰਾਬ ਤਾਂ ਹੁਣ ਬਹੁਤ ਪਿੱਛੇ ਰਹਿ ਗਈ ਲੱਗਦੀ ਹੈ । ਇੱਕ ਹੋਰ ਨਸ਼ੇ ਬਾਰੇ ਵੀ ਪੜ੍ਹਨ ਨੂੰ ਮਿਲਦਾ ਰਹਿੰਦਾ ਹੈ, “ਸਾਈਥੈਂਟਿਕ ਡਰੱਗਜ਼” । ਇਹੋ ਜਿਹੇ ਨਾਮ ਤਾਂ ਅਸੀਂ ਕਦੇ ਸੁਣੇ ਵੀ ਨਹੀਂ ਸਨ ।

ਸਿਆਸੀ ਤੇ ਸਮਾਜੀ ਲੀਡਰਾਂ ਵੱਲੋਂ ਪੰਜਾਬ ਦੇ ਇਸ ਹਾਲਾਤ ਸਬੰਧੀ ਫਿਕਰਮੰਦੀ ਬਾਰੇ ਬਿਆਨ ਵੀ ਪੜ੍ਹਨ ਨੂੰ ਮਿੱਲਦੇ ਰਹਿੰਦੇ ਹਨ । ਸਿਆਸੀ ਲੀਡਰ ਢਿੱਡੋਂ ਕਿੰਨੇ ਕੂ ਫਿਕਰਮੰਦ ਹਨ, ਇਸ ਬਾਰੇ ਕੁੱਝ ਕਹਿਣਾ ਜ਼ਰਾ ਮੁਸ਼ਕਿਲ ਜਿਹਾ ਲੱਗ ਰਿਹਾ ਹੈ । ਹਾਂ, ਕੁੱਝ ਸਮਾਜੀ ਹਲਕਿਆਂ ਦੀ ਫਿਕਰਮੰਦੀ ਵਿੱਚ ਸੰਜੀਦਗੀ ਨਜ਼ਰ ਆ ਰਹੀ ਹੁੰਦੀ ਹੈ । “ਸਿੱਖ ਯੂਥ ਆਫ ਪੰਜਾਬ” ਵਰਗੀਆਂ ਕੁੱਝ ਨੌਜਵਾਨਾਂ ਦੀਆਂ ਜੱਥੇਬੰਦੀਆਂ ਵੀ ਨਸ਼ਿਆਂ ਦੇ ਖਿਲਾਫ ਸਰਗਰਮ ਦਿਖਾਈ ਦਿੰਦੀਆਂ ਹਨ ।

ਅੱਜ ਪੰਜਬ ਦੇ ਸੁਹਿਰਦ ਲੋਕਾਂ ਲਈ ਸੋਚਣ ਵਾਲਾ ਵਿਸ਼ਾ ਇਹ ਤਾਂ ਹੈ ਹੀ ਕਿ ਇਸ ਵੱਘ ਰਹੇ ਦਰਿਆ ਦੀ ਤਬਾਹੀ ਤੋਂ ਪੰਜਾਬ ਦੇ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ, ਪਰ ਇਸ ਤੋਂ ਵੀ ਵੱਡਾ ਵਿਸ਼ਾ ਇਹ ਹੈ ਕਿ ਪੰਜਾਬ ਵਿੱਚ ਇਹ ਦਰਿਆ ਵੜਿਆ ਕਿੱਥੋਂ ਤੇ ਕਿਵੇਂ? ਕੌਣ ਲੋਕ ਨੇ ਜਿਹਨਾਂ ਨੇ ਜ਼ਾਤੀ ਜਾਂ ਸਿਆਸੀ ਗਰਜ਼ਾਂ ਖਾਤਰ ਪੰਜਾਬ ਦੇ ਲੋਕਾਂ ਨੂੰ ਇਸ ਤਬਾਹੀ ਵੱਲ ਧੱਕਣਾ ਸ਼ੁਰੂ ਕੀਤਾ । ਜਦੋਂ ਤੱਕ ਇਹਨਾਂ ਲੋਕਾਂ ਦੀ ਪਛਾਣ ਨਾ ਕੀਤੀ ਗਈ, ਤੇ ਇਹਨਾਂ ਨੂੰ ਕਾਨੂੰਨੀ, ਸਮਾਜਿਕ ਤੇ ਸਿਆਸੀ ਤੌਰ ਤੇ ਸਜ਼ਾਵਾਂ ਨਾ ਦਿੱਤੀਆਂ ਗਈਆਂ, ਉਦੋਂ ਤੱਕ ਇਸ ਸਮਸਿਆ ਦਾ ਪੱਕਾ ਹੱਲ ਨਹੀਂ ਨਿਕਲ ਸਕਣ ਲੱਗਾ। ਇਹਦੇ ਲਈ ਸੁਹਿਰਦ ਕੋਸ਼ਿਸ਼ ਸਰਕਾਰ ਨੇ ਨਹੀਂ ਕਰਨੀ, ਕਿਓਂਕਿ ਸਰਕਾਰ ਤਾਂ ਖੁੱਦ ਹੀ ਕਟਹਿਰੇ ਵਿੱਚ ਖੜ੍ਹੀ ਹੈ । ਲੋੜ੍ਹ ਹੈ, ਇਸ ਦੀ ਜ਼ਿੰਮੇਵਾਰੀ ਤਹਿ ਕਰਨ ਦੀ । ਸਾਰੀਆਂ ਸੁਹਿਰਦ ਤਾਕਤਾਂ ਮਿੱਲ ਕੇ ਇਕ “ਲੋਕ ਕਮਿਸ਼ਨ” ਬਣਾਉਣ, ਜਿਸ ਵਿੱਚ ਪੰਜਾਬ ਤੇ ਪੰਥ ਨਾਲ ਵਫਾਦਾਰੀ ਨਿਭਾਉਣ ਵਾਲੇ ਰੀਟਾਇਰ ਲੋਕ ਹੋਣ । ਇਹ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕਦੇ ਵੀ ਸਾਨੂੰ ਪੰਜਾਬ ਤੇ ਪੰਥ ਦੇ ਇਹਨਾਂ ਮੁਜਰਿਮਾਂ ਬਾਰੇ ਪਤਾ ਨਹੀਂ ਲੱਗ ਸਕਣਾ ।

ਖਾਲਿਸਤਾਨ ਲਈ ਚੱਲ ਰਹੀ ਜੁਝਾਰੂ ਲਹਿਰ ਦੇ ਕਮਜ਼ੋਰ ਪੈਣ ਬਾਦ ਹੀ ਪੰਜਾਬ ਨੂੰ ਨਸ਼ਿਆਂ ਦੀ ਦੱਲਦੱਲ ਵਿੱਚ ਧੱਕਣ ਦਾ ਕੰਮ ਸ਼ੁਰੂ ਹੋਇਆ ਸੀ । ਮਹਿਸੂਸ ਤਾਂ ਇਹ ਵੀ ਹੁੰਦਾ ਹੈ ਕਿ ਜਿਵੇਂ ਦਿੱਲੀ ਦੇ ਹਾਕਮਾਂ ਨੇ ਆਪਣੇ ਪੰਜਾਬ ਦੇ ਸੂਬੇਦਾਰਾਂ ਦੀ ਮਦਦ ਨਾਲ, ਇਹ ਕੰਮ ਕਿਸੇ ਨੀਤੀ ਤਹਿਤ ਕੀਤਾ ਹੋਵੇ । ਭਵਿੱਖ ਵਿੱਚ ਸਿੱਖ ਕੌਮ ਆਪਣੇ ਹੱਕਾਂ ਖਾਤਿਰ, ਕਦੇ ਦਿੱਲੀ ਦੇ ਹਾਕਮਾਂ ਦੇ ਵਿਰੁੱਧ ਖੜ੍ਹੀ ਨਾ ਹੋ ਸਕੇ, ਇਸ ਮਕਸਦ ਤਹਿਤ ਦਿੱਲੀ ਦੇ ਹਾਕਮਾਂ ਨੇ ਤਿੰਨ/ਚਾਰ ਫੈਸਲੇ ਕੀਤੇ ਲੱਗਦੇ ਹਨ …

ਇੱਕ, ਪੰਜਾਬ ਵਿੱਚ ਪੰਥ ਦੁਸ਼ਮਣ ਡੇਰੇਦਾਰ ਇੰਨੇ ਤਾਕਤਵਰ ਕਰ ਦਿੱਤੇ ਜਾਣ, ਤਾਂ ਜੋ ਸਿੱਖਾਂ ਦਾ ਕੋਈ ਸਾਂਝਾ ਧਾਰਮਿਕ ਵਜੂਦ ਹੀ ਨਾ ਰਹੇ ।

ਦੂਜਾ, ਸਮਾਜਿਕ ਤੇ ਸਰੀਰਕ ਤੌਰ ਤੇ ਪੰਜਾਬੀਆਂ ਨੂੰ ਨਸ਼ਿਆਂ ਰਾਹੀਂ ਇੰਨਾ ਕਮਜ਼ੋਰ ਕਰ ਦਿੱਤਾ ਜਾਵੇ ਕਿ ਉਹਨਾਂ ਨੂੰ ਆਪਣੀ ਹੀ ਹੋਸ਼ ਨਾ ਰਹੇ, ਕੌਮ ਦੀ ਫਿਕਰ ਫਿਰ ਕੀ ਰਹਿਣੀ ਹੈ ।

ਤੀਜਾ, ਪੰਜਾਬ ਵਿੱਚ ਆਰ ਐਸ ਐਸ ਨੂੰ ਮਜ਼ਬੂਤ ਕਰ ਕੇ, ਸਿੱਖਾਂ ਦੀ ਕੌਮੀ ਵਿਲੱਖਣਤਾ ਦਾ ਸਿਧਾਂਤ ਇੰਨਾ ਪੇਤਲਾ ਕਰ ਦਿੱਤਾ ਜਾਵੇ ਕਿ ਸਿੱਖਾਂ ਦਾ ਵਜੂਦ ਹਿੰਦੂਆਂ ਤੋਂ ਵੱਖ ਕਿਤੇ ਨਜ਼ਰ ਹੀ ਆਉਣ ਜੋਗਾ ਨਾ ਰਹੇ । ਮੋਦੀ ਸਰਕਾਰ ਦੇ ਆਣ ਤੋਂ ਬਾਦ ਪੰਜਾਬ ਵਿੱਚ ਆਰ ਐਸ ਐਸ ਦੀਆਂ ਕੁੱਝ ਬਹੁਤ ਭੜ੍ਹਕਾਊ “ਪਰੇਡਾਂ” ਵੀ ਇਸੇ ਸਿਲਸਿਲੇ ਦੇ ਅੱਗੇ ਵੱਧਣ ਦਾ ਸਬੂਤ ਹਨ ।

ਚੌਥਾ, ਸਿੱਖ ਨੌਜਵਾਨ ਬੱਚੇ ਬੱਚੀਆਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਨੂੰ ਉਤਸ਼ਾਹਿਤ ਕੀਤਾ ਜਾਵੇ, ਤੇ ਪੰਜਾਬ ਵਿੱਚ ਪੂਰਬੀਏ, ਤੇ ਹੋਰ ਭਾਰਤੀ ਸੂਬਿਆਂ ਦੇ ਗੈਰਸਿੱਖਾਂ ਨੂੰ ਵਸਾ ਕੇ ਆਬਾਦੀ ਦਾ ਹਿਸਾਬ ਕਿਤਾਬ ਵਗਾੜ੍ਹ ਦਿੱਤਾ ਜਾਵੇ ।

ਮਹਿਸੂਸ ਇਵੇਂ ਹੁੰਦਾ ਹੈ ਕਿ ਇਹ ਸਾਰਾ ਕੁੱਝ ਦਿੱਲੀ ਦੀਆਂ ਏਜੰਸੀਆਂ ਸੋਚ ਸਮਝ ਕੇ ਕਰ ਤੇ ਕਰਵਾ ਰਹੀਆਂ ਹਨ ।

ਸਿੱਖਾਂ ਨੂੰ, ਪੰਜਾਬ ਵਿੱਚਲਿਆਂ, ਤੇ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਏਧਰ ਬਹੁਤ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ੍ਹ ਹੈ । ਸਰਕਾਰ, ਚਾਹੇ ਉਹ ਪੰਜਾਬ ਦੀ ਹੋਵੇ ਜਾਂ ਦਿੱਲੀ ਦੀ, ਉਸ ਤੋਂ ਆਸ ਰੱਖਣੀ ਇੱਕ ਵੱਡੀ ਗਲਤੀ ਹੋਵੇਗੀ । ਸਾਨੂੰ ਪਿੰਡ ਤੇ ਮੁਹੱਲਾ ਪੱਧਰ ਤੋਂ ਲੈ ਕੇ, ਆਖਰੀ ਸਿਰੇ ਤੱਕ ਕੋਸ਼ਿਸ਼ ਕਰਨੀ ਹੋਵੇਗੀ । ਲੋਕ ਆਪਣਾ ਕੰਮ ਕਰਨ, ਤੇ ਕੌਮ ਦੇ ਵਿਦਵਾਨ, ਤੇ ਸੁਹਿਰਦ ਆਗੂ ਆਪਣਾ ਕੰਮ ਕਰਨ ।

ਖਾਲਿਸਤਾਨੀ ਜਲਾਵਤਨ ਧਿਰ ਪੰਥ ਤੇ ਪੰਜਾਬ ਦੇ ਮਸਲਿਆਂ ਪ੍ਰਤੀ ਸੁਚੇਤ ਹੈ, ਤੇ ਆਪਣਾ ਬਣਦਾ ਰੋਲ ਅਦਾ ਕਰਨ ਲਈ ਦ੍ਰਿੜ ਸੰਕਲਪ ਵੀ ਹੈ । ਪੰਥ ਤੇ ਪੰਜਾਬ ਦੇ ਮੁਜਰਿਮਾਂ ਨੂੰ ਅੱਜ ਨਹੀ ਤੇ ਕੱਲ ਜ਼ਰੂਰ ਜਵਾਬਦੇਹ ਹੋਣਾ ਪਵੇਗਾ ।

ਪੰਜਾਬ ਦਾ ਭਲਾ ਤੇ ਭਵਿੱਖ ਪੰਥ ਨਾਲ ਜੁੜ੍ਹਿਆ ਹੋਇਆ ਹੈ, ਤੇ ਪੰਥ ਗੁਰਾਂ ਦੇ ਨਾਮ ਨਾਲ । ਪੰਜਾਬ ਨੂੰ ਗੁਰਾਂ ਦੇ ਨਾਮ ਤੋਂ ਤੋੜ੍ਹਨ ਦੀਆਂ ਕੋਸ਼ਿਸਾਂ ਹੋਣ ਜਾਂ, ਨਸ਼ਿਆਂ ਦੇ ਦਰਿਆ ਵਿੱਚ ਡੁਬਾਉਣ ਦੀਆਂ, ਇਹ ਪੰਥ ਤੇ ਪੰਜਾਬ ਨਾਲ ਵੈਰ ਕਮਾਉਣ ਵਾਲੇ ਕਾਰੇ ਹਨ, ਭਾਵੇਂ ਕੋਈ “ਨੀਲੀ” ਵਾਲਾ ਕਰੇ ਜਾਂ “ਚਿੱਟੀ” ਵਾਲਾ । ਹਰ ਸੁਹਿਰਦ ਪੰਜਾਬੀ ਭਾਵੇਂ ਉਹ ਹਿੰਦੂ, ਮੁਸਲਿਮ ਜਾਂ ਇਸਾਈ ਹੋਵੇ, ਕਦੇ ਇਹੋ ਜਿਹਾ ਵੈਰ ਨਹੀਂ ਕਮਾ ਸਕਦਾ । ਅਸੀਂ ਐਸੇ ਹਰ ਪੰਜਾਬੀ ਦਾ ਤਹਿ ਦਿਲੋਂ ਸਤਿਕਾਰ ਕਰਦੇ ਹਾਂ । ਵੈਰ ਕਮਾਉਣ ਵਾਲੇ ਤਾਂ ਸਿੱਖੀ ਦੇ ਭੇਖ ਵਿੱਚ ਵੀ ਬਹੁਤ ਮਿੱਲ ਜਾਂਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top