Share on Facebook

Main News Page

(9 ਜੁਲਾਈ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ `ਤੇ ਵਿਸ਼ੇਸ਼)
ਗੁਰਬਾਣੀ ਪਰਿਪੇਖ ਵਿੱਚ ਸ਼ਹੀਦੀ ਪ੍ਰਸੰਗ ਭਾਈ ਮਨੀ ਸਿੰਘ ਜੀ
ਗਿਆਨੀ ਜਗਤਾਰ ਸਿੰਘ ਜਾਚਕ, ਨਿਊਯਾਰਕ,  631.592.4335

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਪ੍ਰਗਟਾਏਅਕਾਲਮੂਰਤਿ ਦੇ ਜੀਵਨ-ਸੱਚ ਨੇ ਭਾਵੇਂ ਹਜ਼ਰਤ ਈਸਾ ਜੀ ਵਰਗੇ ਧਾਰਮਿਕ ਰਹਿਬਰਾਂ, ਮਨਸੂਰ ਅਤੇ ਸਰਮੱਦ ਵਰਗੇ ਦਰਵੇਸ਼ਾਂ ਤੇ ਸੂਫ਼ੀ ਫ਼ਕੀਰਾਂ ਅਤੇ ਸੁਕਰਾਤ ਵਰਗੇ ਫ਼ਲਸਫ਼ੀ ਸਤਪੁਰਸ਼ਾਂ ਦੀ ਜਿੰਦਗੀ ਵਿਚੋਂ ਵੀ ਕੁੱਝ ਝਲਕਾਰੇ ਮਾਰੇ ਹਨ। ਪ੍ਰੰਤੂ, ਗੁਰੂ ਸਾਹਿਬਾਨ ਅਤੇ ਭਗਤ-ਜਨਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਦ੍ਰਿੜਾਏ ਅਤੇ ਫਿਰ ਆਪਣੇ ਆਦਰਸ਼ਕ ਜੀਵਨ ਵਿੱਚ ਪ੍ਰਗਟਾਏ ਇਸ ਸੱਚ ਦੀ ਜਿਹੜੀ ਸ਼ਹਾਦਤ (ਗਵਾਹੀ), ਗੁਰਸਿੱਖਾਂ ਨੇ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਉਂਦਿਆਂ ਆਪਣੀਆਂ ਸ਼ਹੀਦੀਆਂ ਦੁਆਰਾ ਦਿੱਤੀ ਹੈ, ਉਸ ਵਰਗੀ ਨਿਰਭੈਤਾ ਤੇ ਦਲੇਰੀ ਦੀ ਮਿਸਾਲ ਦੁਨੀਆਂ ਭਰ ਦੇ ਇਤਿਹਾਸ ਵਿੱਚੋਂ ਵੀ ਲਭ ਸਕਣੀ ਅਸੰਭਵ ਹੈ। ਇਹੀ ਕਾਰਨ ਹੈ ਕਿ ਅਠਾਰਵੀਂ ਸਦੀ ਦੇ ਸਿੱਖ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਵਰਨਣ ਕਰਦਿਆਂਪ੍ਰਾਚੀਨ ਪੰਥ ਪ੍ਰਕਾਸ਼ ਦੇ ਲਿਖਾਰੀ ਭਾਈ ਰਤਨ ਸਿੰਘਭੰਗੂ ਜਿਨ੍ਹਾਂ ਦੇ ਬਾਪ ਨੇ ਭਾਈ ਸਾਹਿਬ ਜੀ ਨੂੰ ਲਹੌਰ ਵਿਖੇ ਸ਼ਹੀਦ ਹੁੰਦਿਆਂ ਅੱਖੀਂ ਡਿੱਠਾ ਸੀ, ਨੂੰ ਇਉਂ ਲਿਖਣਾ ਪਿਆ:

ਦੋਹਰਾ: ਮਨਸੂਰ ਮਨਸੂਰ ਇਮ ਜਗ ਭਯੋ, ਕੱਟੇ ਹੱਥ ਇੱਕ ਸੱਟ

ਮਨੀਂ ਸਿੰਘ ਬਹੁ ਸੱਟ ਸਹੀ, ਬੰਦ ਬੰਦ ਸੁਟਾਯੋ ਕੱਪ। 55

ਸੂਲੀ ਰਿਖ ਰਖ ਦੇਹ ਕੋ, ਮਧ ਸੂਲੀ ਦੇਹ ਫਿਰਾਇ

ਸੋਈ ਦੇਹ ਇਨ ਨਾ ਰਖੀ, ਇਮ ਮਨੀ ਸਿੰਘ ਅਧਿਕਾਇ। 56

ਸ਼ਹੀਦ ਭਾਈ ਮਨੀ ਸਿੰਘ ਜੀ ਸਿੱਖੀ ਦੇ ਆਦਰਸ਼ਕ ਜੀਵਨ ਦਾ ਇੱਕ ਬੇਮਿਸਾਲ ਤੇ ਅਦਭੁੱਤ ਨਮੂਨਾ (Marvellous model) ਸਨ। ਆਪ ਜੀ ਨੌਵੇਂ ਤੇ ਦਸਵੇਂ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਸ਼੍ਰੀ ਅਨੰਦਪੁਰ ਸਾਹਿਬ ਅਤੇ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀਆਂ ਪਾਵਨ ਬੀੜਾਂ ਦੇ ਉਤਾਰੇ ਕਰਨ ਅਤੇ ਗੁਰਬਾਣੀ ਸੰਥਿਆ ਦੇਣ ਦੀ ਸੇਵਾ ਨਿਭਾਂਦੇ ਰਹੇ। ਦਸਮ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਅਤੇ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਹੋਣ ਉਪਰੰਤ ਪੰਥਕ ਜਥੇਬੰਦੀ ਆਗੂ ਰਹਿਤ ਹੋਣ ਕਰਕੇ ਜਦੋਂ ਸਰਕਾਰੀ ਸਾਜ਼ਸ਼ਾਂ ਦਾ ਸ਼ਿਕਾਰ ਹੁੰਦਿਆਂ ਫੁੱਟਣ ਲਗੀ ਤਾਂ ਪੂਜ੍ਯਮਾਤਾ ਸੁੰਦਰ ਕੌਰ ਜੀ ਨੇ ਪੰਥਕ ਏਕਤਾ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਭਾਈ ਮਨੀ ਸਿੰਘ ਜੀ ਹੁਰਾਂ ਨੂੰ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਗ੍ਰੰਥੀ ਨਿਯੁਕਤ ਕਰ ਦਿਤਾ। ਪ੍ਰਚੀਨ ਪੰਥ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ:

ਅਕਾਲ ਬੁੰਗੇ ਕੇ ਤਖਤ ਸੁ ਬੈਠੇ। ਖ਼ਤਾਦਾਰ ਕੇ ਕੰਨ ਸੁ ਐਠੇ

ਸਿੱਖਨ ਕੋ ਸਿੱਖੀ ਦ੍ਰਿੜਾਵੈ। ਸਿੱਖੀਓਂ ਚੁੱਕੇ ਤਿਸ ਤਨਖ਼ਾਹ ਲਾਵੈ

ਭਾਈ ਸਾਹਿਬ ਜੀ ਦੇ ਯਤਨਾਂ ਸਦਕਾ ਜਦੋਂ ਪੰਥਕ ਜਥੇਬੰਦੀ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਜੀ `ਤੇ ਕੇਂਦਰਤ ਹੋਣ ਕਰਕੇ ਮਜ਼ਬੂਤ ਹੋਣ ਲਗੀ ਤਾਂ ਲਹੌਰ ਦੇ ਹਾਕਮ ਜ਼ਕਰੀਆ ਖ਼ਾਂ ਨੇ ਸਿੰਘਾਂ ਦੀ ਜਥੇਬੰਦਕ ਸ਼ਕਤੀ ਤੋਂ ਘਬਰਾ ਕੇ ਉਨ੍ਹਾਂ ਉਪਰ ਹਕੂਮਤ ਵਿਰੁਧ ਬਗਾਵਤੀ ਸਾਜ਼ਸ਼ਾਂ ਘੜਣ ਦਾ ਦੋਸ਼ ਲਗਾ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹੀ ਸੰਨ 1737 ਵਿੱਚ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਆਖਿਆ ਗਿਆ ਕਿ ਹੁਣ ਤਹਾਨੂੰ ਇਸਲਾਮ ਕਬੂਲ ਕਰਨ ਦੀ ਸ਼ਰਤ ਉਪਰ ਹੀ ਜਿੰਦਾ ਰਿਹਾਅ ਕੀਤਾ ਜਾ ਸਕਦਾ ਹੈ। ਪਰ, ਭਾਈ ਸਾਹਿਬ ਜੀ ਜਦੋਂ ਕਿਸੇ ਵੀ ਹੀਲੇ ਸਿੱਖੀ ਸਿਦਕ ਨੂੰ ਛੱਡ ਕੇ ਇਸਲਾਮ ਕਬੂਲ ਕਰਨ ਨੂੰ ਤਿਆਰ ਨਾ ਹੋਏ ਤਾਂ ਨਖਾਸ ਚੌਂਕ (ਘੋੜਾ-ਮੰਡੀ) ਲਹੌਰ ਵਿਖੇ ਉਨ੍ਹਾਂ ਦੀ ਦੇਹ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ

ਪ੍ਰਾਚੀਨ ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ ਕਿ ਜਦੋਂ ਨਵਾਬ ਨੇ ਭਾਈ ਸਾਹਿਬ ਮਨੀ ਸਿੰਘ ਜੀ ਹੁਰਾਂ ਦੇ ਬੰਦ-ਬੰਦ (ਸਰੀਰਕ ਅੰਗਾਂ ਦੇ ਜੋੜ) ਕੱਟਣ ਦੇ ਆਦੇਸ਼ ਦੇ ਕੇ ਜਲਾਦਾਂ ਹਵਾਲੇ ਕੀਤਾ ਤਾਂ ਉਨ੍ਹਾਂ ਵਿਚੋਂ ਟੋਕਾ ਲੈ ਕੇ ਜਿਹੜਾ ਜਲਾਦ ਬੰਦ-ਬੰਦ ਜੁਦਾ ਕਰਨ ਲਈ ਤਿਆਰ ਹੋਇਆ, ਉਸ ਨੇ ਆਖਿਆਸਰੀਰ ਦੇ ਬੰਦ (ਜੋੜ) ਚਾਰ ਬਣਦੇ ਹਨ, ਦੋ ਮੋਢਿਆਂ ਦੇ ਅਤੇ ਦੋ ਚੂਲਿਆਂ ਦੇ। ਪਰ, ਭਾਈ ਸਾਹਿਬ ਜੀ ਨੇ ਆਪਣਾ ਹੱਥ ਅੱਗੇ ਵਧਾਦਿਆਂ ਕਿਹਾਸਜਣਾ, ਇਉਂ ਜਾਪਦਾ ਹੈ ਕਿ ਤੂੰ ਬੰਦ-ਬੰਦ ਕੱਟਣ ਦੇ ਅਰਥ ਨਹੀਂ ਜਾਣਦਾ। ਮਿਤਰਾ! , ਤੈਨੂੰ ਮੈਂ ਦਸਦਾਂ ਹਾਂ। ਕਿਉਂਕਿ, ਮੋਢਿਆਂ ਦੇ ਦੋ ਬੰਦ (ਜੋੜ) ਕੱਟਣ ਤੋਂ ਪਹਿਲਾਂ ਦੋਨਾਂ ਹੱਥਾਂ ਦੀਆਂ ਉਂਗਲੀਆਂ ਦੇ ਤਿੰਨ ਤਿੰਨ ਪੋਟੇ ਵੀ ਹਨ। ਦੋ ਗੁੱਟ ਤੇ ਦੋ ਕੂਹਣੀਆਂ ਵੀ ਹਨ। ਇਸੇ ਤਰ੍ਹਾਂ ਲੱਤਾਂ ਦੇ ਦੋਵੇਂ ਚੂਲੇ ਕੱਟਣ ਤੋਂ ਪਹਿਲਾਂ ਪੈਰਾਂ ਦੇ ਪੋਟੇ ਅਤੇ ਗਿੱਟੇ ਤੇ ਗੋਡੇ ਵਡੋ

ਤਬਹਿ ਮਨੀ ਸਿੰਘ ਉਨ ਸੋਂ ਕਹੀ। ਤੁਮ ਬੰਦ ਬੰਦ ਕੋ ਜਾਨਤ ਨਾਹੀ।
ਮੈਂ ਬੰਦ ਬੰਦ ਨਿਜ ਦੇਉਂ ਬਤਾਈ। ਤਿਮੈਂ ਤਿਮੈਂ ਤੂੰ ਛੁਰੀ ਚਲਾਈਂ।
ਪਹਿਲੇ ਉਂਗਲੀਓਂ ਪੋਟੇ ਕਟਾਏ। ਫਿਰ ਮਧ ਗੰਢੋਂ ਬੰਦ ਛੁਡਾਏ।
ਚੰਡਾਲ ਚਾਹੇ ਫਿਰ ਮੋਢਿਓਂ ਲਹਾਈ। ਮਨੀ ਸਿੰਘ ਦਈ ਕੂਹਨੀ ਅੜਾਈ।
ਕੂਹਣੀ ਕਟਾਇ ਫਿਰ ਮੋਢਿਓਂ ਲਹਾਈ। ਸੱਜੀ ਕਟਾਏ ਫਿਰ ਖੱਬੀ ਫੜਾਈ।

ਭਾਈ ਸਾਹਿਬ ਜੀ ਦੇ ਇਸ ਸ਼ਹੀਦੀ ਪ੍ਰਸੰਗ ਦੁਆਰਾ ਜਿਹੜੀ ਗੱਲ ਮੈਂ ਗੁਰਮਤਿ ਪ੍ਰੇਮੀਆਂ ਨਾਲ ਵਿਸ਼ੇਸ਼ ਤੌਰ `ਤੇ ਸਾਂਝੀ ਕਰਨੀ ਚਹੁੰਦਾ ਹਾਂ, ਉਹ ਇਹ ਹੈ ਕਿ ਇਸ ਸ਼ਹਾਦਤ ਨੇ ਗੁਰੂ ਸਾਹਿਬ ਜੀ ਵਲੋਂਅਕਾਲਮੂਰਤਿ ਦੇ ਫ਼ਲਸਫ਼ੇ ਦੀ ਰੌਸ਼ਨੀ ਵਿੱਚ ਬੋਲੇ ਇਨ੍ਹਾਂ ਬਚਨਾਂ ਨਾ ਓਹੁ ਮਰਤਾ ਨਾ ਹਮ ਡਰਿਆ॥ ਨਾ ਓਹੁ ਬਿਨਸੈ ਨਾ ਹਮ ਕੜਿਆ॥” {ਪੰਨਾ 391} ਨੂੰ ਕਿਵੇਂ ਅਤੇ ਕਿਸ ਕਦਰ ਸੱਚ ਕਰ ਵਿਖਾਇਆ। ਕਿਉਂਕਿ, ‘ਭੰਗੂ ਜੀ ਲਿਖਿਆ ਹੈ ਕਿ ਜਦੋਂ ਉਨ੍ਹਾਂ ਦੇ ਬੰਦ ਬੰਦ ਕੱਟੇ ਜਾ ਰਹੇ ਸਨ ਤਾਂ ਉਹ ਬੜੀ ਮੌਜ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਨ। ਪਰ, ਪਾਠ ਕਰਦੇ ਹੋਏ ਜਦੋਂ ਹੇਠ ਲਿਖੀਆਂ ਪੰਕਤੀਆਂ `ਤੇ ਪਹੁੰਚੇ ਤਾਂ ਇਨ੍ਹਾਂ ਪੰਕਤੀਆਂ ਨੂੰ ਉਹ ਉੱਚੀ ਉੱਚੀ ਤੇ ਹੱਸਦੇ ਹੋਏ ਬਾਰ-ਬਾਰ ਗਾਣ ਲੱਗੇ:

ਨਹ ਕਿਛੁ ਜਨਮੈ ਨਹ ਕਿਛੁ ਮਰੈ॥ ਆਪਨ ਚਲਿਤੁ ਆਪ ਹੀ ਕਰੈ॥ {ਗੁ. ਗ੍ਰੰ. ਪੰ. 281}

ਕਹਿੰਦੇ ਹਨ ਕਿ ਭਾਈ ਸਾਹਿਬ ਜੀ ਰਸਨਾ ਤੋਂ ਗੁਰਬਾਣੀ ਦੇ ਇਹ ਬਚਨ ਸੁਣ ਕੇ ਅਤੇ ਉਨ੍ਹਾਂ ਦੀ ਮਸਤੀ ਭਰੀ ਅਵਸਥਾ ਦੇਖ ਕੇ ਜਲਾਦ ਵੀ ਠਠੰਬਰਿਆ ਅਤੇ ਆਪਣੇ ਨੇੜ੍ਹੇ ਖੜ੍ਹੇ ਸਯਦ ਕਾਜ਼ੀ ਨੂੰ ਕਹਿਣ ਲੱਗਾ ਕਿ ਮੈਨੂੰ ਤਾਂ ਕੋਈ ਲਾਭ ਨਹੀਂ ਦਿਸਦਾ ਇਸ ਬੰਦੇ ਦੇ ਬੰਦ ਬੰਦ ਕਟਣ ਦਾ। ਕਿਉਂਕਿ, ਸਰੀਰਕ ਤਸੀਹੇ ਅਤੇ ਮੌਤ ਦਾ ਡਰ ਤਾਂ ਇਹਦੇ ਲਈ ਇੱਕ ਤਮਾਸ਼ਾ ਜਾਪਦਾ ਹੈ। ਕੀ ਤੁਸੀਂ ਸੁਣ ਨਹੀਂ ਰਹੇ ਇਹਦੀ ਕਲਾਮਨਹ ਕਿਛੁ ਜਨਮੈ ਨਹ ਕਿਛ ਮਰੈ” ?

ਭਾਈ ਸਾਹਿਬ ਜੀ ਬੋਲੇ; ਮਿਤਰੋ! ਪਹਿਲੀ ਗੱਲ ਤਾਂ ਇਹ ਹੈ ਕਿ ਕਲਾਮ ਮੇਰੀ ਨਹੀਂ, ਮੇਰੇ ਗੁਰੂ ਦੀ ਹੈ। ਦੂਜੀ ਗੱਲ ਇਹ ਹੈ ਕਿ ਤਮਾਸ਼ਾ ਜਾਪਣ ਦੀ ਗੱਲ ਕੋਈ ਭਰਮ ਨਹੀਂ, ਸਗੋਂ ਇੱਕ ਸੱਚ ਹੈ। ਤੁਸੀਂ ਤਾਂ ਸਮਝ ਰਹੇ ਹੋ ਕਿ ਅਸੀਂ ਗੁਰੂ ਦੇ ਸਿੰਘ ਨੂੰ ਕੱਟ ਕੇ ਡਰਾ ਰਹੇ ਹਾਂ ਜਾਂ ਇਉਂ ਸੋਚ ਰਹੇ ਹੋ ਕਿ ਦੁੱਖ ਦੇ ਕੇ ਮੌਤ ਦੇ ਘਾਟ ਉਤਾਰ ਰਹੇ ਹਾਂ। ਪਰ, ਮੈਨੂੰ ਤਾਂ ਇਸ ਖ਼ੌਫ਼ਨਾਕ ਕਿਰਿਆ ਵਿੱਚ ਵੀ ਪਰਮ ਅਨੰਦ ਭਾਸ ਰਿਹਾ ਹੈ। ਕਿਉਂਕਿ, ਮੈਂ ਤਾਂ ਬਹੁਤ ਚਿਰਾਂ ਤੋਂ ਕੂਕ ਰਿਹਾ ਸਾਂ ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ॥” “ਪ੍ਰਭ ਮੋਹਿ ਕਬ ਗਲਿ ਲਾਵਹਿਗੇ…” (ਪੰਨਾ: 1321) ਜਾਪਦਾ ਹੈ ਕਿ ਹੈ ਕਿ ਮਾਲਕ-ਪ੍ਰਭੂ ਦੀ ਮੇਹਰ ਦੀ ਬਦੌਲਤ ਅੱਜ ਇਸ ਨਿਮਾਣੇ ਆਸਵੰਤ ਦੀ ਉਹ ਵੱਡੀ ਆਸ ਪੂਰੀ ਹੋ ਰਹੀ ਹੈ। ਮੇਰੇ ਤੇ ਮੇਰੇ ਪ੍ਰੀਤਮ ਪ੍ਰਭੂ ਦੇ ਵਿਚਾਲੇ ਜਿਹੜੀ ਥੋੜੀ ਜੇਹੀ ਸਰੀਰਕ ਵਿਥ ਬਣੀ ਹੋਈ ਸੀ, ਤੁਹਾਡੀ ਤਲਵਾਰ ਹੁਣ ਉਸ ਨੂੰ ਵੀ ਮਿਟਾ ਦੇਵੇਗੀ ਅਤੇ ਫਿਰ ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ” “ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ…” (ਪੰਨਾ: 1321)

ਮਿਤਰੋ! ਤਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਆਰੇ ਪ੍ਰੀਤਮ ਦੇ ਮਿਲਾਪ ਵੇਲੇ ਸੁਹਾਗਣਾਂ ਨੂੰ ਵਿੱਥ ਬਣਨ ਵਾਲੇ ਬਸਤਰ ਤੇ ਹਾਰ ਸਿੰਗਾਰ ਕਿਥੇ ਸੁਖਾਂਦੇ ਹਨ? ਅਕਾਸ਼ੀਂ ਚੜੇ ਬਦਲਾਂ `ਚੋਂ ਡਿੱਗੀ ਹੋਈ ਬੂੰਦ ਜਦੋਂ ਨਦੀ-ਨਾਲਿਆਂ ਵਿੱਚ ਮਿਲ ਕੇ ਕਿਧਰੇ ਸ਼ਹੁ-ਸਮੁੰਦਰ ਵਿੱਚ ਜਾ ਮਿਲਦੀ ਹੈ ਤਾਂ ਉਸ ਦੀ ਸ਼ਾਨ ਘਟਦੀ ਨਹੀਂ, ਸਗੋਂ ਵਧਦੀ ਐ। ਮਿਤਰੋ! ਮਿਲਾਪ ਦੀ ਉਸ ਘੜੀ ਦਾ ਅਨੰਦ ਤਾਂ ਉਹ ਬੂੰਦ ਹੀ ਜਾਣ ਸਕਦੀ ਹੈ, ਹੋਰ ਕੋਈ ਦੂਜਾ ਨਹੀਂ। ਕਿਉਂਕਿ, ਉਸ ਵੇਲੇ ਤਾਂ ਸ਼ਹੁ-ਸਾਗਰ ਨੂੰ, ਉਹ ਆਪਣੇ ਨਾਲੋਂ ਨਾਲੋਂ ਕਿਸੇ ਪੱਖੋਂ ਵੀ ਵੱਖਰਿਆਂ ਨਹੀਂ ਵੇਖ ਰਹੀ ਹੁੰਦੀ। ਪ੍ਰੰਤੂ, ਅਜਿਹੀ ਸੋਝੀ ਤਾਂ ਉਸ ਵਡਭਾਗੀ ਜਿਊੜੇ ਨੂੰ ਹੀ ਸਕਦੀ ਹੈ, ਜਿਸ ਨੇ ਵਡੇ ਭਾਗਾਂ ਨਾਲ ਗੁਰੂ ਨਾਨਕ ਸਰੂਪ ਗਰੁ ਗ੍ਰੰਥ ਸਾਹਿਬ ਨੂੰ ਭੇਟਿਆ ਹੋਵੇ। ਭਾਵ, ਸ਼ਰਧਾ ਸਹਿਤ ਵਿਚਾਰ ਨਾਲ ਸਮਝਣ ਦਾ ਯਤਨ ਕੀਤਾ ਹੋਵੇ। ਭਾਈ ਸੁਣਹੁ! ਉਹ ਕੀ ਆਖਦਾ ਹੈ:

ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀਂ ਅਨ ਹੇਰਾ॥ (ਪੰਨਾ 827)

ਇਸ ਲਈ ਸ਼ੁਕਰ ਹੈ ਕਿ ਅੱਜ ਸਾਡੀ ਜੀਵਾਤਮਾ ਰੂਪ ਬੂੰਦ ਦਾ ਵੀ ਸੁਖ ਸਾਗਰ ਪਭੂ ਵਿੱਚ ਮਿਲਨ ਹੋ ਰਿਹਾ ਹੈ। ਸ਼ਾਇਦ ਕਿਤੇ ਅਜਿਹੀ ਅਵਸਥਾ ਵਿੱਚ ਹੀ ਭਗਤ ਕਬੀਰ ਸਾਹਿਬ ਜੀ ਦੇ ਮੁਖੋਂ ਇਹ ਬਚਨ ਨਿਕਲੇ ਸਨ:

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ

ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ {ਗੁ. ਗ੍ਰੰ. ਪੰ. 1365}

ਭਾਈ ਸਾਹਿਬ ਜੀ ਦੀ ਨਿਰਭੈਤਾ ਭਰੀ ਸ਼ਾਂਤਮਈ ਤੇ ਚੜ੍ਹਦੀ ਕਲਾ ਵਾਲੀ ਅਡੋਲ ਅਵਸਥਾ ਅਤੇ ਮਸਤੀ ਭਰੇ ਉਪਰੋਕਤ ਬਚਨ ਸੁਣ ਕੇ ਕੁੱਝ ਪਲਾਂ ਲਈ ਤਾਂ ਜਲਾਦ ਪੱਥਰ ਦੇ ਬੁੱਤ ਵਾਂਗ ਖੜਾ ਹੋ ਗਿਆ। ਸਯਦ ਕਾਜ਼ੀ ਆਪਣੇ ਬੁਲ੍ਹਾਂ ਉੱਤੇ ਜੀਭ ਫੇਰਨ ਲੱਗਾ। ਦਰੋਗਾ ਵੀ ਬਿੱਟ-ਬਿੱਟ ਤੱਕਣ ਲੱਗਾ। ਪਰ, ਖ਼ੂਨ ਨਾਲ ਲੱਥ-ਪੱਥ ਹੋਏ ਭਾਈ ਸਾਹਿਬ, ਜਿਨ੍ਹਾਂ ਦੁਆਲੇ ਸਰੀਰਕ ਅੰਗਾਂ ਦੇ ਕੱਟੇ ਹੋਏ ਟੁੱਕੜੇ ਖਿਲਰੇ ਪਏ ਸਨ ਅਤੇ ਖ਼ੂਨ ਦੇ ਜ਼ਿਆਦਾ ਵਗ ਜਾਣ ਕਾਰਨ ਅਵਾਜ਼ ਵੀ ਕੁੱਝ ਮਧਮ ਪੈ ਰਹੀ ਸੀ, ਆਪਣੀ ਗੱਲ ਜਾਰੀ ਰਖਦੇ ਹੋਏ ਪਿਆਸੇ ਪਾਪੀਹੇ ਵਾਂਗ ਮੁੜ ਬੋਲੇ; “ਮਿਤਰੋ! ਅੱਜ ਮੈਨੂੰ ਹੋਰ ਸਮਝ ਗਈ ਹੈ ਕਿ ਸਾਡੇ ਅੰਦਰ ਵੱਸਣ ਵਾਲੀ ਚੇਤੰਨਤਾ ਅ੍ਰਥਾਤ ਸਾਡਾ ਜੀਵਤਾਮਾ ਅਬਿਨਾਸੀ ਪਰਮਾਤਮਾ ਦੀ ਅੰਸ ਹੈ ਅਤੇ ਇਹ ਦੋਵੇਂ ਆਪੋ ਵਿੱਚ ਇਉਂ ਜੁੜੇ ਹੋਏ ਹਨ, ਜਿਵੇਂ ਕਾਗ਼ਜ਼ ਤੇ ਕਾਗ਼ਜ਼ ਉੱਤੇ ਲਿਖੇ ਅੱਖਰਾਂ ਦੀ ਸਿਆਹੀ: ਗੁਰ ਪ੍ਰਸਾਦਿ ਮੈ ਡਗਰੋ (ਰਸਤਾ) ਪਾਇਆ॥ ਜੀਵਨ ਮਰਨੁ ਦੋਊ ਮਿਟਵਾਇਆ॥

ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੈ ਮੰਸੁ (ਸਿਆਹੀ) {ਗੁ. ਗ੍ਰੰ. ਪੰਨਾ 871}

ਇਸ ਕਰਕੇ ਸਜਣੋਂ! ਮੈਂਨੂੰ ਪੂਰਨ ਵਿਸ਼ਵਾਸ਼ ਹੈ ਕਿ ਤੁਸੀਂ ਮੈਨੂੰ ਮਾਰ ਨਹੀਂ ਕਰ ਸਕਦੇ। ਕਿਉਂਕਿ, ਤੁਸਾਂ ਮੇਰੇ ਹੱਥ ਪੈਰ ਕੱਟੇ, ਮੈਂ ਨਹੀਂ ਮਰਿਆ। ਹੁਣ, ਲੱਤਾਂ ਮੋਢੇ ਕੱਟੇ ਮੈਂ ਨਹੀਂ ਮਰਿਆ। ਆਖਰ ਹੁਣ ਜਦੋਂ ਤੁਹਾਡਾ ਇਹ ਟੋਕਾ ਜਾਂ ਤਲਵਾਰ ਮੇਰੀ ਗਰਦਨ ਉਤਾਰ ਦੇਵੇਗੀ ਤਾਂ ਵੱਧ ਤੋਂ ਵੱਧ ਇਹੀ ਹੋ ਸਕਦਾ ਹੈ ਕਿ ਮੈਂ ਬੋਲ ਨਾ ਸਕਾਂ। ਪਰ, ਇਸ ਦਾ ਇਹ ਅਰਥ ਨਹੀਂ ਹੋਵੇਗਾ ਕਿ ਮੇਰੀ ਆਤਮਕ-ਹਸਤੀ ਦਾ ਨਾਸ਼ ਹੋ ਗਿਆ ਹੋ। ਯਾਦ ਰੱਖੋ! ਕਰਤੇ ਦੀ ਪ੍ਰੀਵਰਤਨਸ਼ੀਲ ਕੁਦਰਤ ਵਿੱਚ ਨਾਸ਼ ਕੁੱਝ ਵੀ ਨਹੀਂ ਹੁੰਦਾ, ਕੇਵਲ ਰੂਪ ਹੀ ਬਦਲਦੇ ਹਨ। ਤਦੇ ਹੀ ਤਾਂ ਬ੍ਰਹਮ-ਗਿਆਨੀਆਂ ਦੀ ਦ੍ਰਿਸ਼ਟੀ ਵਿੱਚ ਮੌਤ ਦੀ ਪ੍ਰਕਿਰਿਆ ਇੱਕ ਤਮਾਸ਼ੇ ਤੋਂ ਵੱਧ ਕੁੱਝ ਵੀ ਨਹੀਂ ਹੁੰਦੀ। ਸੁਣੋ! ਮੇਰੇ ਸਤਿਗੁਰੂ ਜੀ ਦੇ ਬੋਲ, ਜੋ ਈਹਾਂ-ਊਹਾਂ ਸੱਚ ਰਹਿਣ ਵਾਲੇ ਹਨ:

ਕਉਨੁ ਮੂਆ ਰੇ ਕਉਨੁ ਮੂਆ

ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ, ਇਹੁ ਤਉ ਚਲਤੁ ਭਇਆ॥ 1 {ਗੁ. ਗ੍ਰੰ. ਪੰਨਾ885}

ਆਖਰ, ਜ਼ਾਲਮਾਂ ਦੀ ਤਲਵਾਰ ਚੱਲ ਗਈ, ਜਿਹੜੀ ਭਾਈ ਮਨੀ ਸਿੰਘ ਸਾਹਿਬ ਜੀ ਦੀ ਗਰਦਨ ਅਤੇ ਧੜ੍ਹ ਨੂੰ ਵੱਖ ਵੱਖ ਕਰ ਗਈ । ਭੰਗੂ ਜੀ ਲਿਖਦੇ ਹਨ ਸੀਸ ਭਯੋ ਤਬ ਧੜ ਤੇ ਦੂਰ। ਰਹੀ ਸਿਖੀ ਸਿੰਘ ਸਾਬਤ ਸੂਰ। ਹੈ ਹੈ ਕਾਰ ਜਗਤ ਮੈਂ ਭਯੋ। ਜੈ ਜੈ ਕਾਰ ਸਿਖਨ ਮਨ ਠਯੋ। ਪਰ, ਉਹ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਂਦੇ ਹੋਏ ਸਿੱਧ ਕਰ ਗਏ ਕਿ ਜਿਹੜਾ ਸਾਡੇ ਸਾਰੇ ਜੀਵਾਂ ਦਾ ਮੂਲ ਹੈ, ਉਹ ਅਬਿਨਾਸ਼ੀ ਹੈ ।ਅਕਾਲ ਮੂਰਤਿ ਹੈ।ਪ੍ਰਚੀਨ ਪੰਥ ਪ੍ਰਕਾਸ਼ ਵਿੱਚ ਸੱਚ ਹੀ ਲਿਖਿਆ ਹੈ ਕਿ ਜਿਸ ਦੇ ਹੱਥ ਵਿੱਚ ਗੁਰੂ ਦੇ ਗਿਆਨ ਅਤੇ ਪ੍ਰਭੂ ਦੇ ਨਿਰਮਲ ਭਉ ਜਗਦੀ ਮਿਸਾਲ ਹੋਵੇ, ਕਾਲ ਰੂਪ ਅੰਧੇਰਾ ਉਸ ਦਾ ਕੀ ਵਿਗਾੜ ਸਕਦਾ ਹੈ:

ਜਿਸ ਕੇ ਮਨ ਮੇਂ ਭਉ ਗੁਰੂ, ਤਿਸ ਭੈ ਜਮ (ਕਾਲ) ਕਾ ਨਾਹਿ ਜਿਸ ਕੇ ਹੱਥ ਮਿਸਾਲ ਹੈ, ਕੀ ਕਰੂਗੁ ਅੰਧੋਰੋ ਤਾਹਿਂ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top