Share on Facebook

Main News Page

ਦੇਹ ਧਾਰੀ ਦੇਵਤੇ ਮਹਾਂਕਾਲ਼ ਅੱਗੇ ਕੀਤੀ ਬੇਨਤੀ ਹੈ - ਕਬ੍‍ਯੋ ਬਾਚ ਬੇਨਤੀ ਚੌਪਈ
-:
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸੰਨ 1897 ਵਿੱਚ ਪਹਿਲੀ ਵਾਰ ਛਪੇ ਦਸਮ ਗ੍ਰੰਥ ਵਿੱਚ ਚਰਿਤ੍ਰੋਪਾਖਿਆਨ (ਤ੍ਰਿਅ ਚਰਿੱਤ੍ਰ-ਬਹੁਤੀਆਂ ਕਹਾਣੀਆਂ ਮਰਦਾਂ ਅਤੇ ਔਰਤਾਂ ਦੀਆਂ ਗੁਪਤ ਕਹਾਣੀਆਂ ਹਨ) ਵਿੱਚ ਆਖ਼ਰੀ ਚਰਿੱਤ੍ਰ ਨੰਬਰ 404 ਦੇ 405 ਛੰਦ ਜਾਂ ਬੰਦ ਹਨ। ਪਹਿਲੇ 374 ਬੰਦਾਂ ਵਿੱਚ ਦੇਵ ਰਾਜਾ ਸਤਿਸੰਧਿ ਅਤੇ ਦੀਰਘਦਾੜ ਦੈਂਤ ਰਾਜੇ ਦੇ ਯੁੱਧ ਦਾ{ਇਸ ਯੁੱਧ ਦੇ ਅੰਤ ਤੇ ਤਲਵਾਰਾਂ ਦੀ ਲਿਸ਼ਕ ਵਿੱਚੋਂ ਇਕ ਸੁੰਦਰ ਬਾਲਾ ਦੂਲਹ ਦੇਈ ਪੈਦਾ ਹੁੰਦੀ ਹੈ} ਅਤੇ ਫਿਰ ਦੈਂਤ ਰਾਜਾ ਸ੍ਵਾਸ ਬੀਰਜ ਨੂੰ ਮਹਾਂਕਾਲ ਵਲੋਂ ਦੈਂਤਾਂ ਸਮੇਤ ਮਾਰੇ ਜਾਣ ਦੇ ਯੁੱਧ ਦਾ ਬਿਆਨ ਹੈ, ਜਿਸ ਵਿੱਚ ਦੈਤਾਂ ਵਲੋਂ ਖੂਹਾਂ ਦੇ ਖੂਹ ਅਤੇ ਸਰੋਵਰਾਂ ਦੇ ਸਰੋਵਰ ਭਰੇ ਸ਼ਰਾਬ ਅਤੇ ਭੰਗ ਦੇ ਪੀ ਜਾਣੇ ਆਦਿਕ ਹੋਰ ਬਹੁਤ ਸਾਰੀਆਂ ਕਰਾਮਾਤਾਂ ਦਾ ਜ਼ਿਕਰ ਹੈ।

ਬੰਦ ਨੰਬਰ 375 ਵਿੱਚ ਦੇਹ ਧਾਰੀ ਮਹਾਂਕਾਲ਼ ਨੂੰ ਹੋਈ ਜਿੱਤ ਪਿੱਛੋਂ ਮਿਲ਼ਦੀ ਵਧਾਈ ਦਾ ਜ਼ਿਕਰ ਹੈ, ਕਿਉਂਕਿ ਉਸ ਨੇ ਦੈਂਤ ਰਾਜੇ ਨੂੰ ਮਾਰ ਕੇ ਦੂਲਹ ਦੇਈ ਸੁੰਦਰੀ ਦੀ ਮੱਦਦ ਕੀਤੀ ਹੈ ਜਿਵੇਂ-

ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤੁ ਜਗਤ ਕੇ ਈਸਾ।
ਪੁਹਪਨ ਬ੍ਰਿਸਟਿ ਗਗਨ ਤੇ ਭਈ। ਸਭਹਿਨ ਆਨਿ ਬਧਾਈ ਦਈ।
375।॥

ਪਦ ਅਰਥ-- ਰਾਛਸ- ਸ੍ਵਾਸ ਬੀਰਜ, ਦੈਂਤ ਰਾਜਾ। ਸੀਸਾ- ਸਿਰ (ਸ਼ੀਸ਼)। ਅਸਿਕੇਤ- ਝੰਡੇ ਵਿੱਚ ਤਲਵਾਰ ਦਾ ਚਿੰਨ੍ਹ ਰੱਖਣ ਵਾਲ਼ਾ ਦੇਹ ਧਾਰੀ ਮਹਾਂਕਾਲ਼। ਈਸਾ- ਈਸ਼ਵਰ{ ਜਗਤ ਦਾ ਈਸ਼ਵਰ ਕੇਵਲ ਰੱਬ ਹੈ, ਦੇਹ ਧਾਰੀ ਬੰਦਾ ਨਹੀਂ ਜੈਸਾ ਕਿ ਕਵੀ ਨੇ ਮਹਾਂਕਾਲ਼ ਬਾਰੇ ਲਿਖਿਆ ਹੈ}। ਪੁਹਪਨ- ਫੁੱਲ।

ਰਾਖ਼ਸ਼ ਦਾ ਸਿਰ ਕੱਟਣ ਵਾਲ਼ਾ ਕੌਣ ਹੈ? ਦੇਹ ਧਾਰੀ ਮਹਾਂਕਾਲ਼ ਹੈ।
ਵਧਾਈ ਲੈਣ ਵਾਲ਼ਾ ਕੌਣ ਹੈ? ਅਸਿਕੇਤ ਹੈ, ਜੋ ਮਹਾਂਕਾਲ਼ ਦੇਹ ਧਾਰੀ ਦੇਵਤਾ ਹੈ, ਜਿਸ ਦੇ ਖੜਗਕੇਤ ਆਦਿ ਹੋਰ ਕਈ ਨਾਂ ਵੀ ਹਨ।
ਕੀ ਅਕਾਲ ਪੁਰਖ (God) ਨੂੰ ਵਧਾਈ ਮਿਲ਼ੀ ਹੈ? ਨਹੀਂ, ਨਹੀਂ, ਨਹੀਂ। ਅਕਾਲ ਪੁਰਖ ਦੇਹ ਧਾਰੀ ਨਹੀਂ।

ਨੋਟ:

ਇਹ ਬੰਦ ਗੁਰਮਤਿ ਵੀਚਾਰਧਾਰਾ ਤੋਂ ਅਗਿਆਨੀ ਰਾਗੀ ਜਥੇ {ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥ ਗੁ.ਗ੍ਰ.ਸ. ਪੰਨਾਂ 28} ਕੀਰਤਨ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਾ ਕੇ ਆਪਣਾ ਅਧਿਆਤਮ ਜੀਵਨ ਤਾਂ ਨਸ਼ਟ ਕਰ ਹੀ ਰਹੇ ਹਨ ਅਤੇ ਸਿੱਖ ਧਰਮ ਦੀਆਂ ਜੜ੍ਹਾਂ ਨੂੰ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਦਾ ਤੇਲ ਵੀ ਦੇ ਰਹੇ ਹਨ ਜਿਸ ਨਾਲ਼ ਸਿੱਖ ਜਗਤ ਦਿਨੋ ਦਿਨ ਹਿੰਦੂ ਮੱਤ ਦੀ ਬੁੱਕਲ਼ (ਡਰੳਟੲਰਨਟਿੇ) ਵਿੱਚ ਆ ਰਿਹਾ ਹੈ। ਵਧਾਈ ਤਾਂ ਦੇਹ ਧਾਰੀ ਖੜਗਧੁਜ ਨੂੰ ਮਿਲ਼ਦੀ ਹੈ, ਅਕਾਲ ਪੁਰਖ ਨੂੰ ਨਹੀਂ।

ਸਿੱਖੀ ਨੂੰ ਢਾਹ ਲਾਹੁਣ ਵਾਲ਼ੀ ਸੋਚ ਵਾਲ਼ੇ ਪ੍ਰਬੰਧਕਾਂ ਨੇ ਇਹ ਬੰਦ ‘ਸੋਦਰੁ’ ਦੇ ਪਾਠ ਵਿੱਚ ਸ਼ਾਮਲ ਕਰਕੇ ਗੁਟਕੇ ਛਪਵਾ ਕੇ, ਪੰਜਵੇਂ ਗੁਰੂ ਜੀ ਵਲੋਂ ਬਣਾਏ ਨਿੱਤਨੇਮ ਦੀ ਘੋਰ ਉਲੰਘਣਾਂ ਕੀਤੀ ਹੈ ਤੇ ਸਿੱਖਾਂ ਸ਼ਰਧਾਲੂਆਂ ਨੂੰ ਦੇਹਧਾਰੀ ਦੇਵਤੇ ਦੀ ਪੂਜਾ ਵਲ ਧੱਕਿਆ ਹੈ।

ਅਤੇ ਬੰਦ ਨੰਬਰ 376 ਵਿੱਚ ਦੇਹ ਧਾਰੀ ਮਹਾਂਕਾਲ਼ ਦੀ ਹੋਈ ਜਿੱਤ ਦੇਖ ਕੇ ਉਸ ਦੀ ਸਿਫ਼ਤਿ ਕੀਤੀ ਗਈ ਹੈ ਤੇ ਕਵੀ ਨੇ ਵੀ ਖ਼ੁਸ਼ ਹੋ ਕੇ ਦੇਹ ਧਾਰੀ ਮਹਾਂਕਾਲ਼ ਨੂੰ ਗ਼ਰੀਬ ਨਿਵਾਜ਼, ਲੋਗਨ ਕਾ ਰਾਜਾ, ਅਖਲ ਭਵਨ ਦਾ ਸਿਰਜਣਹਾਰਾ, ਦੁਸ਼ਟਨ ਦਾਹ ਕਿਹਾ ਗਿਆ ਹੈ। ਜਿਵੇਂ-

ਧੰਨਯ ਧੰਨਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ।
ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ।
376।

ਨੋਟ: ਇਹ ਬੰਦ ਵੀ ਗੁਰਮੱਤ ਤੋਂ ਅਗਿਆਨੀ ਰਾਗੀਆਂ ਵਲੋਂ ਗਾ ਕੇ ਧੁਰ ਕੀ ਬਾਣੀ ਦੀ ਨਿਰਾਦਰੀ ਕੀਤੀ ਜਾ ਰਹੀ ਹੈ। ਤ੍ਰਿਅ ਚਰਿੱਤ੍ਰ ਦੇ ਕਵੀ ਦੇ ਇਸ਼ਟ ਸ਼ਿਵ ਜੀ ਦੇ ਜਿਓਤ੍ਰੀਲਿੰਗਮ ਦੇਹ ਧਾਰੀ ਮਹਾਂਕਾਲ਼ {ਮੰਦਰ ਉਜੈਨ ਵਿੱਚ ਹੈ} ਨੂੰ ਅਕਾਲ ਪੁਰਖ ਵਜੋਂ ਗ਼ਲਤ ਅਰਥ ਦੇ ਕੇ ਸਿੱਖਾਂ ਵਲੋਂ ਅਗਿਆਨਤਾ ਵਸ਼ ਅਪਨਾਇਆ ਜਾ ਰਿਹਾ ਹੈ ਜੋ ਕੇਸ਼ਾ ਧਾਰੀ ਹਿੰਦੂ ਬਣ ਰਹੇ ਹਨ। ਇਕ ਦੇਹ ਧਾਰੀ ਮਹਾਂਕਾਲ਼ ਨੂੰ ਕਵੀ ਨੇ ਲੋਕਾਂ ਦਾ ਰਾਜਾ, ਗ਼ਰੀਬ ਨਿਵਾਜ਼ ਤੇ ਸਿਰਜਣਹਾਰ ਕਿਹਾ ਹੈ ਜੋ ਗੁਰਮਤਿ ਨਹੀਂ ਪ੍ਰਵਾਨ ਕਰਦੀ। ਪ੍ਰਭੂ ਦੇਹ ਧਾਰੀ ਨਹੀਂ ਹੈ। ਦੇਹ ਧਾਰੀ ਮਹਾਂਕਾਲ਼ ਨੇ ਹੀ ਦੈਂਤ ਰਾਜੇ ਨੂੰ ਮਾਰਿਆ ਹੈ ਤੇ ਆਪ ਭੀ ਮਰ ਚੁੱਕਾ ਹੈ। ਅਕਾਲ ਪੁਰਖ ਅਬਿਨਾਸ਼ੀ ਹੈ ਜੋ ਕਦੇ ਮਰਦਾ ਨਹੀਂ ਅਤੇ ਜਿਸ ਦਾ, ਸਿੱਖ ਪੁਜਾਰੀ ਹੈ।

ਪੂਰੇ ਚਰਿੱਤ੍ਰ ਨੰਬਰ 404 ਵਿੱਚ ਮਹਾਂਕਾਲ਼ ਨੂੰ ਅਸਿਧੁਜ, ਅਸਿਕੇਤ, ਕਾਲ਼, ਖੜਗਧੁਜ, ਖੜਗਾਧੁਜ, ਆਦਿ ਨਾਂਵਾਂ ਨਾਲ਼ ਵੀ ਲਿਖਿਆ ਗਿਆ ਹੈ। ਇਹ ਦੇਹਧਾਰੀ ਦੇਵਤਾ ਹੈ ਤੇ ਸ਼ਿਵ ਜੀ ਦੇ 12 ਜੋਤ੍ਰਿਲਿੰਗਮਾਂ ਵਿੱਚੋਂ ਇੱਕ ਹੈ, ਸਿੱਖਾਂ ਲਈ ਰੱਬ ਨਹੀਂ। ਇਹ ਚਰਿੱਤ੍ਰ ਲਿਖਣ ਵਾਲ਼ੇ ਕਵੀ ਦਾ ਰੱਬ ਹੋ ਸਕਦਾ ਹੈ, ਸਿੱਖ ਦਾ ਨਹੀਂ।
ਦੇਹ ਧਾਰੀ ਮਹਾਂਕਾਲ਼ ਦੇ ਵੱਖ-ਵੱਖ ਨਾਂ ਦੇਖੋ-

ਅਸਿਧੁਜ ਅਧਿਕ ਕੋਪ ਕਰਿ ਧਾਯੋ। 104।
ਘੇਰਤ ਮਹਾਕਾਲ ਕਹ ਭਏ। 105।
ਯੁੱਧ ਭਈ ਕਾਲੀ ਅਸੁਰਨ ਜਹ। 132।
ਖੜਗਕੇਤ ਅਸ ਕੀਆ ਤਮਾਸ਼ਾ। 247।
ਜੋ ਪੂਜਾ ਅਸਿਕੇਤ ਕੀ ਨਿਤ ਪ੍ਰਤਿ ਕਰੇ ਬਨਾਇ। 366।
ਨਿਰਖਿ ਖੜਗਧੁਜ ਕਾਟਿ ਗਿਰਾਏ। 371।

ਨੋਟ:

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਪੁਰਾਣੇ ਛਪੇ ਗੁਟਕਿਆਂ ਵਿੱਚ ‘ਕਬਿਯੋ ਬਾਚ ਬੇਨਤੀ ਚੌਪਈ’ ਤੋਂ ਪਹਿਲਾਂ ਪਾ:10 ਨਹੀਂ ਲਿਖਿਆ ਹੁੰਦਾ ਸੀ, ਨਵੇਂ ਗੁਟਕਿਆਂ ਵਿੱਚ ਉਹ ਵੀ ਭੇਡ ਚਾਲੇ ਚੱਲ ਕੇ ਪਾ: 10 ਲਿਖਣ ਲੱਗ ਪਏ ਹਨ {ਨਿੱਤਨੇਮ ਤੇ ਹੋਰ ਬਾਣੀਆਂ ਦੇ ਗੁਟਕੇ ਦਸੰਬਰ 1997 ਵਿੱਚ ਪਾ: 10 ਨਹੀਂ ਹੈ}। ਭਾ. ਚਤਰ ਸਿੰਘ ਜੀਵਨ ਸਿੰਘ ਵਲੋਂ ਛਾਪੇ ਅਤੇ ਗਿਆਨੀ ਮੋਹਨ ਸਿੰਘ ਵਲੋਂ ਸ਼ੋਧੇ ਗੁਟਕੇ (ਕੋਈ ਸੰਨ ਨਹੀਂ ਲਿਖਿਆ) ਵਿੱਚ ਅਤੇ ਇੱਕ ਬਹੁਤ ਹੀ ਪੜ੍ਹੇ ਲਿਖੇ ਵਿਦਵਾਨ ਪ੍ਰੋ. ਉਜਾਗਰ ਸਿੰਘ ਐੱਮ. ਏ; ਪੀ. ਐੱਚ ਡੀ. ਵਲੋਂ ਕੀਤੇ ਰਹਰਾਸਿ ਦੇ ਟੀਕੇ {ਜੂਨ 1994 ਪ੍ਰਕਾਸ਼ਕ ਗੁਰਬਾਣੀ ਸੇਵਾ ਸੁਸਾਇਟੀ ਲੁਧਿਆਣਾ} ਵਿੱਚ ਤਾਂ ਚੌਪਈ ਤੋਂ ਪਹਿਲਾਂ ‘ੴ ਵਾਹਿਗੁਰੂ ਜੀ ਕੀ ਫ਼ਤਹ ਸ਼੍ਰੀ ਮੁੱਖ ਵਾਕ ਪਾਤਿਸ਼ਾਹੀ ਦਸਵੀਂ’ ਮੰਗਲ਼ ਰੂਪ ਵਿੱਚ ਲਿਖ ਕੇ ਝੂਠ ਦੇ ਸਾਰੇ ਹੱਦ ਬੰਨੇ ਪਾਰ ਕਰ ਦਿੱਤੇ ਗਏ ਹਨ। ਸ਼੍ਰੋ. ਗੁ. ਪ੍ਰ. ਕਮੇਟੀ ਦੇ ਗੁਟਕਿਆਂ ਵਿੱਚ ਵੀ ਚੌਪਈ ਤੋਂ ਪਹਿਲਾਂ ਪਾ. 10 ਪਤਾ ਨਹੀਂ ਕਿਹੜੀ ਸੋਚ ਅਧੀਨ ਲਿਖਿਆ ਗਿਆ ਹੈ, ਪਰ ਗੁਰਮਤ ਦੀ ਬੇੜੀ ਨੂੰ ਹਿੰਦੂ ਮੱਤ ਦੇ ਤੇਜ਼ ਝੱਖੜਾਂ ਦੇ ਹਵਾਲੇ ਜ਼ਰੂਰ ਕਰ ਦਿੱਤਾ ਹੈ। 1897 ਈ. ਵਿੱਚ ਪਹਿਲੀ ਵਾਰ ਛਪੇ ਦਸਮ ਗ੍ਰੰਥ ਵਿੱਚ ਪਾ 10 ਲਿਖੇ ਹੋਣ ਦਾ ਕੋਈ ਸੰਕੇਤ ਹੀ ਨਹੀਂ ਹੈ, ਸਿੱਖਾਂ ਨੂੰ ਧੋਖਾ ਦੇਣ ਲਈ ਮਹੰਤਵਾਦੀ ਸੋਚ ਨੇ ਲਿਖ ਦਿੱਤਾ ਹੈ।

ਮੰਗਲਾਚਰਣ ਕਿਸੇ ਰਚਨਾ ਦੇ ਮੁੱਢ ਵਿੱਚ ਹੀ ਹੁੰਦਾ ਹੈ, ਵਿਚਕਾਰ ਨਹੀਂ ਹੁੰਦਾ। ਕਵੀ ਨੇ ਕੋਈ ਐਸਾ ਮੰਗਲ਼ ਚੌਪਈ ਦੇ ਮੁੱਢ ਵਿੱਚ ਨਹੀਂ ਦਿੱਤਾ ਸੀ, ਪਰ ਸਿੱਖਾਂ ਨੂੰ ਜਾਣ ਬੁੱਝ ਕੇ ਬੁੱਧੂ ਬਣਾਉਣ ਵਾਲ਼ੇ ਆਪ ਹੀ ਮੰਗਲ਼ ਲਿਖ ਕੇ ਆਪ ਹੀ ਬੁੱਧੂ ਬਣ ਗਏ ਹਨ।

ਬੰਦ ਨੰਬਰ 377 ਤੋਂ ਸ਼ੁਰੂ ਹੁੰਦੀ ਹੈ -- ਕਬ੍‍ਯਿੋ ਬਾਚ ਬੇਨਤੀ ਚੌਪਈ

ਇਹ ਬੇਨਤੀ ਕਿਸ ਅੱਗੇ ਹੈ?

ਚੌਪਈ ਲਿਖਣ ਵਾਲ਼ੇ ਦੀ ਕੀਤੀ ਬੇਨਤੀ ਓਸੇ ਦੇਹ ਧਾਰੀ ਮਰ ਚੁੱਕੇ ਮਹਾਂਕਾਲ਼ ਅੱਗੇ ਹੈ, ਜਿਸ ਨੇ ਦੂਲਹ ਦੇਈ ਸੁੰਦਰੀ ਦੀ ਦੈਂਤ ਰਾਜੇ ਨੂੰ ਮਾਰਨ ਵਿੱਚ ਮੱਦਦ ਕੀਤੀ ਤਾਂ ਜੁ ਦੂਲਹ ਦੇਈ ਉਸ ਨਾਲ਼ ਵਿਆਹ ਰਚਾ ਸਕੇ। ਦੂਲਹ ਦੇਈ ਮਹਾਂਕਾਲ਼ (ਜਗਤ ਦੇ ਸੁਆਮੀ) ਨਾਲ਼ ਵਿਆਹ ਕਰਨਾ ਚਾਹੁੰਦੀ ਸੀ। ਭਵਾਨੀ ਨੇ ਸਲਾਹ ਦਿੱਤੀ ਕਿ ਉਹ ਰਾਤ ਨੂੰ ਜ਼ਮੀਨ ਉੱਤੇ ਹੀ ਸੌਂ ਜਾਵੇ ਤੇ ਇਕ ਆਵਾਜ਼ ਆਵੇਗੀ। ਮਹਾਂਕਾਲ਼ ਨੇ ਗੁਪਤ ਆਵਾਜ਼ ਵਿੱਚ ਰਾਤ ਨੂੰ ਕਿਹਾ ਸੀ ਕਿ ਉਹ ਪਹਿਲਾਂ ਸ੍ਵਾਸਬੀਰਜ ਦੈਂਤ ਨੂੰ ਮਾਰੇ। ਦੂਲਹ ਦੇਈ ਨੇ ਯੁੱਧ ਵਿੱਚ ਮੱਦਦ ਲਈ ਬੇਨਤੀ ਕੀਤੀ ਜੋ ਮਹਾਂਕਾਲ਼ ਨੇ ਮੰਨ ਲਈ ਤੇ ਦੈਂਤ ਰਾਜਾ ਮਾਰਿਆ ਗਿਆ। ਕਵੀ ਨੇ ਦੋਹਾਂ ਦਾ ਵਿਆਹ ਹੁੰਦਾ ਨਹੀਂ ਦਿਖਾਇਆ ਕੇਵਲ ਜਿੱਤ ਪਿੱਛੋਂ ਵਧਾਈ ਦਾ ਜ਼ਿਕਰ ਹੀ ਕੀਤਾ ਹੈ।

ਚੌਪਈ ਦੀ ਅਸਲੀਯਤ - ਸ. ਵਰਿੰਦਰ ਸਿੰਘ ਗੋਲਡੀ 14 ਸਤੰਬਰ 2014

ਚੌਪਈ ਦੇ ਅਰਥ ਕੀ ਨੇ? ਅਰਥ ਕੁਝ ਵੀ ਹੋਣ (ਦੂਜੇ ਭਾਗ ਵਿੱਚ ਦਿੱਤੇ ਵੀ ਜਾਣਗੇ), ਅਸਲੀ ਸਰਬ ਸਮਰੱਥ ਖ਼ਸਮ ਗੁਰ ਪਰਮੇਸ਼ਰ ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਨੂੰ ਛੱਡ ਕੇ ਕਿਸੇ ਹੋਰ ਓਪਰੇ ਬੰਦੇ ਤੋਂ ਅਸਲੀ ਸੁੱਖ ਲੈਣ ਦੀ ਇਹ ਝੂਠੀ ਤ੍ਰਿਸ਼ਨਾਮਈ ਭਟਕਣਾ ਜ਼ਰੂਰ ਹੈ।

ਕੁਝ ਪ੍ਰਸ਼ਨਾਂ ਦੇ ਉੱਤਰ ਲੱਭੋ:

1. ਸਿੱਖਾਂ ਦੇ ਗਲ਼ ਇਹ ਕੱਚੀ ਰਚਨਾ ਕਿੱਸ ਨੇ ਪਾਈ?

2. ਕੀ ਨਿੱਤਨੇਮ ਵਿੱਚ ਸ਼ਾਮਲ ਇਹ ਰਚਨਾ ਸਿੱਖਾਂ ਨੂੰ ਕੇਸ਼ਾ ਧਾਰੀ ਹਿੰਦੂ ਸਾਬਤ ਕਰ ਰਹੀ ਹੈ?

3. ਕੀ ਇਸ ਰਚਨਾ ਨੂੰ ਨਿੱਤਨੇਮ ਵਿੱਚ ਸ਼ਾਮਲ ਕਰਕੇ ਪੰਜਵੇਂ ਗੁਰੂ ਜੀ ਦਾ ਬਖ਼ਸ਼ਿਆ ਨਿੱਤਨੇਮ ਭੰਗ ਹੋਇਆ ਹੈ?

4. ਕੀ ਇਸ ਰਚਨਾ ਨੂੰ ਪੜ੍ਹਦੇ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਸ਼ਬਦ ਦੀ ਚਉਕੀ ਤੋਂ ਬਾਹਰ ਹੋ ਗਏ ਹਨ?

5. ਕੀ ਇਹ ਰਚਨਾ ਨੰ ਗੁਰੂ ਦਾ ਦਰਜਾ ਪ੍ਰਾਪਤ ਹੈ?

6. ਕੀ ਇਸ ਰਚਨਾ ਰਾਹੀਂ ਬੇਨਤੀ ਦੇਹਧਾਰੀ ਦੇਵਤੇ ਅੱਗੇ ਹੁੰਦੀ ਹੈ ਜਾਂ ਅਕਾਲ ਪੁਰਖ ਅੱਗੇ?

7. ਕੀ ਇਸ ਰਚਨਾ ਨੂੰ ਨਿੱਤਨੇਮ ਦਾ ਅੰਗ ਬਣਾਉਣ ਵਿੱਚ ਅੰਗ੍ਰੇਜ਼ੀ ਸਰਕਾਰ ਵਲੋਂ ਚੁਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਹੱਥ ਹੈ ਜਿਸ ਦੇ ਮੈਂਬਰਾਂ ਨੂੰ ਸ਼੍ਰੋ. ਗੁ. ਪ੍ਰ. ਵਿੱਚ ਹੀ ਸ਼ਾਮਲ ਕਰ ਦਿੱਤਾ ਗਿਆ ਸੀ?

8. ਕੀ ਇਹ ਰਚਨਾ ਸਿੱਖਾਂ ਦੇ ਗਲ਼ ਪਾਉਣ ਵਿੱਚ ਆਰ ਐੱਸ ਐੱਸ ਨਾਂ ਦੀ ਜਥੇਬੰਦੀ ਦਾ ਵੀ ਹੱਥ ਹੈ ਜੋ ਸੰਨ 1925 ਵਿੱਚ ਸਥਾਪਤ ਹੋ ਚੁੱਕੀ ਸੀ ਤੇ ਸ਼੍ਰੋ.ਗੁ.ਪ੍ਰ. ਵਲੋਂ ਬਣਾਈ ਸਬ ਕਮੇਟੀ ਵਲੋਂ ਸਿ.ਰ.ਮਰਯਾਦਾ ਦਾ ਖਰੜਾ ਸੰਨ 1931 ਵਿੱਚ ਬਣਿਆ ਸੀ?

9. ਕੀ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ਾ ਨਿੱਤਨੇਮ ਹੀ ਅਪਨਾਉਣਾ ਨਹੀਂ ਚਾਹੀਦਾ?

10. ਕੀ ਨਿੱਤਨੇਮ ਦੀ ਇਹ ਤਬਦੀਲੀ ਕਿਸੇ ਕਮੇਟੀ ਜਾਂ ਜਥੇਦਾਰ ਵਲੋਂ ਕੀਤੀ ਜਾਵੇਗੀ, ਕਿ ਗੁਰੂ ਕੀਆਂ ਸੰਗਤਾਂ ਨੂੰ ਗੁਰਦੁਆਰਾ ਕਮੇਟੀਆਂ ਨਾਲ਼ ਮਿਲ਼ ਕੇ ਇਹ ਤਬਦੀਲੀ ਕਰ ਲੈਣੀ ਚਾਹੀਦੀ ਹੈ ਜਿਵੇਂ ਕਿ ਨੀਦਰਲੈਂਡ ਅਤੇ ਫਿਨਲੈਂਡ ਵਿੱਚ ਹੋਇਆ ਹੈ?

11. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਣਾਏ ਨਿੱਤਨੇਮ (ਪਹਿਲੇ 13 ਪੰਨੇ) ਅਤੇ ਗੁਟਕਿਆਂ ਵਿੱਚ ਭਾਂਤ ਭਾਂਤ ਦੇ ਨਿੱਤਨੇਮਾਂ ਵਿੱਚੋਂ ਕਿਸ ਅੱਗੇ ਸ਼ੀਸ਼ ਝੁਕਾਉਣਾ ਚਾਹੀਦਾ ਹੈ?
ਕੀ ਗੁਰਦੁਆਰਾ ਕਮੇਟੀਆਂ ਦੀ ਅਣਖ ਜਾਗੇਗੀ ਕਿ ਉਹ ਸੰਗਤਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ਾ ਨਿੱਤਨੇਮ ਨਿਡਰ ਹੋ ਕੇ ਪ੍ਰਚਲਤ ਕਰਵਾਉਣ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top