Share on Facebook

Main News Page

” ਬਨਾਮ “
-: ਜੇ.ਪੀ. ਸਿੰਘ

ਟਿੱਪਣੀ: ਇਹ ਲੇਖ ਬਹੁਤ ਹੀ ਸਾਰਥਕ ਹੈ ਅਤੇ ਸੱਚਾਈ ਭਰਪੂਰ ਹੈ। ਇਸ ਦੁਨੀਆ 'ਚ ਸ਼ਾਇਦ ਸਿੱਖ ਕੌਮ ਹੀ ਐਸੀ ਹੈ, ਜਿਹੜੀ ਆਪ ਖੁਦ ਨੂੰ ਬਰਬਾਦ ਕਰ ਰਹੀ, ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰ ਰਹੀ ਹੈ। ਇਹੀ ਕੌਮ ਹੈ ਜਿਹੜੀ ਆਪਣੀ ਜ਼ੁਬਾਨ, ਆਪਣੀ ਪਹਿਚਾਨ, ਆਪਣਾ ਦੀਨ ਆਪਣਾ ਈਮਾਨ ਸਭ ਕੁੱਝ ਗਵਾ ਰਹੀ, ਤੇ ਉਹ ਵੀ ਖੁਦ ਆਪ। ਆਪਣੀ ਪੰਜਾਬੀ ਜ਼ੁਬਾਨ ਛੱਡ ਕੇ ਭਾਰਤ 'ਚ ਹਿੰਦੀ ਅਤੇ ਬਾਹਰਲੇ ਮੁਲਕਾਂ 'ਚ ਅੰਗ੍ਰੇਜ਼ੀ ਨੂੰ ਅਪਨਾਉਣਾ (ਕੋਈ ਹੋਰ ਭਾਸ਼ਾ ਸਿੱਖਣਾ ਗੁਨਾਹ ਨਹੀਂ, ਬਹੁਤ ਸ਼ਲਾਘਾਯੋਗ ਹੈ, ਪਰ ਆਪਣੀ ਜ਼ੁਬਾਨ ਨੂੰ ਛੱਡ ਕੇ ਨਹੀਂ), ਆਪਣੇ ਗੁਰੂ ਨੂੰ ਛੱਡ ਕੇ, ਹੋਰ ਗੁਰੂ ਧਾਰਨਾ, ਹਰਾਮਖੋਰੀ ਕਰਨਾ, ਆਪਣੀ ਦਿੱਖ ਨੂੰ ਤਿਆਗਣਾ... ਹੈ ਕੋਈ ਹੋਰ ਕੌਮ ਇਸ ਤਰ੍ਹਾਂ ਦੀ...

ਸੰਭਲ ਜਾਓ... ਜਿਹੜੀ ਕੌਮ ਤਿੰਨ ਚੀਜ਼ਾਂ ਵਿਸਾਰ ਦਿੰਦੀ ਹੈ, ਉਹ ਰੁੱਲ਼ ਜਾਂਦੀ ਹੈ - ਆਪਣੀ ਬੋਲੀ, ਆਪਣਾ ਪਹਿਰਾਵਾ, ਆਪਣਾ ਖਾਣਾ... ਆਪਣੀ ਬੋਲੀ ਭੁਲੋਗੇ ਤਾਂ ਗੁਰੂ ਨਾਲੋਂ ਵੀ ਟੁੱਟੋਗੇ... ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ॥ ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ॥13॥ -
ਸੰਪਾਦਕ ਖ਼ਾਲਸਾ ਨਿਊਜ਼


ਵੈਸੇ ਤਾਂ ਪੰਜਾਬੀ ਦਾ ਜਲੂਸ ਕੱਢਣ 'ਚ ਬਹੁਤੇ ਪੰਜਾਬੀ ਚੈਨਲ ਤੇ ਅਖਬਾਰਾਂ ਵੀ ਜਿੰਮੇਵਾਰ ਹੈ ਹੀ ਹਨ, ਪਰ ਆਮ ਜਨਤਾ ਵਿੱਚ ਬੀਬੀਆਂ ਪੰਜਾਬੀ ਦੀ ਲੱਤ ਮਰੋੜਨ 'ਚ ਜ਼ਿਆਦਾ ਮੋਹਰੀ ਹਨ। ਜ਼ਿਆਦਾਤਰ ਪੰਜਾਬੀ ਕੁੜੀਆਂ ਅੱਜ ਕੱਲ ਇੱਕ ਦੂਜੀ ਨਾਲ “ਹਿੰਦੀ ਮੇਂ ਹੀ ਬਾਤ ਕਰਤੀ ਹੈਂ”, ਪਰ ਜਿਹੜੀਆਂ ਥੋੜੀਆਂ ਬਹੁਤੀਆਂ ਪੰਜਾਬੀ ਬੋਲਦੀਆਂ ਹਨ, ਉਹਨਾਂ ਦੇ ਬੋਲਣ ਦਾ ਢੰਗ ਇਦਾਂ ਹੁੰਦਾ ਹੈ, ਜਿਵੇਂ ਓਹ ਆਪਣੀ ਮਾਤ ਭਾਸ਼ਾ ਪੰਜਾਬੀ ਨਹੀਂ, ਸਗੋਂ ਮੱਲੋ ਮੱਲੀ ਕਿਸੇ ਦੂਜੇ ਦੇਸ਼ ਦੀ ਭਾਸ਼ਾ ਬੋਲ ਰਹੀਆਂ ਹੋਣ।

ਚਾਏ ਵੀ ਪੀਨੀ ਹੈ ਤੇ ਖਾਨਾ ਵੀ ਖਾਨਾ ਹੈ” ਪੜ੍ਹਨ ਨੂੰ ਤਾਂ ਪੰਜਾਬੀ ਹੀ ਲਗਦੀ ਹੈ ਪਰ ਹੈ ਤਕਰੀਬਨ ਸਾਰੀ ਹਿੰਦੀ ਫਸਾਈ ਹੋਈ । ਪੰਜਾਬੀ ਵਿੱਚ “ਚਾਹ ਵੀ ਪੀਣੀ ਆ ਤੇ ਰੋਟੀ ਵੀ ਖਾਣੀ ਆ” ( ਆ, ਵਾ, ਜੇ ਵੱਖਰੇ ਵੱਖਰੇ ਜ਼ਿਲਿਆਂ ਵਿੱਚ ਵਰਤੇ ਜਾਂਦੇ ਹਨ)। ਕੁੜੀਆਂ ਖਾਸ ਤੌਰ 'ਤੇ “ ” ਬੋਲ ਕੇ ਹੀ ਰਾਜ਼ੀ ਨਹੀਂ ਹਨ, ਓਹਨਾਂ ਨੂੰ ਲਗਦਾ ਹੈ ਕੇ “ ਣ ” ਬੋਲਣ ਵਾਲਾ ਪੇਂਡੂ ਅਨਪੜ੍ਹ ਲਗਦਾ ਹੈ, ਤੇ “ ” ਬੋਲਣ ਵਾਲਾ ਪੜ੍ਹਿਆ ਲਿਖਿਆ ।

ਪਿਛਲੇ ਕੁਝ ਕੁ ਸਮੇਂ ਵਿੱਚ 3-4 ਪੰਜਾਬੀ ਫਿਲਮਾਂ ਦੇਖੀਆਂ ਜਿਹਨਾਂ ਦੀ ਪੰਜਾਬੀ ਸੁਣ ਕੇ ਰੋਣਾ ਆਉਂਦਾ ਹੈ, ਮੰਨ ਲੈਨੇ ਆ ਕੇ ਕਈ ਐਕਟਰ ਪੰਜਾਬ ਤੋਂ ਬਾਹਰ ਜੰਮੇ ਪਲੇ ਹਨ, ਪਰ ਜਿਹੜੇ ਪੰਜਾਬ ਵਾਲੇ ਨੇ ਓਹਨਾਂ ਦੇ ਮੂੰਹ 'ਚ ਕੀ ਛਾਲੇ ਪਏ ਨੇ ਜਿਹੜਾ ਪੰਜਾਬੀ ਨੂੰ ਵੀ ਹਿੰਦੀ ਜਿਹੀ ਬਣਾ ਬਣਾ ਕੇ ਬੋਲੀ ਜਾਂਦੇ ਨੇ ?

ਮੈਂ ਹਿੰਦੀ ਜਾਂ ਕਿਸੇ ਵੀ ਭਾਸ਼ਾ ਦੇ ਵਿਰੁਧ ਨਹੀਂ ਹਾਂ, ਮੈਂ ਤਾਂ ਸਗੋਂ ਚਾਹੁਨਾਂ ਹਾਂ ਕੇ ਹਰੇਕ ਇਨਸਾਨ ਨੂੰ ਵਧ ਤੋਂ ਵਧ ਭਾਸ਼ਾਵਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਫਰਾਟੇਦਾਰ ਅੰਗ੍ਰੇਜ਼ੀ ਬੋਲੋ, ਸਪੈਨਿਸ਼ ਬੋਲੋ, ਫਰੈਂਚ ਬੋਲੋ, ਹਿੰਦੀ ਬੋਲੋ, ਪਰ ਦੋ ਭਾਸ਼ਾਵਾਂ ਦਾ ਦਲੀਆ ਬਣਾ ਦੇਣਾ ਤੇ ਤਿੰਨਾਂ ਚਾਰਾਂ ਨੂੰ ਰਲਾ ਕੇ ਖਿਚੜੀ ਬਣਾਉਣੀ, ਹਰੇਕ ਭਾਸ਼ਾ ਦੀ ਬੇਇਜ਼ਤੀ ਹੈ। ਭਾਸ਼ਾਵਾਂ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ, ਪਰ ਭਾਸ਼ਾਵਾਂ ਦੀ ਖਿਚੜੀ ਬਣਾ ਕੇ ਬੋਲਣਾਂ ਤੇ ਫਿਰ ਆਪਣੇ ਆਪ ਨੂੰ ਅਗਾਂਹ ਵਧੂ ਸਮਝਣਾ ਨਿਰੀ ਬੇਵਕੂਫੀ ਹੈ।

ਸ਼ੁਰੂ ਸ਼ੁਰੂ ਵਿੱਚ ਮੈਨੂੰ ਇੱਥੇ “ ਚੋਪੜਾ ” ਨਾਮ ਦਾ ਪੰਜਾਬੀ ਬੰਦਾ ਮਿਲਿਆ, ਜਿਹੜਾ ਇੱਥੇ 13 ਕੁ ਸਾਲ ਤੋਂ ਰਹਿ ਰਿਹਾ ਸੀ, ਜਦੋਂ ਓਹ ਮੇਰੇ ਨਾਲ ਪੰਜਾਬੀ ਵਿੱਚ ਗੱਲ ਕਰੇ ਤਾਂ ਓਹ ਪੰਜਾਬੀ, ਹਿੰਦੀ, ਸਪੈਨਿਸ਼ ਤੇ ਅੰਗ੍ਰੇਜ਼ੀ ਰਲਾ ਰਲਾ ਕੇ ਬੋਲੇ। ਮੈਂ ਕਿਹਾ ਚੋਪੜਾ ਸਾਬ ਇੱਕ ਸਟੇਸ਼ਨ ਤੋਂ ਬੋਲੋ, ਤੁਸੀਂ 4-4 ਸਟੇਸ਼ਨ ਲਾਈ ਬੈਠੇ ਹੋ। ਪਰ ਚੋਪੜਾ ਸਾਬ ਪੂਰੀ ਤਰਾਂ ਨਾਲ ਪੰਜਾਬੀ ਬੋਲਣ ਤੋਂ ਅਸਮਰਥ ਰਹੇ।

ਇੱਕ ਸਿੰਧੀ ਵੀ ਮਿਲਿਆ ਇੱਥੇ, ਓਹ ਬਿਲਕੁਲ ਸ਼ੁਧ ਹਿੰਦੀ ਬੋਲੇ, ਪੁੱਛਣ ਤੇ ਓਹਨੇ ਦੱਸਿਆ ਕੇ ਓਹਨੂੰ ਇੱਥੇ ਰਹਿੰਦਿਆ 20 ਸਾਲ ਹੋ ਚੁੱਕੇ ਹਨ, ਪਰ ਓਹਦਾ ਇਹੀ ਅਸੂਲ ਹੈ ਕਿ ਜਿਹੜੀ ਭਾਸ਼ਾ 'ਚ ਵੀ ਗੱਲ ਕਰਨੀ ਸਿਰਫ ਓਹੀ ਭਾਸ਼ਾ ਬੋਲਣੀ, ਹੋਰ ਭਾਸ਼ਾ ਨੀ ਵਿੱਚ ਫਸਾਉਣੀ। ਮੇਰੇ ਹਿਸਾਬ ਨਾਲ ਹਰੇਕ ਭਾਸ਼ਾ ਨੂੰ ਜਿਉਂਦੇ ਰੱਖਣ ਦਾ ਇਹ ਸਭ ਤੋਂ ਵਧਿਆ ਤਰੀਕਾ ਹੈ। ਕੋਈ ਵੀ ਭਾਸ਼ਾ ਨੂੰ ਓਸਦੇ ਲਹਿਜੇ 'ਚ ਬੋਲਣਾ ਮਾਣ ਵਾਲੀ ਗੱਲ ਹੁੰਦੀ ਹੈ ਨਾਂ ਕਿ ਸ਼ਰਮ ਵਾਲੀ ।

ਹਮੇਸ਼ਾਂ ਤੋਂ ਹੀ ਪੰਜਾਬੀ ਵਿਰੋਧੀ ਜੱਗ ਬਾਣੀ ਅਖਬਾਰ ਵਾਲਿਆਂ ਨੇ ਅੱਜ ਕੱਲ ਪੰਜਾਬੀ ਦਾ ਬੇੜਾ ਗਰਕ ਕਰਨ ਦਾ ਜਿੰਮਾ ਲਿਆ ਹੋਇਆ ਹੈ। ਓਹਨਾਂ ਦੀ ਤਕਰੀਬਨ ਹਰੇਕ ਖਬਰ ਵਿੱਚ ਮੱਲੋਮੱਲੀ ਹਿੰਦੀ ਦੇ ਅੱਖਰ ਪੰਜਾਬੀ ਬਣਾ ਕੇ ਫਸਾਏ ਹੁੰਦੇ ਹਨ। ਮਿਸਾਲ ਦੇ ਤੌਰ 'ਤੇ “ਗੁਸਾਏ ਲੋਗਾਂ ਨੇ ਪੁਲਿਸ ਤੇ ਪਥਰਾ ਕੀਤਾ….” “ਇਕੱਠਾ ਹੋਏ ਲੋਗਾਂ ਨੇ ਦੋਸ਼ੀਆਂ ਖਿਲਾਫ਼ ਕੜੀ ਤੋਂ ਕੜੀ ਸਜ਼ਾ ਦੀ ਮੰਗ ਕੀਤੀ”, ਹੁਣ ਆਹ “ਗੁਸਾਏ ਲੋਗ” ਤੇ “ਕੜੀ ਤੋਂ ਕੜੀ” ਹੌਲੀ ਹੌਲੀ ਆਉਣ ਵਾਲਿਆਂ ਨਸਲਾਂ ਨੂੰ ਪੰਜਾਬੀ ਹੀ ਲੱਗਣ ਲੱਗ ਜਾਣੀ ਹੈ ਤੇ ਹੌਲੀ ਹੌਲੀ ਇਸੇ ਹਿਸਾਬ ਨਾਲ ਪੰਜਾਬੀ ਦਾ ਖਾਤਮਾ ਕੀਤਾ ਜਾ ਰਿਹਾ ਹੈ

ਪੰਜਾਬ ਦੇ ਡੁੱਬਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕੇ ਅਸੀਂ ਪੰਜਾਬੀ ਆਪਣੀ ਪਛਾਣ ਗੁਆ ਰਹੇ ਹਾਂ। ਇਹ ਕੋਈ ਛੋਟੀ ਜਿਹੀ ਤੇ ਆਮ ਗੱਲ ਨਹੀਂ ਹੈ, ਇਹ ਸਭ ਕੁਛ ਸੋਚੀ ਸਮਝੀ ਸਕੀਮ ਤਹਿਤ ਸਾਡੀ ਸੋਚ ਨੂੰ ਅਗਵਾਹ ਕਰਕੇ ਸਾਡੇ ਕੋਲੋਂ ਹੀ ਸਾਡੀ ਨਸਲਕੁਸ਼ੀ ਕਾਰਵਾਈ ਜਾ ਰਹੀ ਹੈ। ਪੰਜਾਬੀ ਬੋਲਣ ਵਾਲੇ ਨੂੰ ਪੇਂਡੂ ਦੇਸੀ ਸਮਝਣਾ ਤੇ ਹਿੰਦੀ ਬੋਲਣ ਵਾਲੇ ਨੂੰ ਪੜ੍ਹਿਆ ਲਿਖਿਆ ਸਮਝਣਾ, ਸਾਡੀ ਸੋਚ ਦਾ ਅਗਵਾਹ ਹੋਣਾ ਹੀ ਹੈ।

ਮੀਡੀਆ ਕਿਵੇਂ ਸਾਡੀ ਸੋਚ ਅਗਵਾਹ ਕਰਦਾ ਹੈ ਇਸ ਦੀਆਂ ਕੁਝ ਕੁ ਉਦਾਹਰਣਾਂ ਦੇ ਰਿਹਾ ਹਾਂ, ਸਾਡੇ ਇੱਥੇ ਮਸ਼ਹੂਰੀਆਂ ਆਉਂਦੀਆਂ ਹਨ “ਪਰਫੇਕਟ ਬੱਚੇ ਆਹ ਦਹੀਂ ਖਾਂਦੇ ਹਨ”… “ਪਰਫੇਕਟ ਔਰਤਾਂ ਫਲਾਣੀ ਕੰਪਨੀ ਤੋਂ ਫ਼ੋਨ ਰਿਚਾਰਚ ਕਰਵਾਉਂਦੀਆਂ ਹਨ”... “ਪਰਫੇਕਟ ਔਰਤਾਂ ਫਲਾਣੀ ਕੰਪਨੀ ਦਾ ਪਾਣੀ ਪੀਂਦੀਆਂ ਹਨ”, ਹੁਣ ਆਹ ਪਰਫੇਕਟ ਦਿਖਾਉਣ ਦੇ ਚੱਕਰ 'ਚ ਜਨਤਾ ਮਹਿੰਗੀਆਂ ਚੀਜ਼ਾ ਖਰੀਦ ਖਰੀਦ ਕੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਪਰ ਹੋਣ ਦਾ ਭਰਮ ਪਾਲ ਲੈਂਦੀ ਹੈ ਤੇ ਓਹਨਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਓਹਨਾਂ ਨੂੰ ਮੂਰਖ ਬਣਾਇਆ ਗਿਆ ਹੈ।

ਇੱਕ ਹੋਰ ਉਦਾਹਰਣ ਹੈ “ਇੱਕ ਸੋਹਣਾ ਜਿਹਾ ਥੋੜੀ ਥੋੜੀ ਦਾਹੜੀ ਵਾਲਾ ਮਾਡਲ ਮੁੰਡਾ ਬੱਸ ਅੱਡੇ 'ਤੇ ਖੜਾ ਹੁੰਦਾ ਹੈ ਕੁੜੀ 'ਤੇ ਟਰਾਈ ਮਾਰਨ ਨੂੰ, ਕੁੜੀ ਓਹਦੇ ਵੱਲ ਦੇਖ ਕੇ ਮੂੰਹ ਵਿੰਗਾ ਜਿਹਾ ਕਰ ਕੇ ਲੰਘ ਜਾਂਦੀ ਹੈ, ਓਹ ਨਮੋਸ਼ ਜਿਹਾ ਹੋਕੇ ਮੂੰਹ 'ਤੇ ਹੱਥ ਫੇਰਦਾ ਤਾਂ ਓਹਨੂੰ ਦਾਹੜੀ ਚੁਭਦੀ ਆ, ਦੂਜੇ ਦਿਨ ਓਹ ਦਾਹੜੀ ਕਟਾ ਕੇ 2-3 ਮਿਲੀਮੀਟਰ ਦੀ ਕਰਵਾ ਲੈਂਦਾ ਹੈ ਤੇ ਸਮੇਂ ਮੁਤਾਬਿਕ ਓਥੇ ਖੜ ਜਾਂਦਾ ਹੈ, ਕੁੜੀ ਫਿਰ ਓਹਦੇ ਵੱਲ ਦੇਖਦੀ ਆ ਤੇ ਮੂੰਹ ਜਿਹਾ ਬਣਾਉਂਦੀ ਆ ਕੇ ਠੀਕ ਠੀਕ ਈ ਲਗਦਾ ਆ। ਤੀਜੇ ਦਿਨ ਓਹ 3 ਬਲੇਡਾਂ ਵਾਲੇ ਉਸਤਰੇ ਨਾਲ ਸ਼ੇਵ ਕਰਕੇ ਆਉਂਦਾ, ਤਾਂ ਆਉਂਦੇ ਸਾਰ ਈ ਓਸੇ ਕੁੜੀ ਸਮੇਤ 3-4 ਕੁੜੀਆਂ ਓਹਨੂੰ ਚਿੰਬੜ ਜਾਂਦੀਆਂ ਹਨ”, ਹੁਣ ਜਿਹੜੇ ਤਾਂ ਕੱਚੀ ਸੋਚ ਦੇ ਮਾਲਿਕ ਮੁੰਡੇ ਹਨ ਓਹ ਸ਼ੇਵ ਕਰਨ ਨੂੰ ਭੱਜਣਗੇ ਕੇ ਸੋਹਣੀ ਕੁੜੀ ਫਸ ਜਾਊ ਤੇ ਕੱਚੀ ਸੋਚ ਵਾਲੀਆਂ ਕੁੜੀਆਂ ਇਹ ਸੋਚਣਗੀਆਂ ਕੇ ਦਾਹੜੀ ਵਾਲੇ ਮੁੰਡੇ ਨਾਲੋਂ ਕਲੀਨ ਸ਼ੇਵ ਜ਼ਿਆਦਾ ਸੋਹਣਾਂ ਆ, ਜਦਕਿ ਦਾਹੜੀ ਵਾਲੇ ਦਾ ਆਪਣਾ ਰੋਬ ਹੁੰਦਾ ਹੈ ਤੇ ਕਲੀਨਸ਼ੇਵ ਦਾ ਆਪਣਾ, ਪਰ ਕਿਉਂਕਿ ਇੱਕ ਕੰਪਨੀ ਨੂੰ ਕਰੋੜਾਂ ਦਾ ਫਾਇਦਾ ਹੁੰਦਾ ਹੈ ਸ਼ੇਵ ਕਰਨ ਵਾਲਾ ਸਮਾਨ ਵਿਕਣ ਨਾਲ ਇਸ ਲਈ ਓਹਨਾਂ ਨੇ ਤਾਂ ਜਨਤਾ ਦੀ ਸੋਚ 'ਚ ਇਹੀ ਭਰਨਾ ਹੈ ਕਿੇ ਦਾਹੜੀ ਵਾਲੇ ਚੰਗੇ ਨਹੀਂ ਲਗਦੇ ਤੇ ਇਧਰ ਸਰਦਾਰਾਂ ਦੇ ਬਹੁਤੇ ਮੁੰਡੇ ਕੁੜੀਆਂ ਵੀ ਇਸੇ ਵਹਿਣ ਵਿੱਚ ਵਹਿ ਜਾਂਦੇ ਹਨ। ਜਿਹਨਾਂ ਦੀ ਆਪਣੀ ਸੋਚ ਹੁੰਦੀ ਹੈ ਆਪਣੇ ਆਪ ਦਾ ਪਤਾ ਹੁੰਦਾ ਹੈ, ਸਿਰਫ ਓਹ ਲੋਕ ਕਿਸੇ ਦੇ ਮਗਰ ਨਹੀਂ ਲਗਦੇ ਬਾਕੀ ਵਿਚਾਰਿਆਂ ਕੋਲ ਤਾਂ ਆਪਣੀ ਸੋਚ ਹੁੰਦੀ ਨਹੀਂ। ਓਹ ਸਿਰਫ ਓਹੀ ਕੁਛ ਸੋਚਦੇ ਹਨ ਜੋ ਓਹਨਾਂ ਨੂੰ ਸੋਚਣ ਲਈ ਕਿਹਾ ਦਿਖਾਇਆ ਜਾਂਦਾ ਹੈ।

ਆਪਣੀ ਮਾਤ ਭਾਸ਼ਾ ਨਾਲ ਨਫ਼ਰਤ ਕਰਨਾ, ਨਸ਼ਿਆਂ ਦੇ ਵਹਿਣ ਵਿੱਚ ਵਹਿਣਾਂ, ਗੁਰੂਆਂ ਦੀਆਂ ਸਿੱਖਿਆਵਾਂ ਤੋਂ ਮੂੰਹ ਮੋੜ ਲੈਣਾ, ਨਾਸਤਕਵਾਦ ਦੇ ਮਗਰ ਲੱਗਣਾ ਸਭ ਦਾ ਆਪਸ ਵਿੱਚ ਗੂੜਾ ਸਬੰਧ ਹੈ ਜਿਸ ਤਹਿਤ ਪੰਜਾਬੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ।

ਜਿਵੇਂ ਉਚਾਈ ਤੇ ਜਾਣ ਲਈ ਜੋਰ ਲਗਦਾ ਹੈ ਤੇ ਨਿਵਾਣ ਵੱਲ ਡਿਗਣਾ ਸੌਖਾ ਹੁੰਦਾ ਹੈ, ਬਿਲਕੁਲ ਓਸੇ ਤਰਾਂ ਹੀ ਸੋਚ ਉੱਚੀ ਚੁੱਕਣ ਲਈ ਦੁਨਿਆਵੀ ਦੇ ਵਹਾਅ ਦੇ ਉਲਟ ਚਲਣਾ ਪਵੇਗਾ। ਸਿਆਣਿਆਂ ਨੇ ਕਿਹਾ ਹੈ ਕਿ ਖੂਹ 'ਚ ਡਿਗਣ ਲਈ ਇੱਕ ਛਾਲ ਹੀ ਬਹੁਤ ਹੁੰਦੀ ਹੈ, ਪਰ ਨਿਕਲਣ ਲਈ 100 ਛਾਲ ਮਾਰਕੇ ਵੀ ਨਹੀਂ ਨਿਕਲਿਆ ਜਾ ਸਕਦਾ।

ਪੰਜਾਬ ਵਿੱਚ ਨਸ਼ੇੜੀ ਮਸਤਾਂ ਦਾ ਫੈਲਣਾ ਵੀ ਪੰਜਾਬੀਆਂ ਦੀ ਸੋਚ ਨੂੰ ਨਿਵਾਣ ਵੱਲ ਲਿਜਾਣ ਦੀ ਇੱਕ ਕੋਝੀ ਸਾਜਿਸ਼ ਹੈ, ਜਿਸ ਵਿੱਚ ਬਹੁਗਿਣਤੀ ਪੰਜਾਬੀ ਫਸ ਚੁੱਕੇ ਹਨ, ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲਣਾ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਅਸੀਂ ਆਪਣੀ ਸੋਚ ਧਾਰਮਿਕ ਬਣਾ ਲਈਏ ਤੇ ਗੁਰੂਆਂ ਦੇ ਦੱਸੇ ਮਾਰਗ 'ਤੇ ਚੱਲੀਏ, ਕਿਉਂਕਿ ਸਿੱਖ ਧਰਮ ਨੇ ਸਾਨੂੰ ਉੱਚਾ ਸੁੱਚਾ ਜੀਵਨ ਜਿਓਣ ਦਾ ਇੱਕ ਮਾਡਲ ਦਿੱਤਾ ਹੈ, ਜਿਸ ਵਿੱਚ ਆਪਣੀ ਸੋਚ ਨੂੰ ਉੱਚੀ ਸੁੱਚੀ ਰੱਖਕੇ ਸਰੀਰਕ, ਦਿਮਾਗੀ ਤੇ ਆਤਮਿਕ ਤੌਰ 'ਤੇ ਤੰਦਰੁਸਤ ਬਣਨਾ ਸਿਖਾਇਆ ਗਿਆ ਹੈ

ਉੱਪਰ ਲਿਖੇ ਲੇਖ ਵਿੱਚ ਵੀ ਬਹੁਤੇ ਅੱਖਰ ਸ਼ਾਇਦ ਪੰਜਾਬੀ ਦੇ ਨਾ ਹੋਣ, ਮੈਂ ਦਾਅਵਾ ਨਹੀਂ ਕਰ ਸਕਦਾ ਕੇ ਜੋ ਵੀ ਲਿਖਿਆ ਹੈ ਓਹ ਸਾਰਾ ਕੁਛ ਪੰਜਾਬੀ ਵਿੱਚ ਹੀ ਹੈ। ਸਾਡੇ ਦੇਖਦਿਆਂ ਦੇਖਦਿਆਂ ਪੰਜਾਬੀ ਦੇ ਬਹੁਤੇ ਅੱਖਰ ਅਲੋਪ ਹੋ ਚੁੱਕੇ ਹਨ ਤੇ ਆਉਂਦੇ ਕੁਝ ਸਮੇਂ ਤੱਕ ਪੰਜਾਬੀ ਵਿਰੋਧੀ ਪੰਜਾਬੀਆਂ ਵਲੋਂ ਬਾਕੀ ਅੱਖਰਾਂ ਦਾ ਖਾਤਮਾਂ ਵੀ ਜਾਰੀ ਰਹੇਗਾ। ਇਹ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕੇ ਆਪਣੀ ਮਾਂ ਬੋਲੀ ਪੰਜਾਬੀ ਦੇ ਅੱਖਰ ਹੀ ਵਰਤੀਏ, ਤਾਂ ਕਿ ਆਉਣ ਵਾਲਿਆਂ ਪੀੜੀਆਂ ਤੱਕ ਅਸਲੀ ਪੰਜਾਬੀ ਅਤੇ ਸਹੀ ਸੋਚ ਪਹੁੰਚਾਈ ਜਾ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top