Share on Facebook

Main News Page

ਹਰਿਆਣਾ ਕਮੇਟੀ ਤੋਂ ਕੌਮ ਦੀਆਂ ਆਸਾਂ, ਅਤੇ ਉਸ ਦੀ ਸਾਰਥਕਤਾ
-: ਇੰਦਰਜੀਤ ਸਿੰਘ ਕਾਨਪੁਰ

ਕੌਮ 'ਤੇ ਝੁਲ ਰਹੇ ਕਾਲੇ ਝੱਖੜਾਂ ਵਾਲੀਆਂ ਹਨੇਰੀਆਂ ਰਾਤਾਂ ਵਿੱਚ, ਦੂਰ ਕਿਤੇ ਇਕ ਹਲਕੀ ਜਿਹੀ ਆਸ ਦੀ ਕਿਰਣ ਨਜਰ ਆਈ, ਜਦੋਂ ਹਰਿਆਣਾ ਸਰਕਾਰ ਨੇ ਹਰਿਆਣੇ ਦੀ ਵਖਰੀ ਗੁਰਦੁਆਰਾ ਕਮੇਟੀ ਦਾ ਬਿਲ ਪਾਸ ਕਰ ਦਿਤਾ। ਆਉਣ ਵਾਲੇ ਸਮੇਂ ਅੰਦਰ ਇਹ ਕਮੇਟੀ ਸਿੱਖੀ ਨੂੰ ਚੜ੍ਹਦੀਕਲਾ ਵਿੱਚ ਲੈ ਜਾ ਸਕਦੀ ਹੈ, ਬਸ਼ਰਤੇ ਆਉਣ ਵਾਲੇ ਸਮੇਂ ਅੰਦਰ, ਹਰਿਆਣੇ ਦੀ ਚੁਣੀ ਜਾਣ ਵਾਲੀ ਕਮੇਟੀ ਦੇ ਮੈਂਬਰ, ਵਿਦਵਾਨ, ਬੁਧੀਜੀਵੀ ਅਤੇ ਗੁਰਮਤਿ ਦੇ ਧਾਰਣੀ ਹੋਣ। ਇਹ ਵੀ ਜ਼ਰੂਰੀ ਹੈ ਕਿ ਇਨ੍ਹਾਂ ਮੈਂਬਰਾਂ ਅਤੇ ਅਹੁਦੇਦਾਰਾਂ ਕੋਲ ਰਾਜਨੀਤਿਕ ਅਤੇ ਗੁਰਮਤਿ ਅਨੁਸਾਰ ਫੈਸਲੇ ਕਰਨ ਦੀ ਕੁਸ਼ਲਤਾ, ਤਜੁਰਬਾ ਅਤੇ ਨੀਤੀ ਵੀ ਹੋਵੇ। ਸਿਰਫ ਵਖਰੀ ਕਮੇਟੀ ਬਣਾ ਲੈਣ ਨਾਲ ਹੀ ਸਾਰੇ ਟੀਚਿਆਂ ਦੀ ਪ੍ਰਾਪਤੀ ਨਹੀਂ ਹੋ ਜਾਣੀ।

ਮੰਜਿਲ ਦਾ ਹੱਲੀ ਸਿਰਫ ਰਾਹ ਹੀ ਦਿਸਿਆ ਹੈ, ਲੇਕਿਨ ਮੰਜਿਲ ਹੱਲੀ ਬਹੁਤ ਦੂਰ ਹੈ। ਉਸ ਦੀ ਵਜਿਹ ਇਹ ਹੈ ਕਿ ਅਕਾਲੀਆਂ ਨੇ ਅਪਣਾਂ ਅੱਡੀ ਚੋਟੀ ਦਾ ਜੋਰ ਲਾ ਦੇਣਾ ਹੈ, ਇਸ ਕਮੇਟੀ ਵਿੱਚ ਘੁਸਪੈਠ ਕਰਨ ਲਈ। ਜੇ ਉਹ ਦਿੱਲੀ ਕਮੇਟੀ ਵਾਂਗ, ਹਰਿਆਣੇ ਦੀ ਕਮੇਟੀ 'ਤੇ ਕਬਜਾ ਕਰਨ ਵਿੱਚ ਸਫਲ ਰਹੇ, ਤਾਂ ਇਹ ਸਾਰਾ ਉੱਦਮ ਅਜਾਂਈ ਤਾਂ ਜਾਵੇਗਾ ਹੀ, ਬਲਕਿ ਸਿੱਖੀ ਲਈ ਇਸ ਦੇ ਸਿੱਟੇ ਹੋਰ ਵੱਧ ਖਤਰਨਾਕ ਅਤੇ ਭਇਆਨਕ ਵੀ ਹੋ ਸਕਦੇ ਹਨ। ਕਿਉਂਕਿ ਦਿੱਲੀ ਤੋਂ ਲੈ ਕੇ ਪੰਜਾਬ ਤਕ ਸਿੱਖੀ ਨੂੰ ਅਪਣੇ ਮਨਸੂਬਿਆਂ ਲਈ ਵਰਤਨ ਲਈ ਇਕ ਪੂਰੀ ਬੇਲਟ, ਅਕਾਲੀਆਂ ਦੇ ਹੱਥ ਵਿੱਚ ਹੋਵੇਗੀ।

ਇਸ ਵੇਲੇ ਸਿੱਖੀ ਉਤੇ ਸਭਤੋਂ ਵੱਡਾ ਖਤਰਾ ਅਕਾਲੀਆਂ ਅਤੇ ਉਸ ਦੇ ਭਾਈਵਾਲ ਆਰ. ਐਸ ਐਸ. ਕੋਲੋਂ ਹੈ। ਆਰ. ਐਸ. ਐਸ. ਦਾ ਅਜੇਂਡਾ ਸਿੱਖੀ ਦੀ ਹਰ ਉਸ ਚੀਜ ਨੂੰ ਨੇਸਤੇਨਾਬੂਦ ਕਰ ਦੇਣਾ ਹੈ, ਜੋ ਸਿੱਖੀ ਦੀ ਵਖਰੀ ਹੋਂਦ ਨੂੰ ਦਰਸਾਂਉਦੀ ਹੈ। ਸਿੱਖੀ ਦੀ ਵਖਰੀ ਪਛਾਣ ਅਤੇ ਸਵੈਮਾਨ ਦੇ ਪ੍ਰਤੀਕ, ਨਾਨਕ ਸ਼ਾਹੀ ਕੈਲੰਡਰ ਦਾ ਜੋ ਹਸ਼ਰ ਇਨ੍ਹਾਂ ਨੇ ਰਲ ਮਿਲ ਕੇ ਕੀਤਾ, ਉਹ ਸਭ ਦੇ ਸਾਮ੍ਹਣੇ ਹੈ। ਅਕਾਲੀ ਅਤੇ ਟਕਸਾਲੀ, ਉਹ ਹਰ ਕੰਮ ਕਰਨ ਲਈ ਤਿਆਰ ਹਨ, ਜੋ ਆਰ. ਐਸ . ਐਸ ਚਾਹੁੰਦਾ ਹੈ। ਬਦਲੇ ਵਿੱਚ ਇਨ੍ਹਾਂ ਅਕਾਲੀਆ ਨੂੰ ਚਾਹੀਦਾ ਹੈ, ਸਿਰਫ ਤੇ ਸਿਰਫ ਸੱਤਾ ਦਾ ਸੁੱਖ। ਕੁਰਸੀਆਂ ਖਾਤਰ ਇਹ ਸਿੱਖੀ ਨੂੰ ਗਿਰਵੀ ਰੱਖ ਚੁਕੇ ਨੇ। ਕੁਰਸੀ ਦੀ ਖਾਤਿਰ ਇਹ ਅਕਾਲ ਤਖਤ ਵਰਗੇ ਧਾਰਮਿਕ ਅਦਾਰੇ ਅਤੇ ਸ਼੍ਰੋਮਣੀ ਕਮੇਟੀ ਨੂੰ ਵਰਤ ਰਹੇ ਨੇ। ਇਹ ਲੋਕ ਰਲ ਮਿਲ ਕੇ ਸਿੱਖੀ ਦੀ ਵਖਰੀ ਹੋਂਦ ਨੂੰ ਜੜ੍ਹੋ ਮਿਟਾ ਦੇਣਾਂ ਚਾਹੁੰਦੇ ਹਨ। ਕਾਫੀ ਹਦ ਤਕ ਇਸ ਵਿੱਚ ਇਹ ਕਾਮਯਾਬ ਵੀ ਹੋ ਚੁਕੇ ਹਨ।

ਦਮਦਮੀ ਟਕਸਾਲ ਉੱਤੇ ਇਨ੍ਹਾਂ ਨੇ ਕਿਸ ਤਰ੍ਹਾਂ ਕਬਜਾ ਕੀਤਾ ਅਤੇ ਹਰਨਾਮ ਸਿੰਘ ਧੂੰਮੇ ਵਰਗਾ ਸ਼ੱਕੀ ਕਿਰਦਾਰ ਵਾਲਾ ਬੰਦਾ ਉਸ ਦਾ ਮੁਖੀ ਕਿਸ ਤਰ੍ਹਾਂ ਬਣ ਗਇਆ? ਇਹ ਅਚਾਨਕ ਕਿਥੋਂ ਪ੍ਰਗਟ ਹੋਇਆ? ਭੋਲੇ ਭਾਲੇ ਸਿੱਖਾਂ ਨੂੰ ਤਾਂ ਇਸ ਦੀ ਸਮਝ ਵੀ ਨਹੀਂ ਹੈ ।ਇਹ ਧੂੰਮਾਂ ਕਿਥੋ ਆਇਆ ਅਤੇ ਸਿੱਖੀ ਵਿੱਚ ਇਸ ਦੀ ਕੀ ਕੁਰਬਾਨੀ ਅਤੇ ਯੋਗਦਾਨ ਹੈ ? ਇਹ ਤਾਂ ਅੱਜ ਤਕ ਕਿਸੇ ਸਿੱਖ ਨੇ ਉਸ ਕੋਲੋਂ ਪੱਛਣ ਦੀ ਹਿੰਮਤ ਤਕ ਨਹੀਂ ਕੀਤੀ। "ਸੰਤ ਸਮਾਜ" ਜਿਸਦਾ ਨਾਮ ਹੀ ਗੁਰਮਤਿ ਅਨੁਸਾਰ ਗੈਰ ਸਿਧਾਂਤਕ ਹੈ, ਸਿੱਖੀ ਦੇ ਸਿਰ 'ਤੇ ਕਿਵੇਂ ਸਵਾਰ ਹੋ ਗਇਆ ? ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ। ਕੁੱਝ ਦਿਨ ਪਹਿਲਾਂ ਰਾਧਾ ਸੁਆਮੀ ਡੇਰੇ 'ਤੇ, ਉਸ ਦੇ ਮੁਖੀ ਨਾਲ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੀ ਗੁਪਤ ਮੀਟਿੰਗ ਹੋਈ। ਇਹ ਸਿੱਖੀ ਉਤੇ ਆਉਣ ਵਾਲੇ ਬੁਰੇ ਵਕਤ ਦਾ ਸਾਫ ਸੰਕੇਤ ਹੈ। ਅਕਾਲੀ ਅਤੇ ਟਕਸਾਲੀ ਆਰ.ਐਸ.ਐਸ. ਦਾ ਪੱਖ ਹੀ ਤਾਂ ਪੂਰ ਰਹੇ ਨੇ। ਨਾਲ ਹੀ ਹੁਣ ਪੰਜਾਬ ਦੇ ਡੇਰੇ ਵੀ ਇਸ ਕਮ ਵਿੱਚ ਵੱਧ ਚੜ੍ਹ ਕੇ ਕੇਟਾਲਿਸਟ ਦੀ ਭੂਮੀਕਾ ਨਿਭਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ ਅਤੇ ਆਰ. ਐਸ ਐਸ. ਇਹ ਮਾਹੌਲ ਬਨਾਉਣ ਵਿੱਚ ਲੱਗਾ ਹੋਇਆ ਹੈ। ਬਸ ਪਲੀਤਾ ਲਗਣ ਦੀ ਦੇਰ ਹੈ, ਭਾਂਬੜ ਬਲਣ ਵਿੱਚ ਕੋਈ ਦੇਰ ਨਹੀਂ ਲਗਣੀ। ਸਿੱਖੀ ਚਹੁਆਂ ਪਾਸਿਉਂ ਘਿਰ ਚੁਕੀ ਹੈ। ਪੰਜਾਬ ਦਾ ਪਤਿਤ ਨੌਜੁਆਨ ਵੈਸੇ ਵੀ ਸਿੱਖੀ ਤੋਂ ਮੂਹ ਮੋੜ ਚੁਕਾ ਹੈ। ਗੁਰਮਤਿ ਤੋਂ ਅਨਜਾਨ ਬਚੀ ਖੁਚੀ ਸਿੱਖ ਜਵਾਨੀ "ਸਾਂਝੀਵਾਲਤਾ" ਅਤੇ "ਹਿੰਦੂ ਸਿੱਖ ਭਾਈਚਾਰੇ" ਅਤੇ "ਸਭਿਆਚਾਰ" ਦੇ ਬਹਾਨੇ ਅਨਮਤਿ ਵਿੱਚ ਰਲ ਗਡ ਕੀਤੀ ਜਾ ਚੁਕੀ ਹੈ। ਵਿਰੋਧੀ ਬੜਾ ਜਾਬਰ ਅਤੇ ਨੀਤੀਵਾਨ ਹੈ। ਸਾਡੇ ਕੋਲ ਨਾ ਏਕਾ ਹੈ ਅਤੇ ਨਾ ਨੀਤੀ। ਸੱਤਾ ਦੀ ਪਾਵਰ ਵੀ ਉਨ੍ਹਾਂ ਕੋਲ ਹੈ। ਅਸੀਂ ਨਿਹੱਥੇ ਹਾਂ, ਮਾਰੇ ਜਾਵਾਂਗੇ, ਇਕ ਇਕ ਕਰਕੇ, ਜੇ ਇਕੱਠੇ ਨਾ ਹੋਏ।

ਹਰਿਆਣਾਂ ਕਮੇਟੀ ਦੀਆਂ ਚੋਣਾਂ ਵਿੱਚ ਇਹ ਲੋਗ ਫਿਰ ਅਕਾਲ ਤਖਤ ਦੇ ਹੁਕਮਨਾਮੇ ਦੀ ਦੁਹਾਈ ਦੇ ਕੇ, ਦਿੱਲੀ ਕਮੇਟੀ ਵਾਂਗ ਅਪਣੇ ਪੁਰਾਨੇ ਹੱਥਕੰਡੇ ਅਜਮਾਉਣਗੇ। ਨਲਵੀ ਸਾਹਿਬ ਅਤੇ ਝੀਂਡਾ ਸਾਹਿਬ ਨੂੰ ਸਕੱਤਰੇਤ ਵਿੱਚ ਬੁਲਾਉਣਗੇ ਅਤੇ ਛੇਕਣ ਦਾ ਪੂਰਾ ਇੰਤਜਾਮ ਕਰਨਗੇ। ਫਿਰ ਇਹ ਕੱਚੀ ਸੋਚ ਵਾਲੇ ਸਿੱਖਾਂ ਨੂੰ ਇਹ ਕਹਿ ਕੇ ਗੁਮਰਾਹ ਕਰਨਗੇ ਕਿ, "ਇਹ ਲੋਕ ਤਾਂ ਅਕਾਲ ਤਖਤ ਤੋਂ ਬਾਗੀ ਹਨ। ਇਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਸ਼ਰੀਕ ਕਮੇਟੀ ਬਣਾ ਕੇ ਪੁਰਾਤਨ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਧ੍ਰੋਹ ਕੀਤਾ ਹੈ, ਜਿਨ੍ਹਾਂ ਦੀ ਕੁਰਬਾਨੀ ਸਦਕਾ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸੀ" ਆਦਿਕ।

ਨਲਵੀ ਸਾਹਿਬ ਅਤੇ ਝੀਂਡਾ ਸਾਹਿਬ ਪੰਥ ਦਰਦੀ ਹਨ। ਇਨ੍ਹਾਂ ਦੀਆਂ ਅਥਕ ਕੋਸ਼ਿਸ਼ਾਂ ਅਤੇ ਕਈ ਵਰ੍ਹਿਆਂ ਦੀ ਮੇਹਨਤ ਦਾ ਨਤੀਜਾ ਹੈ ਕਿ ਇਹ ਬਿਲ ਪਾਸ ਹੋ ਸਕਿਆ। ਹੋ ਸਕਦਾ ਹੈ ਕਿ ਇਹ ਰਾਜਨੀਤਿਕ ਪੱਖੋਂ ਬਹੁਤ ਮਾਹਿਰ ਨਾ ਹੋਣ, ਲੇਕਿਨ ਗੁਰਮਤਿ ਦੇ ਜਾਨਕਾਰ ਜਰੂਰ ਹਨ। ਦੂਜੇ ਪਾਸੇ ਸਰਨਾਂ ਭਰਾ ਭਾਵੇ ਗੁਰਮਤਿ ਦੇ ਬਹੁਤ ਵੱਡੇ ਜਾਨਕਾਰ ਨਹੀਂ ਹਨ ਲੇਕਿਨ ਰਾਜਨੀਤਿਕ ਪੈਂਤਰੇ ਬਾਜੀਆਂ ਦੀ ਸੋਝੀ ਰਖਦੇ ਹਨ। ਜੇ ਇਹ ਇਕ ਦੂਜੇ ਨਾਲ ਰਲ ਕੇ ਚੱਲਣ ਤਾਂ ਹੋ ਸਕਦਾ ਹੈ ਕਿ ਕੋਈ ਨੀਤੀ ਕੰਮ ਕਰ ਜਾਵੇ। ਸਰਨਾਂ ਭਰਾਵਾਂ ਦੇ ਹੱਥੋਂ ਦਿੱਲੀ ਖੁਸਣ ਦੀ ਵਜਿਹ ਹੀ ਇਹ ਰਹੀ ਕਿ ਉਹ ਰਾਜਨੀਤਿਕ ਪਕੜ ਹੋਣ ਦੇ ਬਾਵਜੂਦ ਵੀ ਗੁਰਮਤਿ ਅਤੇ ਸਿਧਾਂਤਕ ਪੱਖੋਂ ਕਮਜੋਰ ਦਿੱਸੇ। ਸਕੱਤਰੇਤ ਵਿੱਚ ਗੇੜੇ ਤੇ ਗੇੜਾ ਮਾਰਨਾਂ ਅਤੇ "ਸਕੱਤਰੇਤ ਜੂੰਡਲੀ" ਨੂੰ "ਸਿੰਘ ਸਾਹਿਬਾਨ" ਦੀ ਮਾਨਤਾ ਦੇਣਾ, ਉਹ ਅਪਣੀ ਨੀਤੀ ਸਮਝਦੇ ਰਹੇ, ਲੇਕਿਨ ਉਨ੍ਹਾਂ ਦੀ ਇਹ ਨੀਤੀ ਵੀ ਕਿਸੇ ਕਮ ਨਾ ਆ ਸਕੀ, ਕਿਉਂਕਿ ਇਸ ਨਾਲ ਸਕੱਤਰੇਤ ਜੂੰਡਲੀ ਦਾ ਅਹੰਕਾਰ ਅਤੇ ਬੁਰਛਾਗਰਦੀ ਹੋਰ ਵਧ ਗਈ।

ਹੁਣ ਜੇ ਝੀਂਡਾ ਸਾਹਿਬ ਅਤੇ ਨਲਵੀ ਸਾਹਿਬ ਵੀ ਇਸ "ਜੂੰਡਲੀ" ਨੂੰ "ਸਿੰਘ ਸਾਹਿਬਾਨ" ਅਤੇ "ਸਕੱਤਰੇਤ" ਨੂੰ "ਅਕਾਲ ਤਖਤ" ਦਾ ਦਰਜਾ ਦੇ ਕੇ, ਉਸ ਕਾਲ ਕੋਠਰੀ ਵਿੱਚ ਹਾਜਰੀਆਂ ਭਰਦੇ ਨੇ, ਤਾਂ ਜਾਗਰੂਕ ਸਿੱਖਾਂ ਵਿੱਚ ਇਸਦਾ ਕੋਈ ਬਹੁਤ ਚੰਗਾ ਸੁਨੇਹਾ ਨਹੀਂ ਜਾਵੇਗਾ। ਬਹੁਤਿਆਂ ਪ੍ਰਧਾਨਾਂ ਦੀ ਕਮਜੋਰੀ ਹੀ ਇਹ ਹੁੰਦੀ ਹੈ ਕਿ ਉਹ ਅਪਣੀ ਕੁਰਸੀ ਬਚਾਉਣ ਲਈ "ਸਕੱਤਰੇਤ" ਨੂੰ "ਅਕਾਲ ਤਖਤ" ਦਾ ਸ਼ਰੀਕ ਬਣਾਂ ਦਿੰਦੇ ਹਨ ਅਤੇ ਇਨ੍ਹਾਂ ਬੁਰਛਾਗਰਦਾਂ ਦੇ ਕੂੜ ਨਾਮਿਆਂ ਨੂੰ "ਅਕਾਲ ਤਖਤ ਦਾ ਹੁਕਮਨਾਮਾਂ" ਸਾਬਿਤ ਕਰਦੇ ਹਨ। ਸਰਨਾਂ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਅਪਣੀ ਰਾਜਨੀਤਿਕ ਪਕੜ ਦਾ ਲਾਭ ਇਸ ਕਮੇਟੀ ਵਿੱਚ ਰਹਿਕੇ ਦੇਂਦੇ ਰਹਿਣ ਅਤੇ ਜੋ ਗਲਤੀਆਂ ੳਨ੍ਹਾਂ ਨੇ ਪਹਿਲਾਂ ਕੀਤੀਆਂ ਹਨ, ਉਨ੍ਹਾਂ ਨੂੰ ਦੋਬਾਰਾ ਨਾ ਕੀਤਾ ਜਾਵੇ। ਜੇ ਹਰਿਆਣਾ ਕਮੇਟੀ ਮਜਬੂਤ ਹੋਵੇਗੀ, ਤਾਂ ਦਿੱਲੀ ਵੀ ਹੱਥ ਵਿੱਚ ਆ ਜਾਵੇਗੀ।

ਸਰਨਾਂ ਭਰਾਵਾਂ ਦਾ ਦਿੱਲੀ ਕਮੇਟੀ ਵਿੱਚ ਹਾਰਨਾ ਉਨ੍ਹਾਂ ਦੁਖਦਾਈ ਨਹੀਂ ਸੀ, ਜਿਨ੍ਹਾਂ ਸਰਨਾਂ ਭਰਾਵਾਂ ਦੇ ਹਾਰਨ ਨਾਲ ਮੌਜੂਦਾ ਦਿੱਲੀ ਕਮੇਟੀ ਹੱਥੋਂ ਨਾਨਕ ਸ਼ਾਹੀ ਕੈਲੰਡਰ ਦਾ ਭੋਗ ਪਾ ਦੇਣਾ, ਦੁਖਦਾਈ ਸੀ। ਮੂਲ ਨਾਨਕ ਸ਼ਾਹੀ ਕੈਲੰਡਰ ਦੇ ਕਤਲ ਪਿਛੋਂ, ਇਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਰਹਿ ਗਈ ਸੀ, ਜੋ ਮੂਲ ਨਾਨਕ ਸ਼ਾਹੀ ਕੈਲੰਡਰ 'ਤੇ ਪਹਿਰਾ ਦੇ ਰਹੀ ਸੀ। ਸਰਨਾਂ ਭਰਾਵਾਂ ਨੇ ਨਾਨਕ ਸ਼ਾਹੀ ਕੈਲੰਡਰ 'ਤੇ ਡੱਟ ਕੇ ਪਹਿਰਾ ਦਿਤਾ ਅਤੇ ਬਹੁਤ ਵੱਡੇ ਪਧਰ ਤੇ ਉਸਨੂੰ ਛਾਪ ਛਾਪ ਕੇ ਵੰਡਦੇ ਰਹੇ। ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਮਣਾਏ ਜਾਂਦੇ ਰਹੇ। ਅਖੀਰਲੇ ਸਮੈਂ ਵਿੱਚ ਉਹ ਜਰੂਰ ਥਿੜਕ ਗਏ ਅਤੇ ਅਪਣੇ ਗਲਤ ਸਲਾਹਕਾਰਾਂ ਦੀ ਸਲਾਹ ਜਾਂ ਬੁਰਛਾਗਰਦਾਂ ਦੇ ਪ੍ਰਭਾਵ ਹੇਠ ਆਕੇ, ਉਨ੍ਹਾਂ ਨੇ ਸੰਗ੍ਰਾਂਦਾ ਅਤੇ ਕੁਝ ਦਿਹਾੜੇ ਬਿਕ੍ਰਮੀ ਜੰਤਰੀ ਅਨੁਸਾਰ ਮੰਨ ਲਏ। ਇਹ ਨੀਤੀ ਵੀ ਉਨ੍ਹਾਂ ਦੀ ਕੁਨੀਤੀ ਹੀ ਬਣਕੇ ਨਿਬੜੀ।

ਮੁੱਢਲੇ ਤੌਰ 'ਤੇ, ਹਰਿਆਣਾ ਕਮੇਟੀ ਨੂੰ ਹੁਣ ਤਿੰਨ ਗੱਲਾਂ ਨੂੰ ਅਧਾਰ ਬਨਾਉਣਾਂ ਪਵੇਗਾ, ਐਸੀ ਮੇਰੀ ਨਿਜੀ ਸੋਚ ਹੈ

ਪਹਿਲਾ ਕਿ ਅਸੀਂ ਅਕਾਲ ਤਖਤ ਨੂੰ ਸਮਰਪਿਤ ਹਾਂ, ਲੇਕਿਨ ਅਕਾਲ ਤਖਤ ਤੇ ਕਾਬਿਜ ਸਿਆਸੀ ਮੁਹਰਿਆਂ ਦੇ ਕੂੜ ਨਾਮਿਆਂ ਨੂੰ ਅਸੀਂ "ਅਕਾਲ ਤਖਤ ਦਾ ਹੁਕਮਨਾਮਾ" ਨਹੀਂ ਮੰਨਦੇ। ਅਕਾਲ ਤਖਤ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਸਿਆਸੀ ਮੁਹਰਿਆਂ ਤੋਂ ਆਜ਼ਾਦ ਕਰਵਾਉਣ ਲਈ ਇਕ ਮੁਹਿਮ ਛੇੜਨੀ ਪਵੇਗੀ ਅਤੇ ਹਰਿਆਣੇ ਦੇ ਸਿੱਖਾਂ ਵਿੱਚ ਇਸ ਗੱਲ ਦਾ ਪ੍ਰਚਾਰ ਅੱਜ ਤੋਂ ਹੀ ਸ਼ੁਰੂ ਕਰ ਦੇਣਾ ਪਵੇਗਾ ਤਾਂ ਕਿ ਆਉਣ ਵਾਲੀਆਂ ਚੋਣਾਂ ਵਿੱਚ ਆਮ ਸਿੱਖ ਸੋਚ ਵਿਚ ਇਹ ਚੰਗੀ ਤਰ੍ਹਾਂ ਬੈਠ ਜਾਵੇ, ਕਿ ਹਰ ਸਿੱਖ ਅਕਾਲ ਤਖਤ ਦਾ ਸਤਕਾਰ ਕਰਦਾ ਹੈ, ਲੇਕਿਨ ਉਥੇ ਬੈਠੇ ਸਿਆਸੀ ਮੁਹਰਿਆਂ ਦੇ ਕੂੜ ਨਾਮਿਆਂ ਨੂੰ ਕੋਈ ਅਹਮਿਅਤ ਨਹੀ ਦਿੰਦਾ। ਇਸ ਨਾਲ, ਜਿਸ ਵੇਲੇ ਅਕਾਲੀਏ ਇਹ ਪ੍ਰਚਾਰ ਕਰਨਗੇ ਕਿ ਇਹ ਕਮੇਟੀ ਅਕਾਲ ਤਖਤ ਤੋਂ ਬਾਗੀ ਹੈ, ਤਾਂ ਇਸ ਦਾ ਉਲਟਾ ਅਸਰ ਹਰਿਆਣੇ ਦੇ ਸਿੱਖਾਂ 'ਤੇ ਨਹੀਂ ਹੋਵੇਗਾ।

ਦੂਜਾ: ਮੂਲ ਨਾਨਕ ਸ਼ਾਹੀ ਕੈਲੰਡਰ ਦਾ ਕਤਲ ਹੀ ਸ਼੍ਰੋਮਣੀ ਕਮੇਟੀ ਅਤੇ ਅਕਾਲੀਆਂ ਦਾ ਸਭ ਤੋਂ ਵੱਡਾ ਨੈਗੇਟਿਵ ਪੱਖ ਹੈ, ਜਿਸ 'ਤੇ ਪਹਿਰਾ ਦੇ ਕੇ ਘਰ ਘਰ ਇਹ ਸੁਨੇਹਾ ਪਹੂੰਚਾਉਣਾ ਪਵੇਗਾ ਕਿ ਇਹ ਸਿੱਖੀ ਦੀ ਵੱਖਰੀ ਹੋਂਦ ਅਤੇ ਸਵੈਮਾਨ ਦਾ ਪ੍ਰਤੀਕ ਹੈ। ਹਰ ਸਿੱਖ ਦਾ ਫਰਜ ਹੈ ਕਿ ਅਪਣੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ ਇਕ ਕੌਮੀ ਦਸਤਾਵੇਜ ਹੈ, ਦਾ ਸਤਕਾਰ ਕਰੇ। ਇਸ ਨਾਲ ਆਰ. ਐਸ. ਐਸ. ਅਤੇ ਅਕਾਲੀਆਂ ਦੀ ਇਹ ਕਰਤੂਤ ਸਿੱਖਾਂ ਦੇ ਮਨਾਂ ਵਿੱਚ ਨੈਗੇਟਿਵ ਸੰਦੇਸ਼ ਬਣਕੇ ਉਭਰੇਗੀ ।

ਤੀਜਾ: ਇਹ ਬਿਲ ਪਾਸ ਹੋਣ ਵੇਲੇ ਬੀ. ਜੇ. ਪੀ. ਦੇ ਲੀਡਰਾਂ ਨੇ ਹਰਿਆਣਾ ਵਿਧਾਨ ਸਭਾ ਤੋਂ ਵਾਕ ਆਉਟ ਕੀਤਾ ਸੀ। ਇਸ ਗਲ ਤੋਂ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਅਕਾਲੀ ਅਤੇ ਬੀ. ਜੇ. ਪੀ ਸਿੱਖਾਂ ਦੀ ਕਿਸੇ ਵੀ ਐਸੀ ਚੀਜ਼ ਨੂੰ ਹੋਂਦ ਵਿੱਚ ਨਹੀਂ ਆਉਣ ਦੇਣਾ ਚਾਹੁੰਦੇ, ਜੋ ਉਸ ਦੀ ਆਜ਼ਾਦ ਅਤੇ ਵਖਰੀ ਹੈਸਿਅਤ ਨੂੰ ਦਰਸਾਂਉਦੀ ਹੋਵੇ। ਇਹ ਸੁਨੇਹਾ ਵੀ ਹਰਿਆਣੇ ਦੇ ਸਿੱਖਾਂ ਵਿਚ ਜਾਣਾ ਚਾਹੀਦਾ ਹੈ। ਜੇ ਇਹੋ ਜਹੀਆਂ ਨੀਤੀਆਂ ਬਣਾ ਕੇ ਇਹ ਕਮੇਟੀ ਹੋਂਦ ਵਿੱਚ ਆਂਉਦੀ ਹੈ, ਤਾਂ ਉਹ ਕੌਮ ਲਈ ਜਰੂਰ ਲਾਹੇਵੰਦ ਹੋ ਸਕੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top