Share on Facebook

Main News Page

ਜਦੋਂ ਸਿਆਟਲ ਦੇ ਜਾਗਰੂਕ ਸਿੰਘਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ

ਸਿਆਟਲ: ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਕਾਫੀ ਦਿਨਾਂ ਤੋਂ ਅਮਰੀਕਾ ਦੇ ਦੌਰੇ 'ਤੇ ਸਨ ਅਤੇ ਉਨ੍ਹਾਂ ਦਾ ਸਿਆਟਲ ਦੇ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਵਿਖੇ ਆਉਣ ਦਾ ਪ੍ਰੋਗਰਾਮ ਵੀ ਬਣਿਆ ਹੋਇਆ ਸੀ। ਇੱਥੇ ਅਸੀਂ ਆਪ ਜੀ ਨੂੰ ਦੱਸਣਾ ਚਾਹਾਂਗੇ ਕਿ ਇਸ ਗੁਰਦੁਆਰਾ ਸਾਹਿਬ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਇੱਕ ਮਤਾ ਪਾਇਆ ਹੋਇਆ ਸੀ ਕਿ ਸਾਧ ਯੂਨੀਅਨ ਦਾ ਕੋਈ ਵੀ ਮੈਂਬਰ ਇੱਥੇ ਨਹੀਂ ਵੜਨ ਦਿੱਤਾ ਜਾਵੇਗਾ। ਪਰ ਕਮੇਟੀ ਬਦਲਣ ਕਰ ਕੇ ਸਾਧ ਯੂਨੀਅਨ ਵਲੋਂ ਦੁਬਾਰਾ ਆਪਣੇ ਪੈਰ ਇੱਥੇ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਕੁੱਝ ਵੀਰਾਂ ਵਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਫੇਰੀ ਨੂੰ ਵੀ ਇਸੇ ਅੰਦਾਜ ਵਿਚ ਵੇਖਿਆ ਜਾ ਰਿਹਾ ਸੀ। ਉਨ੍ਹਾਂ ਦਾ ਖਿਆਲ ਸੀ ਕਿ ਇਹ ਰਾਹ ਖੋਲ੍ਹਣ ਲਈ ਕੀਤਾ ਜਾ ਰਿਹਾ ਹੈ। ਦੁੱਧ ਦਾ ਸੜਿਆ ਲੱਸੀ ਨੂੰ ਵੀ ਫ਼ੂਕਾ ਮਾਰ ਕੇ ਪੀਣ ਦੀ ਕਹਾਵਤ ਮੁਤਾਬਿਕ ਕੁੱਝ ਇੱਕ ਵੀਰ ਕਮੇਟੀ ਦੇ ਪਿਛਲੇ ਵਤੀਰੇ ਤੋਂ ਜਾਣੂ ਸਨ। ਜਦੋਂ ਸਾਧ ਯੂਨੀਅਨ ਦੇ ਕੁੱਝ ਬੁਲਾਰੇ ਇਸ ਸਟੇਜ ਨੂੰ ਵਰਤਣ ਵਿਚ ਕਾਮਯਾਬ ਹੋ ਗਏ ਅਤੇ ਕਮੇਟੀ ਦੇ ਕੁੱਝ ਸਾਧ ਪੱਖੀ ਮੈਂਬਰਾਂ ਨੇ ਉਨ੍ਹਾਂ ਨਾਲ ਗੱਲਬਾਤ ਕਰਾਉਣ ਤੋਂ ਸਿਰਫ ਪਾਸਾ ਹੀ ਨਹੀਂ ਵੱਟਿਆ, ਸਗੋਂ ਆਪਣੀ ਤਾਕਤ ਦੀ ਧੌਂਸ ਵਿਖਾਉਣ ਦੀ ਵੀ ਕੋਸ਼ਿਸ਼ ਕੀਤੀ। ਜਿਸ ਤੋਂ ਚਿੰਤਤ ਕੁੱਝ ਸਿੰਘਾਂ ਵਲੋਂ ਬਿਆਨ ਜਾਰੀ ਕੀਤਾ ਗਿਆ ਕਿ ਇਸ ਸਟੇਜ 'ਤੇ ਬੋਲਣ ਤੋਂ ਪਹਿਲਾਂ ਸਾਡੇ ਕੁੱਝ ਸਵਾਲ ਹਨ ਜਿਸ ਬਾਰੇ ਅਸੀਂ ਉਨ੍ਹਾਂ ਨਾਲ ਵਿਚਾਰ ਕਰਨੀ ਚਾਹੁੰਦੇ ਹਾਂ।

ਜਦੋਂ ਭਾਈ ਰਣਜੀਤ ਸਿੰਘ ਜੀ ਨੂੰ ਪਤਾ ਲੱਗਾ ਕਿ ਉਹ ਸਾਡੇ ਹੀ ਵੀਰ ਹਨ ਅਤੇ ਸਿਰਫ ਕੁੱਝ ਮਸਲਿਆਂ ਤੇ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਇਸ ਲਈ ਪੂਰੀ ਹਾਮੀ ਭਰੀ ਕਿ ਮੈਂ ਉਨ੍ਹਾਂ ਨੂੰ ਮਿਲਣਾ ਚਾਹਾਂਗਾ।ਭਾਂਵੇ ਕਿ ਕੁੱਝ ਸਾਧਾਂ ਦੇ ਚੇਲਿਆਂ ਵਲੋਂ ਕਾਫੀ ਭੰਡੀ ਪਰਚਾਰ ਹੋਇਆ ਕਿ ਇਹ ਦੋ ਚਾਰ ਬੰਦੇ ਖੱਪ ਪਾਉਣਾ ਚਾਹੁੰਦੇ ਹਨ। ਸਕੀਮ ਇਹ ਸੀ ਕਿ ਗੱਲਬਾਤ ਨਹੀਂ ਕਰਾਈ ਜਾਵੇਗੀ ਅਤੇ ਜਿਸ ਦੀ ਉਨ੍ਹਾਂ ਨੇ ਆਖਰੀ ਸਮੇਂ ਤੱਕ ਕੋਸ਼ਿਸ਼ ਵੀ ਕੀਤੀ। ਪਰ ਭਾਈ ਸਾਹਿਬ ਜੀ ਹਵਾਈ ਅੱਡੇ ਤੋਂ ਉੱਤਰ ਕੇ ਸਿੱਧੇ ਹੀ ਉਨ੍ਹਾਂ ਵੀਰਾਂ ਕੋਲ ਗੱਲਬਾਤ ਕਰਨ ਲਈ ਪਹੁੰਚ ਗਏ।

ਬੜੇ ਹੀ ਵਧੀਆ ਤਰੀਕੇ ਨਾਲ ਗੁਰਮੱਤ ਵਿਚਾਰ ਗੋਸ਼ਟੀ ਹੋਈ। ਵਿਚਾਰ ਦਾ ਮੁੱਦਾ (ਪੰਥਕ) ਦਿਸ੍ਰਟੀਕੋਣ 'ਤੇ ਆਧਾਰਿਤ ਸੀ। ਸੰਗਤ ਵੱਲੋਂ ਵਲੋਂ ਆਏ ਮੁੱਖ ਸਵਾਲ ਸੀ ਕਿ ਅੱਜ ਸਾਨੂੰ ਅਮਰੀਕਾ ਕੈਨੇਡਾ ਅਤੇ ਕਈ ਹੋਰ ਸਰਕਾਰਾਂ ਸਾਡੇ ਗੁਰਪੁਰਬਾਂ ਤੇ ਮੁਬਾਰਕਬਾਦ ਦਿੰਦੀਆਂ ਹਨ।ਜੇ ਕਰ ਅਸੀਂ ਹੁਣ ਅਕਾਲ ਤਖ਼ਤ ਤੋਂ ਜਾਰੀ ਨਵੇਂ ਕੈਲੰਡਰ ਮੁਤਾਬਿਕ ਚੱਲਣ ਦਾ ਹੁਕਮ ਮੰਨਦੇ ਹਾਂ, ਤਾਂ ਅਸੀਂ ਇੱਥੇ ਦੀ ਸਰਕਾਰ ਨੂੰ ਕਿਵੇਂ ਦਸੀਏ ਕਿ ਸਾਡੇ ਗੁਰੂ ਸਾਹਿਬ ਦਾ ਜਨਮ ਦਿਹਾੜੇ ਹਰ ਸਾਲ ਬਦਲਦੇ ਹਨ। ਕਦੇ ਸਾਲ ਵਿਚ ਦੋ ਵਾਰ ਅਤੇ ਕਦੇ ਇੱਕ ਵਾਰ ਵੀ ਨਹੀਂ ਆਉਂਦੇ। ਸਾਰੀ ਕੌਮ ਦਾ ਮਜਾਕ ਉੱਡਦਾ ਹੈ।ਜ਼ਮਾਨਾ ਹੱਸੇਗਾ ਸਾਡੇ ਤੇ ਕਿ ਇਹ ਕਿਹੜੇ ਲੋਕ ਹਨ ਜੋ ਅਜੇ ਤੱਕ ਸਾਲ ਦੀ ਲੰਬਾਈ ਵੀ ਨਹੀਂ ਜਾਣ ਸਕੇ। ਅੱਜ ਅਮਰੀਕਾ ਕੈਨੇਡਾ ਦੇ ਬਹੁਤ ਸਾਰੇ ਸਕੂਲਾਂ ਵਿਚ ਜੇ ਬੱਚਾ ਗੁਰਪੁਰਬ ਵਾਲੇ ਦਿਨ ਛੁੱਟੀ ਕਰਦਾ ਹੈ ਤਾਂ ਗ਼ੈਰ ਹਾਜ਼ਰੀ ਨਹੀਂ ਲਗਦੀ। ਕੱਲ੍ਹ ਨੂੰ ਪੱਕੀ ਛੁੱਟੀ ਵੀ ਮਨਜ਼ੂਰ ਹੋ ਸਕਦੀ ਹੈ। ਦੱਸੋ ਅਸੀਂ ਕੀ ਕਹਾਂਗੇ ਕਿ ਕਿਹੜੀ ਤਾਰੀਖ਼ ਮਿਥੀ ਜਾਵੇ। ਅੱਧੇ ਬੱਚੇ ਕਹਿਣਗੇ ਕਿ ਸਾਡੇ ਗੁਰੂ ਸਾਹਿਬ ਜੀ ਦਾ ਗੁਰਪੁਰਬ ਅੱਜ ਹੈ ਅਤੇ ਦੂਜੇ ਕਿਸੇ ਹੋਰ ਦਿਨ ਕਹਿਣਗੇ। ਇਸ ਮਸਲੇ 'ਤੇ ਸਕੂਲ ਦੇ ਅਧਿਆਪਕ ਅਤੇ ਮੁਲਕ ਦੀ ਸਰਕਾਰ ਕੀ ਫ਼ੈਸਲਾ ਲੈਣਗੇ।

ਉਸ ਤੋਂ ਬਾਦ ਜਿਆਦਾ ਸੁਆਲ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਹੋਈ, ਉਨ੍ਹਾਂ ਨੇ ਆਪ ਹੀ ਇੱਕ ਇੱਕ ਕਰ ਕੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਿਵੇ ਪੰਥ ਪ੍ਰਵਾਨਿਤ ਮਰਿਆਦਾ, ਗੁਰਬਾਣੀ ਨੂੰ ਤਰਜ਼ਾਂ ਤੇ ਗਾਉਣਾ, ਗੁਰਦੁਆਰਾ ਸਾਹਿਬ ਦੀ ਜਾਇਦਾਦ ਭਾਂਵੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੈ ਪਰ ਆਪ ਜੀ ਦੇ ਜਾਣ ਤੋਂ ਬਾਦ ਕਿਤੇ ਨੰਦਸਰ ਵਾਲੇ ਡੇਰੇ ਵਾਲਾ ਹਾਲ ਨਾਂ ਹੋਵੇ, ਸ਼ਹੀਦ ਜਸਪਾਲ ਸਿੰਘ ਦਾ ਮਸਲੇ ਵਿਚ ਉਨ੍ਹਾਂ ਨੂੰ ਕਿਵੇਂ ਵਰਤਿਆ ਗਿਆ, ਸਾਧ ਯੂਨੀਅਨ ਨਾਲ ਸੰਬੰਧ ਆਦਿ।ਲੱਗ ਭੱਗ ਦੋ ਘੰਟੇ ਹੋਈ ਸਾਰੀ ਗੱਲਬਾਤ ਦਾ ਤਤਸਾਰ ਇਹ ਗੱਲ ਇਹ ਹੈ, ਕਿ ਪੰਥ ਨੂੰ ਦਰਪੇਸ਼ ਅਤੇ ਆਉਣ ਵਾਲੀਆਂ ਸਮਸਿਆਵਾਂ ਦੇ ਦਰਦ ਨੂੰ ਭਾਈ ਸਾਹਿਬ ਜੀ ਦੀ ਬੋਲਬਾਣੀ ਵਿਚੋਂ ਪੂਰੀ ਤਰ੍ਹਾਂ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਅਕਾਲ ਤਖਤ ਤੋਂ ਪ੍ਰਵਾਨਿਤ ਮਰਿਆਦਾ ਜੋ ਕਿ ਗੁਰਦੁਆਰਾ ਪ੍ਰਮੇਸ਼ਰ ਦੁਆਰ ਵਿਖੇ ਵੀ ਪੂਰਨ ਤੌਰ ਤੇ ਲਾਗੂ ਹੈ ਅਤੇ ਨਾਨਕਸ਼ਾਹੀ ਕੈਲੰਡਰ ਦੀ ਪੂਰੀ ਪ੍ਰੋੜ੍ਹਤਾ ਕੀਤੀ। ਉਹਨਾਂ ਕਹਿਆ ਕਿ ਉਹ ਪੰਜਾਬ ਵਿਚ ਸੰਗਤਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਨਾਲ ਗੁਰਪੁਰਬ ਮਨਾਉਣ ਲਈ ਪ੍ਰੇਰਦੇ ਹਨ।ਉਹਨਾਂ ਵਿਦੇਸ਼ਾਂ ਵਿਚ ਵੀ ਸਿੱਖ ਸੰਗਤ ਨੂੰ ਇਸ ਉਪਰ ਪਹਿਰਾ ਦੇਣ ਦੀ ਅਪੀਲ ਕੀਤੀ। ਉਹਨਾਂ ਕਹਿਆ ਕਿ ਉਹ ਸੰਪਟ ਪਾਂਠਾ ਇਕੋਤਰੀਆਂ ਦੇ ਸਖ਼ਤ ਖਿਲਾਫ਼ ਹਨ।ਜਿਸ ਨੂੰ ਉਨ੍ਹਾਂ ਨੇ ਆਪਣੇ ਦੀਵਾਨ ਵਿਚ ਵੀ ਦੁਹਰਾਇਆ।

ਗੱਲਬਾਤ ਵਿਚੋਂ ਜੋ ਤੱਥ ਸਾਹਮਣੇ ਆਏ ਹਨ ਉਹ ਇਹ ਹਨ, ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਕੁੱਝ ਉਹ ਸਿੱਖ ਹਨ ਜੋ ਉਨ੍ਹਾਂ ਪ੍ਰਤੀ ਆਪਣੇ ਮਨ ਵਿਚ ਪਹਿਲਾਂ ਤੋਂ ਬਣੀ ਧਾਰਨਾ ਨੂੰ ਲੈ ਕੇ ਹੁਣ ਕਦੇ ਵੀ ਉਨ੍ਹਾਂ ਦੇ ਦੀਵਾਨ ਨਹੀਂ ਸੁਣਦੇ। ਦੂਜੇ ਉਹ ਹਨ ਜੋ ਉਨ੍ਹਾਂ ਨੂੰ ਆਪਣੀ ਗ੍ਰਿਫ਼ਤ ਵਿਚੋਂ ਨਿਕਲਦਾ ਵੇਖ ਕੇ ਆਪਣਾ ਆਖ਼ਰੀ ਹੀਲਾ ਵਰਤ ਰਹੇ ਹਨ ਕਿ ਫਿਰ ਸਾਡਾ ਕੀ ਬਣੇਗਾ। ਜਿਸ ਵਿਚ ਨਾਨਕਸ਼ਾਹੀ ਕਲੰਡਰ ਦੀ ਕਾਤਲ ਸਾਧ ਯੂਨੀਅਨ ਆਉਂਦੀ ਹੈ। ਤੀਜੀ ਧਿਰ ਉਹ ਹੈ ਜਿਸ ਨੂੰ ਸਿੱਧੇ ਸ਼ਬਦਾਂ ਵਿਚ ਸਰਕਾਰ ਲਈ ਕੰਮ ਕਰਨ ਵਾਲੇ ਕਿਹਾ ਜਾ ਸਕਦਾ ਹੈ ਉਹ ਚਾਹੁੰਦੇ ਹਨ ਕਿ ਪੰਜਾਬ ਦਾ ਹਰ ਪ੍ਰਚਾਰਕ ਸਾਡੇ ਹੀ ਗੁਣ ਗਾਇਨ ਕਰੇ। ਜੇ ਉਹ ਨਾਂ ਮੰਨੇ ਤਾਂ ਟੀਵੀ ਰੇਡਿਓ ਟਾਕ ਸ਼ੋਅ ਕਰ ਕੇ ਬਦਨਾਮ ਕੀਤਾ ਜਾਵੇ।

ਅਸੀਂ ਭਾਈ ਰਣਜੀਤ ਸਿੰਘ ਹੁਰਾਂ ਦਾ ਤਹਿ ਦਿਲੋਂ ਧਨੰਵਾਦ ਕਰਦੇ ਹਾਂ ਜਿਹਨਾਂ ਨੇ ਸੰਗਤ ਵਿਚ ਬੈਠ ਕੇ ਵਿਚਾਰ ਕਰਨ ਨੂੰ ਤਰਜੀਹ ਦਿੱਤੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top