ਅਜਨਾਲਾ
– ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਵਲੋਂ ਹਰਿਆਣੇ ਦੇ ਸਿੱਖਾਂ ਵੱਲੋਂ ਬਣਾਈ ਗਈ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ
ਕਮੇਟੀ ਬਾਰੇ ਕੀਤੀ ਗਈ ਬਿਆਨਬਾਜ਼ੀ ਬਹੁਤ ਗੈਰ ਜ਼ਿੰਮੇਵਾਰੀ ਵਾਲੀ ਅਤੇ ਨਿੰਦਣਯੋਗ ਕਾਰਵਾਈ
ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਹ ਸਬਦ ਸ਼੍ਰੋਮਣੀ ਅਕਾਲੀ ਦਲ ਪੰਚ
ਪ੍ਰਧਾਨੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰ ਬਲਦੇਵ ਸਿੰਘ ਸਿਰਸਾ ਨੇ ਪ੍ਰੈਸ ਨੂੰ ਜਾਰੀ
ਬਿਆਨ ਵਿੱਚ ਕਹੇ।
ਉਨਾਂ ਸ਼੍ਰੀ ਮੱਕੜ ਅਤੇ ਸ. ਬਾਦਲ ਨੂੰ ਸੰਬੋਧਨ ਕਰਦਿਆਂ ਕਿਹਾ ਕੇ
ਹਰਿਆਣੇ ਦੇ ਸਿੱਖਾਂ ਨੇ ਤੁਹਾਡੀਆਂ ਪੰਥ ਦੇ ਵਿਰੁੱਧ ਕੀਤੀਆਂ ਜਾਂਦੀਆਂ ਕਾਰਵਾਈਆਂ ਅਤੇ
ਤੁਹਾਡੇ ਵੱਲੋਂ ਹਰਿਆਣੇ ਦੇ ਸਿੱਖਾਂ ਦੇ ਹੱਕਾਂ ਪ੍ਰਤੀ ਅਵੇਸਲੇਪਣ ਨੇ ਹੀ ਹਰਿਆਣੇ ਵਿੱਚ
ਵੱਖਰੀ ਕਮੇਟੀ ਦਾ ਮੁੱਢ ਬੰਨ੍ਹਿਆ ਹੈ, ਇਸ ਕਰਕੇ ਕਿਸੇ ਨੂੰ ਦੋਸ਼ ਦੇਣਾ ਤੁਹਾਡੇ ਮੂੰਹੋਂ
ਨਹੀਂ ਫੱਬਦਾ।
ਉਨ੍ਹਾਂ ਨੇ ਮੱਕੜ ਅਤੇ ਬਾਦਲ ਦੇ ਉਸ ਬਿਆਨ ਦੀ ਵੀ ਨਿਖੇਧੀ ਕੀਤੀ,
ਜਿਸ ਵਿੱਚ ਕਿਹਾ ਗਿਆ ਸੀ ਕਿ ਹਰਿਆਣੇ ਦੇ ਮੁੱਖ ਮੰਤਰੀ ਹੁੱਡਾ ਵੱਲੋਂ ਹਰਿਆਣੇ ਦੇ
ਗੁਰਦੁਆਰਿਆਂ ‘ਤੇ ਆਪਣੇ ਏਜੰਟਾਂ ਦਾ ਕਬਜ਼ਾ ਜਮਾਇਆ ਜਾਵੇਗਾ, ਬਾਰੇ ਉਨ੍ਹਾਂ ਕਿਹਾ ਕੇ
ਬਾਦਲ ਜੀ ਤੁਸੀਂ ਸਿੱਖ ਕੌਮ ਨੂੰ ਦੱਸਣ ਦੀ ਖੇਚਲ ਕਰੋਗੇ ਕਿ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਉੱਤੇ ਕਿਸ ਦੇ ਏਜੰਟਾਂ ਅਤੇ ਚਾਪਲੂਸਾਂ ਦਾ ਕਬਜ਼ਾ ਹੈ ਅਤੇ ਪਿਛਲੇ ਤਿੰਨ
ਦਹਾਕਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਗੁਰੂ ਸਹਿਬਾਨਾਂ ਅਤੇ
ਸਿੱਖ ਇਤਿਹਾਸ ਬਾਰੇ ਛਾਪੀ ਗਈ ਇਤਰਾਜ਼ਯੋਗ ਸਮੱਗਰੀ ਕਿਸ ਦੇ ਏਜੰਟਾਂ ਅਤੇ ਚਾਪਲੂਸਾਂ ਦਾ
ਕੰਮ ਹੈ।
ਉਨ੍ਹਾਂ ਪੰਜਾਬ ਦੀ ਸਿੱਖ ਕੌਮ ਨੂੰ ਵੀ ਅਪੀਲ ਕੀਤੀ ਕਿ ਜਿਵੇਂ
ਹਰਿਆਣੇ ਸਮੇਤ ਹੋਰ ਸਟੇਟਾਂ ਦੇ ਸਿੱਖਾਂ ਨੇ ਵੱਖਰੀਆਂ ਕਮੇਟੀਆਂ ਬਣਾ ਕੇ ਬਾਦਲ ਕੋਲੋਂ
ਆਪਣੇ ਗੁਰੂਧਾਮਾਂ ਨੂੰ ਆਜ਼ਾਦ ਕਰਵਾ ਲਿਆ ਹੈ, ਉਸੇ ਤਰਾਂ ਸਾਨੂੰ ਵੀ ਹੰਭਲਾ ਮਾਰਨ ਦੀ ਲੋੜ
ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਮੱਕੜ ਜੁੰਡਲੀ ਕੋਲੋਂ ਅਜ਼ਾਦ
ਕਰਵਾਉਣ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕੇ ਬਾਦਲ ਅਤੇ ਮੱਕੜ ਜੁੰਡਲੀ ਨਹੀਂ ਚਾਹੁੰਦੇ
ਕਿ ਉਨ੍ਹਾਂ ਦੇ ਕਬਜ਼ੇ ‘ਚੋਂ ਹਰਿਆਣੇ ਦੇ ਗੁਰਦੁਆਰੇ ਨਿਕਲ ਜਾਣ ਕਿਉਕਿ ਇਨ੍ਹਾਂ
ਗੁਰਦੁਆਰਿਆਂ ਅਤੇ ਟਰੱਸਟਾਂ ਦੀ ਕਮਾਈ ਨਾਲ ਹੀ ਬਾਲਦ ਦਾ ਪੰਥ ਵਿਰੋਧੀ ਰਾਜ ਚੱਲਦਾ ਹੈ।