• ਸਾਹਨੀ ਤੇ ਰਿਆੜ ਗਰੁੱਪ ਹੋਏ ਸਰਗਰਮ
• ਸ਼੍ਰੋਮਣੀ ਕਮੇਟੀ ਦੇ ਅਧੀਨ 4 ਗੁਰਦੁਆਰਿਆਂ ਸਮੇਤ ਕੁੱਲ 39 ਗੁਰਦੁਆਰੇ ਹਨ ਚੰਡੀਗੜ੍ਹ
'ਚ
ਗੁਰਸੇਵਕ
ਸਿੰਘ ਸੋਹਲ, ਚੰਡੀਗੜ੍ਹ, 15 ਜੁਲਾਈ - ਹਰਿਆਣੇ ਦੀ ਤਰਜ਼ 'ਤੇ ਹੁਣ ਚੰਡੀਗੜ੍ਹ ਦੇ ਸਿੱਖ
ਵੀ 'ਚੰਡੀਗੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਬਣਾਉਣ ਦੇ ਰਾਹ ਤੁਰ ਪਏ ਹਨ ।
ਇਸ ਮਕਸਦ ਲਈ ਇੱਥੋਂ ਦੇ 'ਸਾਹਨੀ ਅਤੇ ਰਿਆੜ ਧੜੇ' ਸਰਗਰਮ ਹੋ ਗਏ ਹਨ । ਦੋਵੇਂ ਧੜੇ ਪਿਛਲੇ
4 ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਦੁਆਰਾ ਚੰਡੀਗੜ੍ਹ ਦੇ ਸਿੱਖ ਮਸਲਿਆਂ ਤੋਂ
ਕਿਨਾਰਾ ਰੱਖਣ ਅਤੇ ਇੱਥੋਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਕਮੇਟੀ ਦੀਆਂ ਅਹੁਦੇਦਾਰੀਆਂ
ਅਤੇ ਕਾਰਜਕਾਰਨੀ ਕਮੇਟੀ ਤੋਂ ਵੀ ਦਰਕਿਨਾਰ ਕਰਨ ਦੀ ਗੱਲ ਆ ਰਹੇ ਹਨ ।
ਇਕ ਪਾਸੇ ਜਿੱਥੇ ਚੰਡੀਗੜ੍ਹ ਗੁਰਦੁਆਰਾ ਤਾਲਮੇਲ ਕਮੇਟੀ ਦੇ
ਚੇਅਰਮੈਨ ਜੱਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਨੇ 'ਚੰਡੀਗੜ੍ਹ ਐਸ. ਜੀ. ਪੀ. ਸੀ.' ਦੀ
ਸਥਾਪਤੀ ਲਈ ਆਉਂਦੇ ਦਿਨੀਂ ਇੱਥੋਂ ਦੀਆਂ ਕਈ ਗੁਰਦੁਆਰਾ ਕਮੇਟੀਆਂ ਦੇ ਆਗੂਆਂ ਨਾਲ ਮਿਲਕੇ,
ਪੰਜਾਬ ਦੇ ਰਾਜਪਾਲ ਤੇ ਨਗਰ ਪ੍ਰਸ਼ਾਸ਼ਕ ਸ੍ਰੀ ਸ਼ਿਵਰਾਜ ਪਾਟਿਲ ਅਤੇ ਉਨ੍ਹਾਂ ਦੇ
ਸਲਾਹਕਾਰ ਨਾਲ ਮੁਲਾਕਾਤਾਂ ਕਰਨ ਦੀ ਗੱਲ ਆਖੀ ਹੈ, ਉੱਥੇ ਚੰਡੀਗੜ੍ਹ ਗੁਰਦੁਆਰਾ ਅਸਥਾਪਨ
ਕਮੇਟੀ ਦੇ ਜਨਰਲ ਸਕੱਤਰ ਸ. ਗੁਰਜੋਤ ਸਿੰਘ ਸਾਹਨੀ ਨੇ 'ਚੰਡੀਗੜ੍ਹ ਐੱਸ. ਜੀ. ਪੀ. ਸੀ.'
ਸਥਾਪਿਤ ਕਰਨ ਦੀ ਹਮਾਇਤ ਕਰਦਿਆਂ ਰਾਜਧਾਨੀ ਦੇ ਸਿੱਖਾਂ ਲਈ 'ਘੱਟ ਗਿਣਤੀ ਕਮਿਸ਼ਨ'
ਸਥਾਪਿਤ ਕਰਾਉਣ ਦੀ ਮੰਗ ਵੀ ਕੇਂਦਰ ਸਰਕਾਰ ਕੋਲ ਉਠਾਉਣ ਦੀ ਗੱਲ ਆਖੀ ਹੈ ।
ਹਾਲਾਂਕਿ ਇਨ੍ਹਾਂ ਦੋਵਾਂ ਧੜਿਆਂ ਦਾ ਇਹ ਵੀ ਮੰਨਣਾ ਹੈ ਕਿ
ਚੰਡੀਗੜ੍ਹ 'ਚ ਕੇਵਲ 4 ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ, ਜਦਕਿ ਬਾਕੀ
ਗੁਰਦੁਆਰਿਆਂ ਦਾ ਪ੍ਰਬੰਧ ਵੱਖ-ਵੱਖ ਕਮੇਟੀਆਂ ਕੋਲ ਹੈ, ਜਿਨ੍ਹਾਂ ਨੂੰ 'ਚੰਡੀਗੜ੍ਹ ਐੱਸ.
ਜੀ. ਪੀ. ਸੀ.' ਵਰਗੀ ਸੰਸਥਾ ਅਧੀਨ ਲਿਆਉਣਾ ਵੱਡੀ ਚੁਣੌਤੀ ਹੋਵੇਗੀ । ਚੇਤੇ ਰਹੇ ਕਿ
ਚੰਡੀਗੜ੍ਹ ਦੀਆਂ ਗੁਰਦੁਆਰਾ ਕਮੇਟੀਆਂ 3 ਧੜਿਆਂ ਵਿਚ ਵੰਡੀਆਂ ਹੋਈਆਂ ਹਨ । ਕਈ ਗੁਰਦੁਆਰਾ
ਕਮੇਟੀਆਂ 'ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ' ਨਾਲ ਹਨ, ਕੁੱਝ ਕਮੇਟੀਆਂ 'ਗੁਰਦੁਆਰਾ
ਤਾਲਮੇਲ ਕਮੇਟੀ' ਨਾਲ ਹਨ, ਜਦਕਿ ਚੰਡੀਗੜ੍ਹ ਦੀ ਬੁੱਧੀਜੀਵੀ ਸਿੱਖ ਜਮਾਤ ਤੇ ਕੁੱਝ
ਕਮੇਟੀਆਂ ਚੰਡੀਗੜ੍ਹ ਦੇ ਸੀਨੀਅਰ ਤੇ ਬਜ਼ੁਰਗ ਪੰਥਕ ਆਗੂ ਸ. ਜੋਗਿੰਦਰ ਸਿੰਘ ਸਾਹਨੀ, ਜੋਕਿ
20 ਸਾਲ ਚੰਡੀਗੜ੍ਹ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਰਹੇ, ਦੇ ਨਾਲ ਖੜ੍ਹਦੀਆਂ ਹਨ ।
ਚੰਡੀਗੜ੍ਹ ਦੇ ਸਿੱਖਾਂ ਵਿਚ ਇਕ ਹੋਰ ਨੁਕਤਾ ਉੱਭਰ ਰਿਹਾ ਹੈ, ਕਿ ਹੁਣ ਰਾਜਧਾਨੀ ਵਿਚ 2
ਸ਼੍ਰੋਮਣੀ ਕਮੇਟੀ ਚੋਣਾਂ ਹੋਇਆ ਕਰਨਗੀਆਂ, ਕਿਉਂਕਿ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ
ਦੀ ਰਾਜਧਾਨੀ ਮੰਨੇ ਜਾਣ ਕਾਰਨ ਇੱਥੇ ਇਕ ਚੋਣ ਅੰਮਿ੍ਤਸਰ ਕਮੇਟੀ ਦੇ ਮੈਂਬਰ ਲਈ ਅਤੇ ਇਕ
ਹਰਿਆਣਾ ਕਮੇਟੀ ਦੇ ਮੈਂਬਰ ਲਈ ਹੋਇਆ ਕਰੇਗੀ ।