Share on Facebook

Main News Page

ਹਰਿਆਣਾ ਦੇ ਸਿੱਖ ਆਗੂਆਂ ਨੂੰ ਛੇਕਣ ਦੇ ਮੁੱਦੇ ’ਤੇ ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਮੁਖੀਆਂ ਦਾ ਫੈਸਲਾ ਦੂਰਅੰਦੇਸ਼ੀ ਤੋਂ ਸਖਣਾ
-: ਹਰਦੀਪ ਸਿੰਘ ਮੋਹਾਲੀ

ਬਾਦਲ ਦੇ 50 ਸਾਲ ਦੇ ਰਾਜਨੀਤਕ ਇਤਿਹਾਸ ਤੋਂ ਸਿੱਖ ਚੰਗੀ ਤਰ੍ਹਾਂ ਜਾਣੂ ਹਨ, ਇਸ ਲਈ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਇਸ ਬੰਦੇ ਨੇ ਕੋਈ ਸ਼ਹੀਦੀ ਪ੍ਰਾਪਤ ਨਹੀਂ ਕਰਨੀ, ਇਸ ਲਈ ਭਾਵਕ ਗੱਲਾਂ ਕਰਕੇ ਸਿੱਖਾਂ ਵਿੱਚ ਖਾਨਾਜੰਗੀ ਦਾ ਮਹੌਲ ਪੈਦਾ ਕਰਨ ਤੋਂ ਗੁਰੇਜ਼ ਕਰਨ।

ਬਠਿੰਡਾ, 17 ਜੁਲਾਈ (ਕਿਰਪਾਲ ਸਿੰਘ): ਹਰਿਆਣਾ ਦੇ ਸਿੱਖ ਆਗੂਆਂ ਨੂੰ ਛੇਕਣ ਦੇ ਮੁੱਦੇ ’ਤੇ ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਮੁਖੀਆਂ ਦਾ ਫੈਸਲਾ ਦੂਰਅੰਦੇਸ਼ੀ ਤੋਂ ਸੱਖਣਾ ਹੈ ਜਿਸ ਨਾਲ ਅਸੀਂ ਸਹਿਮਤ ਨਹੀਂ ਹਾਂ। ਇਹ ਸ਼ਬਦ ਮੋਹਾਲੀ ਤੋਂ ਅਜ਼ਾਦ ਤੌਰ ’ਤੇ ਜਿੱਤੇ ਸ਼੍ਰੋਮਣੀ ਕਮੇਟੀ ਮੈਂਬਰ ਸ: ਹਰਦੀਪ ਸਿੰਘ ਮੋਹਾਲੀ ਨੇ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਬਾਦਲ ਦਲ ਨਾਲ ਰਾਜਨੀਤਕ ਵਖਰੇਵਾਂ ਰੱਖਣ ਵਾਲੇ ਸਿੱਖਾਂ ਨੂੰ ਪੰਥ ਵਿੱਚੋਂ ਛੇਕਣ ਦੇ ਕਦਮ ਨਾਲ ਵੰਡੀਆਂ ਘਟਣਗੀਆਂ ਨਹੀਂ ਸਗੋਂ ਹੋਰ ਡੂੰਘੀਆਂ ਹੋਣਗੀਆਂ ਅਤੇ ਸਿੱਖਾਂ ਦੇ ਮਨ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦਾ ਸਤਿਕਾਰ ਵੀ ਘਟੇਗਾ। ਜੇਕਰ ਜਥੇਦਾਰ ਸਾਹਿਬਾਨ ਨੂੰ ਸਿੱਖਾਂ ਵਿੱਚ ਵੰਡੀਆਂ ਪੈਣ ਦੀ ਚਿੰਤਾ ਹੈ ਤਾਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਚੱਲ ਰਹੀ ਰਾਜਨੀਤਕ ਲੜਾਈ ਵਿੱਚ ਇੱਕ ਪਾਸੜ ਕਾਰਵਾਈ ਕਾਰਣ ਦੀ ਥਾਂ ਸਾਂਝੀ ਸੋਚ ਅਪਣਾਈ ਜਾਵੇ।

ਸ: ਹਰਦੀਪ ਸਿੰਘ ਨੇ ਕਿਹਾ ਜਿਸ ਤਰ੍ਹਾਂ ਸ: ਪ੍ਰਕਾਸ਼ ਸਿੰਘ ਬਾਦਲ ਕਾਨੂੰਨ ਅਤੇ ਸੰਵਿਧਾਨ ਦੀਆਂ ਹੱਦਾਂ ਲੰਘ ਕੇ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਵੱਖਰੀ ਕਮੇਟੀ ਬਣਨ ਤੋਂ ਰੋਕਣ ਲਈ ਕਿਸੇ ਵੀ ਹੱਦ ਤੱਕ ਜਾਣ ਦੀਆਂ ਧਮਕੀਆਂ ਦੇ ਰਿਹਾ ਹੈ ਇਸ ਨਾਲ ਕੌਮ ਵਿੱਚ ਖਾਨਾਜੰਗੀ ਹੋਣ ਦਾ ਮਹੌਲ ਪੈਦਾ ਹੋ ਰਿਹਾ ਹੈ। ਅਕਾਲ ਤਖ਼ਤ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਹਰਿਆਣਾ ਕਮੇਟੀ ਦੇ ਮੁੱਦੇ ’ਤੇ ਇੱਕ ਰਾਜਸੀ ਪਾਰਟੀ ਦੇ ਨੁੰਮਾਇੰਦੇ ਵਜੋਂ ਨਹੀਂ ਬਲਕਿ ਸਿੱਖਾਂ ਦੇ ਸਾਂਝੇ ਪ੍ਰਤੀਨਿਧ ਹੋਣ ਦਾ ਫਰਜ਼ ਅਦਾ ਕਰਕੇ ਸਿੱਖਾਂ ਵਿੱਚ ਖਾਨਾਜੰਗੀ ਦਾ ਮਹੌਲ ਪੈਦਾ ਹੋਣ ਤੋਂ ਰੋਕਣ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਵਿੱਚ ਅੱਖਾਂ ਵਿੱਚੋਂ ਅਥਰੂ ਸੁੱਟਦੇ ਹੋਏ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਗਟ ਕੀਤੇ ਇਨ੍ਹਾਂ ਸ਼ਬਦਾਂ ‘‘ਜੇਕਰ ਸ਼ਰੋਮਣੀ ਕਮੇਟੀ ਦੀ ਵੰਡ ਨਾ ਰੁਕੀ ਤਾਂ ਮੈਂ ਇਹ ਹਾਲਤ ਬਰਦਾਸ਼ਤ ਨਹੀਂ ਕਰ ਸਕਦਾ, ਅਤੇ ਮੇਰੇ ਲਈ ਇਹ ਮੁੱਖ ਮੰਤਰੀ ਦੀ ਕੁਰਸੀ ਦਾ ਕੋਈ ਅਰਥ ਨਹੀਂ ਹੋਵੇਗਾ ਇਸ ਲਈ ਮੈਂ ਅਕਾਲ ਤਖ਼ਤ ’ਤੇ ਜਾ ਕੇ ਸ਼ਹੀਦੀ ਦੇ ਦੇਵਾਂਗਾਂ’’ ਉਪਰ ਵਿਅੰਗ ਕਸਦੇ ਹੋਏ ਭਾਈ ਹਰਦੀਪ ਸਿੰਘ ਨੇ ਕਿਹਾ ਜਿਹੜੇ ਸ: ਪ੍ਰਕਾਸ਼ ਸਿੰਘ ਬਾਦਲ ਨੇ ਧਰਮਯੁੱਧ ਮੋਰਚੇ ਦੌਰਾਨ ਮਰਜੀਵੜੇ ਬਣਨ ਦੇ ਪ੍ਰਣ-ਪੱਤਰ ਭਰਕੇ ਸਹੁੰ ਚੁੱਕੀ ਸੀ, ਕਿ ਜੇ ਕੇਂਦਰ ਸਰਕਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਮਿਲਟਰੀ ਜਾਂ ਪੈਰਾ-ਮਿਲਟਰੀ ਫੋਰਸਜ਼ ਰਾਹੀਂ ਹਮਲਾ ਕਰਨ ਦੀ ਗਲਤੀ ਕੀਤੀ ਤਾਂ ਉਹ ਜਿਉਂਦੇ ਜੀਅ ਸਰਕਾਰੀ ਹਥਿਆਰਵੰਦ ਫੋਰਸਜ਼ ਨੂੰ ਦਰਬਾਰ ਸਾਹਿਬ ਵਿੱਚ ਕਿਸੇ ਵੀ ਹਾਲਤ ਵਿੱਚ ਦਾਖ਼ਲ ਨਹੀਂ ਹੋਣ ਦੇਣਗੇ; ਫੌਜ ਸਿਰਫ ਉਨ੍ਹਾਂ ਦੀਆਂ ਲਸ਼ਾਂ ਉਪਰ ਦੀ ਲੰਘ ਕੇ ਹੀ ਦਰਬਾਰ ਸਾਹਿਬ ਸਮੂੰਹ ਵਿੱਚ ਦਾਖ਼ਲ ਹੋ ਸਕਦੀ ਹੈ, ਪਰ ਹੁਣ ਮੀਡੀਏ ਵਿੱਚ ਸਭ ਕੁਝ ਸਪਸ਼ਟ ਹੋ ਚੁੱਕਾ ਹੈ ਕਿ ਸ: ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿੱਪ ਨੇ ਖ਼ੁਦ ਚਿੱਠੀਆਂ ਲਿਖ ਕੇ ਕੇਂਦਰ ਸਰਕਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਨ ਲਈ ਪ੍ਰੇਰਿਆ ਸੀ

ਭਾਈ ਹਰਦੀਪ ਸਿੰਘ ਨੇ ਕਿਹਾ ਕਿ ਜਿਹੜੇ ਬਾਦਲ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਹੋਏ ਫੌਜੀ ਹਮਲੇ ਦੌਰਾਨ ਆਪਣੇ ਕੀਤੇ ਪ੍ਰਣ ਅਨੁਸਾਰ ਉਥੇ ਸ਼ਹੀਦ ਨਹੀਂ ਹੋਏ, ਉਨ੍ਹਾਂ ਵੱਲੋਂ ਹਰਿਆਣਾ ਦੀ ਵੱਖਰੀ ਕਮੇਟੀ ਬਣਨ ਦੇ ਮੁੱਦੇ ’ਤੇ ਮੁੱਖ ਮੰਤਰੀ ਦੀ ਕੁਰਸੀ ਤਿਆਗ ਕੇ ਅਕਾਲ ਤਖ਼ਤ ’ਤੇ ਜਾ ਕੇ ਸ਼ਹੀਦੀ ਪਾਉਣ ਦੀ ਗੱਲ ਕਰਨੀ ਬਿੱਲਕੁਲ ਹਾਸੋਹੀਣੀ ਅਤੇ ਡਰਾਮਾ ਜਾਪਦੀ ਹੈ ਜਿਸ ਨੂੰ ਮਗਰ ਮੱਛ ਦੇ ਹੰਝੂ ਸਿੱਟਣੇ ਵੀ ਆਖਿਆ ਜਾ ਸਕਦਾ ਹੈ। ਜੇ ਸ: ਬਾਦਲ ਇਹ ਸੱਚ ਕਰਕੇ ਵਿਖਾ ਦਿੰਦੇ ਹਨ ਤਾਂ ਇਸ ਦਾ ਭਾਵ ਹੋਵੇਗਾ ਕਿ ਸ: ਬਾਦਲ ਨੂੰ ਸਿਰਫ ਸ਼੍ਰੋਮਣੀ ਕਮੇਟੀ ਵੰਡੇ ਜਾਣ ਦਾ ਹੀ ਦੁੱਖ ਹੈ, ਅਕਾਲ ਤਖ਼ਤ ਸਾਹਿਬ ਨੂੰ ਫੌਜ ਵੱਲੋਂ ਢਹਿਢੇਰੀ ਕਰ ਦੇਣਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੋਲ਼ੀਆਂ ਨਾਲ ਬਿੰਨ੍ਹ ਦੇਣ ਦਾ ਭੋਰਾ ਭਰ ਵੀ ਦੁੱਖ ਨਹੀਂ ਹੈ। ਅਤੇ ਚੋਣਾਂ ਸਮੇਂ ਸਿੱਖਾਂ ਦੇ ਜ਼ਜ਼ਬਾਤ ਭੜਕਾ ਕੇ ਆਪਣੇ ਹੱਕ ਵਿੱਚ ਭੁਗਤਾਉਣ ਲਈ; ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿਢੇਰੀ ਕਰਨ ਦੀਆਂ ਗੱਲਾਂ ਕਰਕੇ ਸ: ਬਾਦਲ ਮਗਰ ਮੱਛ ਦੇ ਹੰਝੂ ਹੀ ਸਿੱਟਦਾ ਰਹਿੰਦਾ ਹੈ।

ਬਾਦਲ ਦੇ ਇਸ ਕਥਨ; ‘ਕਿ ਉਹ ਇਹ ਗੱਲ ਕਦੇ ਸਹਿਣ ਨਹੀਂ ਕਰ ਸਕਦੇ ਕਿ ਇਹ ਇਤਿਹਾਸ ਬਣੇ ਕਿ ਉਨ੍ਹਾ ਦੇ ਰਾਜ ਦੌਰਾਨ ਸ਼ਰੋਮਣੀ ਕਮੇਟੀ ਵੰਡੀ ਗਈ’ ਤੇ ਟਿੱਪਣੀ ਕਰਦਿਆਂ ਸ: ਹਰਦੀਪ ਸਿੰਘ ਨੇ ਕਿਹਾ ਸਿੱਖ ਵਿਰੋਧੀ ਉਹ ਕਿਹੜੀ ਗੱਲ ਹੈ ਜਿਹੜੀ ਸ: ਬਾਦਲ ਦੇ ਰਾਜ ਵਿੱਚ ਨਹੀਂ ਹੋਈ।

- 1978 ਵਿੱਚ ਨਿਰੰਕਾਰੀ ਕਾਂਡ ਸ: ਬਾਦਲ ਦੇ ਰਾਜ ਦੌਰਾਨ ਵਾਪਰਿਆ;

- ਪਿਆਰੇ ਭਨਿਆਰੇ ਦੇ ਚੇਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਦਲ ਰਾਜ ਦੌਰਾਨ ਅਗਨ ਭੇਟ ਕੀਤੇ;

- ਆਸ਼ੂਤੋਸ਼ ਦੇ ਚੇਲਿਆਂ ਨੇ ਸਿੱਖਾਂ ’ਤੇ ਹਮਲੇ ਬਾਦਲ ਰਾਜ ਦੌਰਾਨ ਕੀਤੇ ਅਤੇ ਪੁਲਿਸ ਦੀ ਗੋਲ਼ੀ ਵੀ ਸਿੱਖਾਂ ਵੱਲ ਹੀ ਚਲਦੀ ਰਹੀ ਜਿਸ ਦੇ ਸਿੱਟੇ ਵਜੋਂ ਲੁਧਿਆਣਾ ਵਿਖੇ ਭਾਈ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋਏ;

- ਬਾਦਲ ਰਾਜ ਦੌਰਾਨ ਹੀ ਸਿਰਸਾ ਡੇਰਾ ਦੇ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰਿਆ;

- ਸਿਰਸਾ ਡੇਰਾ ਵਿਰੁੱਧ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਮਨਾਮਾ ਜਾਰੀ ਹੋਇਆ, ਜਿਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਤਿੰਨ ਸਿੰਘ ਬਾਦਲ ਦੀ ਪੁਲਿਸ ਦੀ ਗੋਲ਼ੀ ਦੀ ਭੇਂਟ ਚੜ੍ਹੇ;

- ਉਕਤ ਕਿਸੇ ਵੀ ਡੇਰੇਦਾਰ ਨੂੰ ਬਾਦਲ ਰਾਜ ਦੌਰਾਨ ਕੋਈ ਸਜਾ ਨਹੀਂ ਮਿਲੀ, ਸਗੋਂ ਵੋਟ ਰਾਜਨੀਤੀ ਹੇਠ ਬਾਦਲ ਸਰਕਾਰ ਨੇ ਉਨ੍ਹਾਂ ਵਿਰੁੱਧ ਦਰਜ ਕੇਸ ਖ਼ੁਦ ਹੀ ਵਾਪਸ ਲਏ ਤਾਂ ਕੀ ਸ: ਬਾਦਲ ਇਨ੍ਹਾਂ ਕਾਰਵਾਈਆਂ ਨੂੰ ਆਪਣੇ ਮੱਥੇ ’ਤੇ ਕਲੰਕ ਨਹੀਂ ਮੰਨਦੇ?

...ਜਾਂ ਇਨ੍ਹਾਂ ਪੰਥ ਵਿਰੋਧੀ ਕਾਰਵਾਈਆਂ ਨਾਲੋਂ ਸਿਰਫ ਹਰਿਆਣਾ ਦੇ ਗੁਰਦੁਆਰਿਆਂ ਦੀ ਗੋਲਕ ਅਤੇ ਜਾਇਦਾਦ ਖੁੱਸ ਜਾਣ ਦਾ ਹੀ ਵੱਡੇ ਦੁੱਖ ਦੀ ਗੱਲ ਹੈ?

ਭਾਈ ਹਰਦੀਪ ਸਿੰਘ ਨੇ ਸ: ਬਾਦਲ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਤੁਹਾਡੇ 50 ਸਾਲ ਦੇ ਰਾਜਨੀਤਕ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹਨ, ਇਸ ਲਈ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਤੁਸੀਂ ਕੋਈ ਸ਼ਹੀਦੀ ਪ੍ਰਾਪਤ ਨਹੀਂ ਕਰਨੀ ਇਸ ਲਈ ਭਾਵਕ ਗੱਲਾਂ ਕਰਕੇ ਸਿੱਖਾਂ ਵਿੱਚ ਖਾਨਾਜੰਗੀ ਦਾ ਮਹੌਲ ਪੈਦਾ ਕਰਨ ਤੋਂ ਗੁਰੇਜ਼ ਕੀਤਾ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top