Share on Facebook

Main News Page

ਹਰਿਆਣਾ ਦੀ ਗੋਲਕ ਖੁੱਸਣ ਦੇ ਡਰੋਂ ਕਾਲੀਆਂ ਨੇ 27 ਜੁਲਾਈ ਨੂੰ ਅੰਮ੍ਰਿਤਸਰ 'ਚ "ਪੰਥਕ" ਕਾਨਫ਼ਰੰਸ ਸੱਦੀ

ਟਿੱਪਣੀ: ਕਦੀ ਇਨ੍ਹਾਂ ਕਾਲੀਆਂ ਨੇ ਗੁਰਮਤਿ ਪ੍ਰਚਾਰ ਲਈ, ਸਿੱਖੀ ਦੇ ਘਾਣ ਨੂੰ ਰੋਕਣ ਲਈ, ਨਸ਼ਿਆਂ ਦੀ ਰੋਕਥਾਮ ਲਈ, ਪੰਜਾਬ ਦੇ ਹੱਕਾਂ ਲਈ... ਕਦੀ ਕਾਨਫਰੰਸ ਸੱਦੀ ਆ... ਹੁਣ ਹੱਥਾਂ 'ਚੋਂ ਗੋਲਕ ਖੁਸਦੀ ਪਈ ਹੈ, ਤਾਂ ਹਾਏ ਤੌਬਾ ਮਚੀ ਹੋਈ ਹੈ... ਦੁਰ ਫਿਟੇ ਮੂੰਹ ਇਨ੍ਹਾਂ ਕਾਲੀਆਂ ਦਾ... ਸੰਪਾਦਕ ਖ਼ਾਲਸਾ ਨਿਊਜ਼

ਚੰਡੀਗੜ੍ਹ, 19 ਜੁਲਾਈ (ਜੀ.ਸੀ. ਭਾਰਦਵਾਜ) : ਹਰਿਆਣਾ ਸਰਕਾਰ ਵਲੋਂ ਵਖਰੀ ਕਮੇਟੀ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨਾ, ਕੇਂਦਰ ਸਰਕਾਰ ਵਲੋਂ ਮਜ਼ਾਕ ਕਹਿਣਾ, ਸਿਆਸੀ ਕਾਨੂੰਨੀ ਤੇ ਧਾਰਮਕ ਹਲਕਿਆਂ ਵਿਚ ਤਣਾਅ ਦਾ ਵਧਣਾ ਅਤੇ ਦੋਹਾਂ ਧਿਰਾਂ ਦਾ ਆਹਮੋ-ਸਾਹਮਣੇ ਟਕਰਾਅ ਦੀ ਹਾਲਤ 'ਚ ਖਲੋ ਜਾਣਾ, ਇਸ ਵੇਲੇ ਨਾ ਸਿਰਫ਼ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਸਿੱਖਾਂ 'ਚ ਘਬਰਾਹਟ ਪੈਦਾ ਕਰ ਰਿਹਾ ਹੈ ਬਲਕਿ ਵਿਸ਼ਵ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਹੁਣ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲ ਲੱਗ ਗਈਆਂ ਹਨ ਕਿ ਅਗਲਾ ਫ਼ੈਸਲਾ ਕੀ ਹੋਵੇਗਾ?

ਇਸੇ ਗੰਭੀਰ ਤੇ ਨਾਜ਼ੁਕ ਮੁੱਦੇ 'ਤੇ ਅੱਜ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ 'ਤੇ ਚੱਲੀ ਪੰਜ ਘੰਟੇ ਮੀਟਿੰਗ 'ਚ ਕਹਿਣ ਨੂੰ ਤਾਂ ਫ਼ੈਸਲਾ ਇਹ ਹੋਇਆ ਕਿ ਪਹਿਲਾਂ 22 ਜੁਲਾਈ ਨੂੰ ਚਾਰ ਵਜੇ ਸੈਕਟਰ 28 ਦੇ ਸ਼੍ਰੋਮਣੀ ਅਕਾਲੀ ਦੇ ਦਫ਼ਤਰ ਵਿਚ ਵੱਡੀ ਬੈਠਕ ਹੋਵੇਗੀ, ਜਿਸ ਵਿਚ ਸ਼੍ਰੋਮਣੀ ਕਮੇਟੀ ਮੈਂਬਰ, ਅਕਾਲੀ ਦਲ ਦੇ ਸਾਰੇ ਲੀਡਰ, ਮੰਤਰੀ, ਵਿਧਾਇਕ, ਇਕੱਠੇ ਬੈਠ ਕੇ ਨੀਤੀ ਤੇ ਰਣਨੀਤੀ ਤੈਅ ਕਰਨਗੇ ਅਤੇ ਮਗਰੋਂ 27 ਜੁਲਾਈ ਐਤਵਾਰ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਹਾਲ ਵਿਚ ਵੱਡਾ ਪੰਥਕ ਇਕੱਠ ਕੀਤਾ ਜਾਏਗਾ, ਜਿਸ 'ਚ ਸਾਰੇ ਸੂਬਿਆਂ ਤੋਂ ਅਤੇ ਵਿਦੇਸ਼ਾਂ ਵਿਚੋਂ ਵੀ ਸਿੱਖ ਹਿੱਸਾ ਲੈਣਗੇ।

ਅੱਜ ਦੀ ਕੋਰ ਕਮੇਟੀ ਬੈਠਕ ਵਿਚੋਂ ਬਾਹਰ ਆਏ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਬੜੇ ੱਧੜੱਲੇ ਨਾਲ ਕਿਹਾ ਕਿ ਕਿਸੇ ਵੀ ਕੀਮਤ 'ਤੇ ਵਖਰੀ ਕਮੇਟੀ ਹੋਂਦ ਵਿਚ ਨਹੀਂ ਆਉਣ ਦਿਆਂਗੇ। ਸ. ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਸੋਨੀਆ ਗਾਂਧੀ ਦੀ ਸ਼ਹਿ 'ਤੇ ਹੁੱਡਾ ਦੀ ਕਾਂਗਰਸ ਸਰਕਾਰ ਨੇ ਸਿੱਖ ਕੌਮ ਅਤੇ ਸਿੱਖ ਪੰਥ 'ਤੇ ਹਮਲਾ ਕੀਤਾ ਹੈ ਅਤੇ ਵੰਡੀਆਂ ਪਾਉਣ ਦੀ ਕੋਝੀ ਚਾਲ ਨੂੰ ਸਫ਼ਲ ਨਹੀਂ ਹੋਣ ਦਿਆਂਗੇ।

ਸੁਖਬੀਰ ਨੇ ਕਾਨੂੰਨੀ, ਸਿਆਸੀ ਤੇ ਧਾਰਮਕ ਸਾਰੇ ਪੱਖਾਂ ਤੋਂ ਵੱਡਾ ਮੁਕਾਬਲਾ ਕਰਨ ਦਾ ਇਸ਼ਾਰਾ ਕਰਦਿਆਂ ਸਪੱਸ਼ਟ ਕੀਤਾ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਸ ਸੰਘਰਸ਼ ਨੂੰ ਸ਼ਾਂਤੀ ਤੇ ਅਮਨ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ, ਹੁੱਡਾ ਸਰਕਾਰ ਅਤੇ ਸੋਨੀਆ ਗਾਂਧੀ ਪ੍ਰਵਾਰ ਦਾ ਵੱਡਾ ਹਮਲਾ, ਸਿੱਖ ਕੌਮ ਅਤੇ ਸਿੱਖ ਪੰਥ 'ਤੇ ਹੋਇਆ ਹੈ ਜੋ ਗ਼ੈਰ ਕਾਨੂੰਨੀ ਅਤੇ ਗ਼ੈਰ ਸੰਵਿਧਾਨਕ ਹੈ ਕਿਉਂਕਿ ਭਾਰਤ ਦੇ ਅਟਾਰਨੀ ਜਨਰਲ ਦੀ ਸਲਾਹ 'ਤੇ ਹੀ, ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ, ਹਰਿਆਣਾ ਸਰਕਾਰ ਨੂੰ ਲਿਖਤੀ ਰੂਪ ਵਿਚ ਤਾੜਨਾ ਕਰ ਕੇ ਕਿਹਾ ਹੈ ਕਿ ਇਹ ਨਵਾਂ ਐਕਟ ਗ਼ੈਰ ਸੰਵਿਧਾਨਕ ਹੈ।

ਕੋਰ ਕਮੇਟੀ ਦੇ ਮੈਂਬਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਮੀਡੀਆ ਨੂੰ ਦਸਿਆ ਕਿ ਕੋਰ ਕਮੇਟੀ ਨੇ ਬੈਠਕ ਵਿਚ ਵਖਰੀ ਕਮੇਟੀ ਦੇ ਨੋਟੀਫ਼ਿਕੇਸ਼ਨ ਨੂੰ ਸੰਵਿਧਾਨ ਨਾਲ ਧੋਖਾ ਕਰਾਰ ਦਿਤਾ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ 'ਚ ਕੇਂਦਰ ਸਰਕਾਰ ਦੀ ਚਿੰਤਾ ਬਾਰੇ ਵੀ ਦਸਿਆ। ਡਾ. ਚੀਮਾ ਨੇ ਸਪੱਸ਼ਟ ਕੀਤਾ ਕਿ 1966 ਦੇ ਰਾਜ ਪੁਨਰਗਠਨ ਐਕਟ ਦੀ ਧਾਰਾ 72 ਤਹਿਤ ਹਰਿਆਣਾ ਸਰਕਾਰ ਨੂੰ, ਕੇਂਦਰ ਦੀ ਸਲਾਹ ਤੋਂ ਬਿਨਾਂ ਹੀ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਨਵੀਂ ਕਮੇਟੀ ਬਣਾਉਣ ਦਾ ਕੋਈ ਹੱਕ ਨਹੀਂ। ਡਾ. ਚੀਮਾ ਨੇ ਕਿਹਾ ਕਿ ਅਸੈਂਬਲੀ ਚੋਣਾਂ ਨੂੰ ਨੇੜੇ ਵੇਖਦਿਆਂ, ਹਾਰੇ ਹੋਏ ਅਤੇ ਸਿੱਖਾਂ ਵਲੋਂ ਨਕਾਰੇ ਲੀਡਰਾਂ ਝੀਂਡਾ ਤੇ ਨਲਵੀ ਸਮੇਤ, ਸਰਨਾ ਦੀ ਸਲਾਹ 'ਤੇ ਹੁੱਡਾ ਨੇ ਇਹ ਚਲਾਕੀ ਭਰਿਆ ਦਾਅ ਖੇਡਿਆ ਹੈ ਜੋ ਹਰ ਹਾਲ ਵਿਚ ਸਿੱਖ ਕੌਮ ਨਕਾਰ ਦੇਵੇਗੀ।

ਇਹ ਪੁੱਛੇ ਜਾਣ 'ਤੇ ਕਿ ਟਾਸਕ ਫ਼ੋਰਸ, ਅਕਾਲੀ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਹਰਿਆਣਾ ਦੇ ਗੁਰਦਵਾਰਿਆਂ ਵਿਚ ਵੱਡੀ ਗਿਣਤੀ ਵਿਚ ਕੰਟਰੋਲ ਕਰ ਲਿਆ ਹੈ ਅਤੇ ਲਾਅ ਐਂਡ ਆਰਡਰ ਨੂੰ ਖ਼ਤਰਾ ਪੈ ਗਿਆ ਹੈ, ਦੇ ਜਵਾਬ ਵਿਚ ਡਾ. ਚੀਮਾ ਨੇ ਸਪੱਸ਼ਟ ਕੀਤਾ ਕਿ ਇਹ ਗੁਰਦਵਾਰੇ ਸ਼ੁਰੂ ਤੋਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹਨ, ਇਸ ਵਿਚ ਨਵੀਂ ਗੱਲ ਕੋਈ ਨਹੀਂ ਹੋਈ। ਡਾ. ਚੀਮਾ ਨੇ ਭਰੋਸਾ ਦਿਤਾ ਕਿ ਕਿਸੇ ਵੀ ਤਰ੍ਹਾਂ ਅਮਨ-ਕਾਨੂੰਨ ਨੂੰ ਭੰਗ ਨਹੀਂ ਕੀਤਾ ਜਾਵੇਗਾ ਪਰ ਹਰਿਆਣਾ ਸਰਕਰ ਦਾ ਕੰਟਰੋਲ ਉਥੋਂ ਦੇ ਗੁਰਦਵਾਰਿਆਂ 'ਤੇ ਨਹੀਂ ਹੋਣ ਦਿਆਂਗੇ।

ਕੋਰ ਕਮੇਟੀ ਦੀ ਬੈਠਕ ਖ਼ਤਮ ਹੋਣ ਉਪਰੰਤ ਜਥੇਦਾਰ ਤੋਤਾ ਸਿੰਘ, ਐਮ.ਪੀ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਇਹੀ ਕਿਹਾ ਕਿ ਕੇਂਦਰ ਦੀ ਬੀਜੇਪੀ ਤੇ ਐਨ.ਡੀ.ਏ. ਸਰਕਾਰ ਦੇ ਅਸੀ ਧੰਨਵਾਦੀ ਹਾਂ, ਜਿਨ੍ਹਾਂ ਨੇ 1925 ਦੇ ਗੁਰਦਵਾਰਾ ਐਕਟ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਕ ਅੰਤਰਰਾਜੀ ਮਾਮਲਾ ਗਰਦਾਨਦੇ ਹੋਏ ਹਰਿਆਣਾ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਇਸ ਨਵੀਂ ਕਮੇਟੀ ਦੇ ਐਕਟ ਨੂੰ ਰੱਦ ਕੀਤਾ ਜਾਵੇ।

ਅੱਜ ਦੀ ਵਿਸ਼ੇਸ਼ ਅਤੇ ਅਹਿਮ ਕੋਰ ਕਮੇਟੀ ਬੈਠਕ ਵਿਚ ਕੁਲ 18 ਮੈਂਬਰਾਂ ਵਿਚੋਂ 16 ਨੇ ਹਿੱਸਾ ਲਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹਾਜ਼ਰ ਸਿੱਖ ਲੀਡਰਾਂ ਵਿਚ ਰਣਜੀਤ ਸਿੰਘ ਬ੍ਰਹਮਪੁਰਾ, ਜਨਮੇਜਾ ਸਿੰਘ ਸੇਖੋਂ, ਸਪੀਕਰ ਚਰਨਜੀਤ ਸਿੰਘ ਅਟਵਾਲ, ਸੇਵਾ ਸਿੰਘ ਸੇਖਵਾਂ, ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਜਥੇਦਾਰ ਤੋਤਾ ਸਿੰਘ, ਸੁੱਚਾ ਸਿੰਘ ਲੰਗਾਹ, ਸਿਕੰਦਰ ਸਿੰਘ ਮਲੂਕਾ, ਮਹੇਸ਼ ਇੰਦਰ ਸਿੰਘ ਗਰੇਵਾਲ, ਬਲਵੰਤ ਸਿੰਘ ਰਾਮੂਵਾਲੀਆ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਬੈਠਕ ਵਿਚ ਹਾਜ਼ਰੀ ਭਰੀ। ਦੋ ਮੈਂਬਰ ਨਿਰਮਲ ਸਿੰਘ ਕਾਹਲੋਂ ਅਤੇ ਗੁਰਦੇਵ ਸਿੰਘ ਬਾਦਲ, ਸਿਹਤ ਖ਼ਰਾਬ ਹੋਣ ਕਰ ਕੇ ਹਾਜ਼ਰ ਨਹੀਂ ਹੋਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top