Share on Facebook

Main News Page

ਬਾਦਲ ਸਾਬ੍ਹ ! ਮੁਰਦੇ ਕਦੇ ਜਿਊਂਦੇ ਨਹੀਂ ਹੁੰਦੇ…!
-: ਜਸਪਾਲ ਸਿੰਘ ਹੇਰਾਂ

ਇਹ ਕੁਦਰਤ ਦਾ ਆਨੋਖਾ ਮੌਕਾ ਮੇਲ ਹੈ ਕਿ ਜਿਸ ਬਾਦਲ ਦਲ ਨੇ ਅੱਜ ਤੋਂ 20 ਸਾਲ ਪਹਿਲਾ 24 ਜੁਲਾਈ 1994 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਕੇ ਇਸਨੂੰ ਮੋਗੇ ਦੀ ਧਰਤੀ ਤੇ ਪੰਜਾਬੀ ਪਾਰਟੀ ‘ਚ ਬਦਲਿਆ ਸੀ, ਅੱਜ ਉਹੀ ਬਾਦਲ ਮੁੜ ਤੋਂ ਆਪਣੀ ਬਾਦਲ ਪਾਰਟੀ ਨੂੰ ਪੰਥਕ ਪਹਿਰਾਵੇ ‘ਚ ਲਪੇਟਣ ਲਈ ਮੋਰਚਾ ਲਾਉਣ ਦੀਆਂ ਤਿਆਰੀਆਂ ‘ਚ ਜੁੱਟਿਆ ਹੋਇਆ ਹੈ ਅਤੇ ਸਿੱਖ ਸਿਆਸਤ ‘ਚ ਪਹਿਲੀ ਵਾਰ ਸਿੱਖਾਂ ਵੱਲੋਂ ਸਿੱਖਾਂ ਵਿਰੁੱਧ ਮੋਰਚੇ ਦੀ ਨੀਂਹ ਰੱਖ ਕੇ ਕੌਮ ਨੂੰ ਭਰਾ-ਮਾਰੂ ਜੰਗ ‘ਚ ਧੱਕਣ ਦੀਆਂ ਜ਼ੋਰ-ਸ਼ੋਰ ਨਾਲ ਤਿਆਰੀਆਂ ਕਰੀ ਜਾ ਰਿਹਾ ਹੈ। ਇਸੇ ਬਾਦਲ ਨੇ ਅੱਜ ਦੇ ਦਿਨ ਆਪਣੇ ਭਗਵੇਂ ਆਕਿਆਂ ਦੇ ਹੁਕਮ ਤੇ ਪੂਰੀ ਤਰ੍ਹਾਂ ਫੁੱਲ ਚੜ੍ਹਾਉਂਦਿਆਂ ਸਿੱਖੀ ਹੋਂਦ ਦੇ ਖ਼ਾਤਮੇ ਲਈ ਸਿੱਖਾਂ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਕੇ ਪੰਜਾਬੀ ਪਾਰਟੀ ‘ਚ ਬਦਲ ਦਿੱਤਾ ਸੀ ਅਤੇ ਪਿਛਲੇ ਦੋ ਦਹਾਕਿਆਂ ‘ਚ ਇਹ ਪਾਰਟੀ ਪੰਜਾਬੀ ਪਾਰਟੀ ਤੋਂ ਬਦਲ ਕੇ ਬਾਦਲ ਪਾਰਟੀ ਯਾਨਕਿ ਬਾਦਲ ਪਰਿਵਾਰ ਦੀ ਨਿੱਜੀ ਜਾਗੀਰ ਬਣ ਕੇ ਰਹਿ ਗਈ ਹੈ।

ਆਪਣੀਆਂ ਸਿਆਸੀ ਚਾਲਾਂ, ਪੈਸੇ ਤੇ ਸੱਤਾ ਦੇ ਜ਼ੋਰ ਨਾਲ ਬਾਦਲ ਨੇ ਹਰ ਸਿੱਖ ਸੰਸਥਾ ਤੇ ਕਬਜ਼ਾ ਕਰ ਲਿਆ ਅਤੇ ਸਿਆਸੀ ਪਿੜ੍ਹ ‘ਚ ਆਪਣੇ ਸਿਆਸੀ ਵਿਰੋਧੀਆਂ ਦਾ ਖ਼ਾਤਮਾ ਕਰਕੇ ਏਕਾ ਅਧਿਕਾਰ ਜਮਾ ਲਿਆ। ਪੰਜਾਬ ‘ਚ ‘ਬਾਦਲ ਹੀ ਬਾਦਲ’ ਵਾਲੀ ਸਥਿੱਤੀ ਪੈਦਾ ਕਰ ਦਿੱਤੀ। ਹੁਣ ਜਦੋਂ ਸਿੱਖਾਂ ‘ਚ ਨਵੀਂ ਜਾਗਰੂਕਤਾ ਪੈਦਾ ਹੋਈ ਹੈ ਅਤੇ ਬਾਦਲ ਵੋਰਧੀ ਪੰਥਕ ਜਥੇਬੰਦੀਆਂ ਦੀ ਪਾਟੋਧਾੜ ਦੇ ਕੰਮਜ਼ੋਰ ਹੋਣ ਦੇ ਬਾਵਜੂਦ ਆਮ ਸਿੱਖ ਆਪਣੇ ਤੌਰ 'ਤੇ ਬਾਦਲ ਦੀ ਸਿੱਖ ਵਿਰੋਧੀ ਸੋਚ ਤੇ ਪੈਂਤੜੇ ਨੂੰ ਬਾਖ਼ੂਬੀ ਸਮਝ ਕੇ, ਉਸਦਾ ਨੰਗਾ ਚਿੱਟਾ ਵਿਰੋਧੀ ਹੋ ਕੇ ਮੈਦਾਨ ‘ਚ ਨਿੱਤਰਣਾ ਸ਼ੁਰੂ ਹੋ ਗਿਆ ਹੈ, ਜਿਸਦੀ ਸ਼ੁਰੂਆਤ ਸ਼ੋਸਲ ਮੀਡੀਏ ਨਾਲ ਹੋ ਚੁੱਕੀ ਹੈ, ਤਾਂ ਬਾਦਲਾਂ ਨੂੰ ਸਿੱਖ ਸਿਆਸਤ ‘ਚੋਂ ਆਪਣੀ ਵਿਦਾਇਗੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ।

ਹਰਿਆਣਾ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਹੋਂਦ ਨੂੰ ਬਹਾਨਾ ਬਣਾ ਕੇ, ਬਾਦਲ, ਮੁੜ ਤੋਂ ਪੰਥਕ ਨਕਾਬ ਨੂੰ ਜਿਹੜਾ ਲੀਰੋ-ਲੀਰ ਹੋ ਚੁੱਕਾ ਹੈ। ਟਾਕੀਆਂ ਲੁਆ ਕੇ ਪਹਿਨਣ ਦੇ ਯਤਨਾਂ ‘ਚ ਹੈ। ਅਸੀਂ ਭਾਵੇਂ ਪਹਿਲਾ ਵੀ ਵਾਰ-ਵਾਰ ਲਿਖਿਆ ਹੈ ਕਿ ਸਥਾਪਤੀ ਨਾਲ ਸਿੱਖਾਂ ਦੀ ਇੱਕੋ-ਇਕ ਮਜ਼ਬੂਤਚ ਸ਼ਕਤੀਸ਼ਾਲੀ ਧਾਰਮਿਕ ਸੰਸਥਾ ਦੀ ਹੋਂਦ ਦੇ ਹੱਕ ‘ਚ ਹਾਂ, ਪ੍ਰੰਤੂ ਹਰਿਆਣੇ ਦੀ ਵੱਖਰੀ ਕਮੇਟੀ, ਜਿਹੜੀ ਖ਼ੁਦ ਬਾਦਲ ਦਲ ਦੀਆਂ ਗਲਤੀਆਂ, ਕੰਮਜ਼ੋਰੀਆਂ, ਲਾਲਸਾਵਾਂ ਕਾਰਣ ਹੋਂਦ ‘ਚ ਆਈ ਹੈ, ਉਸਨੂੰ ਸਿੱਖਾਂ ਦੀ ਹੋਂਦ ਲਈ, ਏਕੇ ਲਈ ਜਾਂ ਸਿੱਖ ਸ਼ਕਤੀ ਨੂੰ ਕੰਮਜ਼ੋਰ ਕਰਨ ਦੀ ਸਾਜ਼ਿਸ ਕਦਾਚਿਤ ਨਹੀਂ ਮੰਨ ਸਕਦੇ। ਹਰਿਆਣੇ ਦੇ ਸਿੱਖ ਦਸਮੇਸ਼ ਪਿਤਾ ਦੇ ਸਿੱਖ ਹਨ, ਗੁਰੂ ਘਰ, ਸੰਗਤ ਦੇ ਹਨ, ਇਸ ਲਈ ਜੇ ਹਰਿਆਣੇ ‘ਚ ਸਥਿੱਤ ਗੁਰੂ ਘਰਾਂ ਦਾ ਪ੍ਰਬੰਧ ਹਰਿਆਣੇ ਦੇ ਸਿੱਖ ਕਰਨ ਲੱਗ ਪੈਣਗੇ ਤਾਂ ਇਸ ਨਾਲ ਸਿੱਖ ਧਰਮ ਨੂੰ, ਉਸਦੀ ਹੋਂਦ ਨੂੰ, ਆਨ-ਸ਼ਾਨ ਨੂੰ ਕੋਈ ਫ਼ਰਕ ਨਹੀਂ ਪੈਣ ਲੱਗਾ। ਪ੍ਰੰਤੂ ਕਿਉਂਕਿ ਬਾਦਲ ਸਾਬ੍ਹ ਨੂੰ ਆਪਣੀ ਚੌਧਰ ਦੇ ਏਕਾ ਅਧਿਕਾਰ ਦਾ ਅਤੇ ਸਿੱਖੀ ਦੇ ਠੇਕੇਦਾਰ ਹੋਣ ਦਾ ਰੁਤਬਾ ਖੁਸ ਜਾਣ ਦਾ ਡਰ ਹੈ, ਗੁਰੂ ਦੀ ਗੋਲਕ ਦਾ ਅਰਬਾਂ ਰੁਪਿਆ ਅਤੇ ਗੁਰੂ ਘਰ ਦੀਆਂ ਜਾਇਦਾਦਾਂ ‘ਚ ਕੀਤੀ ਅਰਬਾਂ ਦੀ ਘਪਲੇਬਾਜ਼ੀ ਦੇ ਨੰਗਾ ਹੋਣ ਦਾ ਡਰ ਹੈ, ਇਸ ਲਈ ਉਹ ਇਕ ਤੀਰ ਨਾਲ ਦੋ ਸ਼ਿਕਾਰ ਕਰਨ ਦੇ ਰਾਹ ਤੁਰ ਪਏ ਹਨ

ਪਹਿਲਾ ਪੰਥ ਦਾ ਸਭ ਤੋਂ ਵੱਡਾ ਦਰਦੀ, ਹਿਤੈਸ਼ੀ, ਤਿਆਗੀ ਜਿਸਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੱਤ ਮਾਰ ਕੇ, ਸ਼੍ਰੋਮਣੀ ਕਮੇਟੀ ਦੀ ਵੰਡ ਨੂੰ ਰੋਕਿਆ, ਜਿਸ ਸਦਕਾ ਜਿਹੜੇ ਬਹੁਗਿਣਤੀ ਸਿੱਖ ਉਸਨੂੰ ‘ਨਿੱਕਰਧਾਰੀ’ ਪ੍ਰਵਾਨ ਕਰ ਕੇ ਅਕਾਲੀ ਦਲ ਨੂੰ ਹੁਣ ‘ਪੰਥ’ ਮੰਨਣੋਂ ਹੱਟ ਗਏ ਸਨ, ਉਨ੍ਹਾਂ ਨੂੰ ਮੁੜ ਤੋਂ ਆਪਣੇ ਨਾਲ ਜੋੜ੍ਹਨਾ, ਦੂਜਾ ਗੁਰੂ ਘਰਾਂ ਦੀ ਲੁੱਟ ਨਿਰੰਤਰ ਜਾਰੀ ਰੱਖਣੀ?

ਅਸੀਂ ਸਮਝਦੇ ਹਾਂ ਕਿ ਅੱਜ ਆਮ ਸਿੱਖ ਨੂੰ ਇਹ ਭਲੀ-ਭਾਤ ਸਮਝ ਲੈਣਾ ਚਾਹੀਦਾ ਹੈ ਕਿ 27 ਜੁਲਾਈ ਨੂੰ ਹਰਿਆਣੇ ਦੀ ਵੱਖਰੀ ਕਮੇਟੀ ਦੇ ਵਿਰੋਧ ‘ਚ ਕਿਸੇ ਮੋਰਚੇ ਦਾ ਐਲਾਨ ਹੁੰਦਾ ਹੈ ਤਾਂ ਉਹ ‘ਪੰਥਕ ਮੋਰਚਾ’ ਨਹੀਂ, ਸਗੋਂ ‘ਬਾਦਲ ਮੋਰਚਾ’ ਹੋਵੇਗਾ। ਇਸ ਮੋਰਚੇ ‘ਚ ਬਾਦਲ ਭਗਤ ਜੀ ਸਦਕੇ, ਵਧ ਚੜ੍ਹ ਕੇ ਭਾਗ ਲੈਣ, ਪ੍ਰੰਤੂ ਗੁਰੂ ਦੇ ਸੱਚੇ ਸਿੱਖ ਨੂੰ ਇਸ ਮੋਰਚੇ ਨੂੰ ਭਰਾ-ਮਾਰੂ ਜੰਗ ‘ਚ ਬਦਲਣ ਤੋਂ ਰੋਕਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।

- ਉਨ੍ਹਾਂ ਨੂੰ ਪਹਿਲਾ ਇਹ ਸੁਆਲ ਬਾਦਲਕਿਆਂ ਨੂੰ ਇਕ ਵਾਰ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਜੇ ਬਾਦਲ ਦੇ ਮਨ ‘ਚ ਸੱਚੀ-ਮੁੱਚੀ ਪੰਥ ਦਾ ਪਿਆਰ ਜਾਗਿਆ ਹੈ ਤਾਂ ਉਹ

- ਦਰਬਾਰ ਸਾਹਿਬ ਸਾਕੇ ਸਮੇਂ ਪੰਥ ਦੇ ਅਨਮੋਲ ਖਜ਼ਾਨੇ ਨੂੰ ਜਿਹੜਾ ਭਾਰਤੀ ਫੌਜ ਚੁੱਕ ਕੇ ਵਾਪਸ ਲੈ ਗਈ ਸੀ, ਵਾਪਸ ਲਿਆਉਣ ਲਈ ਮੋਰਚਾ ਲਾਉਣ,

- ਉਹ ਧਰਮੀ ਫੌਜੀਆਂ ਦੇ ਮੁੜ ਵਸੇਬੇ ਲਈ ਮੋਰਚਾ ਆਰੰਭਣ,

- ਉਹ ਪ੍ਰੋ. ਭੁੱਲਰ ਤੇ ਭਾਈ ਰਾਜੋਆਣਾ ਵਰਗੇ ਸਿੱਖ ਨਾਇਕਾਂ ਅਤੇ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹ ਦੀਆਂ ਕਾਲਕੋਠੜੀਆਂ ‘ਚ ਡੱਕੇ ਸਿੱਖਾਂ ਦੀ ਰਿਹਾਈ ਲਈ ਮੋਰਚਾ ਲਾਉਣ,

- ਉਹ ਪੰਜਾਬ ਦੇ 25 ਹਜ਼ਾਰ ਨੌਜਵਾਨਾਂ ਦੀਆਂ ਅਣਪਛਾਤੀਆਂ ਆਖ਼ ਕੇ ਸਾੜ੍ਹੀਆਂ ਲਾਸ਼ਾਂ ਅਤੇ ਹਜ਼ਾਰਾਂ ਦੀ ਗਿਣਤੀ ‘ਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੇ ਇਨਸਾਫ਼ ਲਈ ਮੋਰਚਾ ਲਾਉਣ,

- ਆਨੰਦਪੁਰ ਸਾਹਿਬ ਦਾ ਮਤਾ, ਜਿਸਨੂੰ ਬਾਦਲ ਸਾਬ੍ਹ, ਖ਼ੁਦ ਸਾਰੇ ਦੁੱਖਾਂ ਦਾ ਦਾਰੂ ਮੰਨਦੇ ਹੁੰਦੇ ਸਨ, ਉਸਦੀ ਪ੍ਰਾਪਤੀ ਲਈ ਮੋਰਚਾ ਲਾਉਣ,

- ਪੰਜਾਬ ਦੇ ਪਾਣੀਆਂ ਦੀ ਰਾਖ਼ੀ ਲਈ ਪੰਜਾਬੀ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਲਈ ਮੋਰਚਾ ਲਾਉਣ

- ਪੰਜਾਬ ਸਿਰ ਚੜ੍ਹੇ ਸਵਾ ਲੱਖ ਕਰੋੜ ਦੇ ਕਰਜ਼ੇ ਦੀ ਮੁਆਫ਼ੀ ਲਈ ਮੋਰਚਾ ਲਾਉਣ,

- ਪੰਜਾਬ ਤੋਂ ਸਾਜ਼ਿਸ ਅਧੀਨ ਭਜਾਈਆਂ ਸੱਨਅਤਾਂ ਦੀ ਵਾਪਸੀ ਲਈ ਮੋਰਚਾ ਲਾਉਣ,

- ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕਜ ਲਈ,

- ਪੰਜਾਬ ਦੇ ਕਿਸਾਨਾਂ ਦੀਆਂ ਫ਼ਸਲਾਂ ਦੇ ਯੋਗ ਮੁੱਲ ਲਈ ਮੋਰਚਾ ਲਾਉਣ,

- ਪੰਜਾਬ ਦੇ 50 ਲੱਖ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਵਾਉਣ ਲਈ ਮੋਰਚਾ ਲਾਉਣ,

- ਸਰਹੱਦੋਂ ਪਾਰੋਂ ਪੰਜਾਬ ‘ਚ ਆਉਂਦੇ ਨਸ਼ੇ ਦੀ ਸਪਲਾਈ ਮੁਕੰਮਲ ਰੂਪ ‘ਚ ਬੰਦ ਕਰਵਾਉਣ ਲਈ ਮੋਰਚਾ ਲਾਉਣ,

- ਪੰਜਾਬੀ ਮਾਂ-ਬੋਲੀ ਨੂੰ ਗੁਆਂਢੀ ਸੂਬਿਆਂ ‘ਚ ਬਣਦਾ ਮਾਣ-ਸਨਮਾਨ ਦਿਵਾਉਣ ਲਈ ਮੋਰਚਾ ਲਾਉਣ?

- ਸਿੱਖਾਂ ਨੂੰ ਇਸ ਦੇਸ਼ ‘ਚ ਵੈਸੇ ਹੀ ਦੂਜੇ ਨੰਬਰ ਦੇ ਸ਼ਹਿਰੀ ਸਮਝਿਆ ਜਾਂਦਾ ਹੈ, ਸਿੱਖ ਦੁਸ਼ਮਣ ਤਾਕਤਾਂ ਵੱਲੋਂ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਸਿੱਖ ਸਿਧਾਂਤਾਂ, ਪ੍ਰੰਪਰਾਵਾਂ ਮਰਿਆਦਾ ਨਾਲ ਖਿਲਵਾੜ ਕਰਕੇ, ਸਿੱਖੀ ਦੇ ਨਿਆਰੇ ਤੇ ਨਿਰਾਲੇਪਣ ਨੂੰ ਖੋਰਾ ਲਾਇਆ ਜਾ ਰਿਹਾ ਹੈ, ਪੰਜਾਬ ‘ਚ ”ਊੜੇ ਤੇ ਜੂੜੇ” ਦੇ ਖ਼ਾਤਮੇ ਦਾ ਮੁੱਢ ਬੰਨ੍ਹਿਆ ਜਾ ਚੁੱਕਾ ਹੈ, ਆਖ਼ਰ ਇਹ ਪੰਥਕ ਮੁੱਦੇ, ਪੰਜਾਬ ਦੀਆਂ ਸਮੱਸਿਆਵਾਂ ਬਾਦਲ ਸਾਬ੍ਹ! ਨੂੰ ਕਿਉਂ ਵਿਖਾਈ ਨਹੀਂ ਦਿੰਦੀਆਂ?

ਸਿੱਖੀ ਨੂੰ ਹੜੱਪ ਕਰਨ ਲੱਗੇ ਡੇਰੇ ਕਿਉਂ ਵਿਖਾਈ ਨਹੀਂ ਦੇ ਰਹੇ? ਸਿੱਖੀ ਦੇ ਭਗਵੇਂ ਕਰਨ ਦੀਆਂ ਕੋਸ਼ਿਸਾਂ ਕਿਉਂ ਨਜ਼ਰ ਨਹੀਂ ਆਉਂਦੀਆਂ? ਸਿਰਫ਼ ਹਰਿਆਣੇ ਦੀ ਵੱਖਰੀ ਕਮੇਟੀ ਹੀ ਇੱਕੋ-ਇੱਕ ਪੰਥਕ ਮੁੱਦਾ ਕਿਉਂ ਵਿਖਾਈ ਦੇ ਰਹੀ ਹੈ?

ਇਨ੍ਹਾਂ ਸਾਰਿਆਂ ਸੁਆਲਾਂ ਦੇ ਜਵਾਬ ਤੋਂ ਬਾਅਦ, ਹਰ ਸਿੱਖ, ਬਾਦਲ ਦਲ ਦੇ ਮੋਰਚੇ ਨੂੰ ਕੀ ਨਾਮ ਦੇਣਾ ਹੈ, ਕਿਉਂ ਸਾਥ ਦੇਣਾ ਹੈ? ਇਸ ਬਾਰੇ ਫੈਸਲਾ ਕਰੇ। ਅਸੀਂ ਤਾਂ ਸਿਰਫ਼ ਬਾਦਲ ਸਾਬ੍ਹ ਨੂੰ 24 ਜੁਲਾਈ 1994 ਯਾਦ ਕਰਵਾਉਣਾ ਚਾਹੁੰਦੇ ਕਿ ਉਹ ਅਕਾਲੀ ਦਲ ਦਾ ਭੋਗ ਬਹੁਤ ਪਹਿਲਾ ਪਾ ਚੁੱਕੇ ਹਨ ਅਤੇ ਮੁਰਦੇ ਕਦੇ ਜਿਊਂਦਾ ਨਹੀਂ ਹੁੰਦੇ, ਇਹ ਅਟੱਲ ਸਚਾਈ ਤੇ ਕੁਦਰਤ ਦਾ ਨੇਮ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top