Share on Facebook

Main News Page

 ‘ਸਰਦਾਰ ਨੂੰ ਮਾਰੇ ਸਰਦਾਰੇ, ਜਾਂ ਮਾਰੇ ਕਰਤਾਰ
ਕੀ ਬਾਦਲ ਦਲ ਦਾ ‘‘ਸਮੋਸਾ ਪੰਥ’’ ਮੋਰਚਾ ਲਗਾ ਕੇ ਕਾਮਯਾਬੀ ਹਾਸਲ ਕਰ ਸਕੇਗਾ?
-: ਜਸਬੀਰ ਸਿੰਘ ਪੱਟੀ 09356024684

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਨਾਲ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਵਿੱਚਕਾਰ ਵੱਖਰੀ ਕਮੇਟੀ ਬਣਾਉਣ ਨੂੰ ਲੈ ਕੇ ਜਿਹੜਾ ਟੱਕਰਾ ਪੈਦਾ ਹੋ ਗਿਆ ਹੈ ਉਸ ਨੂੰ ਬਹਾਨਾ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋ ਮੋਰਚਾ ਲਗਾਉਣ ਦੇ ਜਿਹੜੇ ਸੰਕੇਤ ਦਿੱਤੇ ਹਨ ਉਹ ਮੰਦਭਾਗੇ ਹੀ ਨਹੀਂ, ਸਗੋ ਭਰਾ ਮਾਰੂ ਜੰਗ ਸ਼ੁਰੂ ਕਰਕੇ ‘‘ਸਰਦਾਰ ਨੂੰ ਮਾਰੇ ਸਰਦਾਰ ਜਾਂ ਮਾਰੇ ਕਰਤਾਰ’’ ਵਾਲੀ ਕਹਾਵਤ ਨੂੰ ਸਿੱਧ ਕਰਨਾ ਹੀ ਮੰਨਿਆ ਜਾ ਸਕਦਾ ਹੈ।

ਹਰਿਆਣਾ ਕਮੇਟੀ ਬਣਾਉਣ ਲਈ ਹਰਿਆਣਾ ਦੇ ਪਿੰਡ ਝੀਂਡਾ ਦੇ ਨਿਵਾਸੀ ਜਗਦੀਸ਼ ਸਿੰਘ ਝੀਂਡਾ ਤੇ ਨਲਵੀ ਪਿੰਡ ਦੇ ਵਾਸੀ ਸ੍ਰ ਦੀਦਾਰ ਸਿੰਘ ਨਲਵੀ ਪਿਛਲੇ ਕਰੀਬ 14 ਸਾਲਾ ਤੋਂ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਬਣਾ ਕੇ ਅਵਾਜ ਬੁਲੰਦ ਕਰਨ ਲੱਗੇ ਹੋਏ ਸਨ ਤੇ ਅਖੀਰ ਹਰਿਆਣਾ ਦੀ ਹੁੱਡਾ ਸਰਕਾਰ ਨੇ 6 ਜੁਲਾਈ ਨੂੰ ਹਰਿਆਣੇ ਦੇ ਸਿੱਖਾਂ ਦੀ ਇਸ ਮੰਗ ਨੂੰ ਪ੍ਰਵਾਨ ਕਰਦਿਆ ਵੱਖਰੀ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ। ਹਰਿਆਣਾ ਵਿਧਾਨ ਸਭਾ ਵਿੱਚ ਵੱਖਰੀ ਕਮੇਟੀ ਦਾ ਬਿੱਲ ਪਾਸ ਹੋਣ ਉਪਰੰਤ ਹੁਣ ਤੱਕ ਇਹ 41 ਮੈਂਬਰੀ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਸਰਕਾਰ ਨੇ ਨਾਮਜਦ ਵੀ ਕਰ ਦਿੱਤੀ ਹੈ ਜਿਸ ਦਾ ਅਗਲਾ ਸਭ ਤੋ ਖਤਰਨਾਕ ਐਕਸ਼ਨ ਹਰਿਆਣਾ ਵਿਚਲੇ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਲੈਣਾ ਹੈ ਜਿਸ ਨੂੰ ਲੈ ਕੇ ਅਕਾਲੀ ਦਲ ਬਾਦਲ, ਸ਼੍ਰੋਮਣੀ ਕਮੇਟੀ ਅਤੇ ਹਰਿਆਣਾ ਕਮੇਟੀ ਦੇ ਮੈਂਬਰਾਂ ਵਿਚਾਲੇ ਟੱਕਰਾ ਹੋਣ ਤੋ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਕਿ ਸ਼੍ਰੋਮਣੀ ਕਮੇਟੀ ਦੇ ਲੱਠਮਾਰ ਤੇ ਨਿਹੰਗ ਮੁੱਖੀ ਬੁੱਢਾ ਦਲ ਬਾਬਾ ਬਲਬੀਰ ਸਿੰਘ ਨੇ ਆਪਣੇ ਕਾਫੀ ਨਿਹੰਗ ਇਹਨਾਂ ਗੁਰਧਾਮਾਂ ਵਿੱਚ ਭੇਜੇ ਹੋਏ ਹਨ ਜਿਹੜੇ ਮਹੰਤ ਨਰੈਣੂ ਦੇ ਗੁੰਡਿਆ ਵਾਂਗ ਹਥਿਆਰਬੰਦ ਹੋ ਕੇ ਅੰਦਰ ਬੈਠੇ ਹਨ। ਇਥੇ ਹੀ ਬੱਸ ਨਹੀਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ, ਪ੍ਰੇਮ ਸਿੰਘ ਚੰਦੂਮਾਜਰਾ, ਬਲਵੰਤ ਸਿੰਘ ਰਾਮੂਵਾਲੀਆ ਆਦਿ ਆਗੂਆ ਨੇ ਵੀ ਗੁਰੂਦੁਆਰਿਆ ਵਿੱਚ ਡੇਰੇ ਲਗਾ ਕੇ ਮੋਰਚੇ ਸੰਭਾਲੇ ਹੋਏ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦ ਹੀ ਸੰਘਰਸ਼ ਕਰਨ ਲਈ ਰੱਖੀ ਗਈ ਸੀ ਤੇ ਅੱਜ ਵੀ ਅਕਾਲੀ ਦਲ ਦਾ ਕਰਤੱਵ ਸਿੱਧੇ ਰੂਪ ਵਿੱਚ ਲੋਕ ਹਿੱਤਾਂ ਖਾਤਰ ਜੂਝਣਾ ਤੇ ਇਨਸਾਫ ਦਿਵਾਉਣਾ ਹੈ ਪਰ ਕਹਿੰਦੇ ਨੇ ਸੱਤਾ ਮਨੁੱਖ ਨੂੰ ਵਸ਼ੱਈ ਤੇ ਭ੍ਰਿਸ਼ਟ ਕਰ ਦਿੰਦੀ ਹੈ ਅਤੇ ਅੱਜ ਸੱਤਾ ਦੇ ਨਸ਼ੇ ਵਿੱਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀਆ ਦੀ ਬੁੱਧੀ ਭ੍ਰਿਸ਼ਟ ਚੁੱਕੀ ਹੈ ਅਤੇ ਉਹ ਆਪਣਿਆ ਨਾਲ ਹੀ ਟਕਰਾ ਦੇ ਰਾਹ ਪੈ ਕੇ ਸਿੱਖ ਪੰਥ ਨੂੰ ਖੇਰੂੰ ਖੇਰੂੰ ਕਰਨ ਵਿੱਚ ਲੱਗੇ ਹੋਏ ਹਨ।

ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਇੱਕ ਹੰਢੇ ਹੋਏ ਸਿਆਸਤਦਾਨ ਹਨ ਤੇ ਸਮੇਂ ਦੀ ਨਬਜ਼ ਨੂੰ ਪਛਾਨਣ ਵਿੱਚ ਚੰਗੀ ਮੁਹਾਰਤ ਰੱਖਦੇ ਹਨ। ਉਹਨਾਂ ਦੀ ਅਗਵਾਈ ਹੇਠ ਪੰਜਾਬ ਦੀਆ ਮੰਗਾਂ ਨੂੰ ਲੈ ਕੇ ਕਈ ਮੋਰਚੇ ਲੱਗੇ ਤੇ ਉਹਨਾਂ ਨੇ ਇੱਕ ਵੱਡੀ ਡਿਗਰੀ ਵੀ ਪ੍ਰਾਪਤ ਕੀਤੀ ਜਿਸ ਦਾ ਨਾਮ ਹੈ ‘‘17 ਸਾਲ ਜੇਲ ਕੱਟੀ ਹੈ ਜੀ।’’ 1977 ਵਿੱਚ ਜਦੋਂ ਅਕਾਲੀਆ ਦੀ ਸਰਕਾਰ ਬਣੀ ਸੀ ਤਾਂ ਬਾਦਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਿਹੜੇ ਅਕਾਲੀ ਦਲ ਦੇ ਵਰਕਰਾਂ ਨੇ ਵੱਖ ਵੱਖ ਮੋਰਚਿਆ ਦੌਰਾਨ ਛੇ ਮਹੀਨੇ ਤੇ ਵੱਧ ਜੇਲ ਕੱਟੀ ਹੈ, ਉਹਨਾਂ ਨੂੰ ਸਰਕਾਰੀ ਖਾਤੇ ਵਿੱਚੋ ਪੈਨਸ਼ਨ ਦਿੱਤੀ ਜਾਵੇਗੀ ਪਰ ਅੱਜ ਬਾਦਲ ਸਰਕਾਰ ਉਸ ਤੋ ਬਾਅਦ ਵੀ ਸਾਢੇ ਬਾਰਾਂ ਸਾਲ ਦਾ ਸਮਾਂ ਰਾਜ ਭਾਗ ਹੰਢਾ ਚੁੱਕੀ ਹੈ ਪਰ ਜੇਲ ਕੱਟਣ ਵਾਲੇ ਜਥੇਦਾਰਾਂ ਦੀ ਕਿਸੇ ਨੇ ਵੀ ਸਾਰ ਤੱਕ ਨਹੀਂ ਲਈ ਸਗੋਂ ਉਹਨਾਂ ਦੀਆ ਕੁਰਬਾਨੀਆ ਨੂੰ ਨਿਹੰਗ ਦੇ ਬਾਟੇ ਵਾਂਗ ਮਾਂਜ ਕੇ ਕਿਸੇ ਖੁੰਝੇ ਵਿੱਚ ਸੁੱਟ ਦਿੱਤਾ ਗਿਆ ਹੈ।

ਪਿਛਲੇ ਲੰਮੇ ਸਮੇਂ ਤੋ ਇਹ ਕੁਰਬਾਨੀ ਵਾਲੇ ਜਥੇਦਾਰ ਪੂਰੀ ਤਰ੍ਵਾ ਵਿਸਾਰੇ ਰਹੇ ਹਨ ਪਰ ਅੱਜ ਫਿਰ ਉਹਨਾਂ ਦੀ ਪੁੱਛ ਪੜਤਾਲ ਇਸ ਕਰਕੇ ਵੱਧਣ ਲੱਗੀ ਹੈ ਕਿਉਕਿ ਅਕਾਲੀ ਦਲ ਬਾਦਲ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਹਰਿਆਣਾ ਸਰਕਾਰ ਤੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ‘‘ਸਮੋਸਾ ਪੰਥ’’ (ਜਿਹੜੇ ਕੇਸ ਕਤਲ ਕਰਵਾ ਕੇ ਸਿਰ ਦੀ ਹਜਾਮਤ ਸਮੋਸੇ ਦੀ ਸ਼ਕਲ ਵਾਂਗ ਕਰਵਾ ਲੈਦੇ ਹਨ ਬਣਾ ਲੈਦੇ ਹਨ ਅਤੇ ਕਛਿਹਰਿਆ ਦੀ ਜਗਾ ਸਮੋਸੇ ਦੀ ਬਣਤਰ ਵਾਲੀਆ ਚੱਡੀਆ ਪਾਉਦੇ ਹਨ ਅਤੇ ਏ.ਸੀ. ਗੱਡੀਆ ਤੇ ਏ.ਸੀ ਕਮਰਿਆ ਵਿੱਚ ਰਹਿੰਦੇ ਹਨ) ਮੋਰਚਾ ਨਹੀਂ ਲਗਾ ਸਕਦੇ ਤੇ ਇਹ ‘‘ਉਸਤਰਿਆਂ ਦੀ ਮਾਲਾ’’ ਸਿਰਫ ਉਹ ਹੀ ਕਛਿਹਰੇ ਤੇ ਕਿਰਪਾਨ ਵਾਲੇ ਜਥੇਦਾਰ ਹੀ ਪਹਿਨ ਸਕਦੇ ਹਨ, ਜਿਹਨਾਂ ਨੂੰ ਜੇਲ ਕੱਟਣ ਦਾ ਪਹਿਲਾਂ ਹੀ ਕੌੜਾ ਤਜਰਬਾ ਹੈ। ਅੱਜ ਕਲ ਬਾਦਲ ਦਲ ਦਾ ਜਨਰਲ ਸਕੱਤਰ ਹਰਚਰਨ ਬੈਂਸ ਵੀ ਸਮੋਸਾ ਪੰਥ ਵਿੱਚ ਸ਼ਾਮਲ ਹੈ ਤੇ ਉਹ ਵੀ ਮੂੰਹ ਸਿਰ ਕੁੱਚ ਕਰਵਾ ਕੇ ‘‘ਸਮੋਸਾ ਪੰਥ’’ ਦੀ ਅਗਵਾਈ ਕਰ ਰਿਹਾ ਹੈ

ਸਿਆਸਤ ਵਿੱਚ ਪੀ.ਐਚ.ਡੀ ਕਰਨ ਦਾ ਦਾਅਵਾ ਕਰਨ ਵਾਲੇ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋ ਇਸ ਵਾਰੀ ਕਿਸੇ ਦੂਸਰੀ ਸੰਪਰਦਾ ਜਾਂ ਦੂਸਰੀ ਕੌਮ ਜਾਂ ਫਿਰ ਕਿਸੇ ਹੋਰ ਸਰਕਾਰ ਦੇ ਖਿਲਾਫ ਮੋਰਚਾ ਨਹੀਂ ਲਗਾਇਆ ਜਾ ਰਿਹਾ ਸਗੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨਾਲ ਜੁੜੇ ਉਹਨਾਂ ਸਿੰਘਾਂ ਦੇ ਖਿਲਾਫ ਹੀ ਲਗਾਇਆ ਜਾ ਰਿਹਾ ਹੈ ਜਿਹੜੇ ਸਮੋਸਾ ਪੰਥ ਨਹੀਂ ਸਗੋ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਪੂਰੀ ਤਰਾ ਸਮੱਰਪਿੱਤ ਅੰਮਿਤਧਾਰੀ ਸਿੰਘ ਹਨ। ਉਹ ਕਰੀਬ ਅੱਠ ਸਾਲ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਰਹੇ ਤੇ ਹਮੇਸ਼ਾਂ ਹੀ ਹਾਊਸ ਵਿੱਚ ਹਰਿਆਣੇ ਦੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਕੇ ਆਪਣਾ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਪਰ ਬਾਦਲ ਦਲ ਦੀ ਬਹੁਗਿਣਤੀ ਮੈਂਬਰ ਉਹਨਾਂ ਨੂੰ ਅਜਿਹਾ ਕਰਨ ਤੋ ਰੋਕਦੀ ਹੀ ਨਹੀਂ ਰਹੀ, ਸਗੋਂ ਜ਼ਲੀਲ ਵੀ ਕਰਦੀ ਰਹੀ ਜਿਸ ਕਾਰਨ ਉਹਨਾਂ ਦੀ ਹਰਿਆਣਾ ਦੀ ਵੱਖਰੀ ਕਮੇਟੀ ਦੀ ਮੰਗ ਹੋਰ ਪ੍ਰਬਲ ਹੁੰਦੀ ਗਈ। ਹਰਿਆਣਵੀ ਸਿੱਖਾਂ ਨੇ ਆਪਣੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਈ ਵਾਰੀ ਮੰਗ ਪੱਤਰ ਦਿੱਤੇ ਤੇ ਅਖਬਾਰਾਂ ਵਿੱਚ ਦੁਹਾਈਆ ਵੀ ਪਾਈਆ, ਪਰ ਸ਼੍ਰੋਮਣੀ ਕਮੇਟੀ ‘ਤੇ ਕਾਬਜ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦਾ ਮੌਜੂ ਹੀ ਉਡਾਉਦੀ ਰਹੀ ਅਤੇ ਸ਼੍ਰੋਮਣੀ ਕਮੇਟੀ ਦੇ ਪਰਧਾਨ ਅਵਤਾਰ ਸਿੰਘ ਮੱਕੜ ਨੇ ਤਾਂ ਇੱਕ ਜਗਦੀਸ਼ ਸਿੰਘ ਝੀਂਡਾ ਨੂੰ ਭਾਈ ਗੁਰਦਾਸ ਹਾਲ ਵਿਖੇ ਦਾਖਲ ਹੋਣ ਤੋ ਵੀ ਰੋਕ ਦਿੱਤਾ ਸੀ। ਹਰਿਆਣੇ ਦੇ ਸਿੱਖਾਂ ਨੇ ਵੱਖਰੀ ਕਮੇਟੀ ਦੀ ਮੰਗ ਨੂੰ ਜਦੋਂ ਜੰਗੀ ਪੱਧਰ ਤੇ ਉਠਾਇਆ ਤਾਂ ਅਖੀਰ ਹਰਿਆਣਾ ਸਰਕਾਰ ਨੂੰ ਉਹਨਾਂ ਦੀ ਮੰਗ ਨੂੰ ਪ੍ਰ•ਵਾਨ ਕਰਨਾ ਹੀ ਪਿਆ।

ਅਕਾਲੀ ਦਲ ਨੇ ਅਜਾਦੀ ਤੋ ਪਹਿਲਾਂ ਤੇ ਅਜਾਦੀ ਤੋ ਬਾਅਦ ਕਈ ਮੋਰਚੇ ਲਗਾਏ। ਅਜਾਦੀ ਤੋ ਪਹਿਲਾਂ ਤਾਂ ਅਕਾਲੀ ਦਲ ਨੇ ਫਰੰਗੀਆ ਦੇ ਖਿਲਾਫ ਦੇਸ ਦੀ ਅਜਾਦੀ ਲਈ ਮੋਰਚੇ ਲਗਾਏ ਅਤੇ ਗੁਰੂਦੁਆਰਿਆ ਨੂੰ ਜਦੋਂ ਮਹੰਤਾਂ ਕੋਲੋ ਅਜਾਦ ਕਰਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਤਾਂ ਉਸ ਵੇਲੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਸਿੱਖ ਪੰਥ ਨੂੰ ਵਧਾਈ ਦਿੰਦਿਆ ਕਿਹਾ ਸੀ ਕਿ ਅਜਾਦੀ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ। 1947 ਦੀ ਵੰਡ ਤੋ ਪਹਿਲਾਂ ਤੇ ਬਾਅਦ ਵਿੱਚ ਕਈ ਪ੍ਰਕਾਰ ਦੇ ਸੰਘਰਸ਼ ਸਿੱਖ ਕੌਮ ਨੂੰ ਕਰਨੇ ਪਏ ਤੇ ਅਖੀਰ ਧਰਮ ਯੁੱਧ ਮੋਰਚਾ ਸਿੱਖਾਂ ਲਈ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਦੇ ਰੂਪ ਵਿੱਚ ਤੀਜਾ ਘੱਲੂਘਾਰਾ ਸਿੱਧ ਹੋਇਆ ਜਿਸ ਦੇ ਜਖਮ ਅੱਜ ਵੀ ਅੱਲੇ ਹਨ ਅਤੇ ਬਾਦਲ ਸਾਹਿਬ ਦੁਆਰਾ ਲਗਾਇਆ ਇਹ ਮੋਰਚਾ ਸਿੱਖ ਲਈ ਵਿਨਾਸ਼ਕਾਰੀ ਸਿੱਧ ਹੋਇਆ।

ਅਜਾਦੀ ਤੋ ਬਾਅਦ ਅਜਾਦੀ ਭਾਰਤ ਵਿੱਚ ਵੀ ਅਕਾਲੀਆ ਨੇ ਕਈ ਮੋਰਚੇ ਲਗਾਏ ਤੇ ਦੇਸ ਦਾ ਸਭ ਤੋ ਵੱਧ ਪੂਜਣਯੋਗ ਦਸਤਾਵੇਜ ‘‘ਸੰਵਿਧਾਨ’’ ਦੀ ਧਾਰਾ 25 ਨੂੰ ਅਗਨ ਭੇਂਟ ਵੀ ਕੀਤਾ ਗਿਆ ਜਿਹੜਾ ਸਿੱਧੇ ਰੂਪ ਵਿੱਚ ਬਗਾਵਤ ਮੰਨੀ ਜਾ ਸਕਦੀ ਹੈ। ਅੱਜ ਸ੍ਰ ਬਾਦਲ ਦੀ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਜਿਸ ਨਾਲ ਬਾਦਲ ਸਾਹਿਬ ਆਪਣਾ ਨਹੁੰ ਮਾਸ ਦਾ ਰਿਸ਼ਤਾ ਦੱਸਦੇ ਹਨ ਅਤੇ ਉਸ ਦੇ ਖਿਲਾਫ ਮੋਰਚਾ ਲਗਾਉਣਾ ਸੰਭਵ ਨਹੀਂ ਹੈ ਪਰ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਲੈ ਕੇ ਜਿਹੜੀ ਭਰਾ ਮਾਰੂ ਜੰਗ 27 ਜੁਲਾਈ ਨੂੰ ਸ਼ੁਰੂ ਕਰਨ ਦਾ ਬਿਗਲ ਵਜਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਦੁਨੀਆ ਭਰ ਦੇ ਸਿੱਖ ਚਿੰਤਤ ਹਨ ਤੇ ਬਾਦਲ ਸਾਹਿਬ ਦੇ ਐਲਾਨ ਨੂੰ ਮੂੰਹ ਅੱਡੀ ਖੜੇ ਸੁਣਨ ਲਈ ਉਡੀਕ ਰਹੇ ਹਨ। ਉਧਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਅਕਾਲੀ ਦਲ (ਬਾਦਲ) ਦੇ ਮੁਕਾਬਲੇ ਪੰਥਕ ਇਕੱਠ ਕਰਨ ਦਾ ਐਲਾਨ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ 27 ਜੁਲਾਈ ਨੂੰ ਕਰ ਦਿੱਤਾ ਹੈ । ਇਥੇ ਹੀ ਬੱਸ ਨਹੀਂ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਾਨੀਪਤ ਦੇ ਇਤਿਹਾਸਕ ਸਥਾਨ ‘ਤੇ 28 ਜੁਲਾਈ ਨੂੰ ਇਕੱਠ ਬੁਲਾ ਲਿਆ ਹੈ। ਸਿੱਖ ਬੁੱਧੀਜੀਵੀਆ ਨੇ ਭਾਂਵੇ ਸ੍ਰ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣਾ ਚਾਹੁੰਦੇ ਤਾਂ ਉਸ ਨੂੰ ਕੁਰਸੀ ਮੁਬਾਰਕ ਹੋਵੇ ਪਰ ਮੋਰਚਾ ਲਗਾਉਣ ਦਾ ਬਹਾਨਾ ਬਣਾ ਕੇ ਸਿੱਖਾਂ ਨੂੰ ਕਿਸੇ ਨਵੇ ਸੰਕਟ ਵਿੱਚ ਨਾ ਪਾਉਣ।

ਗੁਰੂਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਬੁਲਾਏ ਗਏ ਇਕੱਠ ਵਿੱਚ ਇੱਕ ਲੱਖ ਲੋਕਾਂ ਦੇ ਇਕੱਠੇ ਹੋਣ ਦਾ ਬਿਆਨ ਦੇ ਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਨੇ ਖੁਲਾਸਾ ਕੀਤਾ ਹੈ ਜਦ ਕਿ 27 ਜੁਲਾਈ ਨੂੰ ਐਤਵਾਰ ਛੁੱਟੀ ਵਾਲਾ ਦਿਨ ਹੋਣ ਕਾਰਨ ਦੋ ਲੱਖ ਤੋ ਵਧੇਰੇ ਲੋਕ ਦਰਸ਼ਨਾਂ ਵੈਸੇ ਹੀ ਆਉਦੇ ਹਨ ਅਤੇ ਇਸ ਦਿਨ ਸੰਗਤਾਂ ਅਰਾਮ ਕਰਨ ਲਈ ਮੰਜੀ ਸਾਹਿਬ ਵਿਖੇ ਭਾਰੀ ਗਿਣਤੀ ਵਿੱਚ ਪੁੱਜਦੀਆ ਹਨ। ਬਾਦਲ ਸਾਹਿਬ ਵੱਲੋ ਬੁਲਾਏ ਗਏ ਇਸ ਇਕੱਠ ਨੂੰ ਪੰਥਕ ਇਕੱਠ ਤੇ ਪੰਥਕ ਮੋਰਚਾ ਨਹੀਂ ਸਗੋ ਬਾਦਲ ਇਕੱਠ ਤੇ ਬਾਦਲ ਮੋਰਚਾ ਹੀ ਕਿਹਾ ਜਾ ਸਕਦਾ ਹੈ। ਮੋਰਚਾ ਲਗਾਉਣ ਨਾਲ ਜੇਕਰ ਇੱਕ ਵਾਰੀ ਫਿਰ ਸਿੱਖ ਪੰਥ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਿੱਧੇ ਰੂਪ ਵਿੱਚ ਅਕਾਲੀ ਦਲ ਬਾਦਲ ਜਿੰਮੇਵਾਰ ਹੋਵੇਗਾ, ਇਸ ਲਈ ਸਾਡੀ ਸ੍ਰ ਬਾਦਲ ਨੂੰ ਅਪੀਲ ਹੈ ਕਿ ਉਹ ਮੋਰਚਾ ਲਗਾਉਣ ਦੇ ਆਪਣੇ ਫੈਸਲੇ ਤੇ ਮੁੜ ਗੌਰ ਕਰਨ ਤਾਂ ਕਿ ਸਿੱਖ ਪੰਥ ਨੂੰ ਕਿਸੇ ਨਵੀ ਮੁਸੀਬਤ ਤੋ ਬਚਾਇਆ ਜਾ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top