Share on Facebook

Main News Page

ਮਸਲਾ ਅਦਾਕਾਰਾ ਸਿੰਪੀ ਸਿੰਘ ਵੱਲੋਂ ਮੋਢੇ 'ਤੇ ਲਿਖੀਆਂ ਤੁਕਾਂ ਦਾ
ਕੀ ਤਖਤਾਂ ਦੇ ਜਥੇਦਾਰਾਂ ਨੂੰ ਅਤੇ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਨੂੰ ਵੀ ਇਹ ਪਤਾ ਨਹੀਂ ਹੈ ਕਿ "ਦੇਹਿ ਸ਼ਿਵਾ ਬਰ ਮੋਹਿ ਇਹੈ..." ਦੀ ਤੁਕ ਗੁਰਬਾਣੀ ਦੀ ਨਹੀਂ ਹੈ !
-:
ਹਰਲਾਜ ਸਿੰਘ ਬਹਾਦਰਪੁਰ

ਬਿਕਰਮ ਸਿੰਘ ਮਜੀਠੀਏ ਨੇ 25 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਇੱਕ ਚੋਣ ਜਲਸੇ ਵਿੱਚ "ਦੇਹਿ ਸ਼ਿਵਾ ਬਰ ਮੋਹਿ ਇਹੈ..." ਵਾਲੇ ਬੰਦ ਦੀ ਤੁਕ ਨਿਸਚੈ ਕਰ ਆਪਣੀ ਜੀਤ ਕਰੋਂ ਨੂੰ ਬਦਲ ਕੇ ਨਿਸਚੈ ਕਰ ਜੇਤਲੀ ਕੀ ਜੀਤ ਕਰੋਂ ਕਹਿ ਦਿੱਤਾ ਸੀ । ਵਿਰੋਧੀਆਂ ਨੇ ਰੋਲਾ ਪਾ ਦਿੱਤਾ ਕਿ ਮਜੀਠੀਏ ਨੇ ਗੁਰਬਾਣੀ ਦੀ ਤੁਕ ਬਦਲ ਦਿੱਤੀ, ਗੁਰਬਾਣੀ ਦੀ ਬੇਅਦਬੀ ਕਰ ਦਿੱਤੀ । ਪਰਕਾਸ਼ ਸਿੰਘ ਬਾਦਲ ਨੇ ਆਪਣੇ ਸੇਵਾਦਾਰ ਜਥੇਦਾਰਾਂ ਤੋਂ ਮਜੀਠੀਏ ਨੂੰ ਅਕਾਲ ਤਖਤ ਤੇ ਸੱਦਵਾ ਕੇ 1 ਮਈ 2014 ਨੂੰ ਤਨਖਾਹ (ਸਜਾ) ਲਗਵਾ ਦਿੱਤੀ ।

ਇਸ ਮਸਲੇ ਵਿੱਚ ਬਾਦਲ ਦੀ ਚਾਲ ਸੀ ਕਿ ਆਪਣੇ ਵਿਰੋਧੀਆਂ ਨੂੰ ਵਿਖਾਇਆ ਜਾ ਸਕੇ ਕਿ ਅਕਾਲ ਤਖਤ ਉੱਤੇ ਸਿਰਫ ਬਾਦਲ ਦੇ ਵਿਰੋਧੀਆਂ ਨੂੰ ਹੀ ਨਹੀਂ ਸੱਦਿਆ ਜਾਂਦਾ, ਇੱਥੇ ਤਾਂ ਬਾਦਲ ਪਰਿਵਾਰ ਦੇ ਨੇੜੇ ਦੇ ਰਿਸ਼ਤੇਦਾਰਾਂ ਨੂੰ ਵੀ ਸੱਦਿਆ ਜਾਂਦਾ ਹੈ । ਦੂਜੀ ਗੱਲ ਇਹ ਸਿੱਧ ਕਰਨੀ ਸੀ ਕਿ ਅਕਾਲ ਤਖਤ ਤੋਂ ਜਾਰੀ ਹੋਇਆ ਹੁਕਮਨਾਮਾ ਹਰੇਕ ਨੂੰ ਮੰਨਣਾ ਚਾਹੀਂਦਾ ਹੈ । ਬਾਦਲ ਦੇ ਨੇੜਲੇ, ਪੰਜਾਬ ਸਰਕਾਰ ਦੇ ਮੰਤਰੀ ਬਿਕਰਮ ਸਿੰਘ ਮਜੀਠੀਏ ਨੇ ਵੀ ਇਹ ਹੁਕਮਨਾਮਾ ਮੰਨਿਆ ਹੈ ਤਾਂ ਕਿ ਅੱਗੇ ਤੋਂ ਬਾਦਲ ਵਿਰੋਧੀ ਵੀ ਅਕਾਲ ਤਖਤ ਦੇ (ਅਸਲ ਵਿੱਚ ਬਾਦਲ ਦੇ) ਹੁਕਮਨਾਮੇ ਨੂੰ ਮੰਨਦੇ ਰਹਿਣ । ਨਾਲੇ ਆਮ ਲੋਕਾਂ ਵਿੱਚ ਚਰਚਾ ਹੈ ਕਿ ਵੱਡੇ ਬਾਦਲ ਮਜੀਠੀਆ ਸਾਹਿਬ ਨੂੰ ਘੱਟ ਚਾਹੁੰਦੇ ਹਨ, ਇਸ ਲਈ ਮਜੀਠੀਏ ਨੂੰ ਝਟਕਾ ਦਿਵਾ ਦਿੱਤਾ ।

ਪਰ ਕੀ ਇਹ ਬੰਦ ਗੁਰਬਾਣੀ ਦਾ ਸ਼ਬਦ ਹੈ ? ਨਹੀਂ । ਦੇਹਿ ਸ਼ਿਵਾ ਬਰ ਮੋਹਿ ਇਹੈ ਬੰਦ ਵਾਲਾ ਸ਼ਬਦ ਗੁਰਬਾਣੀ ਦਾ ਸ਼ਬਦ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਕਿਤੇ ਵੀ ਦਰਜ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਹੀ ਗੁਰਬਾਣੀ ਦਾ ਦਰਜਾ ਪ੍ਰਾਪਤ ਹੈ । ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਕਿਸੇ ਵੀ ਰਚਨਾ ਨੂੰ ਗੁਰਬਾਣੀ ਨਹੀਂ ਕਿਹਾ ਜਾ ਸਕਦਾ। ਪਰ ਬਾਦਲ ਸਾਹਿਬ ਦੇ ਜਥੇਦਾਰਾਂ ਨੇ ਜਾਣਦਿਆਂ ਬੁਝਦਿਆਂ ਗੁਰਬਾਣੀ ਤੋਂ ਬਾਹਰ ਦੇ ਇਸ ਬੰਦ ਨੂੰ ਗੁਰਬਾਣੀ ਦਾ ਨਾਮ ਦੇ ਕੇ, ਬਿਕਰਮ ਸਿੰਘ ਮਜੀਠੀਏ ਨੂੰ ਦੋਸ਼ੀ ਬਣਾ ਕੇ ਸਜ਼ਾ ਦੇ ਦਿੱਤੀ, ਜਿਸ ਨਾਲ ਆਮ ਜਨਤਾ ਵਿੱਚ ਇਹ ਸੁਨੇਹਾ ਗਿਆ ਕਿ "ਦੇਹਿ ਸ਼ਿਵਾ ਬਰ ਮੋਹਿ ਇਹੈ..." ਗੁਰਬਾਣੀ ਦਾ ਸ਼ਬਦ ਹੈ ।

ਮਜੀਠੀਏ ਨੂੰ ਲਾਈ ਗਈ ਇਸ ਗਲਤ ਸਜ਼ਾ ਕਾਰਨ ਹੀ ਹੁਣ 9 ਜੁਲਾਈ ਨੂੰ "ਯਾਰਾਂ ਦਾ ਕੈਚਅੱਪ" ਫਿਲਮ ਦੀ ਟੀਮ ਫਿਲਮ ਦੇ ਪ੍ਰਚਾਰ ਲਈ ਬਠਿੰਡੇ ਪਹੁੰਚੀ, ਉਹਨਾਂ ਵਿੱਚੋਂ ਅਦਾਕਾਰ ਸਿੰਪੀ ਸਿੰਘ ਨੇ ਆਪਣੇ ਮੋਢੇ 'ਤੇ "ਸ਼ੁਭ ਕਰਮਨ ਤੇ ਕਬਹੂੰ ਨ ਟਰੋਂ..." ਲਿਖਵਾਇਆ ਹੋਇਆ ਸੀ, ਤਾਂ ਬਠਿੰਡਾ ਤੋਂ ਰੋਜਾਨਾ ਪਹਿਰੇਦਾਰ ਦੇ ਪੱਤਰਕਾਰ ਵੀਰ ਅਨਿਲ ਵਰਮਾ ਜੀ ਨੇ ਇਹ ਮੁੱਦਾ ਚੁੱਕ ਲਿਆ ਕਿ ਅਦਾਕਾਰਾ ਸਿੰਪੀ ਸਿੰਘ ਨੇ ਬਾਣੀ ਦੀਆਂ ਤੁਕਾਂ ਦੀ ਬੇਅਦਬੀ ਕਰ ਦਿੱਤੀ ਹੈ ਅਦਾਕਾਰਾ ਨੇ ਕਿਹਾ ਕਿ ਉਹ ਸਿੱਖ ਧਰਮ ਦਾ ਸਤਿਕਾਰ ਕਰਦੀ ਹੈ, ਇਹ ਤੁਕਾਂ ਉਸਨੇ ਸਤਿਕਾਰ ਨਾਲ ਹੀ ਛਪਾਈਆਂ ਹਨ । ਬੇਸ਼ੱਕ ਇਹ ਤੁਕਾਂ ਗੁਰਬਾਣੀ ਦੀਆਂ ਨਹੀਂ ਹਨ , ਪਰ ਇਹ ਸੱਚ ਹੀ ਹੋਵੇਗਾ ਕਿ ਅਦਾਕਾਰਾ ਨੇ ਇਹ ਤੁਕਾਂ ਸਤਿਕਾਰ ਵਿੱਚ ਹੀ ਛਪਵਾਈਆਂ ਹੋਣਗੀਆਂ । ਕਿਉਂਕਿ ਅਜਿਹੇ ਹੋਰ ਵੀ ਬਹੁਤ ਸਾਰੇ ਲੋਕ ਹਨ ਜੋ ਆਪਣਿਆਂ ਹੱਥਾਂ, ਡੌਲ਼ਿਆਂ, ਮੋਢਿਆਂ, ਗਰਦਨਾਂ, ਬੱਸਾਂ, ਕਾਰਾਂ, ਟਰੱਕਾਂ, ਟਰੈਕਟਰਾਂ, ਟਰਾਲੀਆਂ ਆਦਿ ਉੱਤੇ ੴ ਜਾਂ ਹੋਰ ਗੁਰਬਾਣੀ ਦੀਆਂ ਪੰਕਤੀਆਂ ਲਿਖਵਾ ਲੈਂਦੇ ਹਨ । ਉਹ ਆਪਣੇ ਮਨੋ ਅਜਿਹਾ ਸਤਿਕਾਰ ਵਿੱਚ ਹੀ ਲਿਖਵਾਉਂਦੇ ਹੁੰਦੇ ਹਨ।

ਅਜਿਹੇ ਹੋਰ ਵੀ ਕਈ ਸ਼ਬਦ ਪ੍ਰਚੱਲਤ ਹੋ ਚੁੱਕੇ ਹਨ ਜਿੰਨ੍ਹਾਂ ਨੂੰ ਲੋਕ ਗੁਰਬਾਣੀ ਸਮਝਦੇ ਹਨ, ਪਰ ਅਸਲ ਵਿੱਚ ਉਹ ਸ਼ਬਦ ਗੁਰਬਾਣੀ ਦੇ ਨਹੀਂ ਹੁੰਦੇ, ਜਿਵੇਂ "ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ..., ਸਤਿਗੁਰ ਦਾਤੇ ਕਾਜ ਰਚਾਇਆ ਅਪਣੀ ਮੇਹਰ ਕਰਾਈ... ਆਦਿ, ਹੋ ਸਕਦੈ ਪੱਤਰਕਾਰ ਵੀਰ ਅਨਿਲ ਵਰਮਾ ਜੀ ਨੂੰ ਵੀ ਇਸ ਵਾਰੇ ਪਤਾ ਨਾ ਹੋਵੇ ਕਿ ਇਹ ਸ਼ਬਦ ਗੁਰਬਾਣੀ ਵਿੱਚੋਂ ਹੈ ਜਾਂ ਬਾਹਰੋਂ ਹੈ । ਇਸੇ ਲਈ ਉਸਨੇ ਖਬਰ ਦੇ ਸ਼ੁਰੂ ਵਿੱਚ "ਦੇਹਿ ਸ਼ਿਵਾ ਬਰ ਮੋਹਿ ਇਹੈ..." ਵਾਲੇ ਸ਼ਬਦ ਨੂੰ ਬਿਕਰਮ ਸਿੰਘ ਮਜੀਠੀਆ ਵੱਲੋਂ ਬਦਲੇ ਜਾਣ 'ਤੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਮਜੀਠੀਏ ਨੂੰ ਲਾਈ ਗਈ ਸਜ਼ਾ ਦਾ ਹਵਾਲਾ ਦਿੱਤਾ ਹੈ, ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲ ਤਖਤ ਤੋਂ ਮਜੀਠੀਏ ਨੂੰ ਲਾਈ ਗਈ ਗਲਤ ਸਜ਼ਾ ਕਾਰਨ ਹੀ ਅਨਿਲ ਵਰਮਾ ਜੀ ਨੂੰ ਭੁਲੇਖਾ ਲੱਗਿਆ, ਕਿ ਇਹ ਉਹੀ ਸ਼ਬਦ ਹੈ ਜਿਸਦੀ ਤੁਕ ਬਦਲਣ ਤੇ ਅਕਾਲ ਤਖਤ ਨੇ ਮਜੀਠੀਏ ਨੁੰ ਸਜ਼ਾ ਲਾਈ ਸੀ, ਇਸ ਅਦਾਕਾਰਾ ਨੇ ਵੀ ਆਪਣੇ ਮੋਢੇ ਉੱਤੇ ਉਹੀ ਸ਼ਬਦ ਲਿਖਿਆ ਹੋਇਆ ਹੈ ।

ਅਨਿਲ ਵਰਮਾ ਜੀ ਦੀ ਨੀਅਤ ਵਿੱਚ ਖੋਟ ਨਹੀਂ ਹੋ ਸਕਦਾ ਕਿਉਂਕਿ ਉਸਨੂੰ ਵੀ ਘੱਟ ਕੱਪੜੇ ਪਹਿਨੀ ਹੋਈ ਅਦਾਕਾਰਾ ਦੇ ਮੋਢੇ ਉੱਤੇ ਲਿਖਿਆ ਇਹ ਬੰਦ ਚੰਗਾ ਨਹੀਂ ਲੱਗਾ, ਉਸਨੇ ਵੀ ਆਪਣੇ ਮਨੋ ਗੁਰਬਾਣੀ ਦੇ ਸਤਿਕਾਰ ਵਿੱਚ ਹੀ ਇਸ ਗੱਲ ਨੂੰ ਉਭਾਰਿਆ । ਅਦਾਕਾਰਾ ਦਾ ਜੀਵਨ ਕਿਹੋ ਜਿਹਾ ਹੈ ਇਸ ਬਾਰੇ ਤਾਂ ਮੈਨੂੰ ਜਾਣਕਾਰੀ ਨਹੀਂ ਹੈ, ਪਰ ਇਹ ਬੰਦ ਉਸਨੇ ਵੀ ਸਤਿਕਾਰ ਵਿੱਚ ਹੀ ਲਿਖਿਆ ਹੋਵੇਗਾ । ਚਲੋ ਜੋ ਵੀ ਹੋਇਆ ਅਦਾਕਾਰਾ ਸਿੰਪੀ ਸਿੰਘ ਨੇ ਮੁਆਫੀ ਮੰਗ ਲਈ

ਦੁੱਖ ਦੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਸਿੱਖ ਧਰਮ ਦਾ ਸਹੀ ਜਾਣਕਾਰ ਤੇ ਵਿਆਖਿਆਕਾਰ ਕਹਾਉਣ ਵਾਲੇ ਸ੍ਰ: ਜੋਗਿੰਦਰ ਸਿੰਘ ਮੁੱਖ ਸੰਪਾਦਕ ਦੇ ਅਖਬਾਰ ਵਿੱਚ ਇਹ ਮੁਆਫੀ ਦੀ ਖਬਰ ਜੋ 12 ਜੁਲਾਈ ਨੂੰ ਸਪੋਕਸਮੈਨ ਦੇ ਪੰਨਾ ਨੰਬਰ 8 ਤੇ ਛਪੀ, ਇਸ ਉਪਰ ਵਿਸ਼ੇਸ਼ ਲਿਖਿਆ ਹੋਇਆ ਸੀ ਕਿ ਮਾਮਲਾ ਗੁਰਬਾਣੀ ਦੀ ਤੁਕ ਮੋਢੇ ਤੇ ਲਿਖਵਾਉੇਣ ਦਾ । ਕੀ ਸਪੋਕਸਮੈਨ ਵਾਲਿਆਂ ਨੂੰ ਵੀ ਪਤਾ ਨਹੀਂ ਹੈ ਕਿ ਇਹ ਤੁੱਕ ਗੁਰਬਾਣੀ ਦੀ ਨਹੀਂ ਹੈ, ਸ੍ਰ: ਜੋਗਿੰਦਰ ਸਿੰਘ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਹ ਬੰਦ ਅਖੌਤੀ ਦਸਮ ਗ੍ਰੰਥ ਵਿੱਚ ਚੰਡੀ ਦੇਵੀ ਦੀ ਉਸਤਤ ਵਿੱਚ ਲਿਖੇ ਨੌ ਬੰਦਾਂ ਵਿੱਚੋਂ ਇੱਕ ਬੰਦ ਹੈ, ਜੋ ਪੰਨਾ ਨੰਬਰ 99 ਉਪਰ ਲਿਖਿਆ ਹੋਇਆ ਹੈ ।

ਅਖੌਤੀ ਦਸਮ ਗ੍ਰੰਥ ਦੇ ਵਿਰੋਧ ਕਾਰਨ ਹੀ ਇਸ ਅਖਬਾਰ (ਸਪੋਕਸਮੈਨ) ਨੇ ਆਪਣੀ ਵੱਖਰੀ ਪਹਿਚਾਣ ਬਣਾਈ ਸੀ । ਪਰ ਹੁਣ ਇਹ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਹੀ ਗੁਰਬਾਣੀ ਲਿਖਣ ਲੱਗ ਪਏ ਹਨ । ਬਿਕਰਮ ਸਿੰਘ ਮਜੀਠੀਏ ਨੇ ਵੀ ਇਹ ਤੁਕ ਜੋਸ਼ ਵਿੱਚ ਆ ਕੇ ਬੋਲੀ ਹੋਵੇਗੀ ਉਸਦਾ ਮਕਸਦ ਗੁਰਬਾਣੀ ਦੀ ਬੇਅਦਬੀ ਕਰਨਾ ਨਹੀਂ ਹੋ ਸਕਦਾ, ਯਾਰਾਂ ਦਾ ਕੈਚਅੱਪ ਫਿਲਮ ਦੀ ਅਦਾਕਾਰਾ ਸਿੰਪੀ ਸਿੰਘ ਨੇ ਵੀ ਇਹ ਤੁਕ ਸਤਿਕਾਰ ਵਜੋਂ ਹੀ ਲਿਖਵਾਈ ਹੋਵੇਗੀ । ਜਿਸ ਤਰ੍ਹਾਂ ਉਸਨੇ ਕਿਹਾ ਹੈ ਕਿ ਚੰਗੀ ਪ੍ਰੇਰਣਾ ਲੈਣ ਲਈ ਇਹ ਤੁਕ ਲਿਖਵਾਈ ਸੀ, ਵੀਰ ਅਨਿਲ ਵਰਮਾ ਜੀ ਨੂੰ ਵੀ ਪਤਾ ਨਹੀਂ ਹੋਣਾ ਕਿ ਇਹ ਤੁਕ ਗੁਰਬਾਣੀ ਵਿੱਚੋਂ ਹੈ ਜਾਂ ਬਾਹਰੋਂ । ਕਿਉਂਕਿ ਉਸਨੇ ਵੀ ਅਕਾਲ ਤਖਤ ਵੱਲੋਂ ਮਜੀਠੀਏ ਨੂੰ ਲਾਈ ਸਜ਼ਾ ਦਾ ਹਵਾਲਾ ਦਿੱਤਾ ਹੈ ।

ਪਰ ਕੀ ਤਖਤਾਂ ਦੇ ਜਥੇਦਾਰਾਂ ਨੂੰ ਅਤੇ ਰੋਜਾਨਾ ਸਪੋਕਸਮੈਨ ਦੇ ਸੰਪਾਦਕ ਸ੍ਰ: ਜੋਗਿੰਦਰ ਸਿੰਘ ਨੂੰ ਵੀ ਇਹ ਪਤਾ ਨਹੀਂ ਹੈ ਕਿ ਇਹ ਤੁਕ ਗੁਰਬਾਣੀ ਦੀ ਨਹੀਂ ਹੈ । ਬਿਕਰਮ ਸਿੰਘ ਮਜੀਠੀਏ ਨੇ ਅਣਜਾਣਪੁਣੇ ਵਿੱਚ ਹੋਈ ਗਲਤੀ ਦੀ ਸਜ਼ਾ ਭੁਗਤ ਲਈ ਹੈ, ਅਦਾਕਾਰਾ ਸਿੰਪੀ ਸਿੰਘ ਨੇ ਮੁਆਫੀ ਮੰਗ ਲਈ ਹੈ । "ਦੇਹਿ ਸ਼ਿਵਾ ਬਰ ਮੋਹਿ ਇਹੈ..." ਵਾਲੇ ਗੁਰਬਾਣੀ ਤੋਂ ਬਾਹਰਲੇ ਬੰਦ ਨੂੰ ਗੁਰਬਾਣੀ ਦੱਸ ਕੇ/ਮੰਨ ਕੇ ਮਜੀਠੀਏ ਨੂੰ ਸਜ਼ਾ ਦੇਣ ਵਾਲੇ ਜਥੇਦਾਰ, ਗਲਤ ਸਜ਼ਾ ਲਾਉਣ ਦੀ ਅਤੇ ਸ੍ਰ: ਜੋਗਿੰਦਰ ਸਿੰਘ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰਬਾਣੀ ਲਿਖਣ ਤੇ ਮੁਆਫੀ ਮੰਗਣਗੇ ? ਜਾਂ ਆਮ ਲੋਕਾਂ ਨੂੰ ਇਸੇ ਤਰ੍ਹਾਂ ਮੂਰਖ ਬਣਾਉਂਦੇ ਰਹਿਣਗੇ ।

ਜਥੇਦਾਰਾਂ ਦਾ ਫਰਜ਼ ਬਣਦਾ ਸੀ ਕਿ ਉਹ ਮਜੀਠੀਏ ਨੂੰ ਤੁਕ ਬਦਲਣ ਦੀ ਸਜ਼ਾ ਲਾਉਣ ਦੀ ਬਜਾਏ ਸਿੱਖ ਸੰਗਤਾਂ ਅਤੇ ਆਮ ਲੋਕਾਂ ਨੂੰ ਦੱਸਦੇ ਕਿ ਇਹ ਤੁਕ ਗੁਰਬਾਣੀ ਦੀ ਨਹੀਂ ਹੈ, ਇਸਦੇ ਬਦਲਣ ਨਾਲ ਗੁਰਬਾਣੀ ਦੀ ਬੇਅਦਬੀ ਨਹੀਂ ਹੁੰਦੀ । ਸਪੋਕਸਮੈਨ ਨੇ ਵੀ ਲਿਖਣਾ ਸੀ ਕਿ ਇਹ ਤੁਕ ਗੁਰਬਾਣੀ ਦੀ ਨਹੀਂ ਹੈ ।

ਪਰ ਅਸਲ ਗੱਲ ਤਾਂ ਇਹ ਹੈ ਕਿ ਆਮ ਲੋਕਾਂ ਨੂੰ ਇਸਦੀ ਜਾਣਕਾਰੀ ਨਹੀਂ ਹੈ । ਤਖਤਾਂ ਦੇ ਅਖੌਤੀ ਜਥੇਦਾਰ ਅਖੌਤੀ ਦਸਮ ਗ੍ਰੰਥ ਨੂੰ ਗੁਰਬਾਣੀ ਬਣਾਉਣ ਲੱਗੇ ਹੋਏ ਹਨ । ਜਥੇਦਾਰਾਂ ਦੀ ਇਸ ਚੋਰ ਨੀਤੀ ਤੋਂ ਜਾਗਰੂਕ ਕਰਨ ਵਾਲਾ ਸਪੋਕਸਮੈਨ ਦਾ ਸੰਪਾਦਕ ਵੀ ਹੁਣ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰਬਾਣੀ ਲਿਖਣ ਲੱਗ ਪਿਆ, ਕੁੱਤੀ ਚੋਰਾਂ ਨਾਲ ਰਲ ਗਈ । ਭਾਵ ਕਿ ਪਹਿਰੇਦਾਰ ਕਹਾਉਣ ਵਾਲਾ ਚੋਰਾਂ ਨਾਲ ਰਲ ਗਿਆ ਤਾਂ ਆਮ ਲੋਕਾਂ ਦਾ ਕੀ ਬਣੇਗਾ । ਉਹਨਾਂ ਨੂੰ ਕੌਣ ਦੱਸੇਗਾ ਕਿ ਕਿਹੜੀ ਰਚਨਾ ਗੁਰਬਾਣੀ ਦੀ ਹੈ ਤੇ ਕਿਹੜੀ ਗੁਰਬਾਣੀ ਤੋਂ ਬਾਹਰ ਦੀ ਹੈ।

ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top