* ਸ੍ਰ. ਜਗਦੀਸ਼ ਸਿੰਘ ਝੀਂਡਾ
ਤੇ ਸਾਥੀਆਂ ਨੂੰ ਅਕਾਲ ਤਖਤ 'ਤੇ ਜਾਣ ਤੋਂ ਰੋਕ ਕੇ ਗੁਰਬਚਨ ਸਿੰਘ ਨੇ
ਬੱਜਰ ਗਲਤੀ ਕੀਤੀ - ਗਿਆਨੀ ਭਗਵਾਨ ਸਿੰਘ
* ਗਿਆਨੀ ਗੁਰਬਚਨ ਸਿੰਘ ਜਥੇਦਾਰ ਨਹੀਂ, ਜੱਫੇਮਾਰ ਹੈ
ਅੰਮ੍ਰਿਤਸਰ 28 ਜੁਲਾਈ (ਜਸਬੀਰ ਸਿੰਘ) ਸ੍ਰ. ਜਗਦੀਸ਼ ਸਿੰਘ ਝੀਂਡਾ
ਤੇ ਸਾਥੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਣ ਤੋਂ ਰੋਕੇ ਜਾਣ ਨੂੰ ਮੰਦਭਾਗਾ
ਕਰਾਰ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ
ਸਾਬਕਾ ਹੈਡ ਗ੍ਰੰਥੀ ਗਿਆਨੀ ਭਗਵਾਨ
ਸਿੰਘ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੇ ਪਹਿਲਾਂ
ਝੀਂਡਾ ਨੂੰ ਗਲਤ ਤੇ ਪਰੰਪਰਾਵਾਂ ਦੇ ਉਲਟ ਕਾਰਵਾਈ ਕਰਕੇ ਪੰਥ ਵਿੱਚੋਂ ਛੇਕ ਦਿੱਤਾ ਤੇ
ਹੁਣ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਣ ਤੋਂ ਰੋਕ ਕੇ, ਇੱਕ ਵਾਰੀ ਮਰਿਆਦਾ ਤੇ
ਪਰੰਪਰਾਵਾਂ ਦੀਆ ਧੱਜੀਆਂ ਉਡਾਈਆਂ ਹਨ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ
ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਅਤੇ ਉਥੇ ਕਿਸੇ ਨੂੰ ਵੀ ਮੱਥਾ
ਟੇਕਣ ਤੋਂ ਰੋਕਣਾ ਬੱਜਰ ਗਲਤੀ ਹੈ। ਉਹਨਾਂ ਕਿਹਾ ਕਿ ਪੰਥ ਵਿੱਚੋਂ ਛੇਕੇ ਵਿਅਕਤੀ
ਦੀ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ 'ਤੇ ਉਸ ਵੇਲੇ ਤੱਕ ਨਹੀਂ ਹੋ ਸਕਦੀ, ਜਿੰਨਾਂ ਚਿਰ
ਤੱਕ ਉਹ ਤਨਖਾਹ ਲਗਵਾ ਕੇ ਪੰਥ ਵਿੱਚ ਸ਼ਾਮਲ ਨਹੀਂ ਹੋ ਜਾਂਦਾ।
ਸ੍ਰ ਹਰਵਿੰਦਰ
ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕ ਪ੍ਰਧਾਨ ਦਿੱਲੀ
ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਬਾਰ ਬਾਰ
ਤੌਹੀਨ ਕਰਾਉਣ ਲਈ ਗੁਰਬਚਨ ਸਿੰਘ ਦੋਸ਼ੀ ਹੈ। ਉਹਨਾਂ ਕਿਹਾ ਕਿ ਜਦੋਂ ਦਾ ਬਾਦਲ ਦਾ ਸ਼੍ਰੋਮਣੀ
ਕਮੇਟੀ 'ਤੇ ਪ੍ਰਬੰਧ ਸ਼ੁਰੂ ਹੋਇਆ ਹੈ, ਉਸ ਸਮੇਂ ਤੋਂ ਹੀ ਸ੍ਰੀ ਅਕਾਲ ਤਖਤ ਸਾਹਿਬ 'ਤੇ
ਜਥੇਦਾਰਾਂ ਦੀ ਨਹੀਂ, ਸਗੋਂ ਜੱਫੇਮਾਰਾਂ ਦੀ ਨਿਯੁਕਤੀ ਹੋ ਰਹੀ ਹੈ ਅਤੇ ਸੰਗਤਾਂ ਆਮ ਤੌਰ
'ਤੇ ਜਥੇਦਾਰਾਂ ਦਾ ਸਤਿਕਾਰ ਕਰਦੀਆਂ ਹੁੰਦੀਆਂ ਸਨ, ਪਰ ਅੱਜ ਸੰਗਤਾਂ ਜਥੇਦਾਰਾਂ ਦੇ
ਕਾਰਨਾਮੇ ਵੇਖ ਕੇ ਤ੍ਰਿਸਕਾਰ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਇੱਕ
ਵਧੀਆ ਤੇ ਗੁਰੂ ਦਾ ਭੈਅ ਰੱਖਣ ਵਾਲਾ ਸਿੱਖ ਹੈ ਅਤੇ ਇਸ ਨੂੰ ਪੰਥ ਵਿੱਚੋਂ ਜਿਸ ਤਰੀਕੇ
ਨਾਲ ਛੇਕਣ ਦਾ ਡਰਾਮਾ ਕੀਤਾ ਗਿਆ ਹੈ, ਉਹ ਪੂਰੀ ਤਰ੍ਹਾਂ ਮਰਿਆਦਾ ਦੇ ਉਲਟ ਹੈ।
ਉਹਨਾਂ
ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੇ ਉਸ ਅਖੌਤੀ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਮੀਟਿੰਗ
ਵਿੱਚ ਬਿਠਾਇਆ, ਜਿਸ ਨੇ ਤਖਤ ਸਾਹਿਬ ਦੀਆਂ ਪਰੰਪਰਾ ਨੂੰ ਕਈ ਵਾਰੀ ਠੇਸ ਪਹੁੰਚਾਈ ਤੇ ਅੱਜ
ਉਸ ਦੀ ਦੂਸਰੀ ਪਤਨੀ ਨੇ ਉਸ ਦੇ ਖਿਲਾਫ ਇੱਕ ਕੇਸ ਵੀ ਦਰਜ ਕਰਵਾਇਆ ਹੋਇਆ ਹੈ, ਜਿਸ ਦੀ
ਕਿਸੇ ਸਮੇਂ ਵੀ ਗ੍ਰਿਫਤਾਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇੱਕ ਗੁਰੂ ਘਰ ਦੇ ਅਨਿਨ ਭਗਤ
ਨੂੰ ਛੇਕਣ ਦਾ ਡਰਾਮਾ ਜੇਕਰ ਦੁਰਾਚਾਰੀ ਤੇ ਭ੍ਰਿਸ਼ਟਾਚਾਰੀ ਕਰਦੇ ਹਨ, ਤਾਂ ਫਿਰ ਪੰਥ ਦਾ
ਇਸ ਤੋਂ ਵੱਡਾ ਹੋਰ ਕੋਈ ਨੁਕਸਾਨ ਨਹੀਂ ਹੋ ਸਕਦਾ। ਉਹਨਾਂ ਕਿਹਾ
ਕਿ ਝੀਂਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਮੱਥਾ ਟੇਕਣ ਜਾਣ ਤੋਂ ਰੋਕ ਕੇ ਜਥੇਦਾਰਾਂ
ਨੇ ਇੱਕ ਵਾਰੀ ਫਿਰ ਆਪਣੀ ਨਲਾਇਕੀ ਦਾ ਸਬੂਤ ਦਿੱਤਾ ਹੈ ਤੇ ਅਜਿਹੇ ਵਿਅਕਤੀਆਂ ਨੂੰ
ਜਥੇਦਾਰ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਜਥੇਦਾਰ ਉਹਨਾਂ ਪੰਥ
ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਜਿਹੜੀਆਂ ਤਾਕਤਾਂ ਸਿੱਖ ਪੰਥ ਨੂੰ ਖਤਮ
ਕਰਨ ਲਈ ਯਤਨਸ਼ੀਲ ਹਨ।
ਸ੍ਰ. ਬਲਦੇਵ
ਸਿੰਘ ਸਿਰਸਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ
ਗਿਆਨੀ ਗੁਰਬਚਨ ਸਿੰਘ ਦਾ ਅੱਜ 22 ਤੋਂ ਵਧੇਰੇ ਪੰਥਕ ਜਥੇਬੰਦੀਆਂ ਨੇ ਬਾਈਕਾਟ ਕੀਤਾ ਹੋਇਆ
ਹੈ, ਅਤੇ ਫਿਰ ਇਹ ਵਿਅਕਤੀ ਆਪਣੇ ਨੂੰ "ਜਥੇਦਾਰ" ਅਖਵਾ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰ.
ਜਗਦੀਸ਼ ਸਿੰਘ ਝੀਂਡਾ ਗੁਰੂ ਘਰ ਦਾ ਅਨਿਨ ਭਗਤ ਹੈ ਅਤੇ ਉਸ ਵਿਰੁੱਧ ਕੀਤੀ ਗਈ ਕਾਰਵਾਈ ਪੂਰੀ
ਤਰ੍ਹਾਂ ਪੰਥ ਵਿਰੋਧੀ ਹੈ। ਉਹਨਾਂ ਕਿਹਾ ਕਿ ਬਾਦਲ, ਮੱਕੜ ਤੇ
ਜਥੇਦਾਰ ਵਿੱਚ ਮਹੰਤ ਨਰੈਣੂ ਦੀ ਰੂਹ ਪ੍ਰੁਵੇਸ਼ ਕਰ ਗਈ ਹੈ ਤੇ ਉਹਨਾਂ ਨੂੰ ਸਿਵਾਏ ਸਿੱਖਾਂ
ਨੂੰ ਲੁੱਟਣ ਤੇ ਕੁੱਟਣ ਹੋਰ ਕੁਝ ਚੇਤੇ ਨਹੀਂ ਆਉਂਦਾ। ਉਹਨਾਂ ਕਿਹਾ ਕਿ ਅੱਜ ਕੌਮ
ਪੂਰੀ ਤਰ੍ਹਾਂ ਪਤਿਤਪੁਣਾ ਧਾਰਨ ਕਰ ਚੁੱਕੀ ਹੈ ਅਤੇ ਇਹ ਜਥੇਦਾਰ ਕੌਮ ਵਿੱਚ ਦੁਬਿੱਧਾ ਪੈਦਾ
ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਆਰ.ਐਸ.ਐਸ ਦੇ ਇਸ਼ਾਰਿਆਂ ਹੇਠ ਸਿੱਖੀ ਨੂੰ ਪੂਰੀ ਤਰ੍ਹਾਂ
ਖਤਮ ਕਰਨ ਲਈ ਤੁਲੇ ਹੋਏ ਹਨ ਜਿਹਨਾਂ ਕੋਲੋ ਇੱਕ ਦਿਨ ਸਿੱਖ ਕੌਮ ਪਾਈ ਪਾਈ ਦਾ ਹਿਸਾਬ
ਜਰੂਰ ਲਵੇਗੀ।