Share on Facebook

Main News Page

ਸ. ਜਗਦੀਸ਼ ਸਿੰਘ ਝੀਂਡਾ ਨੂੰ ਰੋਕਣ ਲਈ ਅਕਾਲ ਤਖਤ ਅਤੇ ਦਫਤਰ ਦੇ ਕੀਤੇ ਦਰਵਾਜੇ ਬੰਦ

* ਜੈਕਾਰਿਆਂ ਦੀ ਗੂੰਜ ਵਿੱਚ ਝੀਂਡਾ ਤੇ ਸਾਥੀਆਂ ਨੇ ਟੇਕਿਆ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ
* ਲੱਠਮਾਰ ਫੌਜ ਨੇ ਸ. ਜਗਦੀਸ਼ ਸਿੰਘ ਝੀਂਡਾ ਤੇ ਸਾਥੀਆਂ ਨੂੰ ਅਕਾਲ ਤਖਤ 'ਤੇ ਜਾਣ ਤੋਂ ਰੋਕਿਆ
* ਸ਼੍ਰੋਮਣੀ ਕਮੇਟੀ ਨੇ ਕਰਾਈ ਮਹੰਤਾਂ ਦੀ ਯਾਦ ਤਾਜ਼ਾ

ਅੰਮ੍ਰਿਤਸਰ 28 ਜੁਲਾਈ (ਜਸਬੀਰ ਸਿੰਘ): ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਂਡਾ ਨੇ ਆਪਣੀ ਸਮੁੱਚੀ ਕਾਰਜਕਰਨੀ ਕਮੇਟੀ ਤੇ ਹੋਰ ਮੈਂਬਰਾਂ ਸਮੇਤ ਸ਼੍ਰੋਮਣੀ ਕਮੇਟੀ ਵੱਲੋ ਕੀਤੇ ਗਏ ਕੜੇ ਪ੍ਰਬੰਧਾਂ ਦੀ ਛੱਤਰੀ ਹੇਠ ਸ਼ਾਤਮਈ ਢੰਗ ਨਾਲ ਸੰਗਤੀ ਰੂਪ ਵਿੱਚ ਪੰਥਕ ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪ੍ਰਧਾਨ ਬਨਣ ‘ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ, ਪਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਣ 'ਤੇ ਉਹਨਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਗਿਆ ਹੈ, ਇਸ ਲਈ ਉਹ ਅਕਾਲ ਤਖਤ ਸਾਹਿਬ 'ਤੇ ਮੱਥਾ ਨਹੀਂ ਟੇਕ ਸਕਦੇ, ਜਦ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਖੜ ਕੇ ਅਰਦਾਸ ਕਰਦਿਆਂ ਗੁਰੂ ਸਾਹਿਬ ਅੱਗੇ ਅਰਦਾਸ ਜੋਦੜੀ ਕਰਦਿਆਂ ‘‘ਅੜੇ ਸੋ ਝੜੇ’’ ਦੀ ਸ਼ਬਦਾਵਲੀ ਵਰਤ ਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ।

ਸ੍ਰ. ਜਗਦੀਸ਼ ਸਿੰਘ ਝੀਂਡਾ ਆਪਣੇ ਕਰੀਬ ਪੰਜ ਦਰਜਨ ਸਾਥੀਆਂ ਸਮੇਤ ਅੰਮ੍ਰਿਤਸਰ ਪੁੱਜੇ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਸ਼ਹੀਦਾਂ ਦੇ ਅਸਥਾਨ ਗੁਰੂਦੁਆਰਾ ਸਾਰਾਗੜ੍ਹੀ ਵਖੇ ਮੱਥਾ ਟੇਕਿਆ ਤੇ ਅਰਦਾਸ ਕੀਤੀ। ਇਸ ਤੋਂ ਬਾਅਦ ਸਤਿਨਾਮ ਵਾਹਿਗੂਰੂ ਦਾ ਜਾਪ ਕਰਦੇ ਹੋਏ ਸੰਗਤੀ ਰੂਪ ਵਿੱਚ ਮੱਥਾ ਟੇਕਣ ਲਈ ਸ੍ਰੀ ਦਰਬਾਰ ਵੱਲ ਪੈਦਲ ਗਏ। ਜੋੜੇ ਲਾਹ ਕੇ ਜਦੋਂ ਉਹ ਘੰਟਾ ਘਰ ਵਾਲੀ ਬਾਹੀ ਤੋਂ ਪਰਕਰਮਾ ਵਿੱਚ ਦਾਖਲ ਹੋਣ ਲੱਗੇ ਤਾਂ ਯੂਨਾਈਟਿਡ ਸਿੱਖ ਮੂਵਮੈਂਟ ਦੇ ਮੁੱਖੀ ਭਾਈ ਮੋਹਕਮ ਸਿੰਘ ਨੇ ਇਸ ਸਮੁੱਚੀ ਟੀਮ ਦਾ ਸੁਆਗਤ ਕਰਦਿਆਂ ਉਹਨਾਂ ਨੂੰ ਸਿਰੋਪੇ ਭੇਂਟ ਕੀਤੇ, ਜਦ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ‘‘ਬਾਗੜ ਬਿੱਲੀਆਂ’’ ਦੀ ਤਰ੍ਹਾਂ ਚੁੱਪ ਚਾਪ ਦੇਖਦੇ ਰਹੇ।

ਪਰਕਰਮਾ ਕਰਨ ਤੋਂ ਬਾਅਦ ਸ੍ਰ. ਝੀਡਾ ਤੇ ਉਹਨਾਂ ਦੇ ਸਾਥੀਆਂ ਨੇ ਕੜਾਹ ਪ੍ਰਸਾਦਿ ਦੀ ਦੇਗ ਭੇਂਟ ਕਰਨ, ਉਪਰੰਤ ਭੀੜ ਹੋਣ ਦੇ ਬਾਵਜੂਦ ਵੀ ਸੰਗਤੀ ਰੂਪ ਵਿੱਚ ਮੱਥਾ ਟੇਕਿਆ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਵੀ ਕੀਤੀ, ਪਰ ਕਿਸੇ ਵੀ ਮੈਂਬਰ ਨੂੰ ਸ਼੍ਰੋਮਣੀ ਕਮੇਟੀ ਤੇ ਦਰਬਾਰ ਸਾਹਿਬ ਵਾਲਿਆਂ ਨੇ ਸਿਰੋਪਾ ਨਹੀਂ ਦਿੱਤਾ। ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲ ਵੱਧੇ ਤਾਂ ਸ਼੍ਰੋਮਣੀ ਕਮੇਟੀ ਦੇ ਪੀ .ਆਰ.ਓ ਕਲਵਿੰਦਰ ਸਿੰਘ ਰਮਦਾਸ ਨੇ ਸ੍ਰ ਝੀਡਾ ਨੂੰ ਕਿਹਾ ਕਿ ਉਹਨਾਂ ਨੂੰ ਪੰਥ ਵਿੱਚੋ ਛੇਕਿਆ ਗਿਆ ਹੈ ਅਤੇ ਉਹਨਾਂ ਦੇ ਅਕਾਲ ਤਖਤ ਦੇ ਉਪਰ ਜਾਣ ਦੀ ਮਨਾਹੀ ਹੈ, ਪਰ ਬਾਕੀ ਜਾ ਸਕਦੇ ਹਨ, ਪਰ ਬਾਬਾ ਦਾਦੂਵਾਲ ਨੇ ਕਿਹਾ ਕਿ ਜੇਕਰ ਝੀਂਡਾ ਸਾਹਿਬ ਨਹੀਂ ਜਾਣਗੇ ਤਾਂ ਕੋਈ ਵੀ ਨਹੀਂ ਜਾਵੇਗਾ। ਸ੍ਰੀ ਅਕਾਲ ਤਖਤ ਦੇ ਸਨਮੁੱਖ ਖੜ ਕੇ ਬਾਬਾ ਦਾਦੂਵਾਲ ਨੇ ਅਰਦਾਸ ਕੀਤੀ ਜਿਸਦੇ ਬੰਦ ਵਿੱਚ ਇਹ ਵੀ ਕਿਹਾ ਕਿ ਗੁਰੂ ਪਾਤਸ਼ਾਹ ਆਪ ਜੀ ਦੀ ਅਪਾਰ ਕਿਰਪਾ ਨਾਲ ਹਰਿਆਣਾ ਕਮੇਟੀ ਹੋਂਦ ਵਿੱਚ ਆ ਚੁੱਕੀ ਹੈ, ਤੇ ਇਸ ਕਮੇਟੀ ਨੂੰ ਸੇਵਾ ਕਰਨ ਦਾ ਬੱਲ ਤੇ ਬੁੱਧੀ ਬਖਸ਼ੋ। ਇਸ ਦੇ ਨਾਲ ਉਹਨਾਂ ਬੜੀ ਉ¤ਚੀ ਅਵਾਜ ਵਿੱਚ ਇਹ ਵੀ ਕਿਹਾ ਕਿ ਇਸ ਕਮੇਟੀ ਨੇ ਸੇਵਾ ਕਰਨੀ ਤੇ ਇਸ ਨਾਲ ਜੋ ‘‘ਅੜੇ ਸੋ ਝੜੇ’’। ਬਾਬਾ ਦਾਦੂਵਾਲ ਦੇ ਇਹ ਸ਼ਬਦ ਸੁਣ ਕੇ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਵਿੱਚ ਘੁਸਰ ਮੁਸਰ ਜਰੂਰ ਸ਼ੁਰੂ ਹੋਈ, ਪਰ ਸਾਰੀ ਸੰਗਤ ਬੈਠ ਗਈ ਤੇ ਉਹਨਾਂ ਨੇ ਸਤਿਨਾਮ ਵਾਹਿਗੂਰੂ ਦਾ ਜਾਪ ਸ਼ੁਰੂ ਕਰ ਦਿੱਤਾ।

ਦੂਸਰੇ ਪਾਸੇ ਸੰਗਤ ਨੂੰ ਜਾਪ ਕਰਨ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਬਾਰ ਬਾਰ ਢਾਡੀ ਜੱਥੇ ਨੂੰ ਵਾਰਾਂ ਗਾਉਣ ਲਈ ਕਹਿ ਰਹੇ ਸਨ, ਪਰ ਢਾਡੀ ਬਲਜੀਤ ਸਿੰਘ ਕੋਰਾ ਜਵਾਬ ਦਿੰਦਿਆ ਕਿਹਾ ਕਿ ਅਰਦਾਸ ਹੋ ਰਹੀ ਹੈ। ਇੰਨੇ ਚਿਰ ਨੂੰ ਝੀਂਡਾ ਤੇ ਉਸ ਦੇ ਸਾਥੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰੂਦੁਆਰੇ ਵਿਖੇ ਮੱਥਾ ਟੇਕਣ ਗਏ, ਤਾਂ ਸਮੁੱਚੀ ਮੱਕੜ ਸੈਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਵਾਜੇ ਬੰਦ ਕਰ ਦਿੱਤੇ, ਪਰ ਨੌਵੇ ਪਾਤਸ਼ਾਹ ਦੇ ਉਸ ਪਵਿੱਤਰ ਅਸਥਾਨ 'ਤੇ ਮੱਥਾ ਟੇਕ ਕੇ ਝੀਂਡਾ ਵਾਪਸ ਪਰਤ ਗਏ ਜਿਸ ਅਸਥਾਨ ‘ਤੇ ਨੌਵੇਂ ਪਾਤਸ਼ਾਹ ਦੀ ਆਮਦ ਸਮੇਂ ਮਹੰਤ ਸ੍ਰੀ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਕਰਕੇ ਚਲੇ ਗਏ ਸਨ ਤੇ ਗੁਰੂ ਸਾਹਿਬ ਬਾਹਰੋਂ ਮੱਥਾ ਟੇਕ ਕੇ ਜਾਣ ਤੋਂ ਪਹਿਲਾਂ ਇਸ ਅਸਥਾਨ ‘ਤੇ ਬੈਠੇ ਸਨ।

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਪੂਰੀ ਤਰ੍ਹਾਂ ਲੈਸ ਸੀ ਤੇ ਉਹਨਾਂ ਨੂੰ ਇੱਕ ਹੀ ਹਦਾਇਤ ਸੀ ਕਿ ਸ. ਝੀਂਡਾ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਮੱਥਾ ਨਹੀਂ ਟੇਕਣ ਦੇਣਾ। ਸ. ਝੀਂਡਾ ਨੇ ਇਸ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਸੰਗਤੀ ਰੂਪ ਵਿੱਚ ਪ੍ਰਸ਼ਾਦਾ ਛੱਕਿਆ ਕਿ ਝੂਠੇ ਬਰਤਨਾਂ ਦੀ ਸੇਵਾ ਕਰਨ ਉਪਰੰਤ ਸੰਗਤਾਂ ਦੇ ਜੋੜੇ ਵੀ ਝਾੜੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top