Share on Facebook

Main News Page

ਨਿਹੰਗ ਸਿੰਘ, ਗਊ ਅਤੇ ਬਾਦਲ ਰੱਖਿਆ ?
-: ਅਵਤਾਰ ਸਿੰਘ ਮਿਸ਼ਨਰੀ 510-432-5827

ਚੇਤੇ ਰਹੇ ਕਿ ਤਦ ਤੱਕ ਨਿਹੰਗ ਸਿੰਘ, ਸਿੱਖ ਕੌਮ ਨਾਲ ਸਬੰਧਤ ਗੁਰੂ ਕੀਆਂ ਲਾਡਲੀਆਂ ਫੌਜਾਂ ਹਨ ਜਦ ਤੱਕ ਉਹ ਗੁਰ ਸਿਧਾਂਤਾਂ ਤੇ ਪਹਿਰਾ ਦੇਂਦੀਆਂ ਹਨ ਪਰ ਜੇ ਬਾਣਾਂ ਖਾਲਸੇ ਦਾ ਤੇ ਕਰਮ ਕਰਤੂਤਾਂ ਬਿਪਰਾਂ ਵਾਲੀਆਂ ਧਾਰਨ ਕਰਦੀਆਂ, ਧੜੇਬੰਦੀ ਦਾ ਸ਼ਿਕਾਰ ਹੋ, ਬੇਇਨਸਾਫ ਸਰਕਾਰ ਦੀਆਂ ਕਠਪੁਤਲੀਆਂ ਬਣ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਨਹੀਂ ਕਿਹਾ ਜਾ ਸਕਦਾ। ਕੀ ਕੇਵਲ ਗਊ ਦੀ ਰੱਖਿਆ, ਬਾਕੀ ਜਾਨਵਰਾਂ ਦੀ ਹੱਤਿਆ ਅਤੇ ਭੱਖਿਆ ਹੀ ਭਲਾ ਕਰਮ ਹੈ?

ਕੀ ਗਊ ਤੋਂ ਬਿਨਾ ਹੋਰ ਜਾਨਵਰ ਰੱਖਿਆ ਦੇ ਪਾਤਰ ਨਹੀਂ ਹਨ? ਕੀ ਨਕਲੀ ਨਿਹੰਗ ਹੁਣ ਗਊ ਰੱਖਿਆ ਜੋਗੇ ਹੀ ਰਹਿ ਗਏ ਹਨ? ਜੋ ਨੌਜਵਾਨਾਂ ਦੀ ਨਸ਼ਿਆਂ ਦੇ ਜਹਿਰ ਦੀ ਮਾਰ ਤੋਂ ਰੱਖਿਆ ਨਹੀਂ ਕਰਦੇ ਸਗੋਂ ਖੁਦ ਬਹੁਤੇ ਆਪ ਵੀ ਨਸ਼ੇ ਦੇ ਆਦੀ ਹੋ ਗਏ ਹਨ। ਦੇਖੋ! ਆਏ ਦਿਨ ਔਰਤਾਂ ਦੇ ਬਲਾਤਕਾਰ ਹੋ ਰਹੇ ਹਨ, ਉਨ੍ਹਾਂ ਮਾਵਾਂ, ਭੈਣਾ ਅਤੇ ਧੀਆਂ ਦੀ ਰੱਖਿਆ ਨਾਲੋਂ ਗਾਵਾਂ ਦੀ ਰੱਖਿਆ ਹੀ ਕਿਉਂ ਪਹਿਲਾਂ ਹੈ? ਕੀ ਇਹ ਗਊ ਦੇ ਸਿੱਖ ਹਨ ਜਾਂ ਗੁਰੂ ਦੇ? ਕਿਤੇ ਗਿਦੜ ਹੁਣ ਸ਼ੇਰਾਂ ਦਾ ਬਾਣਾ ਤਾਂ ਨਹੀਂ ਪਾਈ ਫਿਰਦੇ?

ਕਦੇ ਸਮਾਂ ਸੀ ਨਿਹੰਗਾਂ ਦੀ ਬਹਾਦਰੀ ਦੇ ਲੋਕ ਸੋਹਿਲੇ ਗਾਇਆ ਕਰਦੇ ਸਨ ਕਿ-ਆ ਗਏ ਨੇ ਨਿਹੰਗ ਬੂਹਾ ਖੋਲ੍ਹ ਦੇ ਨਿਸੰਗ॥ ਓਦੋਂ ਨਿਹੰਗ ਸਿੰਘ ਇਜ਼ਤ ਆਬਰੂ ਦੇ ਰਾਖੇ ਹੁੰਦੇ ਸਨ ਪਰ ਹੁਣ ਬਹੁਤੇ ਨਸ਼ਈ, ਵਿਸ਼ਈ ਅਤੇ ਲੁਟੇਰੇ ਹੋ ਚੁੱਕੇ ਹਨ। ਜੋ ਬੇਦਰਦੀ ਨਾਲ ਗਰੀਬ ਕਿਸਾਨਾਂ ਦੀਆਂ ਫਸਲਾਂ ਵੀ ਉਜਾੜਦੇ ਹਨ। ਹੁਣ ਤਾਂ ਆਂਮ ਲੋਕ ਇਹ ਕਹਿੰਦੇ ਲਗਦੇ ਹਨ ਕਿ-ਆ ਗਏ ਨੇ ਨਿਹੰਗ ਬੂਹਾ ਕਰ ਦਿਓ ਬੰਦ॥ ਐਸ ਵੇਲੇ ਡੇਰੇਦਾਰ, ਸਰਕਾਰੀ ਚਮਚੇ ਲੀਡਰ ਅਤੇ ਪੁਜਾਰੀ ਸਿੱਖ ਕੌਮ ਨੂੰ ਦੋਹੀਂ ਹੱਥੀਂ ਲੁੱਟੀ ਜਾ ਰਹੇ ਹਨ ਕੀ ਨਿਹੰਗਾਂ ਨੂੰ ਆਪਣੀ ਸਿੱਖ ਕੌਮ ਦੀ ਰੱਖਿਆ ਨਹੀਂ ਕਰਨੀ ਚਾਹੀਦੀ ਜਿਸ ਵਿੱਚ ਉਹ ਜੰਮੇ ਪਲੇ, ਵੱਡੀਆਂ ਵੱਡੀਆਂ ਛੌਣੀਆਂ (ਗੁਰਦੁਆਰਿਆਂ) ਦੀਆਂ ਜਾਇਦਾਦਾਂ ਦੇ ਮਾਲਕ ਬਣੇ ਅਤੇ ਵਿਚਰਦੇ ਹੋਏ ਮੌਜਾਂ ਮਾਣ ਰਹੇ ਹਨ?

ਸਿੱਖ ਨੇ ਹਰੇਕ ਧਰਮ ਜਾਂ ਸਮਾਜ ਦਾ ਸਤਿਕਾਰ ਕਰਨਾ ਹੈ ਨਾਂ ਕਿ ਇਕੱਲਾ ਕਿਸੇ ਇੱਕ ਧਰਮ ਦਾ। ਗਊ ਇੱਕ ਪਾਲਤੂ ਪਸ਼ੂ ਹੈ ਨਾਂ ਕਿ ਮਨੁੱਖਤਾ ਦੀ ਮਾਤਾ, ਹਾਂ ਗਾਂ ਆਪਣੇ ਵੱਛੇ ਵੱਛੀਆਂ ਦੀ ਜਰੂਰ ਮਾਂ ਹੈ ਜਿੰਨ੍ਹਾਂ ਨੂੰ ਨਿਰਦਈ ਮਨੁੱਖ ਰੱਜ ਕੇ ਆਪਣੀ ਮਾਂ ਦਾ ਦੁੱਧ ਵੀ ਨਹੀਂ ਪੀਣ ਦਿੰਦੇ। ਮੰਨ ਲਓ ਜੇ ਗਾਂ ਹਿੰਦੂਆਂ ਦੀ ਮਾਂ ਹੈ ਤਾਂ ਫਿਰ ਬਲਦ (ਢੱਟਾ) ਆਪਣੇ ਆਪ ਬਾਪ ਬਣ ਜਾਂਦਾ ਹੈ ਪਰ ਹਿੰਦੂ ਬਲਦ ਨੂੰ ਬਾਪ ਨਹੀਂ ਕਹਿੰਦੇ ਸਗੋਂ ਦੁਰਕਾਰਦੇ ਹਨ। ਜਿਸ ਵੱਡੀ ਗਿਣਤੀ ਵਾਲੀ ਕੌਮ ਦੀ ਗਾਂ ਮਾਂ ਹੈ ਉਹ ਜੀ ਸਦਕੇ ਪੂਜਾ, ਰੱਖਿਆ ਕਰੇ ਪਰ ਨਿਹੰਗ ਸਿੰਘਾਂ ਜਾਂ ਸਿੱਖਾਂ ਨੂੰ ਪਸ਼ੂ ਪੂਜਾ ਕਰਨੀ ਅਤੇ ਖਾਹ-ਮਖਾਹ ਹਰੇਕ ਥਾਂ ਟੰਗਾਂ ਨਹੀਂ ਅੜਾਉਣੀਆਂ ਚਾਹੀਦੀਆਂ। ਨਿਹੰਗ ਸਿੰਘੋ! ਆਓ ਆਪਣੇ ਵਿਰਸੇ ਦੀ ਪਹਿਚਾਨ ਕਰਦੇ ਹੋਏ ਡੇਰੇਦਾਰ ਲੁਟੇਰਿਆਂ, ਝੋਲੀ ਚੁੱਕ ਸਰਕਾਰੀ ਲੀਡਰਾਂ ਅਤੇ ਧਰਮ ਪੁਜਾਰੀਆਂ ਤੋਂ ਕੌਮ ਦੀ ਰੱਖਿਆ ਕਰੀਏ ਜੋ ਖਾਲਸਾ ਮੁੱਢ ਕਦੀਮਾਂ ਤੋਂ ਕਰਦਾ ਆਇਆ ਹੈ।

ਜ਼ਰਾ ਸੋਚੋ! ਜੇ ਦੁੱਧ ਦੇਣ ਕਰਕੇ ਹੀ ਗਾਂ ਮਾਂ ਹੈ ਤਾਂ ਮੱਝ ਵੀ ਵਧੀਆ ਦੁੱਧ ਦੇਂਦੀ ਹੈ, ਫਿਰ ਤਾਂ ਮੱਝ ਵੀ ਮਾਂ ਹੈ ਤੇ ਉਸ ਦੀ ਵੀ ਪੂਜਾ-ਰੱਖਿਆ ਕਰਨੀ ਚਾਹੀਦੀ ਹੈ ਨਾਂ ਕਿ ਇਕੱਲੀ ਗਊ ਦੀ। ਗੁਰੂ ਕੀਓ ਲਾਡਲੀਓ ਫੌਜੋ! ਬਾਣੇ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਸਿੱਖ ਕੌਮ ਦਾ ਸ਼ਬਦ ਗੁਰੂ ਹੈ-ਬਾਣੀ ਗੁਰੂ ਗੁਰੂ ਹੈ ਬਾਣੀ॥ (ਗੁਰੂ ਗ੍ਰੰਥ) ਅਤੇ ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ (ਅਰਦਾਸੀ ਦੋਹਿਰਾ) ਦੀ ਵੀ ਹਰ ਰੋਜ ਵਿਚਾਰ ਕਰਿਆ ਕਰੋ ਤਾਂ ਕਿ ਗੁਰਮਤਿ ਸਿਧਾਂਤ ਸਦਾ ਯਾਦ ਰਹਿਣ।

ਦੂਜਾ ਬਾਦਲ ਪ੍ਰਬੰਧ ਹੇਠਲੇ ਗੁਰਦੁਆਰਿਆਂ ਦੀਆਂ ਗੋਲਕਾਂ ਦੀ ਰੱਖਿਆ ਦੀ ਥਾਂ ਉਨ੍ਹਾਂ ਗੁਰਦੁਆਰਿਆਂ ਦੀ ਰੱਖਿਆ ਕਰੋ ਜਿੱਥੇ ਜਿੱਥੇ ਗੁਰਮਤਿ ਵਿਰੋਧੀ ਸੰਪ੍ਰਦਾਈ, ਡੇਰੇਦਾਰ ਦੋਹੀਂ ਹੱਥੀਂ ਗੋਲਕਾਂ ਤੇ ਕਿਰਤੀ ਸਿੱਖਾਂ ਨੂੰ ਲੁਟਦੇ ਹੋਏ, ਸਿੱਖਾਂ ਵਿੱਚ ਬ੍ਰਾਹਮਣੀ ਕਰਮਕਾਂਡ ਅਤੇ ਮਾਰੂ ਨਸ਼ੇ ਵਰਤਾ ਕੇ, ਸਿੱਖ ਕੌਮ ਦੀ ਹੋਣਹਾਰ ਪਨੀਰੀ (ਜਵਾਨੀ) ਨੂੰ ਬਰਬਾਦ ਕਰੀ ਜਾ ਰਹੇ ਹਨ।

ਆਸ ਕਰਦਾ ਹਾਂ ਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਸੰਤ ਸਿਪਾਹੀ ਰੂਪ ਵਿੱਚ ਵਿਚਰਦੀਆਂ ਹੋਈਆਂ ਗੁਰਮਤਿ ਸਿਧਾਤਾਂ ਤੇ ਡਟ ਕੇ ਪਹਿਰਾ ਦੇਣਗੀਆਂ ਨਾਂ ਕਿ ਸੌੜੀ ਰਾਜਨੀਤੀ ਖੇਡਣ ਵਾਲੇ ਲੀਡਰਾਂ ਦੇ ਚੱਕੇ ਚਕਾਏ ਜਾਂ ਕਿਸੇ ਲਾਲਚ ਵੱਸ, ਆਪਣੇ ਭਾਰਵਾਂ ਨੂੰ ਨਹੀਂ ਡਰਾਉਣਗੀਆਂ ਅਤੇ  ਸਗੋਂ ਅਵਾਰਾ ਗਊਆਂ ਦੀ ਥਾਂ ਦੁਧਾਰੂ ਪਛੂਆਂ ਅਤੇ ਹਰ ਲੋੜਵੰਦਾਂ ਦੀ ਡਟ ਕੇ ਰੱਖਿਆ ਕਰਨਗੀਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top