ਸ਼੍ਰੋ.ਗੁ.ਪ੍ਰ.ਕਮੇਟੀ
ਵਲੋਂ ਸਿੱਖ ਰਹਿਤ ਮਰਯਾਦਾ ਦਾ ਖਰੜਾ ਤਿਆਰ ਕਰਨ ਲਈ ਬਣਾਈ ਗਈ ਇਕ 25 ਮੈਂਬਰੀ ਸਬ-ਕਮੇਟੀ
ਨੇ 4-5 ਅਕਤੂਬਰ 1931, 3 ਜਨਵਰੀ 1932, ਅਤੇ 31 ਜਨਵਰੀ 1932 ਨੂੰ ਸਮਾਗਮ ਕਰ ਕੇ ਖਰੜਾ
ਸ਼੍ਰੋ. ਗੁ. ਪ੍ਰ. ਕਮੇਟੀ ਨੂੰ ਸੌਂਪ ਦਿੱਤਾ। ਸ਼੍ਰੋ: ਕਮੇਟੀ ਦੇ ਕਹਿਣ ਤੇ ਮੁੜ 8 ਮਈ
1932 ਨੂੰ ਖਰੜੇ ਵਿੱਚ ਸੰਸ਼ੋਧਨ ਕੀਤਾ ਗਿਆ।
ਕਈ ਸੱਜਣਾਂ ਦੇ ਜ਼ੋਰ ਦੇਣ ਤੇ ਸਬ-ਕਮੇਟੀ ਨੇ ਮੁੜ 26 ਸਤੰਬਰ 1932
ਨੂੰ ਖਰੜੇ ਵਿੱਚ ਸੰਸ਼ੋਧਨ ਕੀਤਾ। ਖਰੜੇ ਨੂੰ ਅੱਛੀ ਤਰ੍ਹਾਂ ਸੋਧਿਆ {ਸੋਧਿਆ ਕਿ ਵਿਗਾੜਿਆ?}।
ਫਿਰ 1 ਅਕਤੂਬਰ 1932 ਨੂੰ ਖਰੜਾ ਸ਼੍ਰੋ: ਕਮੇਟੀ ਨੂੰ ਪੱਕੇ ਤੌਰ
'ਤੇ ਸੌਂਪ ਦਿੱਤਾ ਗਿਆ। ਸ਼੍ਰੋ: ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ 7 ਜਨਵਰੀ 1945
ਨੂੰ ਖਰੜੇ ਵਿੱਚ ਹੋਰ ਵਾਧੇ ਘਾਟੇ ਕਰਨ ਦੀ ਸਿਫ਼ਾਰਿਸ਼ ਕੀਤੀ, ਜਿੱਸ ਨੂੰ ਮੰਨ ਕੇ ਸ਼੍ਰੋ:
ਕਮੇਟੀ ਨੇ ਵੀ ਹੋਰ ਵਾਧੇ ਘਾਟੇ ਕਰਨ ਦੀ ਪ੍ਰਵਾਨਗੀ 3 ਜਨਵਰੀ 1945 ਨੂੰ ਮਤਾ ਨੰਬਰ 97
ਰਾਹੀਂ ਦਿੱਤੀ।
ਤੱਥ ਕਹਿੰਦੇ ਹਨ ਕ 25 ਮੈਂਬਰੀ ਕਮੇਟੀ ਨੂੰ ਦਬਾਅ ਅਧੀਨ ਹੋ ਕੇ
ਆਪਣੇ ਬਣਾਏ ਖਰੜੇ ਨੂੰ ਹੋਰ 8 ਮਹੀਨੇ ਲਾ ਕੇ ਬਦਲਨਾ ਪਿਆ{31ਜਨਵਰੀ 1932 ਤੋਂ 1 ਅਕਤੂਬਰ
1932 ਤਕ}। ਜੋ ਤਬਦੀਲੀਆਂ ਕਰਵਾਈਆਂ ਗਈਆਂ ਉਹ ਕਿਸੇ ਨੂੰ ਪਤਾ ਤਕ ਨਹੀਂ।
ਸ਼੍ਰੋ: ਕਮੇਟੀ ਕੋਲ਼ ਖਰੜਾ 12 ਸਾਲ਼ ਪਿਆ ਰਹਿਣ ਪਿੱਛੋਂ ਫਿਰ ਇਸ
ਨੂੰ ਕਿਸੇ ਦਬਾਅ ਅਧੀਨ ਸੰਸ਼ੋਧਨ ਦੇ ਨਾਂ 'ਤੇ ਬਦਲਿਆ ਗਿਆ। ਇਹ ਤਬਦੀਲੀ 3 ਜਨਵਰੀ
1945 ਮੁਤਾਬਕ ਕਰ ਦਿੱਤੀ ਗਈ। ਇਹ ਖਰੜਾ ਭਾਵੇਂ ਕਦੇ ਲਾਗੂ ਨਹੀਂ ਕੀਤਾ ਗਿਆ {ਖਰੜੇ ਵਿੱਚ
ਅਜਿਹਾ ਕੋਈ ਜ਼ਿਕਰ ਨਹੀਂ ਹੈ} ਪਰ ਸ਼੍ਰੋ: ਕਮੇਟੀ ਦੀਆਂ ਦੁਕਾਨਾਂ ਤੇ ਛਾਪ ਕੇ ਵਿੱਕਰੀ ਲਈ
ਰੱਖ ਦਿੱਤਾ ਗਿਆ। ਇਸ ਖਰੜੇ ਨੇ ਹੀ ਸਿੱਖਾਂ ਨੂੰ ਕੇਸ਼ਾਧਾਰੀ ਹਿੰਦੂ ਬਣਾਇਆ ਤੇ ਉਹ ਕਿਵੇਂ?
ਖਰੜੇ ਵਿੱਚ ਲਿਖੀ
ਅਰਦਾਸਿ ਰਾਹੀਂ:
ਅਰਦਾਸਿ ਦੀ ਬਣਤਰ ਵਿੱਚ ਦੁਰਗਾ ਮਾਈ ਦੀ ਪੂਜਾ ਕਰਨ ਵਾਲ਼ੀ ਇੱਕ
ਪਉੜੀ ‘ਵਾਰ ਦੁਰਗਾ ਕੀ’ {ਅਖੌਤੀ ਪੁਰਾਤਨ ਪੋਥੀਆਂ ਵਿੱਚ ਸਿਰਲੇਖ ਵਾਰ ਦੁਰਗਾ ਕੀ
ਹੈ, ਵਾਰ ਸ੍ਰੀ ਭਗਉਤੀ ਕੀ ਪਾ:10 ਨਹੀਂ}ਵਿੱਚੋਂ ਸ਼ਾਮਲ ਕਰ ਦਿੱਤੀ ਗਈ। ਗੁਰੂ ਨਾਨਕ
ਨੂੰ ਯਾਦ ਕਰਨ ਤੋਂ ਪਹਿਲਾਂ ਅਰਦਾਸਿ ਕਰਦਾ ਹਰ ਸਿੱਖ ਪਹਿਲਾਂ ਦੁਰਗਾ ਮਾਈ ਨੂੰ ਧਿਆਨ
ਵਿੱਚ ਲਿਆ ਕੇ ਕੇਸ਼ਾਧਾਰੀ ਹਿੰਦੂ ਬਣ ਜਾਂਦਾ ਹੈ ਕਿਉਂਕਿ ਦੁਰਗਾ ਦੀ ਪੂਜਾ ਹਿੰਦੂ
ਵੀਰ ਹੀ ਕਰਦੇ ਹਨ {ਸਿੱਖਾਂ ਲਈ ਇਹ ਪੂਜਾ ਮਨ੍ਹਾਂ ਹੈ}। ਕਵੀ ਵਾਰ ਵਿੱਚ ਖ਼ੁਦ ਹੀ
ਕਹਿੰਦਾ ਹੈ ਕਿ ਉਸ ਨੇ ਦੁਰਗਾ ਕੀ ਵਾਰ ਦੀਆਂ 55 ਪਉੜੀਆਂ ਹੀ ਦੁਰਗਾ ਦਾ ਪਾਠ ਬਣਇਆ
ਹੈ ਜਿਵੇਂ-
ਦੁਰਗਾ ਪਾਠ ਬਣਾਇਆ ਸੱਭੇ ਪਉੜੀਆਂ।
ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ।55।
ਖਰੜੇ ਵਿੱਚ ਸਵੇਰ
ਵੇਲੇ ਦੇ ਬਦਲੇ ਗਏ ਨਿਤ-ਨੇਮ ਰਾਹੀਂ:
ਸਵੇਰ ਦਾ ਨਿੱਤ-ਨੇਮ ਕੇਵਲ ‘ਜਪੁ’ ਜੀ ਦੀ ਬਾਣੀ ਸੀ। ਇਹ
ਨਿੱਤ-ਨੇਮ ਪਹਿਲੇ ਗੁਰੂ ਜੀ ਤੋਂ ਹੀ ਚੱਲਿਆ ਆਇਆ ਤੇ ਪੰਜਵੇਂ ਅਤੇ ਦਸਵੇਂ ਗੁਰੂ ਜੀ
ਨੇ ਵੀ ਇਹੋ ਹੀ ਰੱਖਿਆ ਜਿੱਸ ਦਾ ਸਬੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖ਼ੁਦ ਹਨ {ਨਿੱਤ-ਨੇਮ
ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਅੰਕ}। ਖਰੜੇ ਨੇ ਤਿੰਨਾਂ ਗੁਰੂ
ਵਿਅੱਕਤੀਆਂ ਦੀ ਸੋਚ ਨੂੰ ਰੱਦ ਕਰਕੇ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਪਈਆਂ
ਦੇਵੀ ਉਸਤਤੀ ਦੀਆਂ ਵਾਧੂ ਕੱਚੀਆਂ ਰਚਨਾਵਾਂ ਸ਼ਾਮਲ ਕਰ ਦਿੱਤੀਆਂ ਜਿਨ੍ਹਾਂ ਨੂੰ
ਪੜ੍ਹਦਾ ਹਰ ਸਿੱਖ ਕੇਸ਼ਾਧਾਰੀ ਹਿੰਦੂ ਬਣ ਗਿਆ।
ਸ਼ਾਮ ਵੇਲੇ ਦੇ
ਬਦਲ ਕੇ ਬਣਾਏ ਨਿਤ-ਨੇਮ ਰਾਹੀਂ :
ਸ਼ਾਮ ਦੇ ਨਿੱਤ ਨੇਮ ਵਿੱਚ ਕੇਵਲ ਨੌਂ ਸ਼ਬਦ {ਸੋ ਦਰੁ (5)ਅਤੇ
ਸੋ ਪੁਰਖੁ (4)} ਸਨ ਜੋ ਪੰਜਵੇਂ ਗੁਰੂ ਜੀ ਨੇ ਸ਼ਾਮ ਦੇ ਨਿੱਤ ਨੇਮ ਵਜੋਂ ਨਿਰਧਾਰਤ
ਕੀਤੇ ਸਨ ਅਤੇ ਇਸੇ ਨਿੱਤ ਨੇਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ
ਸਿੰਘ ਜੀ ਪਾਸੋਂ ਦਮਦਮੀ ਬੀੜ ਲਿਖਵਾਉਂਦਿਆਂ ਪ੍ਰਵਾਨ ਕੀਤਾ ਤੇ ਇਸ ਵਿੱਚ ਕੋਈ ਵਾਧਾ
ਘਾਟਾ ਨਹੀਂ ਕੀਤਾ। ਖਰੜੇ ਨੇ ਇਸ ਸ਼ਾਮ ਦੇ ਨਿਤ ਨੇਮ ਦੀ ਰੂਪ ਰੇਖਾ ਨੂੰ ਵੀ ਬਦਲ
ਦਿੱਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਵਾਧੂ ਹਿੰਦੂ ਦੇਵਤਿਆਂ ਦੀ
ਪੂਜਾ ਵਾਲ਼ੀਆਂ ਕੱਚੀਆਂ ਰਚਨਾਵਾਂ ਜੋੜ ਕੇ ਸਿੱਖਾਂ ਨੂੰ ਪੜ੍ਹਨ ਲਾ ਦਿੱਤਾ। ਇਨ੍ਹਾਂ
ਕੱਚੀਆਂ ਬਾਣੀਆਂ ਨੂੰ ਪੜ੍ਹਦਾ ਹਰ ਸਿੱਖ ਕੀ ਹੈ? ਕੇਸ਼ਾਧਾਰੀ ਹਿੰਦੂ ਹੀ ਹੈ।
ਅੰਮ੍ਰਿਤ ਦੀਆਂ
ਬਾਣੀਆਂ ਦੀ ਕੀਤੀ ਚੋਣ ਰਾਹੀਂ:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਤਿੰਨ ਕੱਚੀਆਂ
ਬਾਣੀਆਂ (ਰਚਨਾਵਾਂ) ਜੋੜੀਆਂ ਗਈਆਂ ਜਿਨ੍ਹਾਂ ਨੇ ਅੰਮ੍ਰਿਤ ਰਾਹੀਂ ਸਿੱਖਾਂ ਦੇ ਮਨਾ
ਉੱਤੇ ਦੁਰਗਾ ਅਤੇ ਮਹਾਂਕਾਲ਼ ਦੀ ਪੂਜਾ ਵਾਲ਼ਾ ਹਿੰਦੂ ਮੱਤ ਦਾ ਪ੍ਰਭਾਵ ਪਾਇਆ। ਸੱਚੀ
ਬਾਣੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਹੈ(ਰਾਗਮਾਲ਼ਾ ਤੋਂ ਬਿਨਾ) ਤੇ ਏਸੇ
ਬਾਣੀ ਨੂੰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋਂ ਗੁਰੂ ਦਾ ਦਰਜਾ ਪ੍ਰਾਪਤ
ਹੈ।
ਸ੍ਰੀ ਗੁਰੂ
ਗ੍ਰੰਥ ਸਾਹਿਬ ਤੋਂ ਬਾਹਰ ਕਿਸੇ ਵੀ ਰਚਨਾ ਨੂੰ ਗੁਰਬਾਣੀ ਜਾਂ ਗੁਰੂ ਦਾ ਦਰਜਾ
ਪ੍ਰਾਪਤ ਨਹੀਂ ਹੈ ਭਾਵੇਂ ਉਹ ਰਚਨਾ ਬਾਬਾ ਕਬੀਰ ਜੀ ਦਾ ‘ਬੀਚਕ’ ਨਾਮੀ ਗ੍ਰੰਥ ਹੋਵੇ,
ਭਾਵੇਂ ਬਾਬਾ ਰਵਿਦਾਸ ਜੀ ਦੀ ਰੈਦਾਸ ਦੇ ਨਾਂ ਤੇ ਹੋਵੇ, ਭਾਵੇਂ ਬਾਬਾ ਨਾਮ ਦੇਵ ਜੀ
ਦੀ ਪੁਸਤਕ ‘ਗੀਤ ਗੋਬਿੰਦ’ ਹੋਵੇ, ਭਾਵੇਂ ਭਗਤ ਸੂਰਦਾਸ ਜੀ ਦੇ ਭਜਨ ਹੋਣ, ਭਾਵੇਂ
ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿੱਤਾਂ ਨਾਲ਼ ਸੰਬੰਧਤ ਹੋਵੇ, ਭਾਵੇਂ ਭਾਈ ਨੰਦ
ਲਾਲ ਸਿੰਘ ਜੀ ਦੀ ਪੁਸਤਕ ‘ਜ਼ਿੰਦਗੀ ਨਾਮਾ’ ਹੋਵੇ ਜਾਂ ਇਉਂ ਕਹਿ ਲਓ ਕਿ ਉਹ ਰਚਨਾ
ਦੁਨੀਆਂ ਦਾ ਕੋਈ ਭੀ ਕੀਮਤੀ ਗ੍ਰੰਥ ਹੋਵੇ ਤੇ ਉਸ ਦਾ ਉਪਦੇਸ਼ ਵੀ ਗੁਰਮਤ ਅਨੁਕੂਲ ਹੋਵੇ
ਤਾਂ ਵੀ ਉਸ ਨੂੰ ਗੁਰੂ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜੋ ਕੇਵਲ ਸ੍ਰੀ ਗੁਰੂ
ਗ੍ਰੰਥ ਸਾਹਿਬ ਨੂੰ ਪ੍ਰਾਪਤ ਹੈ।
ਛੇਵੇਂ, ਸੱਤਵੇਂ, ਅੱਠਵੇਂ ਅਤੇ ਦਸਵੇਂ ਗੁਰੂ ਜੀ ਦੀ ਕੋਈ ਰਚਨਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹੋਵੇ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ
ਕਿਉਂਕਿ ਅਜਹੀ ਕੋਈ ਵੀ ਰਚਨਾ ਜੇ ਹੁੰਦੀ ਤਾਂ ਦਸਵੇਂ ਪਾਤਿਸ਼ਾਹ ਜੀ ਰਾਹੀਂ ਹੀ ਸ੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ ਓਦੋਂ ਦਰਜ ਕਰਵਾ ਦਿੱਤੀ ਜਾਣੀ ਸੀ ਜਦੋਂ ਉਨ੍ਹਾਂ ਆਪਣੇ
ਪਿਤਾ ਜੀ ਦੀ ਬਾਣੀ ਆਦਿ ਬੀੜ ਵਿੱਚ ਦਰਜ ਕਰਵਾ ਕੇ ‘ਗੁਰੂ’ ਦਾ ਕਾਰਜ ਮੁਕੰਮਲ ਕੀਤਾ
ਸੀ। ਸ੍ਰੀ ਗੁਰੂ ਅਰਜੁਨ ਪਾਤਿਸ਼ਾਹ ਨੇ ਵੀ ਪਹਿਲੇ ਗੁਰੂ ਸਾਹਿਬਾਨ ਦੀ ਅਤੇ ਆਪਣੀ ਲਿਖੀ
ਬਾਣੀ ਆਪ ਹੀ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ।
ਜੇ ਕੋਈ ਸੋਚੇ ਕਿ ਗੁਰੂ ਕ੍ਰਿਤ ਕੋਈ ਰਚਨਾ ਸ੍ਰੀ ਗੁਰੂ ਗ੍ਰੰਥ
ਸਾਹਿਬ ਤੋਂ ਬਾਹਰ ਹੋ ਸਕਦੀ ਹੈ, ਜਿਹੜੀ ਦਸਵੇਂ ਪਾਤਿਸ਼ਾਹ ਜੀ ਦੇ ਚੇਤੇ ਵਿੱਚ ਨਾ ਆਈ
ਹੋਵੇ {ਅਜਿਹਾ ਸੰਭਵ ਨਹੀਂ ਤੇ ਇਉਂ ਸੋਚਣਾ ਵੀ ਪਾਪ ਹੈ}
ਤਾਂ ਵੀ ਉਸ ਨੁੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੋ ਸਕਦਾ ਤੇ ਅਜਿਹੀ ਕੋਈ ਰਚਨਾ ਗੁਰੂ
ਦੀ ਬਰਾਬਰੀ ਨਹੀਂ ਕਰ ਸਕਦੀ ਤੇ ਨਿਤ-ਨੇਮ ਜਾਂ ਅੰਮ੍ਰਿਤ ਦਾ ਭਾਗ ਨਹੀਂ ਬਣ ਸਕਦੀ
ਭਾਵੇਂ ਉਸ ਦਾ ਉਪਦੇਸ਼ ਗੁਰਮਤ ਅਨੁਸਾਰ ਹੀ ਹੋਵੇ।
ਜਾਣਕਾਰੀ ਵਾਸਤੇ ਤੇ ਗਿਆਨ ਦੇ ਵਾਧੇ ਲਈ ਕੋਈ ਵੀ ਗ੍ਰੰਥ ਨਿੱਜੀ ਤੌਰ 'ਤੇ ਪੜ੍ਹਨ ਦਾ
ਹਰ ਇੱਕ ਨੂੰ ਅਧਿਕਾਰ ਹੈ, ਪਰ ਉਸ ਗ੍ਰੰਥ ਨੂੰ ਗੁਰੂ ਨਹੀਂ ਮੰਨਿਆਂ ਜਾ ਸਕਦਾ।
ਸੱਚੀ ਬਾਣੀ ਕੇਵਲ ਸ੍ਰੀ ਗੁਰੂ
ਗ੍ਰੰਥ ਸਾਹਿਬ (ਰਾਗ ਮਾਲ਼ਾ ਤੋਂ ਬਿਨਾ) ਦੀ ਹੀ ਹੈ।
ਨੋਟ:
ਸਿੱਖ ਮੱਤ ਨੂੰ ਹਿੰਦੂ ਮੱਤ ਵਿੱਚ ਤਬਦੀਲ ਕਰ ਲੈਣ ਦੇ ਸਿੱਖੀ
ਵਿਰੋਧੀ ਸ਼ਕਤੀਆਂ { ਰਾਸ਼ਟ੍ਰੀ ਸਿੱਖ ਸੰਗਤ ਅਤੇ ਰਾਸ਼ਟ੍ਰੀ ਸ੍ਵੈਯੰ ਸੇਵਕ ਸੰਘ} ਦੇ
ਮਨਸੂਬੇ ਇਹ ਖਰੜਾ ਬਾਖ਼ੂਬੀ ਪੂਰੇ ਕਰ ਰਿਹਾ ਹੈ। ਅੰਗ੍ਰੇਜ਼ ਵੀ ਇਹੀ ਚਾਹੁੰਦੇ ਸਨ ਕਿ
ਸਿੱਖਾਂ ਵਿੱਚ ਫੁੱਟ ਵਧੇ ਤਾਂ ਜੁ ਉਨ੍ਹਾਂ ਦੇ ਰਾਜ ਨੂੰ ਖ਼ਤਰਾ ਘਟੇ। ਅੰਗ੍ਰੇਜ਼ੀ ਰਾਜ
ਸਮੇ ਹੀ ਸੰਨ 1895-97 ਵਿੱਚ ਕੱਚੀਆਂ ਰਚਨਾਵਾਂ ਨੇ ਦਸਮ ਗ੍ਰੰਥ ਦਾ ਰੂਪ ਧਾਰਿਆ।
ਬੁੱਧ ਮੱਤ, ਜੈਨ ਮੱਤ ਅਤੇ ਪਾਰਸੀ ਮੱਤ ਪਹਿਲਾਂ ਹੀ ਹਿੰਦੂ ਮੱਤ ਦੀ ਬੁੱਕਲ਼ ਵਿੱਚ ਆ
ਕੇ ਆਪਣੀ ਹੋਂਦ ਭਾਰਤ ਵਿੱਚ ਲਗਭਗ ਗਵਾ ਚੁੱਕੇ ਹਨ।
ਸਮੇਂ ਦੀ ਲੋੜ:
ਸਿੱਖਾਂ ਲਈ ਆਪਣੇ ਮੂਲ਼ ਨਾਲ਼ ਜੁੜੇ ਰਹਿਣ ਲਈ ਇਹ ਅਤੀ ਜ਼ਰੂਰੀ
ਹੈ ਕਿ ‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ’ ਅਤੇ ‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ
ਗਾਵਹੁ ਸਚੀ ਬਾਣੀ’ ਦੇ ਸਿਧਾਂਤ ਨੂੰ ਅਮਲ ਵਿੱਚ ਲਿਆਂਦਾ ਜਾਵੇ ਤੇ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਅੰਦਰ ਸੱਚੀਆਂ ਬਾਣੀਆਂ ਦਾ ਬਖ਼ਸ਼ਿਆ ਨਿੱਤ ਨੇਮ (ਪਹਿਲੇ 13 ਅੰਕ)
ਹੀ ਅਪਨਾਇਆ ਜਾਣਾ ਚਾਹੀਦਾ ਹੈ। ਸਿੱਖੀ ਦੀ ਹੋਂਦ ਨੂੰ ਬਚਾਉਣ ਲਈ ਅਜਿਹਾ ਕੀਤਾ ਜਾਣਾ
ਚਾਹੀਦਾ ਹੈ। ਅੰਮ੍ਰਿਤ ਵਾਸਤੇ
‘ਜਪੁ’ ਜੀ ਦਾ ਪਾਠ ਹੀ ਕਾਫ਼ੀ ਹੈ ਤੇ
ਜੇ ਪੰਜ ਬਾਣੀਆਂ ਜ਼ਰੂਰੀ ਕਰਨੀਆਂ
ਹੋਣ ਤਾਂ ਪਹਿਲੇ 13 ਅੰਕਾਂ ਦੀਆਂ 4 ਬਾਣੀਆਂ-–‘ਜਪੁ’, ‘ਸੋ ਦਰੁ’ , ‘ਸੋ ਪੁਰਖੁ’
ਅਤੇ ‘ਸੋਹਿਲਾ’ ਨਾਲ਼ ‘ਅਨੰਦ’ ਸਾਹਿਬ ਸ਼ਾਮਲ ਕਰਕੇ ਪੰਜ ਬਾਣੀਆਂ ਰੱਖੀਆਂ ਜਾ ਸਕਦੀਆਂ
ਹਨ।
ਪੰਥਕ ਏਕਤਾ ਲਈ ਇਸ ਤੋਂ ਵੱਡਾ ਸ਼ਾਇਦ ਹੋਰ ਕੋਈ ਰਾਹ ਨਹੀਂ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਤੇ ਕੋਈ ਕਿੰਤੂ ਨਹੀਂ ਕਰ ਸਕਦਾ। ਸੱਭ
ਸਿੱਖ ਜਥੇਬੰਦੀਆਂ ਨੂੰ ਆਪਸੀ ਮੱਤ ਭੇਦ ਭੁਲਾਅ ਕੇ ਇਸ ਪਾਸੇ ਤੁਰੰਤ ਧਿਆਨ ਦੇਣ ਦੀ
ਲੋੜ ਹੈ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਗੁਰਦੁਆਰੇ ਵਿੱਚ ਸ੍ਰੀ ਗੁਰੂ
ਗ੍ਰੰਥ ਸਾਹਿਬ ਦੇ ਬਰਾਬਰ ਕੱਚੀਆਂ ਬਾਣੀ ਦੇ ਪ੍ਰਕਾਸ਼ ਤੇ ਅਖੰਡਪਾਠ ਸ਼ੁਰੂ ਹੋ ਜਾਣਗੇ।