Share on Facebook

Main News Page

ਸ਼੍ਰੋਮਣੀ ਕਮੇਟੀ ਦਾ ਕੇਅਰ ਟੇਕਰ ਮੱਕੜ ਗੁਰੂ ਕੀ ਗੋਲਕ ਵਿੱਚੋ ਕਰੋੜਾਂ ਰੁਪਏ ਨਹੀਂ ਖਰਚ ਸਕਦਾ
-: ਹਰਵਿੰਦਰ ਸਿੰਘ ਸਰਨਾ

ਅੰਮ੍ਰਿਤਸਰ 31ਜੁਲਾਈ (ਜਸਬੀਰ ਸਿੰਘ) ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸਿੱਖਾਂ ਦੇ ਸਭ ਤੋਂ ਵੱਧ ਸਤਿਕਾਰਯੋਗ ਮੰਨੇ ਜਾਂਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸਿੱਖਾਂ ਨੂੰ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ ਜੋ ਪੰਥਕ ਰਵਾਇਤਾਂ ਤੇ ਪਰੰਪਰਾਵਾਂ ਦੇ ਪੂਰੀ ਤਰ੍ਹਾਂ ਉਲਟ ਹੀ ਨਹੀਂ ਸਗੋ ਅਵਤਾਰ ਸਿੰਘ ਮੱਕੜ ਵੱਲੋ ਕੀਤੀ ਗਈ ਬੱਜਰ ਗਲਤੀ ਵੀ ਹੈ।

ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਅਕਾਲ ਤਖਤ ਤੋਂ ਜਾਰੀ ਹੁਕਮਨਾਮਾ ਸਿੱਖ ਪੰਥ ਲਈ ਕਿਸੇ ਵੇਲੇ ਅਲਾਹੀ ਹੁਕਮ ਹੁੰਦਾ ਸੀ ਪਰ ਜਿਸ ਤਰੀਕੇ ਨਾਲ ਅੱਜ ਅਕਾਲ ਤਖਤ ਤੋਂ ਹੁਕਮਨਾਮੇ ਜਾਰੀ ਕੀਤੇ ਜਾ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਨੂੰ ਇਸ਼ਤਿਹਾਰ ਜਾਰੀ ਕਰਕੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਅਤੇ ਸ਼੍ਰੋਮਣੀ ਕਮੇਟੀ ਦੇ ਵੱਕਾਰ ਨੂੰ ਖੋਰਾ ਲਗਾਉਣ ਦੇ ਤੁਲ ਹੈ। ਉਹਨਾਂ ਕਿਹਾ ਕਿ ਅੱਜ ਤੱਕ ਦੋ ਅਕਾਲੀ ਆਗੂ ਅਜਿਹੇ ਹੋਏ ਹਨ ਜਿਹਨਾਂ ਨੇ ਆਪਣੇ ਸਵਾਰਥ ਲਈ ਅਕਾਲ ਤਖਤ ਨੂੰ ਵਰਤਿਆ ਤਾਂ ਜਰੂਰ ਪਰ ਕਦੇ ਵੀ ਖੁਦ ਅਕਾਲ ਤਖਤ ਦੇ ਹੁਕਮ ਨਹੀਂ ਮੰਨੇ ਅਤੇ ਅਕਾਲ ਤਖਤ ਦੀ ਦੁਰਵਰਤੋਂ ਕਰਕੇ ਆਪਣੀ ਨਿੱਜੀ ਹਉਮੈ ਨੂੰ ਹੀ ਪੱਠੇ ਪਾਏ ਹਨ।

ਉਹਨਾਂ ਕਿਹਾ ਕਿ 1994 ਵਿੱਚ ਅਕਾਲ ਤਖਤ ਸਾਹਿਬ ਤੋਂ ਪੰਥਕ ਏਕਤਾ ਦੇ ਜਦੋਂ ਆਦੇਸ਼ ਜਾਰੀ ਹੋਏ ਤਾਂ ਉਹਨਾਂ ਨੂੰ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਦਰਕਿਨਾਰ ਕਰ ਦਿੱਤਾ ਅਤੇ ਬਾਅਦ ਵਿੱਚ ਗੁਰਚਰਨ ਸਿੰਘ ਟੌਹੜੇ ਨੇ ਵੀ ਏਕਤਾ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਬਾਗੀ ਬਾਦਲ ਨਾਲ ਸਮਝੌਤਾ ਕਰ ਲਿਆ।

ਇਸੇ ਤਰ੍ਹਾਂ 31 ਦਸੰਬਰ1998 ਨੂੰ ਤੱਤਕਾਲੀ ਜਥੇਦਾਰ ਭਾਈ ਰਣਜੀਤ ਸਿੰਘ ਨੇ ਉਸ ਵੇਲੇ ਏਕਤਾ ਬਣਾਈ ਰੱਖਣ ਲਈ ਹੁਕਮਨਾਮਾ ਜਾਰੀ ਕੀਤਾ ਸੀ ਜਦੋਂ ਖਾਲਸਾ ਪੰਥ ਦੇ 300 ਸਾਲਾ ਸਮਾਗਮ ਨੂੰ ਮਨਾਉਣ ਤੋਂ ਪਹਿਲਾਂ ਹੀ ਟੌਹੜਾ ਤੇ ਬਾਦਲ ਵਿਚਕਾਰ ਤੱਤਕਾਰ ਹੋ ਗਿਆ ਅਤੇ ਦੋਵੇ ਵੱਡੇ ਲੀਡਰ ਦੋ ਧੜਿਆ ਵਿੱਚ ਵੰਡੇ ਗਏ । ਭਾਈ ਰਣਜੀਤ ਸਿੰਘ ਨੇ ਆਦੇਸ਼ ਕੀਤਾ ਸੀ ਕਿ 14 ਅਪ੍ਰੈਲ 1999 ਤੱਕ ਕੋਈ ਵੀ ਲੀਡਰ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕਰੇ ਤੇ 300 ਸਾਲਾਂ ਸਾਂਝੇ ਰੂਪ ਵਿੱਚ ਮਨਾਇਆ ਜਾਵੇ, ਪਰ ਬਾਦਲ ਨੇ ਹੁਕਮਨਾਮੇ ਦੀ ਉਲੰਘਣਾ ਕਰਕੇ ਪਹਿਲਾਂ ਭਾਈ ਰਣਜੀਤ ਸਿੰਘ ਨੂੰ ਆਹੁਦੇ ਤੋਂ ਮੁਸਤਫੀ ਕਰ ਦਿੱਤਾ ਗਿਆ ਤੇ ਫਿਰ ਜਥੇਦਾਰ ਟੌਹੜਾ ਨੂੰ ਵੀ ਅਸਤੀਫਾ ਦੇਣ ਦੇ ਬਾਵਜੂਦ ਵੀ ਪ੍ਰਧਾਨਗੀ ਤੋਂ ਲਾਹ ਦਿੱਤਾ ਗਿਆ। ਹੁਕਮਨਾਮੇ ਦੀ ਉਲੰਘਣਾ ਕਰਕੇ ਬਾਦਲ ਨੇ ਅਕਾਲੀ ਦਲ ਨੂੰ ਧੜਿਆ ਵਿੱਚ ਵੰਡ ਦਿੱਤਾ ਤੇ ਵੱਖ ਵੱਖ ਸਟੇਜਾਂ ਲਗਾ ਕੇ 300 ਸਾਲਾ ਮਨਾਇਆ ਗਿਆ, ਪਰ ਬਾਗੀ ਬਾਦਲ ਨੂੰ ਅੱਜ ਤੱਕ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਅਕਾਲ ਤਖਤ ਸਾਹਿਬ ਤਲਬ ਨਹੀਂ ਕੀਤਾ ਗਿਆ।

ਇਸੇ ਤਰ੍ਹਾਂ ਸਾਲ 1978 ਵਿੱਚ ਨਿਰੰਕਾਰੀਆਂ ਖਿਲਾਫ ਅਤੇ ਸਾਲ 2007 ਵਿੱਚ ਸੌਦਾ ਸਾਧ ਦੇ ਖਿਲਾਫ ਵੀ ਹੁਕਮਨਾਮੇ ਜਾਰੀ ਹੋਏ ਜਿਹਨਾਂ ਤੇ ਅੱਜ ਤੱਕ ਬਾਦਲ ਨੇ ਅਮਲ ਨਹੀਂ ਕੀਤਾ। ਨਿਰੰਕਾਰੀ ਕਾਂਡ ਵਿੱਚ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਹੋਣ ਦੇ ਬਾਵਜੂਦ ਵੀ ਬਾਦਲ ਨੇ ਨਿਰੰਕਾਰੀਆ ਦੀ ਮਦਦ ਕੀਤੀ ਤੇ ਸੌਦਾ ਸਾਧ ਦੇ ਖਿਲਾਫ ਵੀ ਹੁਕਮਨਾਮੇ ਦੀ ਤਾਮੀਲ ਨਹੀਂ ਕੀਤੀ ਗਈ, ਸਗੋ ਉਹਨਾਂ ਨਾਲ ਵੋਟਾਂ ਦੀ ਸਾਂਝ ਪਾਈ ਗਈ। ਉਹਨਾਂ ਕਿਹਾ ਕਿ ਇਹ ਇਸ਼ਤਿਹਾਰ ਸਿਰਫ ਵੱਖਰੀ ਕਮੇਟੀ ਦੇ ਗਠਨ ਨੂੰ ਰੋਕਣ ਅਤੇ ਗੁਰਦੁਆਰਿਆਂ ‘ਤੇ ਕਬਜ਼ਾ ਬਣਾਈ ਰੱਖਣ ਦੀ ਕਾਰਵਾਈ ਦਾ ਹਿੱਸਾ ਹੈ ਜਦ ਕਿ ਹਰਿਆਣਾ ਦੀ ਵੱਖਰੀ ਕਮੇਟੀ ਬਣ ਚੁੱਕੀ ਹੈ ਤੇ ਉਸ ਨੇ ਰਸਮੀ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਉਹਨਾਂ ਕਿਹਾ ਕਿ ਇਹ ਅਕਾਲ ਤਖਤ ਸਾਹਿਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਅਕਾਲ ਤਖ਼ਤ ਦੇ ਆਦੇਸ਼ਾਂ ਨੂੰ ਮਨਵਾਉਣ ਲਈ ਇਸ਼ਤਿਹਾਰ ਦੇਣ ਦੀ ਲੋੜ ਪਈ ਹੈ ਕਿਉਕਿ ਸੰਗਤਾਂ ਭਲੀ ਭਾਂਤ ਜਾਣੂ ਹੋ ਚੁੱਕੀਆ ਹਨ ਕਿ ਇਹ ਆਦੇਸ਼ ਕਿਸੇ ਸਿਆਸੀ ਧਿਰ ਦੇ ਪ੍ਰਭਾਵ ਹੇਠ ਜਾਰੀ ਕੀਤੇ ਗਏ ਹਨ, ਜੋ ਪੂਰੀ ਤਰ੍ਹਾਂ ਇਕ ਪਾਸੜ ਹੈ ਤੇ ਬੇਲੋੜੇ ਹਨ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਕੀਤੀ ਗਈ ਗਲਤ ਕਾਰਵਾਈ ਨੂੰ ਦਰੁਸਤ ਕੀਤਾ ਜਾਂਦਾ, ਪਰ ਇਥੇ ਤਾਂ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਕੇ ਗਲਤ ਕਾਰਵਾਈ ਨੂੰ ਜਬਰੀ ਮਨਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਮਰਿਆਦਾ, ਪਰੰਪਰਾਵਾਂ ਅਤੇ ਨੈਤਿਕ ਆਧਾਰ ‘ਤੇ ਠੀਕ ਨਹੀਂ ਹੈ। ਉਹਨਾਂ ਸ਼ੱਕ ਪ੍ਰਗਟ ਕਰਦਿਆ ਕਿਹਾ ਕਿ ਕਰੋੜਾਂ ਰੁਪਏ ਦੇ ਦਿੱਤੇ ਗਏ ਇਸ਼ਤਿਹਾਰਾਂ ਦੀ ਜੇਕਰ ਜਾਂਚ ਕੀਤੀ ਜਾਵੇ ਤਾਂ ਕੋਈ ਵੱਡਾ ਘੱਪਲਾ ਜਰੂਰ ਸਾਹਮਣੇ ਆਵੇਗਾ। ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਇਸ ਵੇਲੇ ਬਾਦਲ ਦਲ ਦੀ ਰਬੜ ਦੀ ਮੋਹਰ ਬਣ ਚੁੱਕਾ ਹੈ ਅਤੇ ਉਹ ਤਾਂ ਸਿਰਫ ਚੰਡੀਗੜ ਤੋਂ ਆਏ ਹੁਕਮਾਂ ਤੇ ਦਸਤਖਤ ਕਰਨ ਤੱਕ ਹੀ ਸੀਮਤ ਹੈ ਜਿਸ ਕਰਕੇ ਜਥੇਦਾਰ ਨੂੰ ਬਾਦਲ ਦਾ ਗੁਲਾਮ ਹੀ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਵਤਾਰ ਸਿੰਘ ਮੱਕੜ ਵੀ ਇਸ ਵੇਲੇ ਸ਼੍ਰੋਮਣੀ ਕਮੇਟੀ ਦਾ ਪਧਾਨ ਨਹੀਂ ਕੇਅਰ ਟੇਕਰ ਹੈ ਤੇ ਕੇਅਰ ਟੇਕਰ ਦੀ ਹੈਸੀਅਤ ਇੱਕ ਕਲਰਕ ਤੋਂ ਵੱਧ ਨਹੀਂ ਹੁੰਦੀ, ਜਿਸ ਕਰਕੇ ਉਹ ਕਰੋੜਾਂ ਰੁਪਏ ਖਰਚ ਨਹੀਂ ਕਰ ਸਕਦਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top