Share on Facebook

Main News Page

ਬਾਦਲੀ ਸਿੱਖ
-: ਸੁਸ਼ੀਲ ਕੌਰ

ਸ਼੍ਰੋਮਣੀ ਕਮੇਟੀ ਦੇ ਬਾਦਲੀ ਸਿੱਖਾਂ ਦਾ ਹੱਲਾ-ਗੁੱਲਾ ਦੇਖ ਕੇ ਇਹ ਖਿਆਲ ਆਉਂਦਾ ਹੈ ਕਿ ਸ਼੍ਰੋਮਣੀ ਕਮੇਟੀ ਬਣਾਉਣ ਲਈ ਹੋਏ ਸੰਘਰਸ਼ ਸਮੇਂ, ਉਸ ਵੇਲੇ ਦੇ ਪੁਜਾਰੀ ਵੀ ਗੁਰਦਵਾਰਿਆਂ ਦੀਆਂ ਗੋਲਕਾਂ ਅਤੇ ਜਾਇਦਾਦਾਂ ਉਤੇ ਆਪਣਾ ਸਦੀਵੀ ਹੱਕ ਸਮਝ ਕਿ ਇਸੇ ਤਰ੍ਹਾਂ ਹੀ ਅੜੇ ਰਹਿਣ ਦੀ ਜ਼ਿਦ ਕਰਦੇ ਹੋਣਗੇ ਅਤੇ ਹੱਥੋਂ ਖੁੱਸ ਜਾਣ ਸਮੇ ਉਹ ਵੀ ਇਸੇ ਤਰ੍ਹਾਂ ਹੀ ਬਾਦਲ ਸਾਹਿਬ ਵਾਂਗੂੰ ਫੁੱਟ ਫੁੱਟ ਕੇ ਰੋਏ ਹੋਣਗੇ।

ਦਸ਼ਮੇਸ਼ ਪਿਤਾ ਦੇ ਲਾਲਾਂ ਨੇ ਆਪਣੀਆਂ ਕੁਰਬਾਨੀਆਂ ਦੀ ਅਹੂਤੀ ਦੇ ਕੇ ਗੁਰੂ ਘਰਾਂ ਦੀ ਸੇਵਾ ਸੰਭਾਲ ਪ੍ਰਾਪਤ ਕਰਕੇ ਗੁਰਸਿਖੀ ਕਮਾਈ ਪਰ ਗੁਰੂ ਘਰਾਂ ਦੀਆਂ ਕੁੰਜੀਆਂ ਸਾਂਭਣ ਵਾਲੇ ਪੀੜ੍ਹੀ ਦਰ ਪੀੜ੍ਹੀ ਗੁਰੂ ਘਰ ਦੀ ਮਾਇਆ ਦੇ ਲਾਲਚ ਵਿਚ ਗਰਕ ਹੁੰਦੇ ਗਏ ਤੇ ਅਖੀਰ ਅੱਜ ਗੁਰੂ ਜੀ ਦੇ ਸਿੰਘ ਹੋਣ ਦੀ ਥਾਂ ਬਾਦਲੀ ਸਿੱਖਾਂ ਦਾ ਰੂਪ ਧਾਰ ਕੇ ਗੁਰੂ ਘਰ ਦੀ ਮਾਇਆ ਨੂੰ ਬਾਦਲ ਪਰਿਵਾਰ ਦੇ ਰਾਜ ਭਾਗ ਦੀ ਭੇਟ ਚੜ੍ਹਾਈ ਜਾ ਕਰੀ ਜਾ ਰਹੇ ਹਨ।

ਜੇ ਕਿਧਰੇ ਇਨ੍ਹਾ ਬਾਦਲੀ ਸਿੱਖਾਂ ਦੇ ਨਿੱਜੀ ਜੀਵਨ ਉਤੇ ਝਾਤ ਪਾਈਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਦਾ ਗੁਰਬਾਣੀ ਨਾਲ ਅਤੇ ਸਿੱਖੀ ਸਿਧਾਂਤਾਂ ਨਾਲ ਕੋਈ ਰਿਸ਼ਤਾ ਨਹੀਂ ਹੈ। ਇਕ ਦਿਨ ਕਿਸੇ ਗੁਰਮੁੱਖ ਬੀਬੀ ਨੇ ਬੜੇ ਦੁੱਖ ਨਾਲ ਕਿਹਾ:- “ਮੈਨੂੰ ਮੇਰੇ ਇਕ ਰਿਸ਼ਤੇਦਾਰ ਦਾ ਫੋਨ ਆਇਆ ਕਿ ਉਹ ਕਿਸੇ ਪੰਥਕ ਸਮਾਗਮ ਵਿਚ ਪਹੁੰਚਣ ਲਈ ਜਾਂਦਾ ਹੋਇਆ ਰਸਤੇ ਵਿਚ ਮੇਰੇ ਘਰ ਰੁਕ ਕੇ ਖਾਣਾ ਖਾਏਗਾ ਅਤੇ ਉਸ ਨਾਲ ਵੀਹ ਪੰਝੀ ਬੰਦੇ ਵੀ ਹੋਣਗੇ। ਠੀਕ ਸਮੇ ਉਤੇ ਉਹ ਪਹੁੰਚ ਗਿਆ, ਸਜੇ-ਸੰਵਰੇ ਬੜੇ ਘਰ ਨੂੰ ਦੇਖ ਕੇ ਅਤੇ ਖਾਣਾਂ ਖਾ ਕੇ ਉਸਦੇ ਸਾਥੀਆਂ ਉਤੇ ਚੰਗਾ ਪ੍ਰਭਾਵ ਪਿਆ। ਜਾਣ ਤੋਂ ਪਹਿਲਾਂ ਉਹ ਮੇਰੇ ਕਮਰੇ ਵਿਚ ਆ ਕੇ ਭੈਣ ਭਰਾਵਾਂ ਵਾਲਾ ਪਿਆਰ ਜਤਾਉਣ ਲੱਗਿਆ।ਮੈ ਉਸਨੂੰ ਕਿਹਾ,- ‘ਵੀਰ! ਤੂੰ ਖਾਲਸਈ ਬਾਣੇ ਵਿਚ ਬਹੁਤ ਸੋਹਣਾ ਲਗਦਾ ਹੈਂ। ਤੂੰ ਹੱਥ ਵਿਚ ਸੋਹਣੀ ਵ੍ਹਡੀ ਸ੍ਰੀ ਸਾਹਿਬ ਵੀ ਫੜੀ ਹੋਈ ਹੈ। ਚੱਲ..! ਤੂੰ ਮੈਨੂੰ ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਸੁਣਾ ਦੇ…! ਅੱਗੋਂ ਬਾਦਲ ਸਾਹਿਬ ਦੇ ਪਿਆਰੇ ਬਾਦਲੀ ਸਿੱਖ ਨੇ ਗੱਲ ਨੂੰ ਟਾਲਮ-ਟੋਲ ਕਰਕੇ ਹਾਸੇ ਵਿਚ ਉੜਾ ਦਿੱਤਾ, ਕਿਉਂਕਿ ਉਸਨੂੰ ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਵੀ ਨਹੀਂ ਸੀ ਆਉਂਦੀਆਂ। ਉਸਦਾ ਬਾਣੀ ਨਾਲ ਕੋਈ ਲੈਣ ਦੇਣ ਹੀ ਨਹੀਂ ਸੀ।” ਅਜਿਹੀਆਂ ਗੱਲਾਂ ਨੂੰ ਇਨ੍ਹਾਂ ਸਰਦਾਰਾਂ ਦੇ ਘਰਾਂ ਵਿਚ ਹਾਸੇ ਮਜ਼ਾਕ ਦੀਆਂ ਗੱਲਾਂ ਹੀ ਸਮਝਿਆ ਜਾਂਦਾ ਹੈ। ਇਕ ਦਿਨ ਇਸ ਗੁਰੂ ਪਿਆਰੀ ਬੀਬੀ ਨੇ ਆਪਣੀ ਭਰਜਾਈ ਦੇ ਐਸ਼ ਅਰਾਮ ਅਤੇ ਫੈਸ਼ਨਪ੍ਰਸਤੀ ਦਾ ਜ਼ਿਕਰ ਕਰਦੀ ਹੋਈ ਨੇ ਨਣਾਨ ਭਰਜਾਈ ਵਿਚ ਹੋਈ ਵਾਰਤਾ ਲਾਪ ਵਾਰੇ ਚਿੱਠੀ ਵਿਚ ਲਿਖਿਆ। “……ਭਾਬੀ ਕਹਿੰਦੀ- ‘ਭੈਣ ਜੀ! ਤੇਰਾ ਵੀਰ ਕਹਿੰਦਾ ‘ਜਾਣ ਲੱਗੇ ਨੂੰ ਗਾਤਰਾ ਜਰੂਰ ਪੁਆ ਦਿਆ ਕਰ…।

ਇਨ੍ਹਾਂ ਬਾਦਲੀ ਸਿੱਖਾਂ ਦੀ ਯੋਗਤਾ ਲਈ ਨਾਮ ਬਾਣੀ ਅਤੇ ਗੁਰਸਿੱਖੀ ਸਿਧਾਂਤਾਂ ਦੀ ਪ੍ਰੀਖਿਆ ਵਿਚ ਨੰਬਰ ਲੈਣ ਦੀ ਕੋਈ ਜਰੂਰਤ ਨਹੀਂ ਹੈ, ਇੱਥੇ ਤਾਂ ਇਸ ਗੱਲ ਦੀ ਮਹਾਰਤ ਹੋਣੀ ਜਰੂਰੀ ਹੈ ਕਿ ਸਿੱਖੀ ਦੀਆਂ ਜੜ੍ਹਾਂ ਖੋਖਲੀਆਂ ਕਰਨ ਲਈ ਕਿਹੜੀਆਂ ਲੂੰਬੜ ਚਾਲਾਂ ਚੱਲ ਕੇ ਸਿੱਖਾਂ ਦੇ ਅੱਖੀਂ ਘੱਟਾ ਪਾਉਣਾ ਹੈ ਅਤੇ ਬਾਦਲ ਦੇ ਰਾਜ ਭਾਗ ਨੂੰ ਬਚਾਉਣ ਲਈ ਬੱਸਾਂ ਦੀਆਂ ਰੈਲੀਆਂ ਜਾਰੀ ਰੱਖਣ ਲਈ ਪੰਜਾਬ ਵਿਚ ਨਸ਼ਿਆਂ ਦਾ ਹੜ੍ਹ ਕਿਵੇਂ ਵਗਾਉਣਾ ਹੈ।

ਜਥੇਦਾਰੀਆਂ ਦੀ ਛਤਰ ਛਾਇਆ ਹੇਠ ਰੈਲੀਆਂ ਦੀ ਰੌਣਕ ਵਧਾਕੇ ਬਾਦਲ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ..! ਬੱਸ ਫਿਰ ਮੌਜਾਂ ਹੀ ਮੌਜਾਂ..।

ਜਦੋਂ ਬਾਦਲ ਸਾਹਿਬ ਦਾ ਹੁਕਮ ਹੁੰਦਾ ਹੈ ਕਿ ਉਸਨੂੰ ਰੈਲੀ ਕੱਢਣ ਲਈ ਐਨੀਆਂ ਬੱਸਾਂ ਚਾਹੀਦੀਆਂ ਹਨ ਤਾਂ ਇਹ ਖੇਤਾਂ ਵਿਚ ਲੱਗੇ ਮਜਦੂਰਾਂ ਦੀ ਦਿਹਾੜੀ ਦੇ ਪੈਸੇ ਉਨ੍ਹਾਂ ਦੇ ਹੱਥਾਂ ਵਿਚ ਫੜਾ ਕੇ ਬੱਸਾਂ ਵਿਚ ਬਿਠਾਉਂਦੇ ਹਨ। ਉਨ੍ਹਾਂ ਦੇ ਖਾਣ ਪੀਣ ਦੇ ਖਰਚ ਦੀ ਜਿੰਮੇਵਾਰੀ ਅਤੇ ਹੋਰ ਕਈ ਤਰ੍ਹਾਂ ਦੇ ਲਾਲਚ ਦੇ ਕੇ ਬਾਦਲ ਸਾਹਿਬ ਦੀ ਜੈ ਜੈ ਕਾਰ ਕਰਵਾ ਲੈਂਦੇ ਹਨ। ਪੈਸੇ ਦੇ ਕੇ ਬੱਸ ਦੀ ਟਿਕਟ ਲੈਣ ਦੀ ਥਾਂ ਰੈਲੀਆਂ ਉਤੇ ਜਾਣ ਲਈ ਬੱਸ ਵਿਚ ਬੈਠਣ ਦੇ ਪੈਸੇ ਦਿੱਤੇ ਜਾਂਦੇ ਹਨ। ਫਸਲਾਂ ਅਤੇ ਫੈਕਟਰੀਆਂ ਦਾ ਕੰਮ ਰੁਕਵਾ ਕੇ ਦੇਸ਼ ਦੇ ਵਿਕਾਸ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ ਨਿੱਤ ਤੀਜੇ ਦਿਨ ਬੱਸਾਂ ਇਕੱਠੀਆਂ ਕਰਕੇ ਕਾਮਿਆਂ ਨੂੰ ਕੰਮ ਕਰਨ ਤੋਂ ਰੋਕ ਕੇ ਸੈਰ ਕਰਨ ਲਈ ਮਜਬੂਰ ਕਰਦੇ ਹਨ।

ਕੀ ਸ਼੍ਰੋਮਣੀ ਕਮੇਟੀ ਦੀ ਸਥਾਪਤੀ ਲਈ ਜੇਲ੍ਹਾਂ ਕੱਟਣ ਵਾਲਿਆਂ ਨੇ ਇਸੇ ਲਈ ਹੀ ਜੇ੍ਹਲਾਂ ਕੱਟੀਆਂ ਸੀ ਕਿ ਪੰਜਾਬ ਦੇ ਗੱਭਰੂ ਗੁਰਦਵਾਰਿਆਂ ਵਿਚ ਜਾ ਕੇ ਨਾਮ ਬਾਣੀ ਦਾ ਰੰਗ ਰਸ ਮਾਨਣ ਦੀ ਥਾਂ ਨਸ਼ੇ ਦੀਆਂ ਗੋਲੀਆਂ ਦੇ ਲਾਲਚ ਲਈ ਬਾਦਲ ਦੀਆਂ ਰੈਲੀਆਂ ਦੀ ਸ਼ੋਭਾ ਵਧਾਉਣ? ਇਕ ਦਿਨ ਇਕ ਬੇਰੁਜਗਾਰੀ ਦਾ ਮਾਰਿਆ ਹੋਇਆ ਇਕ ਗੁਰਸਿੱਖ ਲੜਕਾ ਨੌਕਰੀ ਦੇ ਲਾਲਚ ਵੱਸ ਹੋ ਕੇ ਬਾਦਲ ਸਾਹਿਬ ਦੀ ਰੈਲੀ ਵਿਚ ਹਿੱਸਾ ਲੈਣ ਲਈ ਗਿਆ ਤਾਂ ਅੱਗੋਂ ਬੱਸ ਉਤੇ ਚੜ੍ਹਨ ਵਾਲੀ ਨਿਸ਼ੇੜੀਆਂ ਦੀ ਟੋਲੀ ਨੇ ਉਸਦੇ ਹੱਥ ਉਤੇ ਨਸ਼ੇ ਦੀਆਂ ਗੋਲੀਆਂ ਰੱਖ ਕੇ ਕਿਹਾ;- “ਬੱਸ ਵਿਚ ਚੜ੍ਹਨ ਤੋਂ ਪਹਿਲੇ ਆਹ ਲੈ ਪ੍ਰਸ਼ਾਦ..! ਫਿਰ ਗੱਜ ਕੇ ‘ਬਾਦਲ ਸਾਹਿਬ ਜਿੰਦਾਬਾਦ’ ਦੇ ਨਾਹਰੇ ਲਗਾਵੀਂ…!” ਲੜਕੇ ਨੇ ਗੋਲੀਆਂ ਵਗਾਹ ਕੇ ਮਾਰੀਆਂ ਤੇ ਮਾਯੂਸ ਹੋ ਕੇ ਵਾਪਿਸ ਚਲੇ ਗਿਆ।

ਬਾਦਲ ਦੇ ਰਾਜ ਵਿਚ ਨਸ਼ਿਆਂ ਦੇ ਹੜ੍ਹ ਵਿਚ ਸਿਆਸਤਦਾਨਾਂ ਦੇ ਯੋਗਦਾਨ ਦਾ ਚਿੱਠਾ ਤਾਂ ਸ਼ਸ਼ੀ ਕਾਂਤ ਨੇ ਚੰਗੀ ਤਰ੍ਹਾਂ ਖੋ੍ਹਲ ਕੇ ਰੱਖ ਦਿੱਤਾ ਹੈ। ਉਸਨੇ ਹਾਈ ਕੋਰਟ ਵਿਚ ਸਬੂਤਾਂ ਸਮੇਤ ਰੀਪੋਟ ਪੇਸ਼ ਕਰਕੇ ਸਾਰੇ ਸਿਆਸਤਦਾਨਾਂ ਦੇ ਨਾਮ ਵੀ ਪੇਸ਼ ਕਰ ਦਿੱਤੇ ਹਨ, ਹੁਣ ਲੋਕਾਂ ਨੂੰ ਸਮਝ ਲੈਣਾਂ ਚਾਹੀਦਾ ਹੈ ਕਿ ਜੇਕਰ ਬਾਦਲ ਸਾਹਿਬ ਜਥੇਦਾਰਾਂ ਨੂੰ ਆਪਣੇ ਪੰਥਕ ਇਕਠ ਵਿਚ 101 ਬੱਸਾਂ ਲਿਆਉਣ ਦਾ ਹੁਕਮ ਦੇ ਰਹੇ ਹਨ ਤਾਂ ਜਥੇਦਾਰਾਂ ਨੂੰ 101 ਬੱਸਾਂ ਨੂੰ ਬੰਦਿਆਂ ਨਾਲ ਭਰਨ ਲਈ ਕਿੰਨੇ ਪੈਸੇ ਖਰਚਣੇ ਪੈਣਗੇ? ਐਨੇ ਪੈਸੇ ਡਰਗ ਸਮੱਗਲਰਾਂ ਅਤੇ ਗੁਰੂ ਘਰ ਦੀਆਂ ਗੋਲ੍ਹਕਾਂ ਤੋਂ ਬਿਨਾਂ ਕਿਵੇਂ ਇੱਕਠੇ ਕੀਤੇ ਜਾ ਸਕਦੇ ਹਨ?

ਬਾਦਲ ਸਾਹਿਬ ਆਪਣੇ ਆਪ ਨੂੰ ਗੁਰੂ ਦਾ ਸਪੂਤ ਕਹਿ ਕੇ ਸ਼ਹੀਦੀ ਪਾਉਣ ਦੇ ਐਲਾਨਾਂ ਦੀ ਡਰਾਮੇ ਬਾਜੀ ਕਰ ਰਹੇ ਹਨ। ਸਰਵੰਸ ਦਾਨੀ ਨੇ ਤਾਂ ਪੰਥ ਤੋਂ ਸਰਬੰਸ ਵਾਰਿਆ ਸੀ, ਪਰ ਇਹ ਆਪਣੇ ਸਰਵੰਸ ਤੋਂ ਪੰਥ ਨੂੰ ਵਾਰੀ ਜਾ ਰਹੇ ਹਨ।

ਪੰਥ ਦੇ ਵਾਲੀ ਦੇ ਪੂਰਣਿਆਂ ਉਤੇ ਚੱਲ ਕੇ ਦਸ਼ਮੇਸ਼ ਪਿਤਾ ਦਾ ਸਪੁੱਤਰ ਕਹਾਉਣ ਦਾ ਅਸਲੀ ਹੱਕਦਾਰ ਭਾਈ ਜਗਤਾਰ ਸਿੰਘ ਹਵਾਰਾ ਇਸ ਵੇਲੇ ਪੁਲਿਸ ਤਸ਼ੱਦਦ ਦੀ ਮਾਰ ਨਾਲ ਪੈਦਾ ਹੋਈਆਂ ਅਸਹਿ ਦਰਦਾਂ ਸਹਾਰਦਾ ਹੋਇਆ ਜੇਲ੍ਹ ਦੀ ਕਾਲ ਕੋਠੜੀ ਪਿਆ ਹੈ। ਉਸਦੇ ਇਲਾਜ ਵਿਚ ਅਣਗਹਿਲੀ ਕਰਨ ਲਈ ਜੇ੍ਹਲ ਦੇ ਕਨੂੰਨਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ। ਜੱਜਾਂ ਦੇ ਹੁਕਮਾਂ ਨੂੰ ਵੀ ਅਣਗੌਲਿਆਂ ਕੀਤਾ ਗਿਆ ਹੈ। ਕੀ ਸਾਡੇ ਧਾਰਮਿਕ ਤੇ ਰਾਜਸੀ ਆਗੂਆਂ ਦਾ ਇਨ੍ਹਾਂ ਗੁਰੂ ਦੇ ਸ਼ੇਰ ਦੁਲਾਰਿਆਂ ਦੀ ਮਦਦ ਕਰਨ ਦਾ ਕੋਈ ਫਰਜ ਨਹੀਂ ਬਣਦਾ? ਗੁਰੂ ਦੀਆਂ ਗੋਲ੍ਹਕਾਂ ਤਾਂ ਇਨ੍ਹਾਂ ਲਈ ਵਰਤਣੀਆਂ ਚਾਹੀਦੀਆਂ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਵਾਰਿਸ ਨੂੰ ਦਰਦਾਂ ਨਾਲ ਪੀਹ ਹੁੰਦਾ ਦੇਖ ਕੇ ਤਾਂ ਸਾਡੇ ਸਿੱਖ ਪੰਥ ਦੇ ਆਗੂ ਬਾਦਲ ਸਾਹਿਬ ਨੇ ਕੋਈ ਅਵਾਜ ਨਹੀਂ ਉਠਾਈ। ਗੋਲ੍ਹਕਾਂ ਨੂੰ ਰੋਈ ਜਾਂਦੇ ਹਨ।

ਬੜੇ ਅਫਸੋਸ ਦੀ ਗੱਲ ਹੈ ਕਿ ਅਜ ਅਖਬਾਰਾਂ ਦੀਆਂ ਸਰੁਖੀਆਂ ਵਿਚ ਬਿਕਰਮ ਸਿੰਘ ਮਜੀਠੀਆ ਦੇ ਭਾਵਪੂਰਕ ਬਿਆਨਾਂ ਨੂੰ ਉਛਾਲਿਆ ਗਿਆ ਹੈ ਕਿ ਉਸਦੇ ਮਾਂ ਬਾਪ ਆਪਣੇ ਪੁੱਤਰ ਦੀ ਬਦਨਾਮੀ ਹੁੰਦੀ ਦੇਖ ਕੇ ਦੁਖੀ ਹਨ ਅਤੇ ਉਸਨੂੰ ਆਪਣੇ ਨਿੱਕੇ ਨਿੱਕੇ ਬੱਚਿਆਂ ਦਾ ਫਿਕਰ ਹੈ ਕਿ ਉਨ੍ਹਾਂ ਨੂੰ ਬੜੇ ਹੋ ਕੇ ਆਪਣੇ ਬਾਪ ਦੀ ਬਦਨਾਮੀ ਸੁਣਨੀ ਪਵੇਗੀ। ਰੱਬ ਕਰੇ! ਕਦੀ ਕਿਸੇ ਦੇ ਮਾਂ ਬਾਪ ਨੂੰ ਅਜਿਹੀ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਨਾ ਹੀ ਕਦੀ ਕਿਸੇ ਦੇ ਬੱਚਿਆਂ ਨੂੰ ਉਨ੍ਹਾਂ ਦੇ ਬਾਪ ਦੀਆਂ ਕਰਤੂਤਾਂ ਸੁਣ ਕੇ ਸਮਾਜ ਵਿਚ ਸ਼ਰਮਿੰਦਗੀ ਉਠਾਉਣੀ ਪਵੇ..। ਪਰ ਕੀ ਅਸੀਂ ਹੁਣ ਮਜੀਠੀਏ ਦੇ ਮਾਂ ਬਾਪ ਦੀ ਨਮੋਸ਼ੀ ਦੀ ਖਾਤਰ ਇਸ ਗੱਲ ਉਤੇ ਮਿੱਟੀ ਪਾ ਦੇਈਏ ਕਿ ਉਸਦੇ ਡਰੱਗ ਸਮਗਲਰਾਂ ਨਾਲ ਸੰਬੰਧ ਹੋਣ ਦਾ ਖੁਲਾਸਾ ਜਗਦੀਸ਼ ਭੋਲੇ ਨੇ ਕੀਤਾ ਹੈ ਅਤੇ ਸ਼ਸ਼ੀ ਕਾਂਤ ਨੇ ਸਾਰੇ ਪੜਦੇ ਫੋਲ ਕੇ ਰੱਖ ਦਿੱਤੇ ਹਨ। ਕੀ ਅਸੀਂ ਭੁੱਲ ਜਾਈਏ ਕਿ ਪੰਜਾਬ ਵਿਚ ਨਸ਼ਿਆਂ ਦਾ ਦੌਰ ਚਲਾ ਕੇ ਇਨ੍ਹਾਂ ਸਿਆਸਤਦਾਨਾਂ ਨੇ ਆਪਣੀਆਂ ਕੁਰਸੀਆਂ ਦੀ ਖਾਤਰ ਡਰੱਗ ਸਮਗਲਰਾਂ ਕੋਲੋਂ ਪੈਸਾ ਕਮਾਇਆ ਅਤੇ ਸਾਡੇ ਪੁੱਤਰਾਂ ਨੂੰ ਨਿਸ਼ੇੜੀ ਬਣਾ ਕੇ ਸਾਡੇ ਘਰ ਉਜਾੜੇ.. । ਕੀ ਅਸੀਂ ਇਹ ਵੀ ਭੁਲ ਜਾਈਏ ਕਿ ਸਾਡੀਆਂ ਕਈ ਧੀਆਂ ਧਿਆਣੀਆਂ ਦੇ ਸੁਹਾਗ ਇਸ ਨਸ਼ੇ ਦੇ ਦਰਿਆ ਵਿਚ ਰੁੜ੍ਹ ਗਏ..। ਮਜੀਠੀਏ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਤਾਂ ਉਨ੍ਹਾਂ ਦੇ ਬਾਪ ਦੀਆਂ ਕਰਤੂਤਾਂ ਦੀ ਨਮੋਸ਼ੀ ਦਾ ਫਿਕਰ ਹੈ ਪਰ ਸਾਡੇ ਨਿੱਕੇ ਨਿੱਕੇ ਬੱਚਿਆਂ ਦਾ ਕੀ ਹੋਵੇਗਾ ਜਿਨ੍ਹਾਂ ਦੇ ਬਾਪ ਉਨ੍ਹਾਂ ਦੇ ਦਾਦਿਆਂ ਪੜਦਾਦਿਆਂ ਦੀਆਂ ਜਮੀਨਾਂ ਜਾਇਦਾਦਾਂ ਨਸ਼ਿਆਂ ਦੀ ਭੇਟ ਚੜ੍ਹਾ ਗਏ.. ।

ਪੰਥ ਦੇ ਨਾਮ ਉਤੇ ਰਾਜਸੀ ਤਾਕਤ ਪ੍ਰਾਪਤ ਕਰਕੇ ਅਕਾਲੀ ਲੀਡਰ ਸਿੱਖਾਂ ਦੇ ਆਗੂ ਕਹਾਏ ਜਾਂਦੇ ਹਨ, ਪਰ ਸਾਡੇ ਅਕਾਲੀ ਜਥੇਦਾਰਾਂ ਵਿਚੋਂ ਗੁਰੂ ਨਾਨਕ ਦੀ ਕਿਹੜੀ ਸਿੱਖੀ ਲਿਸ਼ਕਾਰੇ ਮਾਰਦੀ ਹੈ?ਪੰਥ ਦੇ ਨਾਮ ਉਤੇ ਵੋਟਾਂ ਲੈਣ ਵਾਲਿਆਂ ਦੇ ਕਿਰਦਾਰਾਂ ਵਿਚੋਂ ਸਾਨੂੰ ਪੰਥ ਦੇ ਵਾਲੀ, ਸਰਬੰਸ ਦਾਨੀ ਦਸ਼ਮੇਸ਼ ਪਿਤਾ ਦੀ ਗੁਰਸਿੱਖੀ ਦੇ ਕਿਹੜੇ ਗੁਣ ਦਿਖਾਈ ਦਿੰਦੇ ਹਨ?

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਂ ਵਾਕ ਅਨੁਸਾਰ ਰਾਜ ਤਖਤ ਉਤੇ ਉਸੇ ਨੂੰ ਹੀ ਬੈਠਣ ਦਾ ਹੱਕ ਹਾਸਲ ਹੁੰਦਾ ਹੈ, ਜਿਹੜਾ ਇਸ ਦੇ ਲਾਇਕ ਹੋਵੇ। ਦੁਨੀਆਂ ਦੇ ਇਤਿਹਾਸ ਵਿਚ ਇਨਸਾਫ ਪਸੰਦ ਹਾਕਮਾਂ ਨੇ ਆਪਣੇ ਤਖਤਾਂ ਦੀ ਉਚਮਤਾ ਅਤੇ ਪਵਿੱਤ੍ਰਤਾ ਦੀ ਲਾਜ ਰੱਖਣ ਲਈ ਬਹੁਤ ਬੜੀਆਂ ਬੜੀਆਂ ਕੁਰਬਾਨੀਆਂ ਕੀਤੀਆਂ ਹਨ। ਇਰਾਕ ਦੇ ਬੜੇ ਤਾਕਤਵੰਦ ਅਤੇ ਦਲੇਰ ਹੁਕਮਰਾਨ ਸੱਦਾਮ ਹੁਸੈਨ ਦੇ ਇਕ ਪੁੱਤਰ ਨੇ ਕੋਈ ਗਲਤ ਕੰਮ ਕਰ ਦਿਤਾ। ਸੱਦਾਮ ਨੇ ਆਪਣੇ ਪੁਤਰ ਨੂੰ ਹੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਪਰਜਾ ਨੂੰ ਇਹ ਸਬੂਤ ਦੇ ਦਿੱਤਾ ਕਿ ਉਹ ਗਲਤ ਗੱਲ ਨਾਲ ਸਮਝੌਤਾ ਨਹੀਂ ਕਰੇਗਾ। ਦੋਸ਼ੀ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ ਭਾਵੇਂ ਉਸਦਾ ਆਪਣਾ ਪੁੱਤਰ ਹੀ ਕਿਉਂ ਨਾ ਹੋਵੇ।

ਦਸ਼ਮੇਸ਼ ਪਿਤਾ ਨੇ ਸਾਨੂੰ ਮਜ਼੍ਹਬੀ ਬੰਧਨਾਂ ਤੋਂ ਮੁਕਤ ਕਰਕੇ ਇਨਸਾਨੀਅਤ ਦੇ ਰਸਤੇ ਉਤੇ ਚੱਲਣਾ ਸਿਖਾਇਆ। ਗੁਰੂ ਜੀ ਨੇ ਔਰੰਗਜ਼ੇਬ ਦੇ ਜੁਲਮਾਂ ਦਾ ਡਟ ਕੇ ਮੁਕਾਬਲਾ ਕੀਤਾ, ਪਰ ਉਸਦੇ ਪੁਤਰ ਬਹਾਦਰ ਸ਼ਾਹ ਦੇ ਪ੍ਰੇਮ ਪਿਆਰ ਨੂੰ ਠੁਕਰਾਇਆ ਨਹੀਂ, ਸਗੋਂ ਲੋੜ ਪੈਣ ਉਤੇ ਉਸਦੀ ਮਦਦ ਕੀਤੀ। ਦੂਜੇ ਪਾਸੇ ਉਨ੍ਹਾਂ ਮਸੰਦਾਂ ਨੂੰ ਤੇਲ ਦੇ ਖੂਹਾਂ ਵਿਚ ਸੁੱਟਿਆ ਜਿਹੜੇ ਗੁਰੂ ਜੀ ਦਾ ਬਖਸ਼ਿਆ ਬਾਣਾਂ ਪਾ ਕੇ ਸੰਗਤਾਂ ਦੀਆਂ ਭੇਟਾਵਾਂ ਗੁਰੂ ਜੀ ਦੇ ਚਰਨਾਂ ਵਿਚ ਅਰਪਤ ਕਰਨ ਦੀ ਥਾਂ ਆਪ ਹੀ ਖਾ ਜਾਂਦੇ ਸੀ। ਉਹ ਖੂਹ ਤਾਂ ਅਜ ਵੀ ਮੌਜੂਦ ਹੈ। ਦੇਖੀਏ! ਸਰਵ ਕਲਾ ਸਮਰੱਥ ਦਾਤਾਰ ਪਿਤਾ ਅੱਜ ਦੇ ਮਸੰਦਾਂ ਦੀ ਵਾਰੀ ਕਦੋਂ ਲਿਆਂਉਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਹੈ, ਕਿ ਹਰ ਇਕ ਸਿੱਖ ਨੂੰ ਆਪਣੀ ਦਸਾਂ ਨੌਹਾਂ ਦੀ ਕਮਾਈ ਵਿਚੋਂ ਦਸਵਾਂ ਹਿੱਸਾ ਗੁਰੂ ਘਰ ਲਈ ਅਤੇ ਗੁਰਸਿੱਖੀ ਦੇ ਪ੍ਰਚਾਰ ਲਈ ਦੇਣਾ ਚਾਹੀਦਾ ਹੈ, ਪਰ ਜੇ ਕੋਈ ਸਿੱਖ ਗੁਰੂ ਘਰ ਦੀ ਸੇਵਾ ਸੰਭਾਲ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰਦਾ ਤਾਂ ਉਸਨੂੰ ਗੁਰੂ ਦੀ ਗੋ੍ਹਲਕ ਵਿਚੋਂ ਸਿਰਫ ਤਨ ਨਿਰਬਾਹ ਮਾਤਰ ਹੀ ਲੈਣਾ ਚਾਹੀਦਾ ਹੈ, ਓਨਾਂ ਹੀ ਲਵੇ ਜਿੰਨੇ ਨਾਲ ਉਹ ਜੀਊਂਦਾ ਰਹਿ ਸਕੇ, ਇਸ ਤੋਂ ਵਾਧੂ ਨਹੀਂ ਲੈਣਾ ਚਾਹੀਦਾ, ਪਰ ਅਜ ਗੁਰੂ ਘਰ ਦੇ ਪੁਜਾਰੀਆਂ ਦਾ ਹਾਲ ਦੇਖੋ, ਇਨ੍ਹਾਂ ਦੀਆਂ ਕਾਰਾਂ ਦੇ ਪੈਟਰੋਲ ਦੇ ਬਿੱਲ ਹੀ ਅਸਮਾਨਾਂ ਨੂੰ ਛੂੰਹਦੇ ਹਨ-

ਜੇ ਕੋ ਸਿਖ ਪੁਜਾਰੀ ਅਹੈ, ਤਨ ਨਿਰਬਾਹ ਮਾਤਰ ਹੀ ਲਹੈ

ਚੰਦੂ ਦੇ ਕਹਿਣ ਉਤੇ ਮੁਗਲ ਰਾਜੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ…। ਪਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਜ਼ਾਵਾਂ ਦੇਣ ਵਾਲੇ ਰਾਜੇ ਦੇ ਪੁੱਤਰ ਦੇ ਪ੍ਰੇਮ ਅਤੇ ਸ਼ਰਧਾ ਨੂੰ ਠੁਕਰਾਇਆਂ ਨਹੀਂ।

ਸ੍ਰੀ ਅਕਾਲ ਤਖਤ ਸਾਹਿਬ ਉਤੇ ਫੌਜੀ ਹਮਲਾ ਕਰਵਾਉਣ ਲਈ ਬਾਦਲ ਸਾਹਿਬ ਦੇ ਲਿਖਤੀ ਬਿਆਨਾਂ ਦੇ ਸਬੂਤ ਹਨ। ਸ਼ਸ਼ੀ ਕਾਂਤ ਦਾ ਕਹਿਣਾ ਬਿਲਕੁਲ ਠੀਕ ਹੈ ਕਿ “ਜੇ ਕੋਈ ਆਪਣੇ ਆਪ ਨੂੰ ਸਿੱਖ ਕਹਾਉਣ ਦਾ ਹੱਕ ਰੱਖਦਾ ਹੈ ਤਾਂ ਅੱਜ ਤੋਂ ਬਾਦਲ ਪ੍ਰਵਾਰ ਦਾ ਬਾਈਕਾਟ ਕਰੇ” ਕਿਸੇ ਧਰਮ ਵਿਚ ਵੀ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਤੇ ਨਾਹੀ ਸਾਰੇ ਮਾੜੇ ਹੁੰਦੇ ਹਨ। ਦਇਆ ਧਰਮ ਦੇ ਤੇਲ ਨਾਲ ਹੀ ਹਰ ਮਜ਼੍ਹਬ ਦੇ ਦੀਵੇ ਦੀ ਬਤੀ ਜਗਦੀ ਹੈ। ਦੇਖੋ ਤਾਂ ਭਲਾ! ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਦੀਵਾ ਬਾਦਲੀ ਸਿਖਾਂ (ਜਥੇਦਾਰਾਂ) ਵਿਚ ਚਮਕਦਾ ਹੈ ਜਾਂ ਸ਼ਸ਼ੀ ਕਾਂਤ ਦੇ ਹਿਰਦੇ ਵਿਚ ਜਗਮਗਾਉਂਦਾ ਹੈ…ਸ੍ਰੀ ਅਕਾਲ ਤਖਤ ਦੇ ਸਿਧਾਂਤਾਂ ਦੀਆਂ ਕਿਰਨਾਂ ਬਾਦਲੀ ਸਿੱਖਾਂ (ਮਸੰਦਾਂ) ਵਿਚ ਚਮਕਦੀਆਂ ਹਨ, ਜਾਂ ਸ਼ਸ਼ੀ ਕਾਂਤ ਦੀ ਸਚਾਈ ਦੀ ਗਰਜ ਵਿਚੋਂ ਫੁੱਟ ਫੁੱਟ ਕੇ ਪੈਂਦੀਆਂ ਹਨ…। ਇਸ ਸਚਾਈ ਵਿਚ ਦੋ ਰਾਵਾਂ ਨਹੀਂ ਹਨ ਕਿ ਬਾਦਲ ਦੇ ਰਾਜ ਭਾਗ ਵਿਚ ਪੰਜਾਬ ਦੀ ਜਵਾਨੀ ਅਤੇ ਗੁਰਸਿੱਖੀ ਦੋਨੋ ਹੀ ਨਸ਼ਿਆਂ ਦੇ ਹੜ੍ਹ ਵਿਚ ਰੁੜ ਗਈਆਂ ਹਨ। ਸ਼ਸ਼ੀ ਕਾਂਤ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਡਾਢਿਆਂ ਦੇ ਖਿਲਾਫ ਬੋਲ ਕੇ ਆਪਣੀ ਜਾਨ ਨੂੰ ਜੋਖਮ ਵਿਚ ਪਾਉਣ ਦੀ ਦਲੇਰੀ ਕਰ ਰਿਹਾ ਹੈ। ਸ਼ਸ਼ੀ ਕਾਂਤ ਅੱਜ ਦੇ ਸਮੇਂ ਦਾ ਟੋਡਰ ਮੱਲ ਹੈ (ਟੋਡਰ ਮੱਲ ਉਸ ਮੁਗਲ ਹਾਕਮ ਦਾ ਦਰਬਾਰੀ ਸੀ ਜਿਸ ਨੇ ਛੋਟੇ ਸਾਹਿਬ ਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾਇਆ ਸੀ। ਟੋਡਰ ਮੱਲ ਨੇ ਆਪਣੀ ਜਾਨ ਜੋਖੋਂ ਵਿਚ ਪਾ ਕੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਲਈ ਮੋਹਰਾਂ ਵਿਛਾ ਕੇ ਜਮੀਨ ਖਰੀਦੀ ਸੀ।) ਬਾਦਲ ਸਾਹਿਬ ਉਨ੍ਹਾਂ ਬੰਦਿਆਂ ਦੀ ਜੈ ਜੈ ਕਾਰ ਕਰਦੇ ਥੱਕਦੇ ਨਹੀਂ ਹਨ, ਜਿਨ੍ਹਾਂ ਨੇ ਅਕਾਲ ਤਖਤ ਉਤੇ ਹਮਲੇ ਦੀ ਹਾਮੀ ਭਰੀ, ਪਰ ਸ਼ਸ਼ੀ ਕਾਂਤ ਉਨ੍ਹਾਂ ਸੂਰਿਆਂ ਨੂੰ ਅਤਿਵਾਦੀ ਕਹਿਣਾ ਗਲਤ ਸਮਝਦਾ ਹੈ, ਜਿਹੜੇ ਸੱਚਾਈ ਲਈ ਤੋਰੀ ਮੂਵਮੈਂਟ ਵਿਚ ਕੁਰਬਾਨ ਹੋ ਗਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top