Share on Facebook

Main News Page

ਬਾਦਲਾਂ ਦੇ "ਪੰਥਕ ਪ੍ਰੇਮ" ਦਾ ਸੱਚ ਫ਼ਿਰ ਨੰਗਾ ਹੋਇਆ…
-: ਜਸਪਾਲ ਸਿੰਘ ਹੇਰਾਂ

ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਤੇ ਵੱਡੇ ਪੰਥ ਦਰਦੀ ਹੋਣ ਦਾ ਵਿਖਾਵਾ ਕਰਨ ਵਾਲੇ ਬਾਦਲਾਂ ਦੇ ਪੰਥਕ ਮਖੌਟੇ ਬਾਰੇ ਭਾਵੇਂ ਅਸੀਂ ਵਾਰ-ਵਾਰ ਕੌਮ ਨੂੰ ਜਾਗਰੂਕ ਕਰਦੇ ਰਹੇ ਹਾਂ ਅਤੇ ਬਹੁਗਿਣਤੀ ਸਿੱਖ, ਬਾਦਲਾਂ ਦੇ ”ਪੰਥ ਪ੍ਰੇਮ” ਦੀ ਸੱਚਾਈ ਨੂੰ ਬਾਖ਼ੂਬੀ ਜਾਣਦੇ ਵੀ ਹਨ, ਸਮਝਦੇ ਵੀ ਹਨ, ਕਈ ਵਿਰੋਧ ਵੀ ਕਰਦੇ ਹਨ ਅਤੇ ਕਈ ਇਸਨੂੰ ਦੁਨੀਆ ਦਾ ਸਭ ਤੋਂ ਵੱਡਾ ਮਜ਼ਾਕ ਸਮਝ ਕੇ ਹੱਸ ਵੀ ਛੱਡਦੇ ਹਨ। ਖੈਰ! ਅੱਜ ਅਸੀਂ ਬਾਦਲਾਂ ਦੀ ਪੰਥ ਨੂੰ ਲੈ ਕੇ ਸਿਆਸੀ ਚਾਲਾਂ ਖੇਡਣ ਦੀ ਦੋਗਲੀ ਨੀਤੀ ਬਾਰੇ ਜਿਥੇ ਉਨ੍ਹਾਂ ਨੂੰ ਪੰਥਕ ਕਟਿਹਰੇ ‘ਚ ਖੜ੍ਹਾ ਕਰਕੇ ਸੱਚ ਜਾਣਨ ਦੀ ਕੋਸ਼ਿਸ਼ ਕਰਾਂਗੇ, ਉਥੇ ਉਨ੍ਹਾਂ ਨੂੰ ਪੰਥ ਰਤਨ ਤੇ ਫਖ਼ਰ-ਏ-ਕੌਮ ਵਰਗੇ ਐਵਾਰਡ ਦੇਣ ਵਾਲੇ ਕੌਮ ਦੇ ਧਾਰਮਿਕ ਆਗੂਆਂ ਨੂੰ ਇਨ੍ਹਾਂ ਦੀ ਜਵਾਬ ਦੇਹੀ ਕਰਨ ਦੀ ਅਪੀਲ ਵੀ ਜ਼ਰੂਰ ਕਰਾਂਗੇ।

ਭਾਵੇਂ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ‘ਚ ਤਬਦੀਲ ਕਰਨ ਦਾ ਵਿਰੋਧ ਕਰਦਿਆਂ, ਉਸਨੂੰ ਖ਼ਤਰਨਾਕ ਅੱਤਵਾਦੀ ਤੇ ਪੰਜਾਬ ਦੇ ਅਮਨ-ਕਾਨੂੰਨ ਨੂੰ ਖ਼ਤਰਾ ਦੱਸ ਕੇ, ਸਿੱਖ ਜੁਆਨੀ ਦੇ ਬਦਨਾਮ ਕਾਤਲ ਨੂੰ ਪੰਜਾਬ ਪੁਲਿਸ ਦੀ ਵਾਂਗਡੋਰ ਸੌਂਪ ਕੇ ਅਤੇ ਪੰਜਾਬ ਦੀ ਮੌਤ ਦੇ ਵਾਰੰਟ ਤੇ ਦਸਤਖ਼ਤ ਕਰਕੇ, ਬਾਦਲਕੇ ਬਹੁਤ ਪਹਿਲਾ ਹੀ ਆਪਣੇ ਪੰਥਕ ਚਿਹਰੇ ਦਾ ਕਾਲਾ ਸੱਚ ਜੱਗ ਜ਼ਾਹਿਰ ਕਰ ਚੁੱਕੇ ਹਨ। ਪ੍ਰੰਤੂ ਹੁਣ ਇਸ ਸਮੇਂ ਜਦੋਂ ਹਰਿਆਣੇ ਦੀ ਵੱਖਰੀ ਕਮੇਟੀ ਦੇ ਮੁੱਦੇ ਤੇ ਬਾਦਲਕੇ ਵੱਡੇ ਪੰਥਕ ਦਰਦੀ ਹੋਣ ਦੀ ਖੇਡ ਖੇਡਣ ਲੱਗੇ ਹੋਏ ਹਨ, ਉਸ ਵੇਲੇ ਫ਼ਿਰ ਇਕ ਅਜਿਹੀ ਸੱਚਾਈ ਸਾਹਮਣੇ ਆ ਗਈ ਹੈ, ਜਿਸਨੂੰ ਕੌਮ ਸਾਹਮਣੇ ਉਜਾਗਰ ਕਰਕੇ, ‘ਸਾਵਧਾਨ ਰਹੋ’ ਦਾ ਹੋਕਾ ਦੇਣਾ ਜ਼ਰੂਰੀ ਹੋ ਗਿਆ ਹੈ।

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੋਕਣ ਲਈ ਦੋ ਵਰ੍ਹੇ ਪਹਿਲਾ ਮਾਰਚ ਮਹੀਨੇ ਪੰਜਾਬ ‘ਚ ‘ਕੇਸਰੀ ਲਹਿਰ’ ਦੀ ਹਨੇਰੀ ਝੁੱਲੀ, ਬੱਚਾ-ਬੱਚਾ ਕੇਸਰੀ ਝੰਡਾ ਲੈ ਕੇ ਭਾਈ ਰਾਜੋਆਣਾ ਦੀ ਫਾਂਸੀ ਵਿਰੁੱਧ ਆਪਣੇ ਰੋਹ ਦਾ ਪ੍ਰਗਟਾਵਾ ਕਰਨ ਲਈ ਸੜਕਾਂ ਦੇ ਆ ਨਿਤਰਿਆ। ਤਿੱਖੇ ਕੌਮੀ ਜਜ਼ਬਾਤਾਂ ਦੇ ਸ਼ੂਕਦੇ ਵੇਗ ਤੋਂ ਡਰ ਕੇ, ਬਾਦਲ ਕੇ ਖ਼ੁਦ ਦਿੱਲੀ ਨੂੰ ਭੱਜੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਰਹਿਮ ਦੀ ਅਰਜ਼ੀ’ ਕੇਂਦਰ ਸਰਕਾਰ ਅੱਗੇ ਪੇਸ਼ ਕੀਤੀ। ਪੰਥਕ ਜਜ਼ਬਾਤਾਂ ਦੇ ਮੱਦੇਨਜ਼ਰ ਭਾਈ ਰਾਜੋਆਣਾ ਦੀ ਫਾਂਸੀ ਵਕਤੀ ਰੂਪ ‘ਚ ਰੋਕ ਦਿੱਤੀ ਗਈ ਅਤੇ ਉਸ ਅਰਜ਼ੀ ਦੇ ਨਿਪਟਾਰੇ ਲਈ ਆਮ ਕਾਨੂੰਨੀ ਪ੍ਰੀਕ੍ਰਿਆ ‘ਚ ਉਸ ਅਰਜ਼ੀ ਤੇ ਪੰਜਾਬ ਸਰਕਾਰ ਦਾ ਪੱਖ ਲੈਣ ਲਈ, ਉਸਨੂੰ ਕੇਂਦਰ ਨੇ ਪੰਜਾਬ ਸਰਕਾਰ ਨੂੰ ਭੇਜਿਆ, ਪ੍ਰੰਤੂ ਜਿਹੜਾ ਸੱਚ ਸਾਹਮਣੇ ਆ ਰਿਹਾ ਹੈ, ਉਹ ਬੇਹੱਦ ਹੈਰਾਨੀਜਨਕ, ਚਿੰਤਾਜਨਕ ਤੇ ਅਫ਼ਸੋਸਨਾਕ ਹੈ ਕਿ ਪੰਥਕ ਹੋਣ ਦਾ ਢੰਡੋਰਾ ਪਿੱਟ ਰਹੀ ਬਾਦਲ ਸਰਕਾਰ ਨੇ ਉਸ ਅਰਜ਼ੀ ਤੇ ਆਪਣਾ ਕੋਈ ਪੱਖ ਨਹੀਂ ਦੱਸਿਆ।

ਅਸੀਂ ਸਮਝਦੇ ਹਾਂ ਕਿ ਬਾਦਲ, ਸਿਰਫ਼ ਆਪਣੇ ਸਿਆਸੀ ਜਾਂ ਨਿੱਜੀ ਲਾਹੇ ਲਈ ਹੀ ਪੰਥਕ ਮਖੌਟਾ ਪਾਉਂਦੇ ਹਨ ਅਤੇ ਕੰਮ ਪੂਰਾ ਹੋਣ ਤੇ ਉਸ ਮਖੌਟੇ ਨੂੰ ਝੱਟ ਵਗਾਂਹ ਮਾਰਦੇ ਹਨ। ਭਾਈ ਰਾਜੋਆਣਾ ਦੀ ਫਾਂਸੀ ਰੋਕਣ ਲਈ ਸਿਫਾਰਸ ਕਰਕੇ, ਉਹ ਆਪਣੇ ਭਗਵੇਂ ਯਾਰਾਂ ਨੂੰ ਗੁੱਸੇ ਨਹੀਂ ਕਰ ਸਕਦੇ, ਫਾਂਸੀ ਦੇ ਹੱਕ ‘ਚ ਲਿਖ ਕੇ ਕੌਮ ਨੂੰ ਆਪਣੇ ਗੱਲ ਨਹੀਂ ਪੁਆ ਸਕਦੇ। ਇਸ ਲਈ ‘ਦੜ੍ਹ ਵੱਟਣੀ’ ਹੀ ਭਲੀ ਸਮਝੀ ਗਈ। ਪ੍ਰੰਤੂ ਜਿਸ ਫਾਂਸੀ ਨੂੰ ਰੋਕਣ ਲਈ ‘ਕੇਸਰੀ ਲਹਿਰ’ ਦੇ ਦਬਾਅ ਥੱਲੇ ਬਾਦਲਕੇ ਦਿੱਲੀ ਨੂੰ ਭੱਜੇ ਸਨ, ਉਹ ‘ਸਟੈਂਡ ਆਖ਼ਰ ਕਿਥੇ ਗਿਆ?’ ਜੇ ਉਦੋਂ ਫਾਂਸੀ ਰੋਕਣ ਦੇ ਹੱਕ ‘ਚ ਸਨ ਤਾਂ ਹੁਣ ਕਿਉਂ ਨਹੀਂ ਹਨ? ਕੌਮ ਜਵਾਬ ਤਾਂ ਮੰਗੇਗੀ ਹੀ। ਦੂਸਰਾ ਭਾਈ ਰਾਜੋਆਣਾ ਦੀ ਫਾਂਸੀ ਰੋਕਣ ਲਈ ਪੰਜਾਬ ਸਰਕਾਰ, ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਹਰ ਚਾਰਾ-ਜੋਈ ਕਰਨ ਦੇ ਹੁਕਮ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਗਏ ਸਨ, ਫਿਰ ਉਨ੍ਹਾਂ ਹੁਕਮਾਂ ਦੀ ਅਵੱਗਿਆ, ਆਖ਼ਰ ਬਾਦਲ ਸਰਕਾਰ ਨੇ ਕਿਉਂ ਕੀਤੀ? ਕੀ ਜਥੇਦਾਰ ਸਾਬ੍ਹ! ਬਾਦਲਾਂ ਦੀ ਜਵਾਬ ਤਲਬੀ ਕਰਨਗੇ? ਪੰਥਕ ਹੋਣਾ, ਕਿਸੇ ਸਿਆਸੀ ਪਾਰਟੀ ਦਾ ਫੱਟਾ ਨਹੀਂ, ਜਿਸਨੂੰ ਜਦੋਂ ਜੀਅ ਕਰੇ ਲਾ ਲਵੋ, ਜਦੋਂ ਜੀਅ ਕਰੇ ਬਦਲ ਲਵੋ ਜਾਂ ਲਾਹ ਦਿਓ। ਪੰਥਕ ਜਜ਼ਬਾ, ਤੁਹਾਡੀ ਰੂਹ ਨਾਲ ਜੜ੍ਹਿਆ ਰੂਹਾਨੀ ਫਲਸਫਾ ਹੈ, ਇਸ ਲਈ ਮੈਂ ਪੰਥ ਦਾ ਠੇਕੇਦਾਰ ਹਾਂ ਦਾ ਦਾਅਵਾ ਕਰਨ ਵਾਲਾ, ਸਿਰਫ਼ ਪਾਖੰਡੀ ਜਾਂ ਦੰਭੀ ਹੀ ਹੋਵੇਗਾ।

ਮਸਲੇ ਇਕ ਨਹੀਂ ਅਨੇਕਾਂ ਹਨ, ਸੈਂਕੜੇ ਨਹੀਂ, ਹਜ਼ਾਰਾਂ ਹਨ, ਜਦੋਂ ਬਾਦਲਾਂ ਨੇ ਪੰਥਕ ਹਿੱਤਾਂ ਤੇ ਰਵਾਇਤਾਂ ਦਾ ਘਾਣ ਕੀਤਾ ਹੈ? ਕੌਮ ਦੇ ਕਤਲੇਆਮ ਤੇ ਨਿਘਾਰ ਦਾ ਆਪਣੇ ਹੱਥੀ ਮੁੱਢ ਬੰਨ੍ਹਿਆ ਹੈ। ਜਿਨ੍ਹਾਂ ਦਾ ਲੇਖਾ-ਜੋਖਾ ਹੋਣਾ ਹੀ ਸੰਭਵ ਨਹੀਂ ਜਾਪਦਾ? ਇਸਦੇ ਬਾਵਜੂਦ ਅਸੀਂ ਚਾਹਾਂਗੇ ਕਿ ਦਲ ਖਾਲਸਾ ਵੱਲੋਂ ਉਠਾਈ ਸ਼ੰਕਾ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੇ ਮੁੱਦੇ ਤੇ ਬਾਦਲ ਸਰਕਾਰ ਵੱਲੋਂ ਨਿਭਾਏ ਰੋਲ ਦਾ ਪੂਰਾ ਸੱਚ, ਪੰਥ ਦੀ ਕਚਿਹਰੀ ‘ਚ ਪੇਸ਼ ਕੀਤਾ ਜਾਵੇ ਤਾਂ ਕਿ ‘ਗੰਗੂਆਂ’ ਦਾ ਪੱਕਾ ਨਿਖੇੜਾ ਕੀਤਾ ਜਾ ਸਕੇ, ਤਾਂ ਕਿ ਉਹ ਵਾਰ-ਵਾਰ ਪੰਥਕ ਮਖੌਟਾ ਪਾ ਕੇ ਕੌਮ ਨੂੰ ਹੋਰ ਗੁੰਮਰਾਹ ਨਾ ਕਰ ਸਕਣ ਅਤੇ ਕੌਮ ਉਨ੍ਹਾਂ ਦੀ ਜਜ਼ਬਾਤੀ ਰਾਜਸੀ ਖੇਡ ਦਾ ਸ਼ਿਕਾਰ ਹੋ ਕੇ ਖਾਨਾ ਜੰਗੀ ‘ਚ ਨਾ ਫ਼ਸ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top