Share on Facebook

Main News Page

ਭਗਤ ਪੂਰਨ ਸਿੰਘ ਜੀ ਦੀ 22ਵੀਂ ਬਰਸੀ ’ਤੇ ਵਿਸ਼ੇਸ਼
ਭਗਤ ਪੂਰਨ ਸਿੰਘ ਜੀ ਦਾ ਆਦਰਸ਼ਕ ਜੀਵਨ, ਲਾਵਾਰਸ ਅਪਾਹਜਾਂ ਦੀ ਮਮਤਾ ਭਰੀ ਲਾ-ਮਿਸਾਲ ਸੇਵਾ ਅਤੇ ਉਨ੍ਹਾਂ ਦੀ ਸੰਸਥਾ ਪਿੰਗਲਵਾੜੇ ਸਬੰਧੀ ਸੰਖੇਪ ਜਾਣਕਾਰੀ
-: ਕਿਰਪਾਲ ਸਿੰਘ ਬਠਿੰਡਾ ਮੋਬ: 98554 80797

ਮੁੱਢਲਾ ਜੀਵਨ

ਦੁਨੀਆਂ ਵਿੱਚ ਬਹੁਤ ਸਾਰੇ ਮਨੁੱਖ ਹੋਏ ਹਨ ਅਤੇ ਹੁੰਦੇ ਰਹਿਣਗੇ ਪਰ ਭਗਤ ਪੂਰਨ ਸਿੰਘ ਜੀ ਵਰਗਾ ਹੀ ਕੋਈ ਵਿਰਲਾ ਹੀ ਹੈ ਜਿਹੜਾ ਰੱਖੇ ਗਏ ਆਪਣੇ ਨਾਮ ਦੇ ਅਰਥ ਭਾਵਾਂ ਅਨੁਸਾਰ ਪੂਰਾ ਉਤਰਿਆ ਹੈ। ਹਰ ਵੇਲੇ ਵਾਹਿਗੁਰੂ ਦਾ ਸ਼ੁਕਰ ਅਤੇ ਰਜ਼ਾ ’ਚ ਰਾਜੀ ਰਹਿੰਦਿਆਂ ਨਿਆਸਰਿਆਂ ਤੇ ਸਮਾਜ ਵੱਲੋਂ ਦਰਕਾਰੇ ਗਏ ਬਿਮਾਰ ਤੇ ਅਪਾਹਜ ਵਿਆਕਤੀਆਂ ਦੀ ਨਿਸ਼ਕਾਮ ਸੇਵਾ ਕਰਨੀ, ਪ੍ਰਉਪਕਾਰੀ, ਵਾਤਾਵਰਣ ਪ੍ਰੇਮੀ, ਸਾਹਿਤਕਾਰ ਅਤੇ ਵਿਦਵਾਨ ਹੋਣ ਦੇ ਬਾਵਯੂਦ ਹਊਮੈ ਹੰਕਾਰ, ਕਾਮ, ਕ੍ਰੋਧ ਆਦਿਕ ਵਿਕਾਰਾਂ ਤੋਂ ਨਿਰਲੇਪ ਰਹਿਣ ਵਰਗੇ ਸਾਰੇ ਗੁਣਾਂ ਨਾਲ ਭਰਪੂਰ ਹੋਣ ਕਾਰਣ ਜਿੱਥੇ ਉਨ੍ਹਾਂ ਦੇ ਨਾਮ ਅਨੁਸਾਰ ਪੂਰਨ ਸਿੰਘ ਕਹਿਣਾ ਵਾਜ਼ਬ ਹੈ ਉਥੇ ਭਗਤ ਹੋਣ ਦੀਆਂ ਨਿਸ਼ਾਨੀਆਂ ਨਾਲ ਵੀ ਭਰਪੂਰ ਹੈ। ਸੁਖਮਨੀ ਸਾਹਿਬ ਦਾ ਇਹ ਪਦਾ ਉਨ੍ਹਾਂ ’ਤੇ ਪੂਰਾ ਢੁਕਦਾ ਪ੍ਰਤੀਤ ਹੁੰਦਾ ਹੈ:- ‘ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ਗੁਰ ਕੀ ਆਗਿਆ ਮਨ ਮਹਿ ਸਹੈ ॥ ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥ ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥2॥

ਆਪਣੇ ਨਾਮ ’ਤੇ ਪੂਰਾ ਉਤਰਨ ਵਾਲੇ ਇਸ ਮਹਾਨ ਵਿਅਕਤੀ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ (ਰੋਹਣੋ) ਵਿਚ ਮਾਤਾ ਮਹਿਤਾਬ ਕੌਰ ਦੀ ਕੁਖੋਂ ਅਤੇ ਸ਼ਨਾਤਨੀ ਹਿੰਦੂ ਵੀਚਾਰਾਂ ਵਾਲੇ ਪਿਤਾ ਛਿੱਬੂ ਮੱਲ ਦੇ ਘਰ ਹੋਇਆ। ਪਿਤਾ ਸ਼ਾਹੂਕਾਰਾ ਕਰਦੇ ਸਨ। ਉਸ ਸਮੇਂ ਜਦੋਂ ਪੈਸੇ ਦੀ ਕਾਫੀ ਕੀਮਤ ਸੀ, ਛਿੱਬੂ ਮੱਲ ਸਾਲਾਨਾ 52 ਰੁਪਏ ਆਮਦਨ ਕਰ ਅਤੇ 200 ਰੁਪਏ ਜ਼ਮੀਨ ਦਾ ਮਾਮਲਾ ਦਿੰਦਾ ਸੀ; ਜਿਸ ਤੋਂ ਉਨ੍ਹਾਂ ਦੀ ਅਮੀਰੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 1911 ’ਚ ਪ੍ਰਾਇਮਰੀ ਸਕੂਲ ਵਿੱਚ ਦਾਖ਼ਲ ਕਰਵਾ ਰਾਮ ਜੀ ਦਾਸ ਨੂੰ ਪੜ੍ਹਨੇ ਪਾ ਦਿਤਾ ਗਿਆ ਜਿੱਥੇ ਪ੍ਰਾਇਮਰੀ ਦੀ ਪੜ੍ਹਾਈ ਬਹੁਤ ਸੋਹਣੀ ਕੀਤੀ। 1914 ’ਚ ਦੇਸ਼ ਵਿੱਚ ਪਲੇਗ ਦੀ ਬੀਮਾਰੀ ਫੈਲ ਗਈ। ਕਾਲ਼ ਪੈ ਗਿਆ । ਦੂਜੇ ਪਾਸੇ ਸੰਸਾਰ ਯੁੱਧ ਵੀ ਛਿੜ ਪਿਆ। ਲੋਕ ਧੜਾ-ਧੜ ਮਰਨ ਲੱਗੇ। ਜਿਹਨਾਂ ਨੇ ਛਿੱਬੂ ਮੱਲ ਤੋਂ ਕਰਜਾ ਲਿਆ ਹੋਇਆ ਸੀ ਉਹ ਸਭ ਮਰ ਗਏ। ਛਿੱਬੂ ਮੱਲ ਲੱਖਪਤੀ ਤੋਂ ਕੱਖਪਤੀ ਹੋ ਗਿਆ। ਉਹਨਾ ਦਾ ਆਪਣਾ ਭੀ ਸਭ ਕੁਝ ਵਿਕ ਗਿਆ। ਘਰ ਦੇ ਹਾਲਤ ਤੇਜੀ ਨਾਲ਼ ਬਦਲ ਗਏ। ਗੁਰਬਤ ਦੇ ਬਾਵਯੂਦ ਮਾਤਾ ਮਹਿਤਾਬ ਕੌਰ ਉਸਨੂੰ ਹਰ ਹਾਲਤ ਉਚ ਵਿਦਿਆ ਦੇ ਕੇ ਵੱਡਾ ਅਫਸਰ ਬਣਾਉਣਾ ਚਾਹੁੰਦੀ ਸੀ ਇਸ ਲਈ ਰਾਮ ਜੀ ਦਾਸ ਨੂੰ 1918 ਵਿੱਚ ਐਂਗਲੋ ਸੰਸਕ੍ਰਿਤ ਹਾਈ ਸਕੂਲ ਵਿੱਚ ਦਾਖਿਲ ਕਰਵਾ ਦਿਤਾ। ਉਨ੍ਹਾਂ ਦੇ ਘਰ ਆਉਣ ਜਾਣ ਵਾਲੇ ਸਿੱਖ ਫੌਜੀ ਪੈਂਨਸ਼ਨਰ ਦੀ ਸਲਾਹ ਨਾਲ ਮਾਤਾ ਮਹਿਤਾਬ ਕੌਰ ਨੇ ਆਪਣੇ ਪਤੀ ਛਿੱਬੂ ਮੱਲ ਸਮੇਤ ਪਿੰਡ ਰਾਜੇਵਾਲ ਛੱਡ ਦਿੱਤਾ ਅਤੇ ਮਿੰਟਗੁਮਰੀ ਕਿਸੇ ਉਨ੍ਹਾਂ ਦੀ ਜਾਣ ਪਛਾਣ ਵਾਲੇ ਜੇਲ਼੍ਹ ਡਾਕਟਰ ਕੋਲ਼ ਘਰੇਲੂ ਨੌਕਰਾਣੀ ਦੀ ਸੇਵਾ ਕਰਨ ਲੱਗ ਪਈ ਤਾਂ ਕਿ ਰਾਮ ਜੀ ਦਾਸ ਦੀ ਪੜ੍ਹਾਈ ਦਾ ਖਰਚਾ ਨਾ ਰੁਕੇ। 1918 ਵਿੱਚ ਛਿੱਬੂ ਮੱਲ ਦੀ ਵੀ ਮੌਤ ਗਈ।ਰਾਮਜੀ ਦਾਸ 1923 ਵਿੱਚ ਹੋਏ ਦਸਵੀਂ ਜਮਾਤ ਦੇ ਇਮਤਿਹਾਨ ਵਿੱਚੋਂ ਫੇਲ੍ਹ ਹੋ ਗਿਆ। ਮਾਤਾ ਜੀ ਨੇ ਉਨ੍ਹਾਂ ਨੂੰ ਖੰਨਾ ਤੋਂ ਬਦਲ ਕੇ ਲਾਹੌਰ ਦੇ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਪਰ 1924 ਵਿੱਚ ਉਹ ਉਥੇ ਵੀ ਫੇਲ੍ਹ ਹੋ ਗਿਆ। ਰਾਮਜੀ ਦਾਸ ਸਾਬਤ ਸੂਰਤ ਸਿੱਖ ਤਾਂ ਬਣ ਹੀ ਗਿਆ ਸੀ 1924 ਵਿੱਚ ਉਹ ਕੰਮਪਾਉਡਰੀ ਦਾ ਕੋਰਸ ਕਰਨ ਲੱਗ ਪਿਆ ਪਰ ਉਹ ਭੀ ਸਿਰੇ ਨਾ ਚੜ੍ਹਿਆ। ਮਾਤਾ ਮਹਿਤਾਬ ਕੌਰ ਦਾ ਦਿਲ ਟੁੱਟ ਗਿਆ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਸਪੂਤ ਨੇ ਮਨੁੱਖਤਾ ਦੀ ਸੇਵਾ ਕਰਕੇ ਜੋ ਮਰਤਬਾ ਹਾਸਲ ਕਰਨਾ ਸੀ ਅਤੇ ਮਾਤਾ ਜੀ ਦਾ ਨਾਮ ਰੋਸ਼ਨ ਕਰਨਾ ਸੀ ਉਹ ਸ਼ਾਇਦ ਪੜ੍ਹਾਈ ਕਰਕੇ ਕਦੀ ਵੀ ਹਾਸਲ ਨਾ ਕਰ ਸਕਦੇ। ਅਖੀਰ ਰਾਮ ਜੀ ਦਾਸ ਗੁਰਦੁਆਰਾ ਸਾਹਿਬ ਨਿਸ਼ਕਾਮ ਸੇਵਾ ਕਰਨ ਲੱਗ ਪਿਆ।

ਮਾਤਾ ਜੀ ਦਾ ਦਿਹਾਂਤ

ਮਾਤਾ ਮਹਿਤਾਬ ਕੌਰ 1926 ਵਿੱਚ ਬੀਮਾਰ ਹੋ ਗਈ ਉਹਨਾਂ ਨੇ ਲਹੌਰ ਛੱਡ ਦਿੱਤਾ ਤੇ ਰਾਜੇਵਾਲ ਆ ਗਏ। ਮਹਿਤਾਬ ਕੌਰ ਸਿੱਖ ਪ੍ਰਵਾਰ ’ਚੋਂ ਅਤੇ ਛਿੱਬੂ ਮੱਲ ਦੀ ਦੂਜੀ ਪਤਨੀ ਹੋਣ ਕਾਰਣ ਸ਼ਨਾਤਨੀ ਹਿੰਦੂ ਪ੍ਰਵਾਰ ਵਿੱਚ ਉਸ ਨੂੰ ਅਤੇ ਬੱਚੇ ਰਾਮ ਜੀ ਦਾਸ ਨੂੰ ਨਫਰਤ ਹੀ ਮਿਲੀ ਸੀ ਇਸ ਲਈ ਉਹਨਾਂ ਨਾਲ਼ ਉੱਥੇ ਵੀ ਅਜ਼ਨਬੀਆਂ ਤੋਂ ਭੀ ਭੈੜਾ ਸਲੂਕ ਕੀਤਾ। ਦੋਹਾਂ ਮਾਂ ਪੁੱਤਾਂ ਨੂੰ ਰਾਜੇਵਾਲ ਰਾਤ ਕੱਟਣੀ ਭੀ ਦੁੱਭਰ ਹੋ ਗਈ ਇਸ ਲਈ ਦਿਨ ਚੜ੍ਹਦੇ ਹੀ ਰਾਜੇਵਾਲ ਛੱਡ ਦਿੱਤਾ ਤੇ ਵਾਪਿਸ ਅੰਮ੍ਰਿਤਸਰ ਪਹੁੰਚ ਗਏ। ਦੋ ਸਾਲ ਇਵੇਂ ਹੀ ਨਿਕਲ਼ ਗਏ। ਅਖੀਰ ਰਾਮਜੀ ਦਾਸ ਨੇ ਮਾਤਾ ਮਹਿਤਾਬ ਕੌਰ ਲਈ ਛੇਹਰਟਾ ਵਿੱਚ ਇੱਕ ਝੌਂਪੜੀ ਪਾ ਦਿਤੀ ਜਿੱਥੇ ਉਹ 23-06-1930 ਨੂੰ ਅਕਾਲ ਚਲਾਣਾ ਕਰ ਗਏ। ਰਾਮ ਜੀ ਦਾਸ ਦਾ ਤਾਂ ਸੰਸਾਰ ਹੀ ਉਹਦੀ ਮਾਂ ਸੀ। ਉਹ ਮਾਂ ਤੋਂ ਬਿਨਾ ਨਹੀਂ ਸੀ ਰਹਿ ਸਕਦਾ। ਰਾਮ ਜੀ ਦਾਸ ਫਿਰ ਤੋਂ ਗੁਰਦੁਆਰਾ ਡੇਹਰਾ ਸਾਹਿਬ ਲਹੌਰ ਆ ਕੇ ਸੇਵਾ ਕਰਨ ਲੱਗ ਪਿਆ।

ਹਿੰਦੂ ਮਤ ਵੱਲੋਂ ਸਿੱਖੀ ਵੱਲ ਝੁਕਾਅ

1918 ਵਿੱਚ ਇਕ ਵੇਰ ਰਾਮਜੀ ਦਾਸ ਫਤਿਹਗੜ੍ਹ ਸਾਹਿਬ ਜੋੜ ਮੇਲੇ ’ਤੇ ਗਿਆ। ਉਥੇ ਪਟਿਆਲੇ ਵਾਲਾ ਮਹਾਰਾਜਾ ਭੂਪਿੰਦਰ ਸਿੰਘ ਆਪਣੀ ਗਾਰਡ ਸਮੇਤ ਆਇਆ। ਉਹਨਾਂ ਦੀਆਂ ਸੋਹਣੀਆਂ ਸਿਹਤਾਂ, ਉੱਚੇ ਲੰਮੇ ਕੱਦ, ਸੋਹਣੀ ਵਰਦੀ ਅਤੇ ਸੋਹਣੀ ਦਸਤਾਰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਭਾਰੀ ਇਕੱਠ ਭੀ ਸੀ। ਰਾਮ ਜੀ ਦਾਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਪਟਿਆਲੇ ਵਾਲਾ ਰਾਜਾ ਰਾਮ ਜੀ ਦਾਸ ਦੇ ਲਾਗੇ ਹੀ ਬੈਠ ਗਿਆ। ਇਥੇ ਹੀ ਰਾਮ ਜੀ ਦਾਸ ਰਾਜੇ ਦੀ ਆਪਣੇ ਭਾਈ ਨਾਲ਼ ਤੁਲਨਾ ਕਰਦਾ ਰਿਹਾ। ਇਕ ਪਾਸੇ ਰਾਜਾ; ਪਰਜਾ ਵਿੱਚ ਇੱਕ ਜਗ੍ਹਾ ’ਤੇ ਬੈਠਾ ਹੈ ਦੂਜੇ ਪਾਸੇ ਸਕਾ ਭਾਈ ਬਰਾਤ ਵਿੱਚ ਭੀ ਪੰਗਤ ਵਿੱਚ ਬੈਠੇ ਨੂੰ ਨਹੀਂ ਸੀ ਜਰ ਸਕਿਆ। ਰਾਮ ਜੀ ਦਾਸ ਨੇ ਭੀ ਸਿੱਖ ਸਜਣ ਦਾ ਮਨ ਬਣਾ ਲਿਆ।

ਆਪ ਦੇ ਜੀਵਨ ਵਿੱਚ ਇੱਕ ਹੋਰ ਘਟਨਾ ਘਟੀ, ਜਿਸ ਦੇ ਚਲਦਿਆਂ ਸੰਨ 1923 ਵਿੱਚ ਆਪ ਨੇ ਲੁਧਿਆਣੇ ਜਦ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਆਉਂਦੇ ਹੋਏ ਇਕ ਸ਼ਿਵਾਲੇ (ਮੰਦਰ) ਰੁਕਿਆ। ਰਾਮ ਜੀ ਦਾਸ ਨੇ ਰੀਝਾਂ ਨਾਲ਼ ਮੰਦਰ ਦੀ ਸਫਾਈ ਕੀਤੀ। ਮੂਰਤੀਆਂ ਤੋਂ ਮੁੱਦਤਾਂ ਦਾ ਜੰਮਿਆਂ ਹੋਇਆ ਚੰਦਨ ਤੇ ਮੈਲ਼ ਖੁਰਚ-ਖੁਰਚ ਕੇ ਲਾਹੀ। ਰਾਮ ਜੀ ਦਾਸ ਥੱਕ ਕੇ ਚੂਰ ਹੋ ਗਿਆ। ਦੁਪਹਿਰ ਵੇਲਾ ਹੋਇਆ। ਪੰਡਤ ਜੀ ਰੋਟੀ ਲੈ ਕੇ ਆ ਗਿਆ। ਮੰਦਰ ਦੇ ਪੁਜਾਰੀਆਂ ਨੇ ਪੰਗਤ ਬਣਾ ਲਈ। ਰਾਮ ਜੀ ਦਾਸ ਭੀ ਪੰਗਤ ਵਿੱਚ ਬੈਠ ਗਿਆ। ਪੰਡਤ ਜੀ ਨੇ ਰਾਮਜੀ ਦਾਸ ਨੂੰ ਦੇਖਿਆ ਤਾਂ ਲਾਲ ਪੀਲ਼ਾ ਹੋ ਕੇ ਉਸ ਨੂੰ ਪੰਗਤ ਵਿੱਚੋਂ ਉਠਾ ਦਿਤਾ ਅਤੇ ਇਹ ਭੀ ਕਹਿ ਦਿਤਾ, ‘ਤੇਰੇ ਵਾਸਤੇ ਰੋਟੀ ਨਹੀਂ’। ਰਾਮਜੀ ਦਾਸ ਸੋਚਦਾ ਇਹ ਕਿਹੋ ਜਿਹੇ ਲੋਕ ਹਨ? ਸੇਵਾ ਕਰਨ ਵਾਲੇ ਨੂੰ ਦੁਰਕਾਰਦੇ ਤੇ ਵੇਹਲੜਾਂ ਅਤੇ ਗੋਗੜਾਂ ਛੱਡੀਆਂ ਵਾਲਿਆਂ ਨੂੰ ਸਤਿਕਾਰਦੇ ਹਨ। ਰਾਮਜੀ ਦਾਸ ਉਥੋਂ ਚਲਾ ਗਿਆ। ਦੋਰਾਹੇ ਲਾਗੇ ਰੇਰੂ ਸਾਹਿਬ ਗੁਰਦੁਆਰੇ ਲਾਗੇ ਖੂਹ ’ਤੇ ਦੋ ਬੰਦੇ ਬੈਠੇ ਸਨ। ਇਕ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ ਦੂਸਰਾ ਸੁਣ ਰਿਹਾ ਸੀ। ਰਾਮਜੀ ਦਾਸ ਭੀ ਉਹਨਾਂ ਦੇ ਲਾਗੇ ਹੀ ਬੈਠ ਗਿਆ। ਪਾਠ ਦੀ ਸਮਾਪਤੀ ਹੋ ਗਈ, ਰਾਮਜੀ ਦਾਸ ਨੇ ਆਪਣੀ ਜਾਣ ਪਛਾਣ ਕਰਵਾਈ। ਸਿੰਘ; ਰਾਮਜੀ ਦਾਸ ਨੂੰ ਆਪਣੇ ਘਰ ਲੈ ਗਏ। ਘਰ ਲਿਜਾ ਕੇ ਸਤਿਕਾਰ ਨਾਲ ਰਾਮਜੀ ਦਾਸ ਦੀ ਪਸੰਦੀ ਦਾ ਭੋਜਨ ਛਕਾਇਆ। ਸੋਹਣਾ ਬਿਸਤਰਾ ਦਿੱਤਾ। ਰਾਮਜੀ ਦਾਸ ਨੇ ਅਰਾਮ ਨਾਲ ਰਾਤ ਕੱਟੀ ਅਤੇ ਸਵੇਰੇ ਗੁਰਦੁਆਰਾ ਰੇਰੂ ਸਾਹਿਬ ਚਲਾ ਗਿਆ। ਦੁਪਹਿਰ ਵੇਲੇ ਸਾਰਿਆਂ ਨੂੰ ਪ੍ਰਸ਼ਾਦਾ ਛਕਣ ਲਈ ਅਵਾਜ ਮਾਰੀ ਗਈ। ਸ਼ਿਵਾਲੇ ’ਚ ਵਾਪਰੀ ਘਟਨਾ ਤੋਂ ਡਰੇ ਹੋਏ ਰਾਮਜੀ ਦਾਸ ਨੇ ਕਿਸੇ ਤੋਂ ਪੁੱਛਿਆ ਕਿ ਕੀ ਉਹ ਭੀ ਪ੍ਰਸ਼ਾਦਾ ਛਕ ਸਕਦਾ ਹੈ? ਉਹ ਹੈਰਾਨ ਹੋਏ ਕਿ ਇਹ ਕਿਹੋ ਜਿਹਾ ਸਵਾਲ ਪੁੱਛ ਰਿਹਾ ਹੈ? ਉਹ ਰਾਮਜੀ ਦਾਸ ਨੂੰ ਪ੍ਰਸ਼ਾਦਾ ਛਕਣ ਲਈ ਲੈ ਗਏ। ਰਾਮਜੀ ਦਾਸ ਪੰਗਤ ਵਿੱਚ ਬੈਠ ਗਿਆ । ਵਰਤਾਵਾ ਵਰਤਾਉਂਦਾ ਵਰਤਾਉਂਦਾ ਆਖ ਰਿਹਾ ਸੀ...ਪ੍ਰਸ਼ਾਦਾ ਜੀ! ਦਾਲ਼ਾ ਗੁਰਮੁਖੋ !! ਰਾਮਜੀ ਦਾਸ ਨੇ ਪ੍ਰਸੰਨ ਹੋ ਕੇ ਬੜੀ ਤਸੱਲੀ ਨਾਲ ਪ੍ਰਸ਼ਾਦਾ ਛਕਿਆ। ਉਪਰੰਤ ਰਾਮਜੀ ਦਾਸ ਗੁਰੂ ਘਰ ਬਾਰੇ ਜਾਣਕਾਰੀ ਲੈਣ ਲੱਗਾ ਅਤੇ ਉਥੇ ਹੀ ਨਿਸਚਾ ਕਰ ਲਿਆ ਕਿ ਉਸਨੂੰ ਅਸਲੀ ਘਰ ਮਿਲ਼ ਗਿਆ ਹੈ। ਆਪ ਦਾ ਝੁਕਾਅ ਗੁਰੂਘਰ ਵੱਲ ਜ਼ਿਆਦਾ ਹੋ ਗਿਆ ਤੇ 1924 ਵਿੱਚ ਲਾਹੌਰ ਦੇ ਸਕੂਲ ਵਿੱਚੋਂ ਦੂਜੀ ਵਾਰ ਫੇਲ੍ਹ ਹੋਣ ਪਿੱਛੋਂ ਆਪ ਡੇਹਰਾ ਸਾਹਿਬ ਲਾਹੌਰ ਸੇਵਾ ਕਰਦੇ ਰਹੇ ਅਤੇ ਨਾਮ ਬਦਲ ਕੇ ਪੂਰਨ ਸਿੰਘ ਰੱਖ ਲਿਆ।

ਪਿੰਗਲਵਾੜੇ ਦੀ ਸ਼ੁਰੂਆਤ

ਵੈਸੇ ਤਾਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ ਸੇਵਾ ਦੌਰਾਨ 1924 ਤੋਂ ਹੀ ਉਨ੍ਹਾਂ ਨੇ ਨਿਆਸਰੇ ਰੋਗੀਆਂ ਦੀ ਸੇਵਾ ਸ਼ੁਰੂ ਕਰ ਦਿੱਤੀ ਸੀ ਪਰ 1934 ਵਿੱਚ ਕੋਈ ਚਾਰ ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ। ਉਹ ਬੱਚਾ ਨਾ ਬੋਲ ਸਕਦਾ ਸੀ ਨਾ ਆਪ ਖਾ ਪੀ ਸਕਦਾ ਸੀ। ਲੱਤਾਂ ਬਾਹਾਂ ਤੋਂ ਨਕਾਰਾ ਟੱਟੀ ਨਾਲ਼ ਲਿਬੜਿਆ ਪਿਆ ਸੀ। ਪੂਰਨ ਸਿੰਘ ਨੇ ਉਸ ਬੱਚੇ ਨੂੰ ਗੋਦ ਲੈ ਲਿਆ ਅਤੇ ਕਿਹਾ ਮੈਂ ਇਸ ਦੀ ਮਾਂ ਬਣਾਂਗਾ। ਗਿਆਨੀ ਕਰਤਾਰ ਸਿੰਘ ਨੇ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਵੇਖਦੇ ਹੋਏ ਉਨ੍ਹਾਂ ਦੇ ਨਾਮ ਨਾਲ ਭਗਤ ਸ਼ਬਦ ਜੋੜ ਦਿੱਤਾ। ਹੁਣ ਰਾਮ ਜੀ ਦਾਸ ਨੂੰ ਸੰਗਤਾਂ ਭਗਤ ਪੂਰਨ ਸਿੰਘ ਜੀ ਆਖਣ ਲੱਗ ਪਈਆਂ। ਸੰਗਤਾਂ ਗੋਦ ਲਏ ਬੱਚੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਭਗਤ ਜੀ ਨੂੰ ਤਰ੍ਹਾਂ-ਤਰ੍ਹਾਂ ਦੀਆਂ ਵਸਤਾਂ ਭੇਂਟ ਕਰਨ ਲੱਗੀਆਂ। ਵਾਧੂ ਖਰਚੇ ਨਾਲ ਭਗਤ ਜੀ ਹੋਰ ਲੋੜਵੰਦਾਂ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਅਤੇ ਗਿਆਨ ਪ੍ਰਾਪਤੀ ਲਈ ਕਈ ਤਰ੍ਹਾਂ ਦੀਆਂ ਪੁਸਤਕਾਂ ਪੜ੍ਹਦੇ ਰਹਿੰਦੇ। ਭਗਤ ਜੀ ਹੁਣ ਸੇਵਾ ਵਿਚ ਜੁਟ ਗਏ। ਵੱਡੇ-ਵੱਡੇ ਲੋਕਾਂ ਨਾਲ ਜਾਣ ਪਹਿਚਾਣ ਹੋਣ ਲੱਗ ਪਈ। ਖਰਚਾ ਸੌਖਾ ਚੱਲਣ ਲੱਗ ਪਿਆ। ਬੇਆਸਰੇ ਮਰੀਜਾਂ ਨੂੰ ਹਸਪਤਾਲ਼ ਦਿਖਾਉਣ ਲਿਜਾਂਦਾ ਰਿਹਾ। ਕਿਸੇ ਨੂੰ ਭੀ ਕੋਈ ਲੋੜ ਹੁੰਦੀ ਉਹ ਭਗਤ ਜੀ ਵੱਲ ਨੂੰ ਕਰ ਦਿੰਦੇ ਅਤੇ ਭਗਤ ਜੀ ਉਨ੍ਹਾਂ ਦੀ ਲੋੜ ਪੂਰੀ ਕਰਦੇ। ਭਗਤ ਜੀ ਨੇ ਜੋ ਗੁਰਦੁਆਰੇ ਡੇਹਰਾ ਸਾਹਿਬ ਸੇਵਾ ਕੀਤੀ ਉਸ ਬਾਰੇ ਭਗਤ ਜੀ ਆਪਣੇ ਵੱਲੋਂ ਪੁਸਤਕ (ਤੇਰਾ ਸਦੜਾ ਸੁਣੀਜੈ ਭਾਈ, ਪੰਨਾ ਨੰ: 231) ਵਿੱਚ ਇਸ ਤਰਾਂ ਲਿਖਿਆ ਹੈ:-

‘‘ਜਦੋਂ ਮੈਂ ਡੇਹਰਾ ਸਾਹਿਬ ਸੇਵਾ ਸ਼ੁਰੂ ਕੀਤੀ। ਮਨੁੱਖ ਦੀ ਰੂਹ ਦੀ ਸਭ ਤੋਂ ਡੂੰਘੀ ਭੁੱਖ ਪਰਉਪਕਾਰ ਹੁੰਦਾ ਹੈ, ਪ੍ਰਾਣੀ ਮਾਤਰ ਦਾ ਭਲਾ ਕਰਨਾ। ਮੈਂ ਗੁਰਦੁਆਰੇ ਵਿੱਚ ਭੁੱਖਿਆਂ ਨੂੰ ਰੋਟੀ ਦੇਂਦਾ ਸਾਂ। ਬੇਆਸਰੇ ਅਪਾਹਜਾਂ ਨੂੰ ਸੰਭਾਲਦਾ ਸਾਂ। ਹਸਪਤਾਲ਼ਾਂ ਤੋਂ ਉਹਨਾਂ ਦੇ ਇਲਾਜ ਕਰਾਂਦਾ ਸਾਂ। ਉਨ੍ਹਾਂ ਦੇ ਦਸਤਾਂ ਨਾਲ਼ ਲਿਬੜੇ ਕੱਪੜੇ ਭੀ ਧੋਂਦਾ ਸਾਂ। ਸਰੀਰ ਭੀ ਧੋਂਦਾ ਸਾਂ। ਲੂਲ੍ਹੇ ਬੱਚੇ ਨੂੰ ਮੈਂ 14 ਸਾਲ ਪਿੱਠ ਤੇ ਚੁੱਕੀ ਫਿਰਿਆ ਤੇ ਉਸ ਨੂੰ ਸੜਕਾਂ ਦੇ ਕੰਢਿਆਂ ’ਤੇ ਰੁੱਖਾਂ ਦੇ ਹੇਠਾਂ ਬਿਨਾ ਮਕਾਨ ਤੋਂ ਖਿਡ੍ਹਾਉਂਦਾ ਰਿਹਾ। ਕਿਉਂਕਿ ਬੱਚੇ ਨੂੰ ਪਾਲਨਾ ਜੋ ਹੋਇਆ। ਮੈਂ ਆਪਣੇ ਬਚਪਨ ਦਾ ਉਹ ਕਰਜਾ ਉਤਾਰ ਰਿਹਾ ਸਾਂ ਜਿਹੜਾ ਮੇਰੇ ਮਾਂ ਬਾਪ ਨੇ ਮੈਨੂੰ ਪਾਲ਼ ਕੇ ਮੇਰੇ ਸਿਰ ਚਾੜ੍ਹਿਆ ਸੀ। ਬੱਚੇ ਰੱਬ ਦਾ ਰੂਪ ਗਿਣੇ ਜਾਂਦੇ ਹਨ ਕਿਉਂਕਿ ਉਹਨਾਂ ਨੇ ਕੋਈ ਪਾਪ ਨਹੀਂ ਕੀਤਾ ਹੁੰਦਾ।’’

ਸੰਨ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਵੰਡ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ’ਤੇ ਜਦ ਭਾਰੀ ਕਹਿਰ ਟੁੱਟਾ ਤਾਂ ਆਪ ਲਾਹੌਰ ਤੋਂ ਖ਼ਾਲਸਾ ਕਾਲਜ ਵਿੱਚ ਪਿਆਰਾ ਸਿੰਘ ਨੂੰ ਪਿੱਠ ’ਤੇ ਚੁੱਕ ਕੇ ਰੀਫਿਊਜ਼ੀ ਕੈਂਪ ਵਿੱਚ ਪਹੁੰਚੇ। ਇਹਨਾਂ ਦੇ ਨਾਲ਼ ਹੀ ਇੱਕ ਮਰਨ ਕਿਨਾਰੇ ਬੁੱਢਾ ਭੀ ਲੇਟ ਗਿਆ। ਪਾਕਿਸਤਾਨ ਤੋਂ ਹਰ ਰੋਜ ਲੁੱਟੇ, ਕੁੱਟੇ ਤੇ ਭੁੱਖੇ ਲੋਕ ਆਉਂਦੇ ਸਨ। ਜਿਨ੍ਹਾਂ ਦਾ ਕੋਈ ਵਾਲੀ ਵਾਰਸ ਜਾਂ ਥਾਉਂ ਟਿਕਾਣਾ ਨਾ ਹੁੰਦਾ ਉਨ੍ਹਾਂ ਦਾ ਆਸਰਾ ਭਗਤ ਜੀ ਹੀ ਹੁੰਦੇ। ਉੱਤਰ ਪੱਛਮ ਵਿੱਚ ਅੰਮ੍ਰਿਤਸਰ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਹੈ। ਇਧਰੋਂ ਭੀ ਲੋਕ ਲਾਵਾਰਸ ਅਤੇ ਬੇਘਰੇ ਰੋਗੀਆਂ ਨੂੰ ਗੱਡੀ ਵਿੱਚ ਬੈਠਾ ਦੇਂਦੇ। ਗੱਡੀ ਆਖਰੀ ਸਟੇਸ਼ਨ ’ਤੇ ਪਹੁੰਚਦੀ। ਸਰਕਾਰ ਕੋਲ਼ ਉਹਨਾਂ ਨੂੰ ਸੰਭਾਲਣ ਦਾ ਕੋਈ ਬੰਦੋਬਸਤ ਨਾ ਹੋਣ ਕਰਕੇ, ਸਫਾਈ ਵਾਲ਼ੇ ਭਗਤ ਪੂਰਨ ਸਿੰਘ ਜੀ ਨੂੰ ਸੂਚਿਤ ਕਰਦੇ। ਉਹ ਆਉਂਦੇ, ਰੋਗੀ ਬੁੱਢਿਆਂ ਆਦਿ ਨੂੰ ਲੈ ਜਾਂਦੇ। ਭਗਤ ਜੀ ਕੋਲ਼ ਕੋਈ ਪੱਕਾ ਥਾਉ ਟਿਕਾਣਾ ਨਹੀਂ ਸੀ ਨਾਂ ਹੀ ਸਰਕਾਰ ਨੇ ਛੇਤੀ ਛੇਤੀ ਕੋਈ ਜਗ੍ਹਾ ਪਿੰਗਲਵਾੜੇ ਨੂੰ ਅਲਾਟ ਕੀਤੀ ਸੀ ਇਸ ਲਈ ਉਹ ਕਦੀ ਰੇਲਵੇ ਸਟੇਸ਼ਨ ਅਤੇ ਕਦੀ ਦਰਖਤਾਂ ਥੱਲੇ 70-80 ਮਰੀਜ਼ਾਂ ਨੂੰ ਲੈ ਕੇ ਘੁੰਮਦੇ ਰਹਿੰਦੇ ਸਨ। ਅਕਤੂਬਰ 1948 ’ਚ ਗੁਰੂ ਤੇਗ ਬਹਾਦੁਰ ਹਸਪਤਾਲ ਦੇ ਸਾਹਮਣੇ ਡੇਰਾ ਲਾ ਲਿਆ ਅਤੇ ਇਸੇ ਸਾਲ ਦੇ ਅਖੀਰ ’ਚ ਹਸਪਤਾਲ ਦੇ ਲਾਗੇ ਦੀ ਨਿਕਾਸੀ ਕੋਠੀ ’ਤੇ ਉਸ ਦੀ ਖੁਲ੍ਹੀ ਜ਼ਮੀਨ ਉੱਤੇ ਆਸ਼ਰਮ ਬਕਾਇਦਾ ਚਾਲੂ ਹੋ ਗਿਆ।

ਸੰਨ 1958 ਨੂੰ ਅੰਮ੍ਰਿਤਸਰ ਵਿੱਚ ਜੀ.ਟੀ. ਰੋਡ ਲਾਗੇ ਹੁਣ ਵਾਲੀ ਥਾਂ ਪੱਕਾ ਟਿਕਾਣਾ ਹੋ ਗਿਆ। ਇਹ ਜਗ੍ਹਾ ਭਗਤ ਜੀ ਨੇ 4 ਰੁਪੈ ਗਜ ਦੇ ਹਿਸਾਬ ਨਾਲ਼ ਖ਼ਰੀਦੀ ਸੀ। ਪਿੰਗਲਵਾੜੇ ਦੀ ਰਜਿਸਟ੍ਰਡ ਸੋਸਾਇਟੀ ਬਣ ਗਈ। ਗੁਰਦੁਆਰਿਆਂ ਦੇ ਗੇਟਾਂ ਲਾਗੇ ਦਾਨ ਪਾਤਰ ਰੱਖੇ ਗਏ। ਭਗਤ ਪੂਰਨ ਸਿੰਘ ਜੀ ਨੂੰ 90% ਤੋਂ ਭੀ ਵੱਧ ਦਾਨ ਸਿੱਖ ਸੰਗਤਾਂ ਅਤੇ ਗੁਰਦੁਆਰਿਆਂ ਤੋਂ ਪ੍ਰਾਪਤ ਹੁੰਦਾ ਰਿਹਾ। ਆਪ ਜੀ ਨੇ ਲਿਖਿਆ ਹੈ : ‘ਮੈਂ ਦੁਨੀਆਂ ਦੇ ਬੰਦਿਆਂ ਨੂੰ ਇਹ ਕਹਿ ਦੇਣਾ ਚਾਹੁੰਦਾ ਹਾਂ ਕਿ ਆਪਣੇ ਬਚਾਉ, ਵਧਣ ਫੁੱਲਣ ਅਤੇ ਉਨਤੀ ਨੂੰ ਸਨਮੁਖ ਰਖਦਿਆਂ ਹੋਇਆਂ ਸਦਾ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਤੁਹਾਡੇ ਮਨਾਂ ਵਿੱਚੋਂ ਕਦੇ ਭੀ ਗੁਰਦੁਆਰਿਆਂ ਜੈਸੇ ਧਰਮ ਅਸਥਾਨਾਂ ਦਾ ਖਿਆਲ ਵਿਸਰ ਨਾ ਜਾਏ ਤੇ ਉਹਨਾਂ ਵੱਲ ਤੁਹਾਡੀ ਪਿੱਠ ਨਾਂ ਹੋ ਜਾਏ। ਆਪਣੇ ਜੋ ਸਾਹ ਲਵੋ ਉਹ ਗੁਰਦੁਆਰਿਆਂ ਦਾ ਧਿਆਨ ਧਰ ਕੇ ਲਵੋ। ਮੈਂ ਜਿੰਨਾ ਚਿਰ ਜੀਵਾਂਗਾ ਮੇਰੇ ਹਿਰਦੇ ਚੋਂ ਸੁਕਰਾਨੇ ਦੇ ਭਾਵ ਨਾਲ਼ ਇਹ ਸ਼ਬਦ ਸਦਾ ਉੱਛਲ਼ਦੇ ਰਹਿਣਗੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਨਾਮ ਦਾਨ, ਦਾਨਾਂ ਸਿਰ ਦਾਨ ਭਰੋਸਾ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁੱਗ ਅਟੱਲ, ਧਰਮ ਕਾ ਜੈਕਾਰ; ਕੇਸ ਦਾਨ ਮੰਗਣਾ ਪ੍ਰਭੂ ਪਾਸੋਂ ਸ਼ਕਤੀ ਮੰਗਣਾ ਹੈ। ਭਗਤ ਪੂਰਨ ਸਿੰਘ ਜੀ ਨੇ ਨਿਸ਼ਕਾਮ ਭਾਵਨਾ ਨਾਲ ਪ੍ਰਾਣੀ ਮਾਤਰ ਦੀ ਸੇਵਾ ਕੀਤੀ। ਲੋਕਾਂ ਨੂੰ ਗਿਆਨਵਾਨ ਕਰਨ ਲਈ ਬਹੁਤ ਸਾਰਾ ਸਾਹਿਤ ਮੁਫਤ ਵੰਡਿਆ। ਰੁੱਖ ਲਗਾਉਣ; ਵੱਧ ਤੋਂ ਵੱਧ ਪੈਦਲ ਚੱਲ ਕੇ ਜਾਂ ਸਾਈਕਲ ਚਲਾ ਕੇ ਮੋਟਰ ਗੱਡੀਆਂ ਵਿੱਚ ਫੂਕਿਆ ਜਾ ਰਿਹਾ ਈਂਧਨ ਬਚਾਉਣ ਤੇ ਪ੍ਰਦੂਸ਼ਨ ਹਟਾਉਣ ਲਈ ਪ੍ਰੇਰਣ ਵਾਸਤੇ ਰੈਲੀਆਂ ਕੀਤੀਆਂ। ਵਿਆਹ ਇਸ ਲਈ ਨਹੀਂ ਕਰਵਾਇਆ ਤਾ ਕਿ ਛੋਟੇ ਪ੍ਰਵਾਰ ਵਿੱਚ ਸੀਮਤ ਰਹਿਣ ਨਾਲੋਂ ਵੱਡੇ ਪ੍ਰਵਾਰ ਦੀ ਸੇਵਾ ਕੀਤੀ ਜਾ ਸਕੇ। ਪਰਾਈ ਇਸਤਰੀ ਨੂੰ (ਬੇਸ਼ਕ ਉਹ ਬੀਮਾਰ ਹੋਵੇ) ਬਾਂਹ ਤੋਂ ਨਾ ਫੜਨ ਦਾ ਪ੍ਰਣ ਆਪਣੀ ਮਾਤਾ ਮਹਿਤਾਬ ਕੌਰ ਨਾਲ ਕੀਤਾ ਸੀ; ਉਸਨੂੰ ਤੋੜ ਨਿਭਾਇਆ। ਭਗਤ ਜੀ ਨੇ ਮਨੁੱਖੀ ਮਲ- ਮੂਤਰ ਸੰਭਾਲਣ ਦੇ ਬਹੁਤ ਪਰਚੇ ਵੰਡੇ। ਹੋਕਾ ਦਿੱਤਾ ਕਿ ਮਨੁੱਖੀ ਮਲ ਮੂਤਰ ਦੀ ਖਾਦ ਬਣਾਕੇ ਧਰਤੀ ਮਾਂ ਨੂੰ ਤਕੜੀ ਕਰੋ। ਭਗਤ ਜੀ ਨੇ ਕਿਹਾ ਕਿ ‘ਜੇ ਲੋਕਾਂ ਨੂੰ ਕੂੜਾ ਸੁੱਟਣ ਦੀ ਹੀ ਜਾਂਚ ਆ ਜਾਏ ਤਾਂ ਬਹੁਤ ਸਾਰਾ ਪ੍ਰਦੂਸ਼ਨ ਆਪੇ ਘਟ ਜਾਵੇਗਾ। ਗਟਰਾਂ ਵਿੱਚ ਪਲਾਸਟਿਕ ਦੇ ਲਿਫਾਫੇ ਸੁੱਟਦੇ ਹਨ ਤੇ ਗਟਰ ਬੰਦ ਹੋ ਜਾਂਦੇ ਹਨ। ਸਬਜੀਆਂ ਦੇ ਛਿਲਕੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਬੰਨ੍ਹ ਕੇ ਸੁੱਟਦੇ ਹਨ ਤਾਂ ਉਹ ਕਿਸੇ ਕੰਮ ਨਹੀਂ ਆਉਂਦੇ। ਜੇ ਸਬਜੀਆਂ ਦੇ ਛਿਲਕੇ ਅਲੱਗ ਸੁੱਟੇ ਜਾਣ ਤਾਂ ਉਨ੍ਹਾਂ ਦੀ ਖਾਦ ਬਣੇਗੀ। ਲਿਫਾਫੇ ਰੀ-ਸਾਈਕਲ ਹੋ ਜਾਣਗੇ। ਵੱਡੇ ਬਣਨ ਲਈ ਛੋਟੇ ਕੰਮ ਕਰਨੇ ਜਰੂਰੀ ਹਨ। ਭਗਤ ਪੂਰਨ ਸਿੰਘ ਜੀ ਨੂੰ ਇਸ ਤਰ੍ਹਾਂ ਕਰਦੇ ਕਰਦੇ ਨੂੰ ਤੀਹ ਸਾਲ ਗੁਜਰ ਗਏ। ਮੀਡੀਆ ਦੀ ਨਜ਼ਰ ਇਸ ਸਮਾਜ ਸੇਵੀ ਅਤੇ ਮਨੁੱਖਤਾ ਦੇ ਪ੍ਰੇਮੀ ’ਤੇ ਨਹੀਂ ਪਈ ਅਤੇ ਨਾ ਹੀ ਸਰਕਾਰ ਦੇ ਧਿਆਨ ’ਚ ਆਏ।

ਜਿਸ 4 ਸਾਲ ਦੇ ਬੱਚੇ ਨੂੰ ਉਸ ਦੇ ਮਾਤਾ ਪਿਤਾ ਗੁਰਦੁਆਰਾ ਡੇਹਰਾ ਸਾਹਿਬ ਲਹੌਰ ਵਿੱਚ ਰੱਬ ਦੇ ਭਰੋਸੇ ’ਤੇ ਛਡ ਗਏ ਉਸ ਬੱਚੇ ਨੂੰ ਭਗਤ ਪੂਰਨ ਸਿੰਘ ਜੀ ਨੇ ਗੋਦ ਲੈ ਕੇ ਸੰਭਾਲ ਕੀਤੀ ਤੇ ਪਿਆਰ ਨਾਲ ਉਸ ਦਾ ਨਾਮ ਪਿਆਰਾ ਸਿੰਘ ਰੱਖਿਆ। ਜਿੱਥੇ ਵੀ ਜਾਂਦੇ ਭਗਤ ਪੂਰਨ ਸਿੰਘ ਜੀ ਇਸ ਬੱਚੇ ਨੂੰ ਆਪਣੀ ਪਿੱਠ ’ਤੇ ਚੁੱਕ ਕੇ ਜਾਂ ਰੇੜੀ ਵਿੱਚ ਪਾ ਕੇ ਨਾਲ ਲਿਜਾਂਦੇ। ਪਿਆਰਾ ਸਿੰਘ ਦੀ 58 ਸਾਲ ਸੇਵਾ ਕੀਤੀ ਤੇ ਉਸ ਦੀ 50 ਸਾਲ ਦੀ ਉਮਰ ਹੋ ਜਾਣ ਤੱਕ ਵੀ ਉਸ ਨੂੰ ਮਾਂ ਵਾਂਗ ਝੋਲ਼ੀ ਵਿੱਚ ਬਿਠਾ ਕੇ ਖਿਡ੍ਹਾਉਂਦੇ ਰਹੇ। ਪਿੰਗਲਵਾੜੇ ਦੀ ਮੌਜੂਦਾ ਸੰਚਾਲਕ ਡਾ: ਇੰਦਰ ਜੀਤ ਕੌਰ ਦੇ ਦੱਸਣ ਅਨੁਸਾਰ ਭਗਤ ਜੀ ਇੱਕ ਵਾਰ ਉਨ੍ਹਾਂ ਕੋਲ ਸੰਗਰੂਰ ਹਰਨੀਆਂ ਦਾ ਅਪਰੇਸ਼ਨ ਕਰਵਾਉਣ ਆਏ ਤਾਂ ਪਿਆਰੇ ਨੂੰ ਨਾਲ ਨਾ ਲੈ ਕੇ ਆਏ। ਦਿਨ ਕੁਝ ਜ਼ਿਆਦਾ ਲੱਗ ਗਏ। ਰਾਜ਼ੀ ਹੋਣ ਤੋਂ ਬਾਅਦ ਭਗਤ ਜੀ ਅਤੇ ਡਾ: ਇੰਦਰਜੀਤ ਕੌਰ ਜੀ ਅੰਮ੍ਰਿਤਸਰ ਪਿੰਗਲਵਾੜੇ ਪਹੁੰਚੇ ਤਾਂ ਪਿਆਰਾ ਸਿੰਘ ਜੋ ਕਿ ਵਿਛੋੜੇ ਕਾਰਨ ਵਿਆਕੁਲ ਹੋਇਆ ਪਿਆ ਸੀ, ਨੇ ਆਪਣਾ ਰੋਸ ਪ੍ਰਗਟ ਕੀਤਾ। ਉਹ ਰੁੱਸ ਗਿਆ। ਭਗਤ ਜੀ ਨਾਲ ਬੋਲੇ ਹੀ ਨਾ, ਮੂੰਹ ਵੀ ਦੂਜੇ ਪਾਸੇ ਕਰ ਲਿਆ। ਭਗਤ ਜੀ ਉਹਦੇ ਮੰਜੇ ’ਤੇ ਉਸ ਦੇ ਪੈਰਾਂ ਵੱਲ ਬੈਠ ਗਏ। ਵੇਖੋ ਮਮਤਾ ਦੀ ਖੇਡ੍ਹ ਭਗਤ ਪੂਰਨ ਸਿੰਘ ਪਿਆਰੇ ਦੇ ਪੈਰ ਫੜੀ ਬੈਠਾ ਹੈ, ਮੁਆਫ਼ੀਆਂ ਮੰਗ ਰਿਹਾ ਹੈ ਪਰ ਪਿਆਰਾ ਹੈ ਕਿ ਮੰਨਣ ਵਿੱਚ ਹੀ ਨਹੀਂ ਆਉਂਦਾ। ਫਿਰ ਡਾ: ਇੰਦਰਜੀਤ ਕੌਰ ਜੀ ਨੇ ਪਿਆਰੇ ਨੂੰ ਦੱਸਿਆ ਕਿ ਬਾਬਾ ਜੀ ਤਾਂ ਬੀਮਾਰ ਸਨ ਨਹੀਂ ਤਾਂ ਤੇਰੇ ਕੋਲੋਂ ਏਨੀ ਦੇਰ ਦੂਰ ਨਹੀਂ ਰਹਿ ਸਕਦੇ, ਅੱਗੋਂ ਤੋਂ ਤੈਨੂੰ ਨਾਲ ਲੈ ਕੇ ਜਾਇਆ ਕਰਨਗੇ, ਇਸ ਵਾਰੀ ਮੁਆਫ਼ ਕਰ ਦੇ। ਫਿਰ ਕਿਤੇ ਜਾ ਕੇ ਸਮਝੌਤਾ ਹੋਇਆ। ਹੈ ਕੋਈ ਇਸ ਸੰਸਾਰ ਵਿੱਚ ਐਸਾ ਇਨਸਾਨ ਜੋ ਕਿ ਕਿਸੇ ਬੇਗ਼ਾਨੇ ਅਪੰਗ ਬੱਚੇ ’ਤੇ ਆਪਣੀ ਮਮਤਾ ਨਿਛਾਵਰ ਕਰਦਾ ਹੋਵੇ।

ਪਿਆਰਾ ਜਦੋਂ ਬਹੁਤ ਵੱਡਾ ਹੋ ਗਿਆ ਸੀ ਯਾਨੀ ਕਿ 50 ਸਾਲ ਤੋਂ ਜ਼ਿਆਦਾ ਤਾਂ ਵੀ ਭਗਤ ਪੂਰਨ ਜੀ ਉਸ ਨੂੰ ਗੋਦੀ ਵਿੱਚ ਲੈ ਕੇ ਬੈਠਦੇ ਸਨ। ਅਪੰਗ ਅਤੇ ਮੰਦਬੁੱਧੀ ਹੋਣ ਕਰਕੇ ਇਹ ਧਿਆਨ ਅਤੇ ਸੰਭਾਲ ਬਹੁਤ ਛੋਟੇ ਬੱਚੇ ਵਰਗੀ ਮੰਗਦਾ ਸੀ। ਭਗਤ ਜੀ ਆਪਣੀ ਮਾਂ ਕੋਲੋਂ ਮਿਲੀ ਮਮਤਾ ਦਾ ਭੰਡਾਰ ਪਿਆਰੇ ਨੂੰ ਵੰਡਣ ਲੱਗੇ। ਪਿਆਰੇ ਦੇ ਸਰੀਰ ਦਾ ਹੇਠਲਾ ਹਿੱਸਾ ਬਹੁਤ ਕਮਜ਼ੋਰ ਸੀ, ਪੈਰਾਂ ਵਿੱਚ ਜਾਨ ਘੱਟ ਸੀ, ਇਸ ਲਈ ਟੱਟੀ ਕਰਨ ਲਈ ਜ਼ੋਰ ਨਹੀਂ ਸੀ ਲਾ ਸਕਦਾ। ਕਈ ਵਾਰ ਕਾਫ਼ੀ ਸਮਾਂ ਉਸ ਨੂੰ ਬੈਠਣਾ ਪੈਂਦਾ ਸੀ ਅਤੇ ਕਈ ਵਾਰ ਅਨੀਮਾਂ ਕਰਨਾ ਪੈਂਦਾ ਸੀ। ਸਰਦੀਆਂ ਵਿੱਚ ਨੰਗੇ ਬੈਠਣ ਨਾਲ ਠੰਢ ਲੱਗਣ ਦਾ ਡਰ ਹੁੰਦਾ ਸੀ। ਭਗਤ ਜੀ ਨੇ ਆਪਣਾ ਬਿਸਤਰਾ ਨਿੱਘਾ ਕਰੀ ਰੱਖਣਾ, ਜਦੋਂ ਪਿਆਰੇ ਨੇ ਵਿਹਲਾ ਹੋਣਾ ਤਾਂ ਆਪਣੇ ਨਿੱਘੇ ਬਿਸਤਰੇ ਵਿੱਚ ਪਾ ਕੇ ਪਿਆਰੇ ਨੂੰ ਆਪਣੇ ਸਰੀਰ ਦਾ ਨਿੱਘ ਦੇਣਾ ਕਿਉਂਕਿ ਪਿਆਰੇ ਦਾ ਸਰੀਰ ਕਮਜ਼ੋਰ ਹੋਣ ਕਰਕੇ ਗਰਮੀ ਪੈਦਾ ਨਹੀਂ ਕਰ ਸਕਦਾ ਸੀ। ਏਨਾ ਧਿਆਨ ਤਾਂ ਸ਼ਾਇਦ ਮਾਵਾਂ ਵੀ ਆਪਣੇ ਅਪੰਗ ਬੱਚੇ ਨੂੰ ਨਹੀਂ ਦੇ ਸਕਦੀਆਂ।

ਭਗਤ ਪੂਰਨ ਸਿੰਘ ਜੀ ਤਾਂ ਸਾਰਿਆਂ ਨੂੰ ਹੀ ਮਮਤਾ ਦਾ ਪ੍ਰਸ਼ਾਦ ਵੰਡਦੇ ਰਹੇ। ਪਿੰਗਲਵਾੜੇ ਵਿੱਚ ਪਿਆਰਾ ਸਿੰਘ ਵਰਗੇ ਕਈ ਬੱਚੇ ਪਲ਼ ਰਹੇ ਸਨ। ਜੋ ਕੋਈ ਬੱਚਾ ਰੋ ਪੈਂਦਾ ਤਾਂ ਭਗਤ ਜੀ ਆਪਣਾ ਕੜਾ ਲਾਹ ਕੇ ਲੋਹੇ ਦੇ ਬਾਟੇ ਨਾਲ ਵਜਾ ਕੇ ਬੱਚੇ ਨੂੰ ਚੁੱਪ ਕਰਵਾਉਂਦੇ। ਦਰਬਾਰ ਸਾਹਿਬ ਜਦੋਂ ਪ੍ਰਚਾਰ ਕਰਨ ਜਾਣ ਲੱਗ ਪਏ ਤਾਂ ਰਾਤ ਪਈ ਪਿੰਗਲਵਾੜੇ ਆਉਂਦੇ ਤਾਂ ਵਾਪਸ ਆਉਂਦੇ ਹੋਏ ਕਦੇ ਖਜੂਰਾਂ, ਕਦੇ ਮੂੰਗਫ਼ਲੀਆਂ ਤੇ ਕਦੇ ਰਿਉੜੀਆਂ ਲੈ ਕੇ ਆਉਂਦੇ। ਬੱਚੇ ਉਡੀਕਦੇ ਹੁੰਦੇ ਸਨ। ਜਦੋਂ ਭਗਤ ਜੀ ਡਿਉਢੀ ਵੜਦੇ, ਬੱਚੇ ਭੱਜੇ ਆਉਂਦੇ। ਬਾਬਾ ਜੀ ਆ ਗਏ, ਚੀਜ਼ੀ ਲੈ ਕੇ ਆਏ ਹਨ। ਭਗਤ ਜੀ ਸਾਰਿਆਂ ਨੂੰ ਲਿਆਈ ਹੋਈ ਚੀਜ਼ ਵੰਡਦੇ ਤੇ ਉਨ੍ਹਾਂ ਦਾ ਮਮਤਾ ਭਰਿਆ ਦਿਲ ਸੰਤੁਸ਼ਟੀ ਮਹਿਸੂਸ ਕਰਦਾ। ਇਹੋ ਜਿਹਾ ਮਮਤਾ ਭਰਿਆ ਸਨੇਹ ਰੱਬ ਦਾ ਭਗਤ ਹੀ ਵੰਡ ਸਕਦਾ ਹੈ। ਇਸ ਸਨੇਹ ਵਿੱਚ ਅਥਾਹ ਸ਼ਕਤੀ ਹੁੰਦੀ ਹੈ, ਜੋ ਕਿ ਸੇਵਾ ਦੇ ਬਿਖ਼ਮ ਰਾਹਾਂ ’ਤੇ ਤੁਰਨ ਦੀ ਸਮਰੱਥਾ ਬਖ਼ਸ਼ਦੀ ਹੈ।

1984 ਤੋਂ ਬਾਅਦ ਭਗਤ ਜੀ ਦੀ ਸਿਹਤ ਖਰਾਬ ਹੋਣ ਲੱਗ ਪਈ ਅਤੇ ਬੀਬੀ ਇੰਦਰਜੀਤ ਕੌਰ ਭਗਤ ਜੀ ਦੀ ਸੇਵਾ ਵਿੱਚ ਪਹੁੰਚ ਗਈ। ਬੀਬੀ ਜੀ ਨੇ ਬੱਚਿਆਂ ਦੀ ਤਰ੍ਹਾਂ ਸੇਵਾ ਕੀਤੀ; ਬੱਚਿਆਂ ਦੀ ਤਰ੍ਹਾਂ ਕੇਸੀ ਇਸ਼ਨਾਨ ਕਰਾਏ; ਮਾਲਸ਼ਾਂ ਕੀਤੀਆਂ। ਭਗਤ ਪੂਰਨ ਸਿੰਘ ਜੀ ਨੂੰ ਸਭ ਤੋਂ ਵੱਡਾ ਸਦਮਾ ਆਪਣੀ ਮਾਂ ਦੇ ਚੜ੍ਹਾਈ ਕਰ ਜਾਣ ’ਤੇ ਲੱਗਾ ਸੀ। ਉਸ ਮਾਂ ਨੂੰ ਖੋਜਦੇ ਖੋਜਦੇ ਭਗਤ ਜੀ ਨੇ ਅੰਤ ਬੀਬੀ ਇੰਦਰਜੀਤ ਕੌਰ ਦੇ ਰੂਪ ਵਿੱਚ ਮਾਂ ਦੇ ਰੂਪ ਵਿੱਚ ਪ੍ਰਾਪਤੀ ਭੀ ਕਰ ਲਈ ਸੀ। ਅਖੀਰ 05-06-1992 ਨੂੰ ਪਿੰਗਲਵਾੜੇ ਦੀ ਜਿੰਮੇਵਾਰੀ ਬੀਬੀ ਇੰਦਰਜੀਤ ਕੌਰ ਦੇ ਮੋਢਿਆਂ ’ਤੇ ਰੱਖ ਕੇ ਆਪ ਸਦਾ ਲਈ ਇਸ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਤੋਂ ਇਲਾਵਾ ਮਾਨਾਂਵਾਲਾ, ਜਲੰਧਰ, ਸੰਗਰੂਰ, ਚੰਡੀਗੜ੍ਹ ਪਲਸੌਰਾ ਅਤੇ ਗੋਇੰਦਵਾਲ ਬ੍ਰਾਂਚਾਂ ਵਿਚ ਬਿਨਾਂ ਕਿਸੇ ਧਾਰਮਿਕ ਅਤੇ ਜਾਤੀ ਵਿਤਕਰੇ ਦੇ 1704 ਲਾਵਾਰਸ ਮਰੀਜ਼ ਹਨ; ਜਿਨ੍ਹਾਂ ਵਿੱਚ ਮਾਨਸਕ ਰੋਗੀ, ਮੰਦਬੁੱਧੀ, ਅਧਰੰਗ ਤੇ ਪੋਲੀਓ ਦੇ ਮਰੀਜ਼, ਗੂੰਗੇ-ਬੋਲ਼ੇ, ਪ੍ਰਵਾਰ ਵੱਲੋਂ ਨਕਾਰੇ ਗਏ ਬਜ਼ੁਰਗ, ਜਖ਼ਮੀ, ਟੀ.ਬੀ. ਦੇ ਮਰੀਜ਼, ਅੱਖਾਂ ਦੀ ਜੋਤ ਗੁਆ ਚੁੱਕੇ, ਏਡਜ਼ ਦੀ ਬੀਮਾਰੀ ਤੋਂ ਪੀੜਤ, ਸ਼ੂਗਰ ਦੇ ਰੋਗੀ, ਸਕੂਲ ਪੜ੍ਹਨ ਵਾਲੇ ਬੱਚੇ, ਲਾਵਾਰਸ ਬੱਚੇ ਅਤੇ ਕੁਝ ਉਹ ਵਿਅਕਤੀ ਹਨ ਜੋ ਬੀਮਾਰੀ ਤੋਂ ਤਾਂ ਛੁਟਕਾਰਾ ਪਾ ਚੁੱਕੇ ਹਨ, ਪਰ ਉਹ ਹਾਲੀ ਇੱਥੇ ਹੀ ਰਹਿਣਾ ਚਾਹੁੰਦੇ ਹਨ।

ਇਨ੍ਹਾਂ ਸਭਨਾ ਦੀ ਸੇਵਾ ਸੰਭਾਲ ਲਈ ਸਿਹਤ ਕਰਮਚਾਰੀ ਅਤੇ ਸਟਾਫ਼ ਤਾਇਨਾਤ ਹੈ। ਪਿੰਗਲਵਾੜੇ ਵਿਚ ਮੁਢਲੀਆਂ ਡਾਕਟਰੀ ਸਹੂਲਤਾਂ ਵਾਲੀ ਟਰਾਮਾ ਵੈਨ, ਜੀ.ਟੀ.ਰੋਡ ਉਤੇ ਹੁੰਦੇ ਸੜਕ ਹਾਦਸਿਆਂ ਦੇ ਪੀੜਤਾਂ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ। ਲੋੜਵੰਦ ਅੰਗਹੀਣਾਂ ਲਈ ਭਗਤ ਜੀ ਦੀ ਯਾਦ ਵਿਚ ਇਕ ਬਨਾਉਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ। ਜਿਥੇ ਅੰਗਹੀਣਾਂ ਨੂੰ ਮੁਫ਼ਤ ਬਨਾਉਟੀ ਅੰਗ ਲਗਾਏ ਜਾਂਦੇ ਹਨ। ਗਰੀਬ ਬੱਚਿਆਂ ਦੀ ਸਿੱਖਿਆ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਸਨ ਇਸ ਲਈ ਉਨ੍ਹਾਂ ਦੀ ਜਾਨਸ਼ੀਨ (ਡਾ:) ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਕਰ ਰੱਖੀ ਹੈ।

ਵੀਂਹਵੀਂ ਸਦੀ ਦੇ ਆਦਰਸ਼ਕ ਸਮਾਜ ਸੇਵਕ

ਭਗਤ ਪੂਰਨ ਸਿੰਘ ਜੀ ਵੀਂਹਵੀਂ ਸਦੀ ਦੇ ਆਦਰਸ਼ਕ ਸਿੱਖ ਸੇਵਕ ਸਨ। ਆਪ 04-06-1904 ਤੋਂ 05-08-1992 ਤੱਕ ਇਸ ਜਗਤ ਵਿੱਚ ਵਿਚਰੇ ਸਨ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਭਗਤ ਪੂਰਨ ਸਿੰਘ ਸਿੱਖਾਂ ਦੀ ਮਦਰ ਟਰੇਸਾ ਸਨ। ਮਦਰ ਟਰੇਸਾ ਭੀ ਲੱਗਪਗ ਇਸੇ ਸਮੇਂ 26-08-1910 ਤੋਂ 15-09-1997 ਤੱਕ ਇਸ ਦੁਨੀਆਂ ਵਿੱਚ ਵਿਚਰੀ ਸੀ। ਦੋਹਾਂ ਨੇ 15-08-1947 ਤੋਂ ਸੇਵਾ ਦਾ ਕੰਮ ਭਾਰਤ ਵਿੱਚ ਅਰੰਭਿਆ ਸੀ। ਮਦਰ ਟਰੇਸਾ ਭਾਰਤ ਦੇ ਪੂਰਬ ਵਿੱਚ ਸੇਵਾ ਕਰ ਰਹੀ ਸੀ ਜਦਕਿ ਭਗਤ ਪੂਰਨ ਸਿੰਘ ਭਾਰਤ ਦੇ ਪੱਛਮ ਵਿੱਚ ਸੇਵਾ ਨਿਭਾ ਰਹੇ ਸਨ। ਮਦਰ ਟਰੇਸਾ 87 ਸਾਲ ਇਸ ਦੁਨੀਆਂ ਵਿੱਚ ਰਹੀ ਜਦਕਿ ਭਗਤ ਪੂਰਨ ਸਿੰਘ 88 ਸਾਲ ਇਸ ਦੁਨੀਆਂ ਵਿੱਚ ਰਹੇ । ਮਦਰ ਟਰੇਸਾ ਨੇ 20 ਸਾਲ ਇੱਕ ਕਾਨਵੈਂਟ ਸਕੂਲ ਵਿੱਚ ਨੌਕਰੀ ਕੀਤੀ ਅਤੇ ਸਕੂਲ ਦੀ ਹੈੱਡ ਮਿਸਟਰੈੱਸ ਦੇ ਅਹੁਦੇ ਤੇ ਭੀ ਰਹੀ। ਭਗਤ ਪੂਰਨ ਸਿੰਘ ਨੇ 20 ਸਾਲ ਗੁਰਦੁਆਰੇ ਡੇਹਰਾ ਸਾਹਿਬ ਲਾਹੌਰ ਤੋਂ ਸੇਵਾ ਦਾ ਵੱਲ ਸਿੱਖਿਆ। ਮਦਰ ਟਰੇਸਾ ਦੀ ਪਿੱਠ ’ਤੇ ਸਾਰਾ ਇਸਾਈ ਜਗਤ ਸੀ ਅਤੇ ਹੱਥ ਪੌਂਡਾਂ ਡਾਲਰਾਂ ਨਾਲ਼ ਭਰੇ ਪਏ ਸਨ। ਭਾਰਤ ਪਾਕਿਸਤਾਨ ਦੀ ਵੰਡ ਵੇਲ਼ੇ ਜਦੋਂ ਭਗਤ ਪੂਰਨ ਸਿੰਘ ਪਾਕਿਸਤਾਨ ਦੇ ਲਾਹੌਰ ਤੋਂ ਬਚ ਕੇ ਭਾਰਤ ਆ ਰਹੇ ਸਨ ਤਾਂ ਉਹਨਾਂ ਦੇ ਦੋ ਕੱਪੜੇ ਪਾਏ ਹੋਏ ਸਨ; ਤੇੜ ਕਛਹਿਰਾ ਅਤੇ ਸਿਰ ’ਤੇ ਪਰਨਾ ਬਾਕੀ ਪਿੰਡਾ ਨੰਗਾ ਸੀ। ਇੱਕ ਹੱਥ ਲੋਹੇ ਦਾ ਬਾਟਾ, ਮੋਢੇ ’ਤੇ ਕਿਤਾਬਾਂ ਵਾਲ਼ਾ ਝੋਲ਼ਾ, ਪਿੱਠ ’ਤੇ ਸਮਾਜ ਦਾ ਨਕਾਰਿਆ ਹੋਇਆ ਲੂਲ੍ਹਾ ਪਿਆਰਾ ਸਿੰਘ ਅਤੇ ਇੱਕ ਮੁੱਠੀ ਵਿੱਚ ਸਵਾ ਰੁਪੱਈਆ ਸੀ। ਮਦਰ ਟਰੇਸਾ ਨੂੰ ਦੁਨੀਆਂ ਭਰ ਤੋਂ ਬੇਅੰਤ ਸਨਮਾਨ ਚਿੰਨ ਮਿਲੇ ਸਨ ਅਤੇ ਉਨ੍ਹਾਂ ਦੀ ਵਡਿਆਈ ਵਿੱਚ ਬਹੁਤ ਕੁੱਝ ਲਿਖਿਆ ਗਿਆ। ਭਗਤ ਪੂਰਨ ਸਿੰਘ ਨੂੰ ਅਖੀਰ ਵਿੱਚ ਭਾਰਤ ਸਰਕਾਰ ਨੇ 1979 ਵਿੱਚ ਪਦਮ ਸ਼੍ਰੀ ਦਾ ਅਵਾਰਡ ਦਿੱਤਾ ਸੀ; ਉਹ ਭੀ ਭਗਤ ਪੂਰਨ ਸਿੰਘ ਜੀ ਨੇ 09-09-1984 ਨੂੰ ਅਪਰੇਸ਼ਨ ਬਲਯੂ ਸਟਾਰ ਵੇਲ਼ੇ ਕੀਤੇ ਮਨੁੱਖਤਾ ਦੇ ਕਤਲੇਆਮ ਦੇ ਰੋਸ ਵਜੋਂ ਵਾਪਿਸ ਕਰ ਦਿਤਾ ਸੀ । ਪ੍ਰੋ. ਪ੍ਰੀਤਮ ਸਿੰਘ ਜੀ ਨੇ ਠੀਕ ਹੀ ਲਿਖਿਆ ਹੈ, ‘ਜੇ ਭਗਤ ਜੀ ਦੀ ਪਿੰਗਲਵਾੜੇ ਦੀ ਸਫਾਈ ਅਤੇ ਇਸ ਦੇ ਮਾਲੀ ਪ੍ਰਬੰਧ ਦੇ ਆਧੁਨਿਕ ਮਿਆਰਾਂ ਬਾਰੇ ਜਾਣਕਾਰੀ ਕੁੱਝ ਵਧੇਰੇ ਹੁੰਦੀ ਅਤੇ ਭਾਰਤ ਸੰਚਾਰ ਮਾਧਿਅਮ, ਰਾਜਨੀਤਿਕ ਤਿਗੜਮਵਾਜਾਂ ਦੀਆਂ ਲੂੰਬੜਚਾਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦੀ ਬਜਾਏ ਸਮਾਜ ਸੇਵੀਆਂ ਦੀਆਂ ਉਸਾਰੂ ਕਾਰਵਾਈਆਂ ਵਿੱਚ ਵਧੇਰੇ ਦਿਲਚਸਪੀ ਲੈਂਦਾ ਹੁੰਦਾ ਤਾਂ ਕੋਈ ਕਾਰਨ ਨਹੀਂ ਸੀ ਕਿ ਮਦਰ ਟਰੇਸਾ ਵਾਂਗੂੰ ਭਗਤ ਜੀ ਭੀ ਸੰਸਾਰ ਦਾ ਸਾਂਝਾ ਵਿਰਸਾ ਨਾ ਹੁੰਦੇ’।

ਭਗਤ ਜੀ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ 1979 ਵਿੱਚ ਭਗਤ ਜੀ ਨੂੰ ਪਦਮਸ਼੍ਰੀ ਨਾਲ ਨਿਵਾਜਿਆ ਗਿਆ, ਜਿਹੜਾ ਉਨ੍ਹਾਂ ਨੇ 1984 ’ਚ ਦਰਬਾਰ ਸਾਹਿਬ ਸਮੂਹ ’ਤੇ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਦੌਰਾਨ ਮਚਾਈ ਤਬਾਹੀ ਦੇ ਰੋਸ ਵਜੋਂ ਵਾਪਸ ਕਰ ਦਿੱਤਾ ਸੀ। ਇਸ ਉਪ੍ਰੰਤ ਸੰਨ 1990 ਵਿੱਚ ਹਾਰਮਨੀ ਐਵਾਰਡ, ਸੰਨ 1991 ਵਿੱਚ ਰੋਗ ਰਤਨ ਅਵਾਰਡ ਅਤੇ ਭਾਈ ਘਨੱਈਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਭਗਤ ਪੂਰਨ ਸਿੰਘ ਵਾਲ਼ੇ ਪਿੰਗਲਵਾੜੇ ਨੂੰ ਬੀਬੀ ਇੰਦਰਜੀਤ ਕੌਰ ਦੇ ਪ੍ਰਬੰਧ ਹੇਠ ਆਏ ਨੂੰ 22 ਸਾਲ ਹੋ ਚੁੱਕੇ ਹਨ। ਹੁਣ ਪਿੰਗਲਵਾੜੇ ਵਿੱਚ ਮਾਤਾ ਮਹਿਤਾਬ ਕੌਰ ਅਤੇ ਪਿਆਰਾ ਸਿੰਘ ਦੇ ਨਾਮ ’ਤੇ ਦੋ ਵਾਰਡ ਬਣੇ ਹੋਏ ਹਨ। ਪਿੰਗਲਵਾੜੇ ਵਿੱਚ 1704 ਮਰੀਜ ਹਨ। ਪੰਜ ਸਕੂਲ ਚੱਲ ਰਹੇ ਹਨ। ਕੁਝ ਖਾਸ ਕਿਸਮ ਦੇ ਕੰਮ ਭੀ ਅਰੰਭੇ ਹੋਏ ਹਨ ਜਿਵੇਂ ਕਿ ਕੁਦਰਤੀ ਖੇਤੀ ਕਰਨੀ, ਬਨਾਵਟੀ ਅੰਗਾ ਨੂੰ ਬਣਾਉਣਾ ਅਤੇ ਮੰਦ ਬੁੱਧੀ ਬੱਚਿਆਂ ਦੇ ਪ੍ਰੋਜੈਕਟ ਚਲਾਉਣੇ ਆਦਿ। ਇਨ੍ਹਾਂ ਸਾਰਿਆਂ ਪ੍ਰੋਜੈਕਟਾਂ ’ਤੇ ਔਸਤਨ ਹਰ ਰੋਜ 4 ਲੱਖ ਖਰਚੇ ਦਾ ਬੱਜਟ ਹੈ ਜੋ ਸੰਗਤਾਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਂਦਾ ਹੈ। ਜਿਵੇਂ ਰੈੱਡ ਕਰਾਸ ਦੀ ਨੀਂਹ ਭਾਈ ਘਨੱਈਆ ਜੀ ਨੇ ਰੱਖੀ ਸੀ ਪਰ ਸਾਡੇ ਪ੍ਰਚਾਰ ਦੀ ਘਾਟ ਕਾਰਨ ਸੰਸਾਰ ਵਾਲ਼ੇ ਲੋਕ ਇਹ ਨਹੀਂ ਜਾਣਦੇ ਏਵੇਂ ਹੀ ਨਿਮਾਣਿਆ ਦੇ ਮਾਣ ਅਤੇ ਨਿਆਸਰਿਆਂ ਦੇ ਆਸਰੇ ਵਾਲੇ ਕੰਮ ਦੀ ਨੀਂਹ ਭਗਤ ਪੂਰਨ ਸਿੰਘ ਜੀ ਨੇ ਰੱਖੀ ਹੈ। ਸਾਰੇ ਸੰਸਾਰ ਦੇ ਸਿੱਖਾਂ ਨੂੰ ਹੋਕਾ ਹੈ ਕਿ ਜਿਵੇਂ ਪਹਿਲਾਂ ਭੀ ਤੁਸੀਂ ਭਗਤ ਪੂਰਨ ਸਿੰਘ ਵਾਲ਼ੇ ਪਿੰਗਲਵਾੜੇ ਨੂੰ ਦਾਨ ਜਾਂ ਦਸਵੰਧ ਆਦਿ ਦੇਂਦੇ ਆਏ ਹੋ, ਉਵੇਂ ਅੱਗੋਂ ਭੀ ਸਗੋਂ ਵਧ ਚੜ੍ਹ ਕੇ ਦਾਨ ਦੇਂਦੇ ਰਹੋ ਤਾਂ ਕਿ ਇਹ ਸੰਸਾਰ ਪ੍ਰਸਿੱਧ ਸੰਸਥਾ ਬਣ ਜਾਵੇ। ਭਗਤ ਪੂਰਨ ਸਿੰਘ ਵਰਗੀ ਘਾਲਣਾ ਕਰਨੀ ਤਾਂ ਬਹੁਤ ਔਖੀ ਹੈ ਪਰ ਅਸੀਂ ਆਪੋ ਆਪਣੇ ਪਰਿਵਾਰਾਂ ਦੇ ਬਿਰਧ ਅਤੇ ਲਾਚਾਰਾਂ ਨੂੰ ਤਾਂ ਸੰਭਾਲ਼ ਹੀ ਸਕਦੇ ਹਾਂ। ਘੱਟੋ ਘੱਟ ਇੱਕ ਰੁੱਖ ਤਾਂ ਲਾ ਹੀ ਸਕਦੇ ਹਾਂ। ਸਕੂਟਰਾਂ ਕਾਰਾਂ ਦੀ ਥਾਂ ਸਾਇਕਲਾਂ ਦੀ ਵਰਤੋਂ ਕਰ ਸਕਦੇ ਹਾਂ । ਘਰੇਲੂ ਕੂੜਾ ਤਾਂ ਠੀਕ ਤਰੀਕੇ ਨਾਲ਼ ਸੁੱਟ ਸਕਦੇ ਹਾਂ ਜਿਵੇਂ ਕਿ ਸਬਜ਼ੀਆਂ ਦੇ ਛਿਲਕੇ ਅਲੱਗ ਅਤੇ ਮੋਮੀ ਕਾਗਜ਼ ਦੇ ਲਿਫਾਫੇ ਅਲੱਗ। ਸਿੱਖੀ ਦੇ ਪ੍ਰਚਾਰ ਲਈ ਨਿਸ਼ਕਾਮ ਸੇਵਾ ਜਰੂਰੀ ਹੈ। ਜੇ ਸੰਸਾਰ ਦੇ ਲੋਕਾਂ ਨੇ ਧਰਤੀ ਨੂੰ ਅਨੰਦਮਈ ਬਣਾਉਣਾ ਹੈ ਤਾਂ ਭਗਤ ਪੂਰਨ ਸਿੰਘ ਵਾਲ਼ੇ ਪਿੰਗਲਵਾੜੇ ਤੋਂ ਸੇਧ ਲਈ ਜਾ ਸਕਦੀ ਹੈ।

ਪਿੰਗਲਵਾੜਾ ਸੁਸਾਇਟੀ ਵੱਲੋਂ ਬਠਿੰਡਾ ਵਿਖੇ ਤਾਇਨਾਤ ਪ੍ਰਚਾਰਕ ਭਾਈ ਨਰਾਇਣ ਸਿੰਘ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਜੀ ਦੀ ਕੀਤੀ ਘਾਲਣਾ ਤੋਂ ਪ੍ਰੇਰਣਾ ਲੈਣ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਰ ਸਾਲ ਦੀ ਤਰ੍ਹਾਂ ਉਨ੍ਹਾਂ ਦੀ 22ਵੀਂ ਸਾਲਾਨਾ ਬਰਸੀ ਇਸ ਵਾਰ ਵੀ ਬੀਬੀ ਇੰਦਰਜੀਤ ਦੀ ਅਗਵਾਈ ਹੇਠ 2 ਅਗੱਸਤ 2014 ਤੋਂ 5 ਅਗੱਸਤ ਤੱਕ ਅੰਮ੍ਰਿਤਸਰ ਅਤੇ ਮਾਨਾਂਵਾਲਾ ਕੰਪਲੈਕਸ ਵਿਖੇ ਮਨਾਈ ਜਾ ਰਹੀ ਹੈ। ਪ੍ਰੋਗਰਾਮ ਅਨੁਸਾਰ 2 ਅਗੱਸਤ ਨੂੰ ਚੌਕ ਘੰਟਾ ਘਰ ਤੋਂ ਹਾਲ ਗੇਟ ਤੱਕ ਪਿੰਗਲਵਾੜੇ ਦੇ ਬੱਚਿਆਂ ਵੱਲੋਂ ਸਵੇਰੇ 10 ਵਜੇ ਤੋਂ 12 ਵਜੇ ਤੱਕ ਵਾਤਾਰਣ ਜਾਗਰੂਕਤਾ ਰੈਲੀ ਮਾਰਚ। 3 ਅਗੱਸਤ ਨੂੰ ਸਵੇਰੇ 8 ਵਜੇ ਮੁੱਖ ਦਫਤਰ ਨਜ਼ਦੀਕ ਬੱਸ ਸਟੈਂਡ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਦੇ ਅਖੰਡਪਾਠ ਦਾ ਅਰੰਭ; ਅਤੇ 11 ਤੋਂ 2 ਵਜੇ ਤੱਕ ਮਾਨਾਂਵਾਲਾ ਕੰਪਲੈਕਸ ਵਿਖੇ ਸੈਮੀਨਾਰ- ਜ਼ੀਰੋ ਬੱਜਟ ਕੁਦਰਤੀ ਖੇਤੀ। 4 ਅਗਸਤ ਨੂੰ ਮੁੱਖ ਦਫਤਰ ਵਿਖੇ 10 ਵਜੇ ਤੋਂ ਖੂਨਦਾਨ ਕੈਂਪ ਅਤੇ ਪਿੰਗਲਵਾੜੇ ਦੇ ਮਰੀਜ਼ਾਂ ਤੇ ਸਕੂਲੀ ਬੱਚਿਆਂ ਦੀਆਂ ਬਣਾਈਆਂ ਕਲਾ ਕ੍ਰਿਤੀਆਂ ਤੇ ਹੋਰ ਗਤੀਵਿਧੀਆਂ ਵਿਖੇ ਪ੍ਰਦਰਸ਼ਨੀ ਅਤੇ ਸ਼ਾਮ ਨੂੰ 7 ਵਜੇ ਮਾਨਾਂਵਾਲਾ ਕੰਪਲੈਕਸ ਵਿਖੇ ਪਿੰਗਲਵਾੜੇ ਦੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ। 5 ਅਗੱਸਤ ਨੂੰ 8 ਤੋਂ 9 ਵਜੇ ਮੁੱਖ ਦਫਤਰ ਵਿਖੇ ਭੋਗ ਸ਼੍ਰੀ ਅਖੰਡਪਾਠ ਅਤੇ 10 ਤੋਂ 12 ਵਜੇ ਗੁਰਬਾਣੀ ਕੀਰਤਨ; ਦੁਪਹਿਰ 12 ਵਜੇ ਤੋਂ 2 ਵਜੇ ਤੱਕ ਭਗਤ ਜੀ ਦੇ ਜੀਵਨ ਵਾਤਾਵਰਨ ਸਬੰਧੀ ਵਿਚਾਰਾਂ ਅਤੇ ਪਿੰਗਲਵਾੜੇ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦਾ ਲੋਕ ਅਰਪਣ ਹੋਵੇਗਾ। ਇਸ ਪ੍ਰੋਗਰਾਮ ਉਪ੍ਰੰਤ ਗੁਰੂ ਕਾ ਲੰਗਰ ਅਤੁੱਟ ਵਰਤਗੇ। ਹਰ ਪ੍ਰਾਣੀ ਮਾਤਰ ਦਾ ਫਰਜ ਬਣਦਾ ਹੈ ਕਿ ਸਾਰੇ ਪ੍ਰੋਗਰਾਮ ਵਿੱਚ ਹਾਜਰੀ ਭਰ ਕੇ ਭਗਤ ਜੀ ਵੱਲੋਂ ਮਨੁੱਖਤਾ ਪ੍ਰਤੀ ਕੀਤੀ ਅਮੁੱਲੀ ਸੇਵਾ ਦੀ ਝਲਕ ’ਤੇ ਨਜ਼ਰ ਮਾਰੀ ਜਾਵੇ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top