Share on Facebook

Main News Page

ਹਰਿਆਣਵੀ ਸਿੱਖਾਂ ਨੇ ਮੋਰਚਾ ਲਾਇਆ

ਕੁਰੂਕਸ਼ੇਤਰ, 2 ਅਗੱਸਤ (ਮਹੀਪਾਲ ਸਿੰਘ ਵਾਲੀਆ) : ਗੁਰਦਵਾਰਾ ਛੇਵੀਂ ਪਾਤਸ਼ਾਹੀ ਦੇ ਬਾਹਰ ਅੱਜ ਉਸ ਸਮੇਂ ਟਕਰਾਅ ਵਾਲਾ ਮਾਹੌਲ ਬਣ ਗਿਆ ਜਦ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਸਮਰਥਕਾਂ ਨੇ ਗੁਰਦਵਾਰੇ ਦਾ ਕੰਟਰੋਲ ਅਪਣੇ ਹੱਥ ਵਿਚ ਲੈਣ ਦੀ ਅਸਫ਼ਲ ਕੋਸ਼ਿਸ਼ ਕੀਤੀ। ਪੁਲਿਸ ਨੇ ਸੜਕ 'ਤੇ ਤਿੰਨ ਜਗ੍ਹਾ ਰੋਕਾਂ ਲਾ ਕੇ ਉੱਚੀ ਉੱਚੀ ਜੈਕਾਰੇ ਲਾਉਂਦੇ ਅਤੇ 'ਵਾਹਿਗੁਰੂ' ਦਾ ਜਾਪ ਕਰਦੇ ਗੁਰਦਵਾਰੇ ਵਲ ਵਧ ਰਹੇ ਸਿੱਖਾਂ ਨੂੰ ਭਾਰੀ ਜੱਦੋ-ਜਹਿਦ ਤੋਂ ਬਾਅਦ ਬਾਹਰ ਹੀ ਰੋਕ ਲਿਆ। ਦੂਜੇ ਪਾਸੇ ਗੁਰਦਵਾਰੇ ਅੰਦਰ ਤੈਨਾਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਟਾਸਕ ਫ਼ੋਰਸ ਨੇ ਗੁਰਦਵਾਰੇ ਦਾ ਗੇਟ ਬੰਦ ਕਰ ਲਿਆ। ਇਕ ਵਾਰ ਤਾਂ ਇੰਜ ਜਾਪ ਰਿਹਾ ਸੀ ਜਿਵੇਂ ਦੋਹਾਂ ਧਿਰਾਂ ਵਿਚਕਾਰ ਟਕਰਾਅ ਹੋ ਜਾਵੇਗਾ ਪਰ ਪੁਲਿਸ ਦੀ ਮੁਸਤੈਦੀ ਕਾਰਨ ਟਕਰਾਅ ਟਲ ਗਿਆ।

ਹਰਿਆਣਾ ਕਮੇਟੀ ਦੇ ਕਰੀਬ 600 ਆਗੂ ਤੇ ਸਮਰਥਕ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਰੁਧ ਨਾਹਰੇ ਲਾਉੁਂਦੇ ਹੋਏ ਸੜਕਾਂ 'ਤੇ ਹੀ ਦਰੀਆਂ ਵਿਛਾ ਕੇ ਬੈਠ ਗਏ। ਐਸ.ਡੀ.ਐਮ. ਬਿਨੈ ਪ੍ਰਤਾਪ ਨੇ ਮੌਕੇ 'ਤੇ ਪਹੁੰਚ ਕੇ ਜਗਦੀਸ਼ ਸਿੰਘ ਝੀਂਡਾ ਨਾਲ ਗੱਲਬਾਤ ਕੀਤੀ ਅਤੇ ਸ਼ਹਿਰ ਵਿਚ ਅਮਨ ਸ਼ਾਂਤੀ ਬਣਾਈ ਰਖਣ ਲਈ ਸਹਿਯੋਗ ਮੰਗਿਆ।

ਸ. ਝੀਂਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉੁਨ੍ਹਾਂ ਸੰਗਤ ਦੇ ਸਹਿਯੋਗ ਨਾਲ ਇਹ ਧਰਨਾ ਲਾਇਆ ਹੈ ਜਿਹੜਾ ਗੁਰਧਾਮਾਂ ਦੀ ਸੇਵਾ ਸੰਭਾਲ ਮਿਲਣ ਤਕ ਜਾਰੀ ਰਹੇਗਾ ਅਤੇ ਉਹ ਚਾਬੀਆਂ ਲਏ ਬਿਨਾਂ ਇਥੋਂ ਨਹੀਂ ਜਾਣਗੇ। ਕਮੇਟੀ ਦੇ ਮੁੱਖ ਸਕੱਤਰ ਜੋਗਾ ਸਿੰਘ ਯਮੁਨਾਨਗਰ ਨੇ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਗੁਰੂ ਘਰਾਂ ਦੀ ਸੇਵਾ ਸੰਭਾਲਣ ਦਾ ਮੌਕਾ ਆ ਗਿਆ ਹੈ ਅਤੇ ਉਹ ਸਾਰੇ ਕੰਮ ਕਰ ਛੱਡ ਕੇ ਕੁਰੂਕਸ਼ੇਤਰ ਪੁੱਜਣ।

ਇਸ ਤੋਂ ਪਹਿਲਾਂ ਅੱਜ ਡੇਰਾ ਕਾਰ ਸੇਵਾ (ਬਾਬਾ ਚਰਨ ਸਿੰਘ) ਵਿਖੇ ਹਰਿਆਣਾ ਕਮੇਟੀ ਦੇ ਆਗੂਆਂ ਦੀ ਬੰਦ ਕਮਰਾ ਮੀਟਿੰਗ ਕਰੀਬ ਤਿੰਨ ਘੰਟੇ ਚਲੀ ਜਿਸ ਦੌਰਾਨ ਗੁਰਦਵਾਰਿਆਂ ਦੀ ਸੇਵਾ ਸੰਭਾਲਣ ਦਾ ਫ਼ੈਸਲਾ ਲਿਆ ਗਿਆ। ਹਰਪਾਲ ਸਿੰਘ ਮਛੌਂਡਾ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਹਰਿਆਣਾ 'ਚ ਸਥਿਤ ਗੁਰਧਾਮਾਂ ਵਿਚ ਪੰਜਾਬ 'ਤੋਂ ਆ ਕੇ ਨਾਜਾਇਜ਼ ਢੰਗ ਨਾਲ ਕਾਬਜ਼ ਹੋਈ ਬੈਠੇ ਹਥਿਆਰਬੰਦ ਅਨਸਰਾਂ ਨੂੰ ਬਾਹਰ ਕੱਢੇ, ਤਾਂਕਿ ਹਰਿਆਣਾ 'ਚ ਅਮਨ-ਸ਼ਾਂਤੀ ਕਾਇਮ ਰਹੇ। ਉਨ੍ਹਾਂ ਆਖਿਆ ਕਿ ਹਰਿਆਣਾ ਦੇ ਸਿੱਖ ਅਮਨ ਪਸੰਦ ਹਨ ਅਤੇ ਉਹ ਹਰ ਤਰ੍ਹਾਂ ਦੇ ਟਕਰਾਅ ਤੋਂ ਦੂਰ ਰਹਿਣਾ ਚਾਹੁੰਦੇ ਹਨ। ਮਾਹੌਲ ਨੂੰ ਗਰਮਾਇਆ ਵੇਖ ਕੇ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਗੁਰਦਵਾਰਾ ਸਾਹਿਬਾਨ ਦੀ ਸੇਵਾ ਸੰਭਾਲ ਦਾ ਜ਼ਿੰਮੇਵਾਰੀ 15 ਮੈਂਬਰੀ ਕਮੇਟੀ ਕੋਲ ਹੈ ਜਿਸ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੇਠ ਚਲਾਇਆ ਜਾ ਰਿਹਾ ਹੈ।

ਇਸ ਮੌਕੇ ਹਰਮਨਪ੍ਰੀਤ ਸਿੰਘ ਸਲਪਾਨੀ, ਅਪਾਰ ਸਿੰਘ ਕਿਸ਼ਨਗੜ੍ਹ, ਅਜੈਬ ਸਿੰਘ, ਅਵਤਾਰ ਸਿੰਘ ਚੱਕੂ, ਭਾਈ ਗੁਰਮੀਤ ਸਿੰਘ ਜੀ ਤਲੋਕਾਵਾਲੇ, ਅਪਾਰ ਸਿੰਘ, ਅਜੈਬ ਸਿੰਘ ਲੋਹਾਰਾ, ਹਰਭਜਨ ਸਿੰਘ ਠਸਕਾ, ਸਤਪਾਲ ਸਿੰਘ ਰਾਮਗੜ੍ਹੀਆ, ਸਾਹਿਬ ਸਿੰਘ ਕੈਥਲ, ਕਰਨੈਲ ਸਿੰਘ ਠਸਕਾ, ਸਵਰਨ ਸਿੰਘ ਰਤੀਆ, ਹਰਚਰਨ ਸਿੰਘ ਧੰਮੂ, ਜਸਬੀਰ ਸਿੰਘ ਗੋਗਪੁਰ, ਜੋਗਿੰਦਰ ਸਿੰਘ ਸੋਢੀ, ਕੁੰਦਨ ਸਿੰਘ ਸੋਢੀ ਸਹਿਤ ਸੈਂਕੜਿਆਂ ਦੀ ਗਿਣਤੀ ਵਿਚ ਸਿੱਖ ਆਗੂ ਹਾਜ਼ਰ ਸਨ।

ਉਧਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਚ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਗੁਰਦਵਾਰਿਆਂ 'ਤੇ ਕਬਜ਼ੇ ਕਰਨ ਦੀ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਹਿ ਦਿਤਾ ਗਿਆ ਹੈ ਕਿ ਉਹ ਸੂਬੇ ਦਾ ਮਾਹੌਲ ਹੋਰ ਵਿਗੜਨ ਤੋਂ ਰੋਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top