Share on Facebook

Main News Page

ਟਕਸਾਲੀ ਅਕਾਲੀਆਂ ਨੇ ਬਾਦਲ ਨੂੰ ਵਿਖਾਇਆ ਠੁੱਠ

* ਹਰਿਆਣਾ ਕਮੇਟੀ ਨੂੰ ਹੁੱਡਾ ਨੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਦਿੱਤਾ ਭਰੋਸਾ

ਅੰਮ੍ਰਿਤਸਰ 4 ਅਗਸਤ (ਜਸਬੀਰ ਸਿੰਘ): ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਹਰਿਆਣਾ ਦੇ ਗੁਰੂਦੁਆਰਿਆਂ ‘ਤੇ ਕਬਜੇ ਜਮਾਈ ਰੱਖਣ ਲਈ ਜਿਥੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਅਤੇ ਟਾਸਕ ਫੋਰਸ ਨੂੰ ਹਰਿਆਣਾ ਵਿੱਚ ਮੋਰਚਾ ਲਗਾਉਣ ਲਈ ਢੋਹਣਾ ਸ਼ੁਰੂ ਕਰ ਦਿੱਤਾ ਹੈ, ਉਥੇ ਪੁਰਾਣੇ ਟਕਸਾਲੀ ਵਰਕਰਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਮੋਰਚੇ ਲਈ ਕਮਰ ਕੱਸੇ ਕਰਨ ਲਈ ਕਿਹਾ ਜਾ ਰਿਹਾ ਹੈ, ਪਰ ਟਕਸਾਲੀ ਵਰਕਰਾਂ ਵੱਲੋਂ ਬਾਦਲ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਤੋਂ ਕੋਰਾ ਜਵਾਬ ਦੇ ਕੇ ਜੋ ਝਟਕਾ ਦਿੱਤਾ ਜਾ ਰਿਹਾ ਹੈ, ਉਹ ਬਾਦਲ ਦਲ ਲਈ ਅਸਹਿ ਹੈ।

ਮਾਝੇ ਦੇ ਟਕਸਾਲੀ ਵਰਕਰਾਂ ਨਾਲ ਬਾਦਲ ਦਲ ਵੱਲੋਂ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਬਣਾਈ ਗਈ ਹਰਿਆਣਾ ਦੀ ਵੱਖਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਮੋਰਚਾ ਲਗਾਉਣ ਲਈ ਟਕਸਾਲੀ ਅਕਾਲੀਆਂ ਨੂੰ ਪ੍ਰੇਰਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਪਰ ਹਾਲ ਦੀ ਘੜੀ ਮਿਲੀਆ ਰੀਪੋਰਟਾਂ ਮੁਤਾਬਕ ਬਹੁਤ ਸਾਰੇ ਟਕਸਾਲੀਆਂ ਨੇ ਕੋਰੇ ਲੱਠੇ ਵਰਗਾ ਜਵਾਬ ਦਿੰਦਿਆਂ ਕਿਹਾ ਕਿ ਸੱਤ ਸਾਲ ਅਕਾਲੀ ਸਰਕਾਰ ਨੂੰ ਹੋਂਦ ਵਿੱਚ ਆਈ ਨੂੰ ਹੋ ਗਏ ਹਨ, ਪਰ ‘‘ਸਮੋਸਾ ਪੰਥ’’ (ਜਿਹਨਾਂ ਦੇ ਵਾਲ ਕੱਟੇ ਤੇ ਕਛਿਹਰੇ ਦੀ ਥਾਂ ਸਮੋਸੇ ਦੀ ਸ਼ਕਲ ਦੀਆਂ ਚੱਡੀਆਂ ਪਾਉਂਦੇ ਹਨ) ਤਾਂ ਲੁੱਡੀਆਂ ਪਾਉਂਦਾ ਰਿਹਾ, ਪਰ ਟਕਸਾਲੀਆਂ ਨੂੰ ਇਸ ਕਦਰ ਹਾਸ਼ੀਏ 'ਤੇ ਧੱਕ ਦਿੱਤਾ ਗਿਆ, ਕਿ ਅੱਜ ਤੱਕ ਉਹਨਾਂ ਦੀ ਅਕਾਲੀ ਸਰਕਾਰ ਨੇ ਸਾਰ ਵੀ ਨਹੀਂ ਲਈ, ਕਿ ਉਹ ਕਿਹੜੀ ਅਵਸਥਾ ਵਿੱਚ ਹਨ।

ਇਹਨਾਂ ਅਕਾਲੀਆ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਸ਼ਰਨਜੀਤ ਸਿੰਘ ਢਿਲੋਂ ਦੇ ਬਾਰ ਬਾਰ ਟੈਲੀਫੂਨ ਆ ਰਹੇ ਹਨ, ਕਿ ਸਰਕਾਰ ਉਹਨਾਂ ਦੀ ਹਰ ਤਰ੍ਹਾਂ ਤਨ, ਮਨ ਅਤੇ ਧਨ ਨਾਲ ਮਦਦ ਕਰਨ ਲਈ ਤਿਆਰ ਹੈ, ਬੱਸ ! ਉਹ ਇੱਕ ਵਾਰੀ ਮੋਰਚੇ ਵਿੱਚ ਜਾਣ ਦੀ ਤਿਆਰੀ ਕਰ ਲੈਣ। ਇੱਕ ਟਕਸਾਲੀ ਆਗੂ ਨੇ ਦੱਸਿਆ ਕਿ ਹਰਿਆਣਾ ਦੇ ਗੁਰੂਦੁਆਰਾ ਨਾਢਾ ਸਾਹਿਬ ਵਿਖੇ ਵੱਧ ਤੇ ਵੱਧ ਫੋਰਸ ਭੇਜੀ ਜਾ ਰਹੀ ਹੈ ਤੇ ਬਾਦਲਾਂ ਵੱਲੋਂ ਇਸ ਗੁਰੂਦੁਆਰੇ ਵਿੱਚ ਦੋ ਹਜਾਰ ਅਕਾਲੀ ਦਲ ਦੇ ਬੰਦੇ ਰੱਖਣ ਲਈ ਤਿਆਰੀ ਕੀਤੀ ਜਾ ਰਹੀ ਹੈ, ਕਿਉਂਕਿ ਹਰਿਆਣੇ ਦੇ ਸਾਰੇ ਗੁਰੂਦੁਆਰਿਆਂ ਵਿੱਚੋਂ ਸਭ ਤੋਂ ਵੱਧ ਆਮਦਨ ਵਾਲਾ ਇਹ ਗੁਰੂਦੁਆਰਾ ਹੈ, ਪਰ ਬਾਦਲ ਦਲ ਨੂੰ ਜੇਲ੍ਹਾਂ ਕੱਟਣ ਤੇ ਪੁਲੀਸ ਨਾਲ ਇੱਟ ਖੜਿੱਕਾ ਲੈਣ ਵਾਲੇ ਅਕਾਲੀ ਨਹੀਂ ਲੱਭ ਰਹੇ।

ਇਹਨਾਂ ਟਕਸਾਲੀ ਵਰਕਰਾਂ ਵੱਲੋਂ ਇਹ ਵੀ ਬਾਦਲਾਂ ਨੂੰ ਯਾਦ ਕਰਾਈ ਜਾ ਰਹੀ ਹੈ ਕਿ ‘‘ਖਾਣ ਪੀਣ ਨੂੰ ਭਾਗਾਭਰੀ ਤੇ ਡੰਡੇ ਖਾਣ ਨੂੰ ਰਿੱਛ’’ ਵਾਲੀ ਕਹਾਵਤ ਅਨੁਸਾਰ ਜਦੋਂ ਤਾਂ ਸੱਤਾ ਦੇ ਅਨੰਦ ਮਾਨਣਾ ਸੀ, ਤਾਂ ਮਜੀਠਾ ਗੈਂਗ ਗੁਲਸ਼ਰੇ ਉਡਾਉਦੀ ਰਹੀ ਤੇ ਹੁਣ ਜਦੋਂ ਕੁਰਬਾਨੀਆਂ ਦੇਣ ਦਾ ਸਮਾਂ ਆਇਆ ਹੈ ਤਾਂ ਟਕਸਾਲੀ ਚੇਤੇ ਆ ਗਏ ਹਨ। ਇੱਕ ਟਕਸਾਲੀ ਨੇ ਕਿਹਾ ਕਿ ਜਦੋਂ 1966 ਦਾ ਪੁਨਰਗਠਨ ਐਕਟ ਤਿਆਰ ਕੀਤਾ ਗਿਆ ਸੀ, ਤਾਂ ਉਸ ਸਮੇਂ ਐਕਟ ਵਿੱਚ ਦਰਜ ਕੀਤਾ ਗਿਆ ਸੀ ਕਿ ਹਰਿਆਣੇ ਆਪਣੀ ਵੱਖਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣਾ ਸਕਦਾ ਹੈ ਤੇ ਉਸ ਉਪਰ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਦੀ ਦਸਤਖਤ ਹਨ। ਉਹਨਾਂ ਕਿਹਾ ਕਿ ਜੇਕਰ ਹਰਿਆਣਾ ਕਮੇਟੀ ਬਣੀ ਹੈ, ਤਾਂ ਕਨੂੰਨ ਮੁਤਾਬਕ ਬਣੀ ਹੈ ਤੇ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ ਤੇ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ, ਕਿ ਉਹ ਹਰਿਆਣੇ ਦੇ ਸਿੱਖਾਂ ਨੂੰ ਇਨਸਾਫ ਦਿਵਾਏ ਤੇ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ।

ਟਕਸਾਲੀ ਆਗੂਆਂ ਵੱਲੋ ਨਾਂਹ ਕਰਨ ਤੇ ਬਾਦਲ ਦਲ ਨੂੰ ਇੱਕ ਹੋਰ ਝਟਕਾ ਲੱਗਾ ਹੈ, ਕਿਉਂਕਿ ਨਵੇਂ ਸਮੋਸਾ ਪੰਥ ਵਾਲੇ ਨਾ ਤਾਂ ਪੰਥਕ ਹਨ ਅਤੇ ਨਾ ਹੀ ਏ.ਸੀ. ਕਮਰਿਆਂ ਵਿੱਚੋਂ ਬਾਹਰ ਨਿਕਲ ਕੇ ਜੇਲਾਂ ਵਿੱਚ ਕੱਟਣ ਦੀ ਸਮੱਰਥਾ ਰੱਖਦੇ ਹਨ। ਦੂਸਰੇ ਪਾਸੇ ਹਰਿਆਣਾ ਕਮੇਟੀ ਵਾਲੇ ਵੀ ਸ਼ਾਂਤਮਈ ਅੰਦੋਲਨ ਸ਼ੁਰੂ ਕਰਕੇ ਲੜਾਈ ਨੂੰ ਲੰਮਿਆਂ ਖਿੱਚਣ ਦੇ ਰੌਂਅ ਵਿੱਚ ਹਨ ਅਤੇ ਬਾਹਰੋਂ ਰਾਸ਼ਨ ਪਾਣੀ ਤੇ ਬਾਦਲ ਦਲੀਆਂ ਦੇ ਹੋਰ ਵਿਅਕਤੀ ਆਉਣ ਤੋਂ ਰੋਕਣ ਲਈ ਨਾਕਾਬੰਦੀ ਕਰਨ ਦੀ ਵਿਉਤਬੰਦੀ ਕਰ ਰਹੇ ਹਨ।

ਅੱਜ ਜਦੋਂ ਹਰਿਆਣਾ ਕਮੇਟੀ ਵਾਲਿਆਂ ਦੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨਾਲ ਗੱਲਬਾਤ ਹੋਈ, ਤਾਂ ਮੁੱਖ ਮੰਤਰੀ ਨੇ ਸ਼ਾਂਤੀ ਬਣਾਈ ਰੱਖਣ ਤੇ ਅਕਾਲੀਆਂ ਨੂੰ ਉਤਸ਼ਾਹਹੀਣ ਕਰਕੇ ਕੱਢਣ ਦਾ ਸੁਝਾ ਦਿੱਤਾ ਹੈ। ਹਰਿਆਣਾ ਕਮੇਟੀ ਦੇ ਪ੍ਰਧਾਨ ਸ੍ਰ. ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਹੁੱਡਾ ਨੇ ਭਰੋਸਾ ਦਿਵਾਇਆ ਹੈ ਕਿ ਉਹ ਹਰਿਆਣੇ ਦੇ ਸਿੱਖਾਂ ਦੀ ਕਨੂੰਨੀ ਦਾਇਰੇ ਵਿੱਚ ਰਹਿ ਕੇ ਹਰ ਪ੍ਰਕਾਰ ਦੀ ਮਦਦ ਕਰਨਗੇ ਅਤੇ ਗੁਰੂਦੁਆਰਿਆਂ ਦਾ ਪ੍ਰਬੰਧ ਉਹਨਾਂ ਨੂੰ ਕਨੂੰਨ ਮੁਤਾਬਕ ਹੀ ਸੌਂਪਿਆ ਗਿਆ ਹੈ, ਜਿਸ ਨੂੰ ਕੋਈ ਰੋਕ ਨਹੀਂ ਸਕਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਹਰਿਆਣੇ ਦੇ ਹਨ ਤੇ ਹਰਿਆਣੇ ਦੇ ਸਿੱਖਾਂ ਦੇ ਹਿੱਤਾਂ ਨਾਲ ਖੜੇ ਹਨ। ਉਹਨਾਂ ਕਿਹਾ ਕਿ ਜਿਹੜਾ ਬੁੱਧੀਜੀਵੀ ਵਰਗ ਅੱਜ ਇਹ ਕਹਿ ਰਿਹਾ ਹੈ ਕਿ ਹਰਿਆਣੇ ਦੇ ਸਿੱਖਾਂ ਦਾ ਮਾਮਲਾ ਹੱਲ ਕਰਨ ਲਈ ਬੁੱਧੀਜੀਵੀ ਵਰਗ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਦਾ ਅਸੀਂ ਸੁਆਗਤ ਕਰਦੇ ਹਾਂ, ਪਰ ਪਹਿਲਾਂ ਅਸੀਂ ਇਸ ਬੁੱਧੀਜੀਵੀ ਵਰਗ ਨੂੰ ਇਹ ਜਰੂਰ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿੱਚੋ ਮੈਂਬਰ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਸੀ, ਉਸ ਵੇਲੇ ਬੁੱਧੀਜੀਵੀ ਵਰਗ ਨੇ ਕਦੇ ਉਹਨਾਂ ਦੇ ਹੱਕ ਵਿੱਚ ਅਵਾਜ ਕਿਉਂ ਨਹੀਂ ਬੁਲੰਦ ਕੀਤੀ ਸੀ?

ਉਹਨਾਂ ਕਿਹਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਉਹਨਾਂ ਦਾ ਬੁਨਿਆਦੀ ਹੱਕ ਹੈ ਤੇ ਸਰਕਾਰ ਨੇ ਉਹਨਾਂ ਨੂੰ ਹੱਕ ਦਿੱਤਾ ਹੈ ਤੇ ਉਹ ਤਾਂ ਹੁਣ ਹੱਕ ਲੈ ਕੇ ਹੀ ਰਹਿਣਗੇ, ਪਰ ਪ੍ਰਕਾਸ਼ ਸਿੰਘ ਬਾਦਲ ਤੇ ਅਵਤਾਰ ਸਿੰਘ ਮੱਕੜ ਵੱਲੋਂ ਜਿਹੜੀ ਭਰਾ ਮਾਰੂ ਜੰਗ ਸ਼ੁਰੂ ਕੀਤੀ ਜਾ ਰਹੀ ਹੈ, ਉਹ ਪੰਥ ਲਈ ਘਾਟੇਵੰਦਾਂ ਸੌਦਾ ਹੈ ਅਤੇ ਅੱਜ ਬਾਦਲ ਦੀ ਸਾਰੀ ਦੁਨੀਆ ਵਿੱਚ ਸਿੱਖ ਪੰਥ ਤੋਹੇ ਤੋਹੇ ਕਰ ਰਿਹਾ ਹੈ।

ਇਸੇ ਤਰ੍ਹਾਂ ਹਰਿਆਣਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਮੁੱਖ ਮੰਤਰੀ ਜਨਾਬ ਹੁੱਡਾ ਨਾਲ ਉਹਨਾਂ ਦੀ ਬੜੇ ਹੀ ਖੁੱਲੇ ਮਾਹੌਲ ਵਿੱਚ ਵਿਸਥਾਰ ਪੂਰਵਕ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਹਰਿਆਣਾ ਸਰਕਾਰ ਹਰਿਆਣੇ ਸਿੱਖਾਂ ਦੀ ਹਰ ਪ੍ਰਕਾਰ ਦੀ ਕਨੂੰਨੀ ਮਦਦ ਕਰੇਗੀ। ਉਹਨਾਂ ਕਿਹਾ ਕਿ ਉਹਨਾਂ ਨੇ ਜਿਹੜਾ ਸ਼ਾਂਤਮਈ ਅੰਦੋਲਨ ਸ਼ੁਰੂ ਕੀਤਾ ਹੈ ਉਸ ਨੂੰ ਉਸ ਵੇਲੇ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਉਹਨਾਂ ਨੂੰ ਹਰਿਆਣੇ ਦੇ ਗੁਰੂਦੁਆਰਿਆਂ ਦਾ ਪ੍ਰਬੰਧ ਮਿਲ ਨਹੀਂ ਜਾਂਦਾ। ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬਾਦਲ ਗੁੰਡਾਗਰਦੀ ਕਰਕੇ ਹਰਿਆਣੇ ਦੇ ਗੁਰੂਦੁਆਰਿਆਂ ਦੀਆਂ ਗੋਲਕਾਂ 'ਤੇ ਕਬਜ਼ਾ ਜਮਾਈ ਰੱਖਣਾ ਚਾਹੁੰਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਦੋ ਵਿਧਾਨ ਸਭਾ ਹਲਕਿਆ ਵਿੱਚ ਹੋ ਰਹੀ ਚੋਣ ਵੀ ਹਰਿਆਣਾ ਕਮੇਟੀ ਪ੍ਰਭਾਵਤ ਕਰੇਗੀ ਤੇ ਬਾਦਲ ਦੇ ਉਮੀਦਵਾਰ ਕਿਸੇ ਵੀ ਸੂਰਤ ਵਿੱਚ ਜਿੱਤ ਨਹੀਂ ਸਕਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top