Share on Facebook

Main News Page

ਕੀ ਕਰੂਕਸ਼ੇਤਰ ਇੱਕ ਵਾਰੀ ਫਿਰ ਜੰਗ ਦਾ ਮੈਦਾਨ ਬਣੇਗਾ ?
-: ਜਸਬੀਰ ਸਿੰਘ ਪੱਟੀ 093560 24684

ਕਰੂਕਸ਼ੇਤਰ ਦੀ ਪਵਿੱਤਰ ਧਰਤੀ ਹੁਣ ਤੱਕ ਕਈ ਵਾਰੀ ਜੰਗ ਦਾ ਮੈਦਾਨ ਬਣ ਚੁੱਕੀ ਹੈ ਅਤੇ ਹਮੇਸ਼ਾਂ ਦੀ ਦੋ ਵੱਖ ਵੱਖ ਕੌਮਾਂ ਇਸ ਮੈਦਾਨ ਵਿੱਚ ਭਾਗ ਲੈ ਕੇ ਇੱਕ ਦੂਜੇ ਦਾ ਖੂਨ ਖਰਾਬਾ ਕਰਦੀਆਂ ਰਹੀਆਂ ਹਨ। ਇਸ ਧਰਤੀ ਦਾ ਚੱਪਾ ਚੱਪਾ ਸ਼ਹੀਦਾਂ ਦੇ ਖੂਨ ਨੇ ਪੂਰੀ ਤਰ੍ਹਾਂ ਸਿੰਜਿਆ ਪਿਆ ਹੈ। ਕਦੇ ਮੁਗਲਾਂ ਦਾ ਇਸ ਧਰਤੀ ਤੇ ਬੋਲਬਾਲਾ ਰਿਹਾ ਅਤੇ ਉਹ ਮਨਮਾਨੀਆਂ ਕਰਕੇ ਲੋਕਾਂ ਨੂੰ ਲੁੱਟਦੇਤੇ ਕੁੱਟਦੇ ਰਹੇ। ਸਦੀਆਂ ਪਹਿਲਾਂ ਜਦੋਂ ਇਸ ਧਰਤੀ 'ਤੇ ਧਾੜਵੀ ਆਉਦੇ ਸਨ, ਤਾਂ ਉਹ ਵੀ ਵਧੇਰੇ ਕਰਕੇ ਆਪਣਾ ਰਹਿਣ ਬਸੇਰਾ ਇਸ ਧਰਤੀ ਨੂੰ ਹੀ ਬਣਾਉਦੇ ਰਹੇ। ਸਿੱਖ ਗੁਰੂ ਸਾਹਿਬਾਨ ਨੇ ਧਰਮ ਦਾ ਪ੍ਰਚਾਰ ਕਰਕੇ ਇਸ ਧਰਤੀ ਤੋ ਕੂੜ ਦਾ ਵਿਨਾਸ਼ ਕੀਤਾ, ਤਾਂ ਲੋਕਾਂ ਨੇ ਕੁਝ ਸੁੱਖ ਦਾ ਸਾਹ ਲਿਆ ਸੀ।

ਅੱਜ ਕਲ ਸਿੱਖਾਂ ਦੇ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਿੱਠੀ ਯਾਦ ਵਿੱਚ ਇਸ ਧਰਤੀ ‘ਤੇ ਗੁਰੂਦੁਆਰਾ ਪਾਤਸ਼ਾਹੀ ਛੇਵੀਂ ਸ਼ੁਸ਼ੋਭਿਤ ਹੈ, ਜਿਸਦੇ ਬਾਹਰ ਭਰਾ ਮਾਰੂ ਜੰਗ ਦੇ ਮੁੱਢ ਬੰਨ ਕੇ ਸਿੱਖਾਂ ਦੇ ਦੋ ਧੜਿਆਂ ਦੀਆਂ ਫੌਜਾਂ ਡੱਟੀਆਂ ਹੋਈਆਂ ਹਨ ਜਿਹਨਾਂ ਵਿੱਚ ਇੱਕ ਨੂੰ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਦੂਸਰੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਦਿੱਤਾ ਜਾ ਰਿਹਾ ਹੈ।

ਇਹ ਫੌਜਾਂ ਕੋਈ ਇਤਿਹਾਸਕ ਜੰਗ ਨੂੰ ਲੈ ਕੇ ਨਹੀਂ, ਸਗੋਂ ਗੁਰੂ ਦੀ ਗੋਲਕ ਦੇ ਕਬਜੇ ਨੂੰ ਲੈ ਕੇ ਆਹਮੋ ਸਾਹਮਣੇ ਡੱਟੀਆਂ ਹੋਈਆਂ ਹਨ। ਇੱਕ ਧਿਰ ਗੁਰੂਦੁਆਰੇ ਦੇ ਅੰਦਰ ਬਰਛੇ, ਗੰਡਾਸੇ, ਡਾਂਗਾ, ਸੋਟੇ ਅਤੇ ਅਗਨੀਦੋਜਕ ਹਥਿਆਰ ਲੈ ਕੇ ਬੈਠੀ ਹੋਈ ਹੈ, ਜਦ ਕਿ ਦੂਸਰੀ ਧਿਰ ਗੁਰੂਦੁਆਰੇ ਦੇ ਬਾਹਰ ਡੇਰਾ ਧਰਨਾ ਜਮਾਈ ਬੈਠੀ ਹੈ। ਦੋਹਾਂ ਧੜਿਆ ਵਿਚਕਾਰ ਪੁਲੀਸ ਇੱਕ ਦੀਵਾਰ ਬਣ ਕੇ ਖੜੀ ਹੈ, ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਦੇ ਵਾਪਰਨ ਤੋ ਬਚਾਇਆ ਜਾ ਸਕੇ। ਪਿਛਲੇ ਮਹੀਨੇ 11 ਜੁਲਾਈ ਨੂੰ ਹੋਂਦ ਵਿੱਚ ਆਈ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੰਨਣਾ ਹੈ ਕਿ ਗੁਰੂਦੁਆਰਿਆਂ ਦੀ ਸੇਵਾ ਸੰਭਾਲ ਸੂਬਾ ਸਰਕਾਰ ਨੇ ਉਹਨਾਂ ਨੂੰ ਬਿੱਲ ਪਾਸ ਕਰਕੇ ਦਿੱਤਾ ਹੈ ਅਤੇ ਉਸ ਨੂੰ ਇਹ ਸੇਵਾ ਸੌਂਪੀ ਜਾਵੇ, ਪਰ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਇਹ ਕਹਿ ਰਹੀ ਹੈ ਕਿ ਸੂਬੇ ਨੂੰ ਵੱਖਰੀ ਕਮੇਟੀ ਬਣਾਉਣ ਦਾ ਕੋਈ ਹੱਕ ਨਹੀਂ ਹੈ, ਇਸ ਲਈ ਹਰਿਆਣਾ ਕਮੇਟੀ ਦੀ ਕੋਈ ਹੋਂਦ ਨਹੀਂ ਹੈ। ਸਿੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਸੂਬਾਈ ਮਾਮਲਾ ਹੈ ਅਤੇ ਸੂਬਾ ਸਰਕਾਰ ਨੇ ਵੱਖਰੀ ਕਮੇਟੀ ਬਣਾ ਕੇ 1966 ਦੇ ਪੁਨਰਗਠਨ ਐਕਟ ਦੀ ਪਾਲਣਾ ਕੀਤੀ ਹੈ।

ਦੋਹਾਂ ਧਿਰਾਂ ਦੀਆ ਫੌਜਾਂ ਜਿਸ ਤਰੀਕੇ ਨਾਲ ਡੱਟੀਆਂ ਹੋਈਆਂ ਹਨ, ਉਸ ਤੋਂ ਇਹ ਮੰਦਭਾਗਾ ਨਜ਼ਾਰਾ ਮੁਗਲ ਤੇ ਮਰਹੱਟਿਆਂ ਦਾ ਲੜਾਈ ਤੋਂ ਘੱਟ ਨਜਰ ਨਹੀਂ ਆ ਰਿਹਾ ਹੈ। ਦੋਹੀਂ ਪਾਸੀ ਲੋਹੇ ਟੋਪ ਨਹੀਂ, ਸਗੋਂ ਨੀਲੀਆਂ ਪੀਲੀਆਂ ਦਸਤਾਰਾਂ ਤੇ ਨੀਲੇ ਚਿੱਟੇ ਚੋਲੇ ਪਾਈ ਨਿਹੰਗ ਬਾਣੇ ਵਿੱਚ ਦਿਖਾਈ ਦੇ ਰਹੇ ਹਨ। ਸਾਰਾ ਨਜਾਰਾ ਜੰਗ ਹੋਣ ਤੋਂ ਪਹਿਲਾਂ ਵਾਲਾ ਬਣਿਆ ਦਿਖਾਈ ਦੇ ਰਿਹਾ ਹੈ। ਇਸ ਵਾਰੀ ਇੱਕ ਜੰਗ ਪੰਜਾਬ ਤੇ ਹਰਿਆਣੇ ਦੇ ਸਿੱਖਾਂ ਵਿਚਕਾਰ ਹੋਵੇਗੀ ਤੇ ਦੋਹਾਂ ਦੀ ਲੜਾਈ ਦਾ ਏਜੰਡਾ ਕੋਈ ਧਾਰਿਮਕ ਨਹੀਂ, ਸਗੋਂ ਸਿਆਸੀ ਤੇ ਗੁਰੂ ਦੀ ਗੋਲਕ 'ਤੇ ਕਬਜਾ ਕਰਨ ਦਾ ਹੈ। ਹਰਿਆਣੇ ਦੇ ਸਿੱਖਾਂ ਨੇ ਇਸ ਮੋਰਚੇ ਨੂੰ ‘‘ਸੇਵਾ ਸੰਭਾਲ ਮੋਰਚਾ’’ ਦਾ ਨਾਮ ਦਿੱਤਾ ਹੈ, ਜਦ ਕਿ ਸ਼੍ਰੋਮਣੀ ਕਮੇਟੀ ਇਸ ਨੂੰ ਕਾਂਗਰਸ ਦਾ ਮੋਰਚਾ ਕਹਿ ਕੇ ਭੰਡ ਰਹੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੋਸ਼ ਲਗਾ ਰਹੇ ਹਨ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਜਮਾਤ ਹੈ ਤੇ ਇਹ ਵੱਖਰੀ ਕਮੇਟੀ ਬਣਾ ਕੇ ਸਿੱਖਾਂ ਨੂੰ ਵੰਡ ਰਹੀ ਹੈ, ਜਦ ਕਿ ਦੂਸਰੇ ਪਾਸੇ ਹਰਿਆਣਾ ਕਮੇਟੀ ਦੇ ਪ੍ਰਧਾਨ ਸ੍ਰ. ਜਗਦੀਸ਼ ਸਿੰਘ ਝੀਂਡਾ ਦਾ ਕਹਿਣਾ ਹੈ ਕਿ ਹਰਿਆਣੇ ਦੇ ਸਿੱਖਾਂ ਨੇ ਵੱਖਰੀ ਕਮੇਟੀ ਦੀ ਲੜਾਈ 1996 ਵਿੱਚ ਸ਼ੁਰੂ ਕੀਤੀ ਸੀ ਤੇ 2000 ਸੰਨ ਤੱਕ ਇਹ ਲੜਾਈ ਚਰਮ ਸੀਮਾ ਤੇ ਪੁੱਜ ਗਈ। 14 ਸਾਲ ਬਾਅਦ ਉਹਨਾਂ ਨੂੰ ਇਨਸਾਫ ਮਿਲਿਆ ਹੈ ਤੇ ਬਾਦਲ ਸਾਹਿਬ ਨੇ ਤਾਂ ਹਮੇਸ਼ਾਂ ਹੀ ਸਿੱਖਾਂ ਨੂੰ ਛਿੱਤਰ ਹੀ ਪਵਾਏ ਹਨ ਤੇ ਹੁਣ ਫਿਰ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਆਪਣੀਆਂ ਸਿਆਸੀ ਤੇ ਜਾਤੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਸਿੱਖਾਂ ਨੂੰ ਇਨਸਾਫ ਦਿੱਤਾ ਹੈ, ਪਰ ਬਾਦਲ ਸਾਹਿਬ ਹਰਿਆਣੇ ਦੇ ਸਿੱਖਾਂ ਨਾਲ ਬੇਇਨਸਾਫੀ ਕਰ ਰਹੇ ਹਨ। ਉਹਨਾਂ ਕਿਹਾ ਕਿ ਲੀਡਰਾਂ ਦੀ ਬਦੌਲਤ ਹੀ ਹਰਿਆਣੇ ਦੇ ਸਿੱਖ ਪਹਿਲਾਂ 1947 ਵਿੱਚ ਲੁੱਟੇ ਗਏ ਅਤੇ ਫਿਰ 1966 ਵਿੱਚ ਬਾਦਲ ਸਾਹਿਬ ਨੇ ਪੰਜਾਬੀ ਸੂਬੇ ਦਾ ਮੋਰਚਾ ਲਗਾ ਕੇ ਹਰਿਆਣੇ ਦੇ ਸਿੱਖਾਂ ਨਾਲ ਧਰੋਹ ਕਮਾਇਆ।

ਉਹਨਾਂ ਕਿਹਾ ਕਿ ਅਕਾਲੀਆਂ ਵੱਲੋਂ ਖੁਦ ਬਣਾਏ ਹਰਿਆਣੇ ਸੂਬੇ ਦੇ ਸਿੱਖਾਂ ਨੇ ਜੇਕਰ ਹੁਣ ਵੱਖਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣਾ ਲਈ ਹੈ, ਤਾਂ ਫਿਰ ਇਹਨਾਂ ਨੂੰ ਤਕਲੀਫ ਕਿਉਂ ਹੋ ਰਹੀ ਹੈ?
ਹਰਿਆਣੇ ਦੇ ਸਿੱਖਾਂ ਦੇ ਹੱਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂਆਂ ਤੇ ਵਰਕਰਾਂ ਨੇ ਮੂੰਹਾਂ 'ਤੇ ਕਾਲੀਆਂ ਪੱਟੀਆਂ ਬੰਨ ਕੇ ਪਾਨੀਪਤ ਵਿੱਖੇ ਰੋਸ ਮੁਜਾਹਰਾ ਕੀਤਾ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਤੇ ਬਾਦਲ ਦੀ ਗੁੰਡਾ ਗੈਂਗ ਨੂੰ ਤੁਰੰਤ ਹਰਿਆਣੇ ਵਿੱਚੋ ਕੱਢਿਆ ਜਾਵੇ, ਤਾਂ ਕਿ ਹਰਿਆਣਾ ਕਮੇਟੀ ਨੂੰ ਹਰਿਆਣੇ ਦੇ ਗੁਰੂਦੁਆਰਿਆਂ ਦੀ ਸੇਵਾ ਕਾਰਜ ਸੰਭਾਲ ਸਕੇ।

ਗੁਰੂਦੁਆਰਾ ਪਾਤਸ਼ਾਹੀ ਛੇਵੀਂ ਦੇ ਬਾਹਰ ਤੇ ਅੰਦਰ ਜਿਸ ਤਰੀਕੇ ਨਾਲ ਜੰਗ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ, ਉਸ ਨੂੰ ਵੇਖ ਕੇ ਤਾਂ ਇੱਕ ਵਾਰੀ ਫਿਰ ਬੀਤੀ ਸਦੀ ਦੇ 80 ਤੋਂ 90 ਦੇ ਦਹਾਕੇ ਦਾ ਦਿਲ ਕੰਬਾਉ ਸਮਾਂ ਨਜਰ ਆ ਰਿਹਾ ਹੈ। ਸ੍ਰ. ਝੀਂਡਾ ਨੇ ਤਾਂ ਭਾਂਵੇ ਆਪਣੇ ਸਮੱਰਥਕਾਂ ਨੂੰ ਸ਼ਾਂਤਮਈ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ ਹੈ, ਪਰ ਦੂਸਰੇ ਪਾਸੇ ਬੀਬੀ ਜਗੀਰ ਕੌਰ ਅਕਾਲੀ ਆਗੂ ਤੇ ਵਿਧਾਨ ਸਭਾ ਹਲਕਾ ਭੁਲੱਥ ਤੇ ਵਿਧਾਇਕ ਨੇ ਆਪਣੇ ਸਾਥੀਆਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਹੈ। ਆਪਣੀ ਧੀ ਦੇ ਕਤਲ ਲਈ ਦੋਸ਼ੀ ਗਰਦਾਨੀ ਗਈ ਤੇ ਧੀ ਦਾ ਗੈਰ ਤਰੀਕੇ ਨਾਲ ਗਰਭਪਾਤ ਕਰਾ ਕੇ ਇੱਕ ਮਾਸੂਮ ਦਾ ਖਾਤਮਾ ਕਰਨ ਦੇ ਦੋਸ਼ ਵਿੱਚ ਸਜਾ ਯਾਫਤਾ ਬੀਬੀ ਜਗੀਰ ਕੌਰ ਨੂੰ ਸ੍ਰ ਬਾਦਲ ਨੇ ਗੁਰੂਦੁਆਰਾ ਕਰੂਰਸ਼ੇਤਰ ਦੀ ਖੂਨੀ ਝੜਪ ਦਾ ਚਾਰਜ ਸੌਂਪ ਕੇ ਸਾਬਤ ਕਰ ਦਿੱਤਾ ਹੈ, ਕਿ ਸ੍ਰ. ਬਾਦਲ ਸਿੱਖ ਪੰਥ ਦੇ ਹਿਤੈਸ਼ੀ ਨਹੀਂ, ਸਗੋਂ ਕੋਈ ਨਵਾਂ ਚੰਦ ਚਾੜ ਕੇ ਇੱਕ ਵਾਰੀ ਨਿਰੰਕਾਰੀ ਕਾਂਡ ਨੂੰ ਦੁਹਰਾ ਸਕਦੇ ਹਨ।

ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਗੁਰੂਦੁਆਰੇ ਦੇ ਅੰਦਰ ਬੈਠੇ ਬਾਦਲ ਤੇ ਮੱਕੜ ਦੇ ਲੱਠਮਾਰਾਂ ਲਈ ਹਰ ਰੋਜ ਦਸ ਹਜਾਰ ਰੁਪਏ ਦੀਆਂ ਬਿਸਲਰੀ ਦੀਆ ਠੰਡੇ ਪਾਣੀ ਦੀਆਂ ਬੋਤਲਾਂ ਹੀ ਖਰੀਦੀਆਂ ਜਾ ਰਹੀਆਂ ਹਨ ਅਤੇ ਗੁਰੂ ਦੀ ਗੋਲਕ ਨੂੰ ਹਰ ਰੋਜ ਖੋਹਲ ਕੇ ਲੁੱਟਿਆ ਜਾ ਰਿਹਾ ਹੈ।

ਜਿਥੇ ਇੱਕ ਪਾਸੇ ਦੋਹਾਂ ਧਿਰਾਂ ਵੱਲੋ ਸੰਭਾਵੀ ਜੰਗ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਦੋਹਾਂ ਨੇ ਹੀ ਸਮਝੌਤੇ ਦੇ ਵਿਕਲਪ ਖੁੱਲੇ ਰੱਖੇ ਹਨ। ਬੀਤੇ ਕਲ ਹਰਿਆਣਾ ਦੇ ਸ਼ਹਿਰ ਜਗਾਧਰੀ (ਯਮੁਨਾਨਗਰ) ਵਿਖੇ ਹਰਿਆਣੇ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਦੀ ਤਿੰਨ ਘੰਟੇ ਲੰਮੀ ਹੋਈ ਮੀਟਿੰਗ ਉਪਰੰਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਕੱਤਰ ਤੇ ਮੁੱਖ ਮੰਤਰੀ ਸ੍ਰ. ਬਾਦਲ ਦੇ ਸਿਆਸੀ ਸਲਾਹਕਾਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜ ਸਿੰਘ ਵਿਦਵਾਨਾਂ ਦੀ ਕਮੇਟੀ ਬਣਾ ਕੇ ਮਸਲਾ ਹੱਲ ਕਰਨ ਲਈ ਦੋਵੇ ਧਿਰਾਂ ਸਹਿਮਤ ਹੋ ਗਈਆਂ ਹਨ, ਪਰ ਹਰਿਆਣਾ ਕਮੇਟੀ ਦੇ ਜਨਰਲ ਸਕੱਤਰ ਜੋਗਾ ਸਿੰਘ ਯਮੁਨਾਨਗਰ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਪਹਿਲਾਂ ਸਾਰੇ ਗੁਰੂਦੁਆਰਿਆਂ ਵਿੱਚੋਂ ਬਿਠਾਏ ਗਈ ਗੁੰਡਾ ਗੈਂਗ ਨੂੰ ਬਾਹਰ ਕੱਢਣ ਦਾ ਫੈਸਲਾ ਹੋਇਆ ਹੈ, ਪਰ ਪੰਜ ਵਿਦਵਾਨਾਂ ਵਾਲਾ ਕਮੇਟੀ ਦੀ ਰਾਇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਹਰਿਆਣਾ ਕਮੇਟੀ ਬਣ ਚੁੱਕੀ ਹੈ ਤੇ ਇਸ ਦੀ ਅਜ਼ਮਤ 'ਤੇ ਕਿਸੇ ਵੀ ਕਿਸਮ ਦੀ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਸਕਦੀ। ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਹ ਕਿਸੇ ਵੀ ਸੂਰਤ ਵਿੱਚ ਬਾਦਲ ਦੀਆ ਚਾਲਾਂ ਵਿੱਚ ਨਹੀਂ ਆਉਣਗੇ ਤੇ ਉਹਨਾਂ ਦੀ ਪਹਿਲੀ ਮੰਗ ਹੀ ਇਹ ਹੈ ਕਿ ਹਰਿਆਣਾ ਕਮੇਟੀ ਨੂੰ ਗੁਰੂਦੁਆਰਿਆਂ ਦਾ ਪ੍ਰਬੰਧ ਸੌਂਪਿਆ ਜਾਵੇ।

ਕਰੂਰਸ਼ੇਤਰ ਨੂੰ ਜੰਗ ਦਾ ਮੈਦਾਨ ਬਣਨ ਤੋਂ ਰੋਕਣ ਲਈ, ਜੇਕਰ ਦੋਵੇ ਧਿਰਾਂ ਨੇ ਸੰਜੀਦਗੀ ਤੋਂ ਕੰਮ ਨਾ ਲਿਆ, ਤਾਂ ਦੋਹਾਂ ਧਿਰਾਂ ਵਿੱਚ ਟਕਰਾਅ ਕਿਸੇ ਸਮੇਂ ਵੀ ਹੋ ਸਕਦਾ ਹੈ। ਇਸ ਟਕਰਾਅ ਲਈ ਦੋਸ਼ੀ ਸ੍ਰ. ਬਾਦਲ ਤੇ ਝੀਂਡਾ ਹੋਣਗੇ ਤੇ ਆਉਣ ਵਾਲੀਆਂ ਕੌਮਾਂ ਇਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ। ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਜਾਵੇਗਾ ਕਿ ਦੋ ਸਿੱਖਾਂ ਦੇ ਗਰੁੱਪਾਂ ਨੇ ਲੜਾਈ ਮਰਿਆਦਾ ਜਾਂ ਸਿੱਖੀ ਵਿਕਾਸ ਦੀ ਨਹੀਂ, ਸਗੋਂ ਗੋਲਕ 'ਤੇ ਕਬਜ਼ਾ ਕਰਨ ਦੀ ਲੜੀ ਸੀ।

ਸ੍ਰ. ਪਰਮਜੀਤ ਸਿੰਘ ਸਰਨਾ ਤੇ ਸ੍ਰ. ਹਰਵਿੰਦਰ ਸਿੰਘ ਸਰਨਾ ਕਰਮਵਾਰ ਪ੍ਰਧਾਨ ਤੇ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਪੂਰੀ ਤਰ੍ਹਾਂ ਜਾਰੀ ਹੈ ਕਿ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਕਰਾ ਕੇ ਲੜਾਈ ਖਤਮ ਕੀਤੀ ਜਾਵੇ। ਉਮੀਦ ਹੈ ਕਿ ਜਲਦੀ ਹੀ ਮਾਮਲਾ ਹੱਲ ਹੋ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top